You’re viewing a text-only version of this website that uses less data. View the main version of the website including all images and videos.
ਨਿਪਾਹ ਵਾਇਰਸ ਕਾਰਨ ਮਰੀ ਨਰਸ ਦਾ ਆਖ਼ਰੀ ਮੈਸੇਜ - 'ਮੈਂ ਸ਼ਾਇਦ ਹੀ ਬਚਾਂ, ਮੇਰੇ ਬੱਚਿਆਂ ਦਾ ਖਿਆਲ ਰੱਖਣਾ'
"ਮੈਨੂੰ ਨਹੀਂ ਜਾਪਦਾ ਕਿ ਮੈਂ ਬਚਾਂਗੀ ਤੇ ਹੁਣ ਦੁਬਾਰਾ ਤੁਹਾਨੂੰ ਦੇਖ ਸਕਾਂਗੀ। ਸੌਰੀ, ਕ੍ਰਿਪਾ ਕਰਕੇ ਬੱਚਿਆਂ ਦੀ ਦੇਖਭਾਲ ਚੰਗੀ ਤਰ੍ਹਾਂ ਕਰਨਾ।"
ਇਹ ਆਖ਼ਰੀ ਮੈਸੇਜ ਕੇਰਲਾ ਦੀ 28 ਸਾਲਾਂ ਨਰਸ ਲਿਨੀ ਪੁਥੂਸੇਰੀ ਦਾ ਹੈ ਜੋ ਉਸ ਨੇ ਮਰਨ ਤੋਂ ਪਹਿਲਾਂ ਆਪਣੇ ਪਤੀ ਨੂੰ ਲਿਖਿਆ ਸੀ।
ਪੁਥੂਸੇਰੀ ਨਿਪਾਹ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਦੇਖਭਾਲ ਕਰਦੇ ਸਮੇਂ ਖ਼ੁਦ ਇਸ ਦਾ ਸ਼ਿਕਾਰ ਬਣ ਗਈ ਅਤੇ 5 ਅਤੇ 2 ਸਾਲ ਦੇ ਦੋ ਬੱਚਿਆਂ ਦੀ ਇਸ ਮਾਂ ਨੇ ਸੋਮਵਾਰ ਨੂੰ ਦਮ ਤੋੜ ਦਿੱਤਾ।
ਨਿਪਾਹ ਵਾਇਰਸ ਕਾਰਨ ਕੇਰਲ ਦੇ ਕੋਜੀਕੋਡੇ ਵਿੱਚ ਹੁਣ ਤੱਕ 9 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜਿਨ੍ਹਾਂ ਦੋ ਵਿਅਕਤੀਆਂ ਵਿੱਚ ਨਿਪਾਹ ਵਾਇਰਸ ਦੇ ਲੱਛਣ ਪਾਏ ਗਏ ਹਨ ਉਨ੍ਹਾਂ ਦਾ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਇਨ੍ਹਾਂ ਮੌਤਾਂ ਤੋਂ ਬਾਅਦ 40 ਦੇ ਕਰੀਬ ਵਿਅਕਤੀਆਂ ਨੂੰ ਸ਼ੱਕੀ ਲੱਛਣਾਂ ਕਰਕੇ ਵੱਖਰੇ ਰੱਖਿਆ ਗਿਆ ਹੈ।
ਸਿਹਤ ਵਿਭਾਗ ਨੇ ਪੂਰੇ ਕੇਰਲਾ ਵਿੱਚ ਹਾਈ ਅਲਰਟ ਕਰ ਦਿੱਤਾ ਹੈ। ਪੂਰੇ ਸੂਬੇ ਵਿੱਚ ਥਾਂ-ਥਾਂ ਮੈਡੀਕਲ ਕੈਂਪ ਲਗਾ ਕੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਹਾਲਾਤ ਨਾਲ ਨਿਪਟਣ ਲਈ ਕੰਟ੍ਰੋਲ ਰੂਮ ਸਥਾਪਿਤ ਕੀਤਾ ਗਿਆ ਹੈ।
ਵਾਇਰਸ ਪੀੜਤ ਦੇ ਲੱਛਣ
ਵਾਇਰਸ ਪੀੜਤ ਲੋਕਾਂ ਨੂੰ ਤੇਜ਼ ਬੁਖ਼ਾਰ ਚੜ੍ਹਦਾ ਹੈ, ਉਲਟੀਆਂ ਆਉਂਦੀਆਂ ਹਨ ਅਤੇ ਸਿਰ ਦਰਦ ਹੁੰਦਾ ਹੈ।
ਇਸ ਵਾਇਰਸ ਨੂੰ ਡਾਇਗਨੋਸ ਨਾ ਕਰ ਪਾਉਣਾ ਸਭ ਤੋਂ ਵੱਡੀ ਸਮੱਸਿਆ ਹੈ ਅਜੇ ਤੱਕ ਇਸ ਦੀ ਕੋਈ ਦਵਾਈ ਨਹੀਂ ਹੈ ਅਤੇ 70 ਫੀਸਦ ਲੋਕਾਂ ਦੀ ਮੌਤ ਹੋ ਜਾਂਦੀ ਹੈ।
ਲਿਨੀ ਨਰਸ ਜਿਸ ਦੀ ਨਿਪਾਹ ਵਾਇਰਸ ਕਾਰਨ ਮੌਤ ਹੋਈ ਹੈ ਉਹ ਇੱਕ ਅਜਿਹੇ ਪਰਿਵਾਰ ਦੀ ਦੇਖਭਾਲ ਕਰ ਰਹੀ ਸੀ ਜਿਸ ਦੇ ਤਿੰਨ ਮੈਂਬਰ ਇਸ ਰੋਗ ਨਾਲ ਪੀੜਤ ਸਨ।
ਉਹ ਸਾਰੀ ਰਾਤ ਜਾਗ ਕੇ ਉਨ੍ਹਾਂ ਮਰੀਜ਼ਾਂ ਦੀ ਸਿਹਤ ਦਾ ਖਿਆਲ ਕਰ ਰਹੀ ਸੀ। ਐਤਵਾਰ ਸਵੇਰ ਨੂੰ ਉਸ ਨੂੰ ਕੁਝ ਬੁਖ਼ਾਰ ਮਹਿਸੂਸ ਹੋਇਆ, ਕੁਝ ਦੇਰ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੇ ਬੁਖ਼ਾਰ ਦੇ ਤਾਂ ਉਹੀ ਲੱਛਣ ਹਨ ਜਿਹੜੇ ਨਿਪਾਹ ਵਾਇਰਸ ਦੇ ਮਰੀਜ਼ਾਂ ਵਿੱਚ ਸਨ।
ਉਸ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਉਹ ਬਚ ਨਾ ਸਕੀ।
ਲਿਨੀ ਦੇ ਪਤੀ ਦਾ ਸੈਜਿਸ਼ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਬਹਿਰੀਨ ਵਿੱਚ ਅਕਾਊਂਟੈਂਟ ਵਜੋਂ ਕੰਮ ਕਰਦਾ ਸੀ ਅਤੇ ਲਿਨੀ ਦੇ ਬਿਮਾਰ ਹੋਣ ਤੋਂ ਬਾਅਦ ਉਹ ਉਸ ਦੇ ਬਰਾ ਵੱਲੋਂ ਫੋਨ ਕੀਤੇ ਜਾਣ ਤੋਂ ਬਾਅਦ ਸਵਦੇਸ਼ ਪਰਤਿਆ ਹੈ।
ਪੁਥੂਸਰੀ ਮੁਤਾਬਕ ਲਿਨੀ ਨੇ ਦੱਸਿਆ ਸੀ ਕਿ ਉਹ ਬੀਮਾਰ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਉਹ ਐਤਵਾਰ ਸਵੇਰੇ ਕੋਜ਼ੀਕੋਡੇ ਪਹੁੰਚ ਗਿਆ ਪਰ ਉਦੋਂ ਤੱਕ ਲਿਨੀ ਨੂੰ ਆਈਸੀਯੂ ਵਿੱਚ ਸ਼ਿਫਟ ਕੀਤਾ ਜਾ ਚੁੱਕਿਆ ਸੀ।
ਉਸ ਨੇ ਦੱਸਿਆ, "ਉਸ ਨੂੰ ਸਾਹ ਦੀ ਸਮੱਸਿਆ ਕਰਕੇ ਆਕਸੀਜਨ ਲਗਾਈ ਗਈ ਸੀ ਉਹ ਬੋਲ ਨਹੀਂ ਸਕਦੀ ਸ, ਉਸ ਨੇ ਮੇਰੇ ਵੱਲ ਦੇਖਿਆ ਅਤੇ ਮੇਰਾ ਹੱਥ ਘੁੱਟ ਫੜ੍ਹ ਲਿਆ। ਸਭ ਕੁਝ ਉਸ ਦੀਆਂ ਹੰਝੂਆਂ ਭਰੀਂ ਅੱਖਾਂ ਬਿਆਨ ਕਰ ਰਹੀਆਂ ਸਨ।"
ਲਿਨੀ ਦੀ ਮੌਤ ਤੋਂ ਬਾਅਦ ਪੁਥੂਸੇਰੀ ਨੂੰ ਪਰਿਵਾਰਕ ਮੈਂਬਰਾਂ ਨਾ ਲਿਨੀ ਦਾ ਲਿਖਿਆ ਹੋਇਆ ਆਖ਼ਰੀ ਨੋਟ ਫੜਾਇਆ, ਜਿਹੜਾ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਵਾਇਰਸ ਦਾ ਇਨਫੈਕਸ਼ਨ ਅੱਗੇ ਨਾ ਵਧੇ ਇਸ ਕਰਕੇ ਲਿਨੀ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਨਹੀਂ ਸੌਂਪੀ ਗਈ ਹੈ। ਇਸ ਦਾ ਅੰਤਿਮ ਸਸਕਾਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ।
ਲਿਨੀ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਲੋਕ ਉਸ ਨੂੰ ਹੀਰੋ ਵਜੋਂ ਦੇਖ ਰਹੇ ਹਨ। ਜਿਸ ਨੇ ਔਖੀ ਘੜੀ ਵਿੱਚ ਆਪਣੀ ਜ਼ਿੰਦਗੀ ਦਾਅ 'ਤੇ ਲਾ ਕੇ ਲੋਕਾਂ ਦੀ ਸੇਵਾ ਕੀਤੀ।
ਕੇਰਲ ਦੇ ਮੁੱਖ ਮੰਤਰੀ ਪਿੰਨਾਰਾਏ ਵਿਜਿਅਨ ਨੇ ਟਵੀਟ ਕਰਕੇ ਲਿਨੀ ਦੀ ਨਿਰਸਵਾਰਥ ਸੇਵਾ ਲਈ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ।
ਨਿਪਾਹ ਇੱਕ ਇਨਫੈਕਸ਼ਨ ਹੈ ਜੋ ਜਾਨਵਰਾਂ ਤੋਂ ਇਨਸਾਨਾਂ ਤੱਕ ਫੈਲਦੀ ਹੈ।
ਇਸ ਵਾਇਰਸ ਦੇ ਇਲਾਜ ਲਈ ਕੋਈ ਇਨਜੈਕਸ਼ਨ ਨਹੀਂ ਹੈ ਜਿਸ ਨਾਲ 70 ਫੀਸਦ ਲੋਕ ਮਰਦੇ ਹਨ।
10 ਗੰਭੀਰ ਬੀਮਾਰੀਆਂ ਦੀ ਸੂਚੀ ਵਿੱਚ ਨਿਪਾਹ ਵਾਇਰਸ ਟੌਪ 'ਤੇ ਹੈ। WHO ਮੁਤਾਬਕ ਇਹ ਵੱਡੇ ਸਤਰ 'ਤੇ ਪ੍ਰੇਸ਼ਾਨ ਕਰ ਸਕਦਾ ਹੈ।