You’re viewing a text-only version of this website that uses less data. View the main version of the website including all images and videos.
ਨਿਪਾਹ ਵਾਇਰਸ ਤੋਂ ਬਚਣ ਲਈ ਧਿਆਨਯੋਗ ਗੱਲਾਂ
ਨਿਪਾਹ ਵਾਇਰਸ ਭਾਵੇਂ ਕਿ ਕੇਰਲ ਦੇ ਕੋਜ਼ੀਕੋਡ ਵਿੱਚ ਰਿਪੋਰਟ ਕੀਤਾ ਗਿਆ ਹੈ ਪਰ ਇਸਦਾ ਅਲਰਟ ਪੂਰੇ ਸੂਬਾ ਪੱਧਰ 'ਤੇ ਜਾਰੀ ਕੀਤਾ ਗਿਆ ਹੈ।
ਕੇਰਲਾ ਮੁੱਖ ਮੰਤਰੀ ਦਫ਼ਤਰ ਵਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਕਿਉਂ ਕਿ ਉੱਥੇ ਹਾਲਾਤ ਕਾਫ਼ੀ ਨਾਜੁਕ ਹਨ। ਉੱਥੇ ਹੁਣ ਤੱਕ ਇਸ ਨਾਲ 6 ਮੌਤਾਂ ਹੋ ਚੁੱਕੀਆਂ ਹਨ।
ਐਨਸੀਡੀਸੀ (ਨੈਸ਼ਨਲ ਕਲਾਈਮੇਟ ਡਾਟਾ ਸੈਂਟਰ) ਦੀ ਟੀਮ ਅੱਜ ਮੌਕੇ 'ਤੇ ਪਹੁੰਚੀ। AIIMS ਅਤੇ RML ਦੇ ਡਾਕਟਰ ਕੱਲ੍ਹ ਤੱਕ ਪਹੁੰਚ ਜਾਣਗੇ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇਪੀ ਨੱਡਾ ਨੇ ਟਵੀਟ ਕਰਕੇ ਕਿਹਾ ਕਿ ਸੂਬਾ ਸਰਕਾਰ ਨਾਲ ਉਨ੍ਹਾਂ ਦਾ ਪੂਰਾ ਸਮਰਥਨ ਹੈ।
ਕੇਰਲਾ ਦੀ ਸਿਹਤ ਮੰਤਰੀ ਕੇਕੇ ਸ਼ੈਲਜਾ ਅਤੇ ਡਾ. ਦਿਲੀਪ ਨਾਲ ਗੱਲਬਾਤ ਦੌਰਾਨ ਮਿਲੀ ਜਾਣਕਾਰੀ ਉੱਤੇ ਆਧਾਰਿਤ
- ਹੁਣ ਤੱਕ 6 ਮੌਤਾਂ ਹੋ ਚੁੱਕੀਆਂ ਹਨ
- ਇਸ 'ਤੇ ਕਾਬੂ ਪਾਉਣ ਲਈ ਕਾਫ਼ੀ ਕਦਮ ਚੁੱਕੇ ਗਏ ਹਨ
- ਕਾਫ਼ੀ ਜਾਗਰੂਕਤਾ ਫੈਲਾਈ ਗਈ
- ਕੋਜ਼ੀਕੋਡ ਜ਼ਿਲ੍ਹੇ ਦੇ ਆਲੇ-ਦੁਆਲੇ ਦੇ ਇਲਾਕਿਆਂ 'ਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ
- ਸਿਹਤ ਮੰਤਰੀ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਵੀ ਕੋਜ਼ੀਕੋਡ ਵਿੱਚ ਰੁਕੇ ਹੋਏ ਹਨ
- ਪੂਰੀ ਘਟਨਾ 'ਤੇ ਨਜ਼ਰ ਰੱਖੀ ਜਾ ਰਹੀ ਹੈ
- ਸੈਂਟਰ ਦੀ ਤਕਨੀਕੀ ਟੀਮ ਦੀ ਉਡੀਕ ਕੀਤੀ ਜਾ ਰਹੀ ਹੈ
- ਇਸ ਤੋਂ ਇਲਾਵਾ 25 ਅਜਿਹੇ ਮਾਮਲੇ ਹਨ ਜਿਹੜੇ ਮਰੀਜ਼ਾਂ ਨਾਲ ਸਪੰਰਕ ਵਿੱਚ ਆਏ ਹਨ। ਇਸਦਾ ਇਹ ਮਤਲਬ ਨਹੀਂ ਕਿ ਬਿਮਾਰੀ ਨਾਲ ਜੂਝ ਰਹੇ ਹਨ। ਅਸੀਂ ਉਨ੍ਹਾਂ 'ਤੇ ਨਿਗਰਾਨੀ ਰੱਖ ਰਹੇ ਹਾਂ।
- ਤਿੰਨ ਉਹ ਨਰਸਾਂ, ਜਿਹੜੀਆਂ ਨਿਪਾਹ ਦੇ ਮਰੀਜ਼ਾਂ ਦੀ ਦੇਖ-ਰੇਖ ਕਰ ਰਹੀਆਂ ਹਨ।ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਹ ਵੀ ਇਸ ਬਿਮਾਰੀ ਤੋਂ ਪੀੜਤ ਹੋ ਸਕਦੀਆਂ ਹਨ।
ਵੀਰੋਲਜੀ ਵਿਭਾਗ ਦੇ ਮੁਖੀ ਡਾ. ਅਰੁਣ ਕੁਮਾਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਹੜੀਆਂ ਚੀਜ਼ਾਂ ਦੀ ਸਾਵਧਾਨੀ ਵਰਤ ਕੇ ਇਸ ਤੋਂ ਬਚਿਆ ਜਾ ਸਕਦਾ ਹੈ।
- ਕੋਈ ਵੀ ਅਜਿਹਾ ਫਲ ਨਾ ਖਾਓ ਜਿਹੜਾ ਕਿ ਚਮਗਾਦੜ ਵੱਲੋਂ ਖਾਧਾ ਹੋਵੇ। ਇਹ ਫਰੂਟ ਬੈਟਸ ਵਿੱਚ ਪਾਇਆ ਜਾਂਦਾ ਹੈ।
- ਉਨ੍ਹਾਂ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ ਜਿਹੜੇ ਇਸ ਬਿਮਾਰੀ ਨਾਲ ਪੀੜਤ ਹੋਣ। ਇਹ ਬਹੁਤ ਆਸਨੀ ਨਾਲ ਇੱਕ ਮਨੁੱਖ ਤੋਂ ਦੂਜੇ ਮਨੁੱਖ ਤੱਕ ਪਹੁੰਚ ਜਾਂਦਾ ਹੈ।
- ਪਰਿਵਾਰਕ ਮੈਂਬਰਾਂ ਤੋਂ ਵੱਧ ਇਹ ਹਸਪਤਾਲਾਂ ਵਿੱਚ ਫੈਲਦਾ ਹੈ ਜਿੱਥੇ ਇਸਦਾ ਇਲਾਜ ਹੁੰਦਾ ਹੈ।
- ਜੇਕਰ ਤੁਹਾਨੂੰ ਨੀਪਾਹ ਵਾਇਰਸ ਦਾ ਇੱਕ ਲੱਛਣ ਦਿਖਦਾ ਹੈ ਤਾਂ ਤੁਰੰਤ ਡਾਕਟਰ ਨਾਲ ਸਪੰਰਕ ਕਰੋ।
ਕੀ ਹੈ ਨਿਪਾਹ ਵਾਇਰਸ?
- ਨਿਪਾਹ ਵਾਇਰਸ ਜਾਨਵਰਾਂ ਤੋਂ ਮਨੁਖਾਂ ਵਿੱਚ ਆਉਂਦਾ ਹੈ। ਇਹ ਫਰੂਟ ਬੈਟਸ ਵਿੱਚ ਪਾਇਆ ਜਾਂਦਾ ਹੈ।
- ਸਭ ਤੋਂ ਪਹਿਲਾਂ 1999 ਵਿੱਚ ਸੂਰ ਖੇਤੀ ਕਰਨ ਵਾਲੇ ਕਿਸਾਨਾਂ ਵਿੱਚ ਏਂਸੀਫਲਾਈਟਿਸ ਅਤੇ ਸਾਂਹ ਦੀਆਂ ਬੀਮਾਰੀਆਂ ਵੇਲੇ ਪਛਾਣਿਆ ਗਿਆ ਸੀ। ਮਲੇਸ਼ੀਆ ਅਤੇ ਸਿੰਗਾਪੁਰ ਵਿੱਚ ਸੂਰਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਵੀ ਇਹ ਇਨਫੈਕਸ਼ਨ ਹੋਇਆ ਸੀ।
- ਉਸ ਸਮੇਂ 100 ਮੌਤਾਂ ਹੋਈਆਂ ਸਨ ਅਤੇ 300 ਕੇਸ ਦਰਜ ਹੋਏ ਸਨ। ਇਸ ਨੂੰ ਰੋਕਣ ਲਈ ਦਸ ਲੱਖ ਤੋਂ ਵੱਧ ਸੂਰਾਂ ਨੂੰ ਮਾਰਿਆ ਗਿਆ ਸੀ, ਜਿਸ ਕਾਰਨ ਮਲੇਸ਼ੀਆ ਨੂੰ ਵਪਾਰ ਦਾ ਬਹੁਤ ਨੁਕਸਾਨ ਵੀ ਹੋਇਆ ਸੀ।
- ਬੀਮਾਰ ਸੂਰਾਂ ਤੋਂ ਦੂਰੀ ਬਣਾਏ ਰੱਖਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ। ਖਜੂਰ ਦੇ ਦਰਖਤ 'ਚੋਂ ਨਿਕਲਿਆ ਰਸ ਪੀਣ ਨਾਲ ਵੀ ਇਹ ਹੋ ਸਕਦਾ ਹੈ।
- ਬੀਮਾਰੀ ਦੇ ਲੱਛਣਾਂ ਵਿੱਚ ਬੁਖਾਰ, ਸਿਰ ਦਰਦ, ਥਕਾਵਟ, ਸਾਂਹ ਵਿੱਚ ਤਕਲੀਫ ਅਤੇ ਦਿਮਾਗੀ ਕਨਫਿਊਜ਼ਨ ਸ਼ਾਮਲ ਹਨ। ਇਸ ਨਾਲ 24 ਤੋਂ 48 ਘੰਟਿਆਂ ਵਿੱਚ ਕੋਮਾ ਵੀ ਹੋ ਸਕਦਾ ਹੈ।
- ਇਸ ਦੇ ਇਲਾਜ ਲਈ ਮਨੁਖਾਂ ਅਤੇ ਜਾਨਵਰਾਂ ਨੂੰ ਲਗਾਉਣ ਵਾਲਾ ਕੋਈ ਵੀ ਟੀਕਾ ਨਹੀਂ ਬਣਿਆ ਹੈ।
ਸਰੋਤ: WHO, ਸੈਂਟਰ ਫਾਰ ਡੀਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ