ਗੁਰਦੁਆਰਿਆਂ ਵਿੱਚ ਦਲਿਤਾਂ ਨਾਲ ਹੁੰਦੇ ਵਿਤਕਰੇ 'ਤੇ ਵਿਜੇ ਸਾਂਪਲਾ ਵਲੋਂ ਅਕਾਲ ਤਖਤ ਨੂੰ ਪੱਤਰ

    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਪੱਤਰਕਾਰ, ਬੀਬੀਸੀ ਪੰਜਾਬੀ

ਪੰਜਾਬ ਦੇ ਪਿੰਡਾਂ ਵਿੱਚ ਕਈ ਥਾਵਾਂ ਉੱਤੇ ਗੁਰਦੁਆਰਿਆਂ ਵਿੱਚ ਦਲਿਤ ਸਿੱਖਾਂ ਨਾਲ ਹੁੰਦੇ ਵਿਤਕਰੇ ਦਾ ਮਾਮਲਾ ਹੁਣ ਸਿਆਸੀ ਮੁੱਦਾ ਬਣ ਗਿਆ ਹੈ।

ਸੰਗਰੂਰ ਦੇ ਪਿੰਡ ਮਾਨ ਸਿੰਘ ਵਾਲਾ ਵਿੱਚ ਦਲਿਤ ਪਰਿਵਾਰ ਨੂੰ ਉਨ੍ਹਾਂ ਦੀ ਬਜ਼ੁਰਗ ਮਾਤਾ ਦੀ ਅੰਤਿਮ ਅਰਦਾਸ ਗੁਗੂਘਰ ਵਿੱਚ ਨਾ ਕਰਨ ਦੇਣ ਤੋਂ ਬਾਅਦ ਚਮਕੌਰ ਸਾਹਿਬ ਦੇ ਬਰਸਾਲ ਪਿੰਡ ਵਿਚ ਵੀ ਦਲਿਤ ਪਰਿਵਾਰ ਨੂੰ ਪਿਤਾ ਦੀਆਂ ਅੰਤਿਮ ਰਸਮਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਦੇਣ ਦੀ ਘਟਨਾ ਸਾਹਮਣੇ ਆਈ ਹੈ।

ਅਕਾਲ ਤਖ਼ਤ ਤੋਂ ਦਖਲ ਦੀ ਮੰਗ

ਇਸ ਰੁਝਾਨ ਨੂੰ ਚਿੰਤਾਜਨਕ ਦੱਸਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਪਾਰਟੀ ਦੇ ਦਲਿਤ ਚਿਹਰੇ ਵਿਜੇ ਸਾਂਪਲਾ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਧੇ ਦਖਲ ਦੀ ਮੰਗ ਕੀਤੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਲਿਖੇ ਇੱਕ ਪੱਤਰ ਵਿੱਚ ਸਾਂਪਲਾ ਨੇ ਕਿਹਾ ਕਿ ਸਿੱਖ ਪੰਥ ਵਿੱਚ ਵਿਤਕਰੇਬਾਜ਼ੀ ਦਾ ਇਹ ਰੁਝਾਨ ਬੇਹੱਦ ਚਿੰਤਾਜਨਕ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਸਮੂਹ ਗੁਰੂ ਸਾਹਿਬਾਨ ਨੇ ਜਾਤ-ਪਾਤ ਦੀਆਂ ਸੌੜੀਆਂ ਵਲਗਣਾਂ ਨੂੰ ਤੋੜ ਕੇ ਪਿਆਰ ਅਤੇ ਸਾਂਝ ਭਰਿਆ ਸਮਾਜ ਸਿਰਜਣ ਦਾ ਸੁਨੇਹਾ ਦਿੱਤਾ ਸੀ।

ਸੰਗਰੂਰ ਤੇ ਚਮਕੌਰ ਸਾਹਿਬ 'ਚ ਘਟਨਾਵਾਂ

ਪੱਤਰ ਨੂੰ ਟਵੀਟ ਕਰਕੇ ਸਾਂਪਲਾ ਨੇ ਲਿਖਿਆ ਹੈ, "ਪੰਜਾਬ ਚ' ਖਾਸਕਰ ਪਿੰਡਾਂ 'ਚ ਦਲਿਤ ਸਿੱਖ ਪਰਿਵਾਰਾਂ ਨਾਲ ਵਾਪਰਦੀਆਂ ਵਿਤਕਰੇਬਾਜ਼ੀ ਦੀਆਂ ਘਟਨਾਵਾਂ ਨਿੰਦਣ ਯੋਗ ਹਨ।

ਸਿੱਖ ਧਰਮ 'ਚ ਜਾਤ-ਪਾਤ ਦੀ ਕੋਈ ਥਾਂ ਨਹੀਂ ਹੈ। ਮੇਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੂੰ ਅਪੀਲ ਹੈ ਕਿ ਉਹ ਖੁਦ ਦਖ਼ਲ ਦੇ ਕੇ ਇਸ ਰੁਝਾਨ ਨੂੰ ਰੋਕਣ |

ਸਾਂਪਲਾ ਨੇ ਪੱਤਰ ਵਿੱਚ ਲਿਖਿਆ ਹੈ ਕਿ ਜੇਕਰ ਅਜਿਹੇ ਬੇਮੱਤੇ ਲੋਕਾਂ ਦੀਆਂ ਕਾਰਵਾਈਆਂ ਨੂੰ ਫੌਰੀ ਤੌਰ 'ਤੇ ਠੱਲ੍ਹ ਨਾ ਪਾਈ ਗਈ ਤਾਂ ਸਮਾਜ ਨੂੰ ਇੱਕ ਬੇਲੋੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਾਂਪਲਾ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਮਾਨਾਂ ਵਾਲਾ ਵਿਖੇ ਦਲਿਤ ਪਰਿਵਾਰ ਨੂੰ ਗੁਰੂਦੁਆਰਾ ਸਾਹਿਬ ਵਿੱਚ ਅੰਤਿਮ ਅਰਦਾਸ ਨਾ ਕਰਨ ਦੇਣ ਅਤੇ ਚਮਕੌਰ ਸਾਹਿਬ ਦੇ ਬਰਾਸਲਾ ਪਿੰਡ ਵਿਚ ਵੀ ਦਲਿਤ ਪਰਿਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਦੇਣ ਦੀ ਘਟਨਾ ਦੀ ਘਟਨਾ ਨੂੰ ਮੰਦਭਾਗਾ ਦੱਸਿਆ।

ਜਾਤ ਅਧਾਰਿਤ ਗੁਰਦੁਆਰਿਆਂ 'ਤੇ ਪਾਬੰਦੀ ਦੀ ਮੰਗ

ਪੱਤਰ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਕਿਸੇ ਵੀ ਜਾਤ ਦੇ ਵਿਅਕਤੀ ਜੋ ਗੁਰ ਮਰਿਆਦਾ ਤਹਿਤ ਅੰਤਿਮ ਅਰਦਾਸ ਜਾਂ ਆਨੰਦ ਕਾਰਜ ਆਦਿ ਕਰਵਾਉਂਦਾ ਹੈ, ਉਸ ਨੂੰ ਵੱਧ ਤਵੱਜੋਂ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਸਿੱਖ ਪੰਥ ਨਾਲ ਹੋਰ ਵਧੇਰੇ ਗੂੜੀ ਸਾਂਝ ਪਾ ਸਕੇ ।

ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਉਹ ਫੌਰੀ ਤੌਰ 'ਤੇ ਕਦਮ ਚੁੱਕਣ।

ਸਾਂਪਲਾ ਨੇ ਨਾਲ ਹੀ ਇਹ ਵੀ ਮੰਗ ਕੀਤੀ ਕਿ ਪਿੰਡਾਂ ਵਿੱਚ ਜਾਤ-ਪਾਤ 'ਤੇ ਅਧਾਰਿਤ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦੇ ਕਾਰਜ ਨੂੰ ਵੀ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ।

ਸੰਗਰੂਰ ਦੀ ਘਟਨਾ ਤੋਂ ਬਾਅਦ ਇਹ ਮਾਮਲਾ ਵਿਜੇ ਸਾਂਪਲਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਧਿਆਨ ਹਿੱਤ ਲਿਆਂਦਾ ਸੀ, ਜਿਨ੍ਹਾਂ ਨੇ ਮਾਮਲੇ ਦੀ ਜਾਂਚ ਲਈ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)