ਆਇਰਲੈਂਡ 'ਚ ਉਹ ਭਾਰਤੀ ਮਹਿਲਾ ਜਿਸਦੀ ਮੌਤ ਨੇ ਛੇੜੀ ਸੀ ਗਰਭਪਾਤ ਕਾਨੂੰਨ 'ਤੇ ਬਹਿਸ

ਆਇਰਲੈਂਡ ਵਿੱਚ ਸਖ਼ਤ ਮੰਨੇ ਜਾਂਦੇ ਗਰਭਪਾਤ ਕਾਨੂੰਨ ਦੇ ਖਿਲਾਫ਼ ਤੇ ਹੱਕ ਵਿੱਚ ਮੁਹਿੰਮ ਚਲਾ ਰਹੇ ਲੋਕ ਮੰਨਦੇ ਹਨ ਕਿ ਭਾਰਤੀ ਮੂਲ ਦੀ 31 ਸਾਲਾ ਸਵਿਤਾ ਹਲੱਪਨਵਾਰ ਦੀ ਮੌਤ, ਇਸ ਮੁਹਿੰਮ ਦਾ ਫੈਸਲਾਕੁਨ ਮੋੜ ਸੀ।

ਸਵਿਤਾ ਦੀ ਮੌਤ ਅਕਤੂਬਰ 2012 ਵਿੱਚ ਆਇਰਲੈਂਡ ਦੇ ਗਾਲਵੇ ਹਸਪਤਾਲ ਵਿੱਚ ਹੋਈ ਸੀ।

ਸਵਿਤਾ ਦਾ ਗਰਭ ਠਹਿਰਨ ਦੇ 17 ਹਫਤੇ ਵਿੱਚ ਗਰਭ ਡਿੱਗ ਗਿਆ ਸੀ ਇਸ ਲਈ ਉਸ ਨੇ ਗਰਭਪਾਤ ਲਈ ਬੇਨਤੀ ਕੀਤੀ ਸੀ।

ਸਵਿਤਾ ਦੀ ਮੌਤ ਤੋਂ ਬਾਅਦ ਡਬਲਿਨ, ਲਿਮਰਿਕ, ਕੌਰਕ, ਗਾਲਵੇ ਅਤੇ ਬੈਲਫਾਸਟ ਸਣੇ ਲੰਡਨ ਤੇ ਦਿੱਲੀ ਵਿੱਚ ਰੋਸ ਮੁਜ਼ਾਹਰੇ ਹੋਏ।

ਇਨ੍ਹਾਂ ਮੁਜ਼ਾਹਰਿਆਂ ਨੇ ਆਇਰਲੈਂਡ ਨੂੰ ਗਰਭਪਾਤ ਦੇ ਕਾਨੂੰਨਾਂ ਬਾਰੇ ਮੁੜ ਤੋਂ ਵਿਚਾਰਨ ਲਈ ਮਜਬੂਰ ਕਰ ਦਿੱਤਾ।

ਕਿਵੇਂ ਬਣਿਆ ਕਾਨੂੰਨ?

ਮੁਜ਼ਾਹਰਿਆਂ ਦੀਆਂ ਤਖ਼ਤੀਆਂ 'ਤੇ ਲਿਖਿਆ ਹੁੰਦਾ ਹੈ, "ਫਿਰ ਤੋਂ ਨਹੀਂ'' ਅਤੇ "ਉਸਦੇ ਦਿਲ ਵਿੱਚ ਵੀ ਧੜਕਨ ਸੀ''।

ਪਰ ਇਸ ਮੁਹਿੰਮ ਨੂੰ ਚਲਾ ਰਹੇ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਮਤਭੇਦ ਹਨ ਕਿ, ਕੀ ਆਇਰਲੈਂਡ ਦੇ ਕਾਨੂੰਨਾਂ ਕਾਰਨ ਸਵਿਤਾ ਦੀ ਮੌਤ ਹੋਈ।

ਆਇਰਲੈਂਡ ਦੇ ਕਾਨੂੰਨ ਅਨੁਸਾਰ ਮਾਂ ਅਤੇ ਗਰਭ ਦੋਵਾਂ ਨੂੰ ਜੀਉਣ ਦਾ ਬਰਾਬਰ ਅਧਿਕਾਰ ਹੈ।

ਕਾਨੂੰਨ ਦੀ ਇਹ ਤਜਵੀਜ਼ ਆਇਰਲੈਂਡ ਦੇ ਸੰਵਿਧਾਨ ਦੀ ਅੱਠਵੀਂ ਸੋਧ ਤੋਂ ਬਾਅਦ 1983 ਵਿੱਚ ਸ਼ਾਮਿਲ ਕੀਤੀ ਗਈ ਸੀ।

ਇਹ ਕਾਨੂੰਨ ਬਲਾਤਕਾਰ ਅਤੇ ਸਰੀਰਕ ਸ਼ੋਸ਼ਣ ਤੋਂ ਬਾਅਦ ਵੀ ਗਰਭਪਾਤ 'ਤੇ ਪਾਬੰਦੀ ਲਗਾਉਂਦਾ ਹੈ ਅਤੇ ਉਨ੍ਹਾਂ ਹਾਲਾਤ ਵਿੱਚ ਵੀ ਗਰਭਪਾਤ 'ਤੇ ਪਾਬੰਦੀ ਹੈ ਜਦੋਂ ਬੱਚੇ ਦੀ ਜਿਉਣ ਦੀ ਉਮੀਦ ਕਾਫੀ ਘੱਟ ਹੋਵੇ।

ਕਿਵੇਂ ਹੋਈ ਸੀ ਸਵਿਤਾ ਦੀ ਮੌਤ?

ਆਇਰਲੈਂਡ ਵਿੱਚ ਸਵਿਤਾ ਦੀ ਦੋਸਤ ਮ੍ਰਿਦੁਲਾ ਵਾਸਪੱਲੀ ਨੇ ਹਸਪਤਾਲ ਵਿੱਚ ਸਵਿਤਾ ਦੀ ਹਾਲਤ ਵਿਗੜਦਿਆਂ ਦੇਖੀ ਸੀ।

ਮ੍ਰਿਦੁਲਾ ਨੇ ਦੱਸਿਆ, "ਉਸ ਦਿਨ ਗੱਲ ਕਿਸੇ ਦੀ ਜ਼ਿੰਦਗੀ ਦੇ ਹੱਕ ਵਾਲੀ ਨਹੀਂ ਸੀ, ਇਹ ਇੱਕ ਮੈਡੀਕਲ ਪ੍ਰਕਿਰਿਆ ਹੈ ਅਤੇ ਉਸ ਦਿਨ ਸਵਿਤਾ ਨੂੰ ਗਰਭਪਾਤ ਕਰਵਾਉਣ ਦਾ ਹੱਕ ਮਿਲਣਾ ਚਾਹੀਦਾ ਸੀ।''

ਜਦੋਂ ਸਵਿਤਾ ਦੀ ਹਾਲਤ ਹੋਰ ਖਰਾਬ ਹੋਈ ਤਾਂ ਡਾਕਟਰਾਂ ਨੇ ਕਿਹਾ ਕਿ ਗਰਭਪਾਤ ਕੀਤਾ ਜਾ ਸਕਦਾ ਹੈ। ਉਸ ਵੇਲੇ ਗਰਭ ਵਿੱਚ ਬੱਚੇ ਦੀ ਧੜਕਣ ਚੱਲ ਰਹੀ ਸੀ।

ਪਰ ਇਸ ਪ੍ਰਕਿਰਿਆ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਵਿਤਾ ਨੇ ਮ੍ਰਿਤ ਬੱਚੀ ਨੂੰ ਜਨਮ ਦਿੱਤਾ। ਫਿਰ ਉਸਨੂੰ ਸੈਪਟਿਕ ਸਦਮਾ ਲੱਗਿਆ ਅਤੇ ਉਸਦੇ ਸਰੀਰ ਦੇ ਅੰਗ ਕੰਮ ਕਰਨਾ ਬੰਦ ਕਰਨ ਲੱਗੇ।

ਰਿਕਾਰਡ ਅਨੁਸਾਰ ਸਵਿਤਾ ਦੀ ਮੌਤ ਇੱਕ 1.09 ਮਿੰਟ 'ਤੇ 28 ਅਕਤੂਬਰ, 2012 ਨੂੰ ਹੋਈ।

ਸਵਿਤਾ ਦੀ ਮੌਤ ਨੂੰ ਮੈਡੀਕਲ ਹਾਦਸਾ ਦੱਸਿਆ

ਸਵਿਤਾ ਦੀ ਲਾਸ਼ ਨੂੰ ਮ੍ਰਿਦੁਲਾ ਨੇ ਕੱਪੜੇ ਪੁਆਏ ਅਤੇ ਉਸ ਵੇਲੇ ਉਹ ਸਵਿਤਾ ਲਈ ਬਸ ਇਹੀ ਕਰ ਸਕਦੀ ਸੀ।

ਜਿਸ ਦਿਨ ਸਵਿਤਾ ਅਤੇ ਉਸਦੇ ਪਤੀ ਆਪਣੇ ਵਿਆਹ ਦੀ ਪੰਜਵੀਂ ਵਰ੍ਹੇਗੰਢ ਮਨ੍ਹਾ ਰਹੇ ਹੁੰਦੇ, ਉਸੇ ਦਿਨ ਜਿਊਰੀ ਦੇ ਫੈਸਲੇ ਵਿੱਚ ਇਸ ਘਟਨਾ ਨੂੰ ਮੈਡੀਕਲ ਹਾਦਸਾ ਕਰਾਰ ਦਿੱਤਾ ਗਿਆ ਸੀ।

ਤਿੰਨ ਵੱਖ-ਵੱਖ ਰਿਪੋਰਟਾਂ ਵਿੱਚ ਇਹ ਸਾਹਮਣੇ ਆਇਆ ਸੀ ਕਿ ਸਵਿਤਾ ਨੂੰ ਜ਼ਰੂਰੀ ਇਲਾਜ ਨਹੀਂ ਮਿਲਿਆ।

ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਮੈਡੀਕਲ ਪੇਸ਼ੇ ਦੇ ਲੋਕ ਅਤੇ ਪਾਰਲੀਮੈਂਟ ਕਿਸੇ ਵੀ ਜ਼ਰੂਰੀ ਕਾਨੂੰਨੀ ਬਦਲਾਅ ਸਣੇ ਪੂਰੇ ਕਾਨੂੰਨ 'ਤੇ ਮੁੜ ਵਿਚਾਰ ਕਰਨ।

ਸਵਿਤਾ ਦੀ ਮੌਤ ਨੇ ਆਇਰਲੈਂਡ ਵਿੱਚ ਗਰਭਪਾਤ ਦੇ ਮੁੱਦੇ 'ਤੇ ਜਾਰੀ ਬਹਿਸ 'ਤੇ ਨਾਟਕੀ ਅਸਰ ਛੱਡਿਆ।

ਗਰਭਪਾਤ ਦੇ ਹੱਕ ਵਿੱਚ ਮੁੰਹਿਮ ਵਿੱਚ ਹਿੱਸਾ ਲੈਣ ਵਾਲੇ ਡੈੱਟ ਮੈਗਲੋਸ਼ਲਿਨ ਨੇ ਕਿਹਾ, "ਕੁਝ ਹੀ ਹਫ਼ਤਿਆਂ ਵਿੱਚ ਹੀ ਹਾਲਾਤ ਬਦਲ ਗਏ ਪਰ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ।''

ਆਇਰਲੈਂਡ ਦੇ ਕੌਮੀ ਅਖ਼ਬਾਰ 'ਆਇਰੀਸ਼ ਟਾਈਮਜ਼' ਲਈ ਇਸ ਖ਼ਬਰ ਨੂੰ ਸਭ ਤੋਂ ਪਹਿਲਾਂ ਨਸ਼ਰ ਪੱਤਰਕਾਰ ਕਿਟੀ ਹੌਲਾਂਡ ਨੇ ਕੀਤਾ ਸੀ।

ਕਾਨੂੰਨ ਦੇ ਹੱਕ ਵਿੱਚ ਵੀ ਹਨ ਲੋਕ

ਡੈੱਟ ਨੇ ਦੱਸਿਆ, "ਹਰ ਕੋਈ ਇਹ ਸੋਚ ਰਿਹਾ ਹੈ ਸੀ ਕਿ ਇਹ ਮੇਰੇ ਨਾਲ ਵੀ ਹੋ ਸਕਦਾ ਹੈ, ਮੇਰੀ ਪਤਨੀ ਜਾਂ ਮੇਰੀ ਧੀ ਨਾਲ ਵੀ ਅਜਿਹਾ ਵਾਪਰ ਸਕਦਾ ਹੈ।''

ਡੈੱਟ ਅਨੁਸਾਰ ਸਵਿਤਾ ਦੀ ਮੌਤ ਨੇ ਨਵੀਂ ਪੀੜ੍ਹੀ ਦੀਆਂ ਔਰਤਾਂ ਨੂੰ ਜਾਗਰੂਕ ਕੀਤਾ ਜਿਨ੍ਹਾਂ ਦੇ ਲਈ ਗਰਭਪਾਤ ਇੱਕ ਸ਼ਰਮ ਦਾ ਵਿਸ਼ਾ ਸੀ।

ਗਰਭਪਾਤ ਦੀ ਮਰਜ਼ੀ ਲਈ ਮੁਹਿੰਮ ਚਲਾ ਰਹੇ ਗਰੁੱਪਾਂ ਨੇ ਆਇਰਲੈਂਡ ਦੇ ਕਾਨੂੰਨ ਵਿੱਚ ਕੀਤੀ ਇਸ ਅੱਠਵੀਂ ਸੋਧ 'ਤੇ ਰਾਇਸ਼ੁਮਾਰੀ ਕਰਵਾਉਣ ਦਬਾਅ ਬਣਾਉਣਾ ਸ਼ੁਰੂ ਕੀਤਾ ਸੀ।

ਗਰਭਪਾਤ ਕਰਵਾਉਣ ਦੀ ਮਰਜ਼ੀ ਦੇ ਖਿਲਾਫ ਮੁਹਿੰਮ ਚਲਾ ਰਹੇ ਲੋਕ ਮੰਨਦੇ ਹਨ ਕਿ ਕਾਨੂੰਨ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ ਹੈ।

ਇਸੇ ਮੁਹਿੰਮ ਨਾਲ ਜੁੜੀ ਕੋਰਾ ਸੈਰਲੌਕ ਦਾ ਮੰਨਣਾ ਹੈ ਕਿ ਗਰਭਪਾਤ ਦੀ ਮਰਜ਼ੀ ਦੇ ਹੱਕ ਵਿੱਚ ਕੰਮ ਕਰਨ ਵਾਲੇ ਲੋਕ ਪੂਰੇ ਮਸਲੇ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੇ ਹਨ।

ਉਨ੍ਹਾਂ ਦੱਸਿਆ, "ਆਇਰਲੈਂਡ ਦੇ ਕਾਨੂੰਨ ਕਾਰਨ ਕਿਸੇ ਦੀ ਮੌਤ ਜਾਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਦਾ।''

ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਨੂੰ ਬਿਮਾਰੀ ਵੇਲੇ ਜਾਂ ਗਰਭ ਵਿੱਚ ਹੀ ਬੱਚੇ ਦੀ ਮੌਤ ਹੋਣ 'ਤੇ ਪੂਰਾ ਇਲਾਜ ਮਿਲਦਾ ਹੈ।

ਜਦੋਂ ਵੀ ਮੀਡੀਆ ਵਿੱਚ ਗਰਭਪਾਤ ਦਾ ਮੁੱਦਾ ਚੁੱਕਿਆ ਜਾਂਦਾ ਹੈ ਤਾਂ ਸਵਿਤਾ ਦਾ ਕੇਸ ਜ਼ਰੂਰ ਸੁਰਖੀਆਂ ਵਿੱਚ ਆਉਂਦਾ ਹੈ ਅਤੇ ਇਹ ਪੂਰੇ ਆਇਰਲੈਂਡ ਵਿੱਚ ਇਹ ਇੱਕ ਵਿਵਾਦਿਤ ਮੁੱਦਾ ਹੈ।

ਆਇਰਲੈਂਡ ਦੀ ਪਾਰਲੀਮੈਂਟ ਦੇ ਇੱਕ ਮੈਂਬਰ ਜੋ ਗਰਭਪਾਤ ਦੀ ਮਰਜ਼ੀ ਦਾ ਹੱਕ ਮਿਲਣ ਦੇ ਖਿਲਾਫ ਹਨ, ਉਨ੍ਹਾਂ ਨੇ ਸਵਿਤਾ ਦੇ ਕੇਸ ਬਾਰੇ ਇੱਕ ਟੀਵੀ ਪ੍ਰੋਗਰਾਮ ਵਿੱਚ ਡਾਕਟਰ ਦੀ ਦਲੀਲ ਨੂੰ ਝੂਠਾ ਕਰਾਰ ਦਿੱਤਾ ਸੀ।

'ਸਾਡੇ ਵਰਗੇ ਹਾਲਾਤ ਕਿਸੇ ਦੇ ਨਾ ਹੋਣ'

ਸਵਿਤਾ ਦਾ ਪਰਿਵਾਰ ਅਤੇ ਉਸਦੇ ਦੋਸਤ ਮੰਨਦੇ ਹਨ ਕਿ ਸਵਿਤਾ ਦੀ ਮੌਤ ਆਇਰਲੈਂਡ ਦੇ ਗਰਭਪਾਤ ਦੇ ਕਾਨੂੰਨ ਕਾਰਨ ਹੋਈ ਅਤੇ ਇਸ ਲਈ ਉਹ ਇਸ ਕਾਨੂੰਨ ਦੇ ਖਿਲਾਫ ਵੋਟ ਕਰਨਗੇ।

ਸਵਿਤਾ ਦੇ ਪਿਤਾ ਅੰਦਾਨੱਪਾ ਹਲੱਪਾਨਾਵਰ ਨੇ ਵੀਡੀਓ ਮੈਸੇਜ ਵਿੱਚ ਕਿਹਾ, "ਕੋਈ ਵੀ ਪਰਿਵਾਰ ਉਨ੍ਹਾਂ ਹਾਲਾਤ ਤੋਂ ਨਾ ਗੁਜ਼ਰੇ ਜਿਨ੍ਹਾਂ ਪ੍ਰੇਸ਼ਾਨੀ ਅਤੇ ਦੁੱਖ ਵਾਲੇ ਹਾਲਾਤ ਤੋਂ ਅਸੀਂ ਗੁਜ਼ਰੇ ਹਾਂ।''

ਸਵਿਤਾ ਦੀ ਮੌਤ ਤੋਂ ਬਾਅਦ ਸਵਿਤਾ ਦੀ ਯਾਦ ਵਿੱਚ ਕਈ ਸ਼ਹਿਰਾਂ ਵਿੱਚ ਮਾਰਚ ਕੱਢੇ ਜਾਂਦੇ ਹਨ। ਸਵਿਤਾ ਦੀ ਸਹੇਲੀ ਮ੍ਰਿਦੁਲਾ ਦਾ ਕਹਿਣਾ ਹੈ ਕਿ ਉਸਦਾ ਨਾਂ ਕਦੇ ਵੀ ਭੁਲਾਇਆ ਨਹੀਂ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)