You’re viewing a text-only version of this website that uses less data. View the main version of the website including all images and videos.
ਬਲਾਗ: ਕੀ ਇਹ ਦਲਿਤ ਆਗੂ ਹਿੰਦੂਤਵ ਲਈ ਖ਼ਤਰਾ ਹੈ?
- ਲੇਖਕ, ਰਾਜੇਸ਼ ਜੋਸ਼ੀ
- ਰੋਲ, ਰੇਡੀਓ ਸੰਪਾਦਕ, ਬੀਬੀਸੀ ਹਿੰਦੀ
ਯੂ ਟਿਊਬ 'ਤੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਜਿਸ ਵਿੱਚ ਭਗਵਾ ਝੰਡੇ ਲਹਿਰਾਉਂਦੇ ਹੋਏ ਲੋਕਾਂ ਦੀ ਭੀੜ 'ਜੈ ਭੀਮ' ਲਿਖੇ ਨੀਲੇ ਝੰਡੇ ਲੈ ਕੇ ਚੱਲਣ ਵਾਲਿਆਂ ਨੂੰ ਭਜਾ ਭਜਾ ਕੇ ਮਾਰ ਰਹੀ ਹੈ।
ਉਨ੍ਹਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜੇ ਜਾ ਰਹੇ ਹਨ ਅਤੇ ਫਿਰ ਪੁਲਿਸ ਦੀ ਮੌਜੂਦਗੀ ਵਿੱਚ ਦੋਵਾਂ ਪਾਸੇ ਤੋਂ ਪੱਥਰਾਅ ਹੋ ਰਿਹਾ ਹੈ।
ਦਲਿਤਾਂ ਦੇ ਖ਼ਿਲਾਫ਼ ਉਹ ਕਿਹੜਾ ਗੁੱਸਾ ਸੀ ਜੋ ਪੁਣੇ ਦੇ ਨੇੜੇ ਭੀਮਾ ਕੋਰੇਗਾਂਓ ਵਿੱਚ ਨਿਕਲਿਆ?
ਇਹ ਸਾਰਿਆਂ ਨੂੰ ਪਤਾ ਸੀ ਕਿ ਜਿਸ ਥਾਂ 'ਤੇ ਦਲਿਤ ਜਿੱਤ ਜਾ ਜਸ਼ਨ ਮਨਾਉਣ 1927 ਵਿੱਚ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਪਹੁੰਚੇ ਸੀ ਉੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਲਿਤ ਸੰਗਠਨ ਇਕੱਠੇ ਹੋਣਗੇ।
ਬਾਵਜੂਦ ਇਸਦੇ ਦਲਿਤਾਂ ਅਤੇ ਹਿੰਦੂਵਾਦੀ ਸੰਗਠਨਾਂ ਵਿੱਚ ਲੜਾਈ ਨੂੰ ਰੋਕਣ ਲਈ ਕੋਈ ਹੱਲ ਕਿਉਂ ਨਹੀਂ ਕੱਢਿਆ ਗਿਆ ਜਦਕਿ ਕੇਂਦਰ ਅਤੇ ਸੂਬੇ ਵਿੱਚ ਇੱਕ ਹਿੰਦੂਵਾਦੀ ਪਾਰਟੀ ਸੱਤਾ ਵਿੱਚ ਹੈ?
ਪਿਛਲੇ ਡੇਢ ਸਾਲ ਤੋਂ ਮਹਾਰਾਸ਼ਟਰ ਦੇ ਕਈ ਸ਼ਹਿਰਾਂ ਵਿੱਚ ਨਿਕਲੇ ਮਰਾਠਾ ਭਾਈਚਾਰੇ ਦੇ ਮੂਕ ਮੋਰਚੇ ਦੀ ਸਮਾਪਤੀ ਪੂਣੇ ਦੇ ਨੇੜੇ ਭੀਮਾ ਕੋਰੇਗਾਂਓ ਵਿੱਚ ਹੋਈ।
ਉਸੇ ਥਾਂ 'ਤੇ ਦਲਿਤ ਭਾਈਚਾਰੇ ਦੇ ਹਜ਼ਾਰਾਂ ਲੋਕ ਚਿਤਪਾਵਨ ਬ੍ਰਾਹਮਣ ਪੇਸ਼ਵਾ ਦੀ ਫੌਜ 'ਤੇ 'ਅਛੂਤ' ਮਹਾਰ ਫੌਜੀਆਂ ਦੀ ਜਿੱਤ ਦੀ 200ਵੀਂ ਜਯੰਤੀ ਮਨਾਉਣ ਲਈ ਪਿਛਲੇ ਸਾਲ ਦੇ ਆਖ਼ਰੀ ਦਿਨ ਇਕੱਠੇ ਹੋਏ ਸੀ।
ਵਿਚਾਰਧਾਰਕ ਨਾੜੂਆਂ
ਦਲਿਤ-ਵਿਰੋਧੀ ਹਿੰਸਾ ਭੜਕਾਉਣ ਲਈ ਜਿਨ੍ਹਾਂ ਦੋ ਲੋਕਾਂ ਖ਼ਿਲਾਫ਼ ਪੁਲਿਸ ਨੇ ਅਪਰਾਧਕ ਮਾਮਲੇ ਦਰਜ ਕੀਤੇ ਹਨ ਉਹ ਪੁਣੇ ਅਤੇ ਆਲੇ-ਦੁਆਲੇ ਦੀ ਹਿੰਦੂਵਾਦੀ ਸਿਆਸਤ ਦੇ ਮੁੱਖ ਚਿਹਰੇ ਹਨ।
ਇਨ੍ਹਾਂ ਵਿੱਚੋਂ ਇੱਕ 85 ਸਾਲਾ ਸੰਭਾਜੀ ਭਿੜੇ ਹਨ ਜਿਨ੍ਹਾਂ ਬਾਰੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਕਹਿ ਚੁੱਕੇ ਹਨ ਕਿ ''ਅਸੀਂ ਜਦੋਂ ਸਮਾਜਿਕ ਜੀਵਨ ਲਈ ਕੰਮ ਕਰਨ ਲਈ ਸੰਸਕਾਰ ਹਾਸਲ ਕਰਦੇ ਸੀ ਉਦੋਂ ਸਾਡੇ ਸਾਹਮਣੇ ਭਿੜੇ ਗੁਰੂ ਜੀ ਦਾ ਉਦਹਾਰਣ ਦਿੱਤਾ ਜਾਂਦਾ ਸੀ।''
ਇਨ੍ਹਾਂ ਦੋਵਾਂ ਮੁਲਜ਼ਮਾਂ ਦਾ ਵਿਚਾਰਧਾਰਕ ਨਾੜੂਆਂ ਆਰਐੱਸਐੱਸ ਨਾਲ ਜੁੜਿਆ ਰਿਹਾ ਹੈ। ਸੰਭਾਜੀ ਭਿੜੇ 1984 ਤੱਕ ਸੰਘ ਦੇ ਪ੍ਰਚਾਰਕ ਸੀ।
ਹਿੰਦੂਵਾਦੀ ਸੰਗਠਨ ਹਮੇਸ਼ਾ ਹਿੰਦੂ ਸਮਾਜ ਨੂੰ ਇੱਕਜੁਟ ਕਰਨ ਅਤੇ ਜਾਤੀ ਭੇਦਭਾਵ ਖ਼ਤਮ ਕਰਨ ਦੀ ਗੱਲ ਕਹਿੰਦੇ ਰਹੇ ਹਨ। ਫਿਰ ਭੀਮਾ ਕੋਰੇਗਾਂਓ ਵਿੱਚ ਦਲਿਤਾਂ ਨੂੰ ਹਿੰਦੂਵਾਦੀਆਂ ਵੱਲੋਂ ਖੁੱਲ੍ਹੀ ਚੁਣੌਤੀ ਕਿਉਂ ਦਿੱਤੀ ਗਈ?
ਦਲਿਤਾਂ ਅਤੇ ਗੈਰ-ਦਲਿਤ ਹਿੰਦੂਆਂ ਵਿੱਚ ਤਣਾਅ ਘੱਟ ਕਰਨ ਦੀ ਬਜਾਏ ਕੁਝ ਲੋਕਾਂ ਨੇ ਇੱਕ ਨੇੜਲੇ ਪਿੰਡ ਵਿੱਚ ਮੱਧਕਾਲ ਦੀ ਦਲਿਤ ਹਸਤੀ ਗੋਵਿੰਦ ਗਾਇਕਵਾੜ ਦੀ ਸਮਾਧੀ ਵਿੱਚ ਲੱਗੇ ਬੋਰਡ ਨੂੰ ਤੋੜ ਦਿੱਤਾ।
ਮੂਕ ਮੋਰਚਿਆਂ ਦੀ ਸਿਆਸਤ
ਦਲਿਤ ਮੰਨਦੇ ਹਨ ਕਿ ਜਦੋਂ ਔਰੰਗਜ਼ੇਬ ਨੇ ਛੱਤਰਪਤੀ ਸ਼ਿਵਾਜੀ ਦੇ ਮੁੰਡੇ ਛੱਤਰਪਤੀ ਸੰਭਾਜੀ ਮਹਾਰਾਜ ਦੀ ਲਾਸ਼ ਦੇ ਟੁੱਕੜੇ ਕਰਵਾਏ ਤਾਂ ਇਲਾਕੇ ਦੇ ਸਵਰਣ ਮੁਗਲਾਂ ਦੇ ਡਰ ਤੋਂ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਲਈ ਤਿਆਰ ਨਹੀਂ ਹੋਏ ਸੀ।
ਗੋਵਿੰਦ ਗਾਇਕਵਾੜ ਨੇ ਲਾਸ਼ ਦੇ ਟੁੱਕੜਿਆਂ ਨੂੰ ਇਕੱਠਾ ਕਰਕੇ ਉਨ੍ਹਾਂ ਦਾ ਸੰਸਕਾਰ ਕੀਤਾ।
ਪਰ ਮਰਾਠਾ ਇਸ ਕਹਾਣੀ ਨੂੰ ਗ਼ਲਤ ਦੱਸਦੇ ਹਨ ਅਤੇ ਕਹਿੰਦੇ ਹਨ ਕਿ ਦਰਅਸਲ ਮਰਾਠਾਂ ਨੇ ਛੱਤਰਪਤੀ ਸੰਭਾਜੀ ਮਹਾਰਾਜ ਦਾ ਅੰਤਿਮ ਸੰਸਕਾਰ ਕਰਵਾਇਆ ਸੀ।
ਸਵਾਲ ਬਣਿਆ ਹੋਇਆ ਹੈ ਕਿ ਦਲਿਤਾਂ ਅਤੇ ਹਿੰਦੂਆਂ ਦੇ ਵਿੱਚ ਇਸ ਤਕਰਾਰ ਨੂੰ ਹਵਾ ਦੇਣ ਦਾ ਕੰਮ ਹਿੰਦੂਵਾਦ ਦੀ ਸਿਆਸਤ ਕਰਨ ਵਾਲਿਆਂ ਨੇ ਹੀ ਕਿਉਂ ਕੀਤਾ?
ਇਹੀ ਨਹੀਂ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਅਖਿਲ ਭਾਰਤੀ ਬ੍ਰਾਹਮਣ ਮਹਾਂਸੰਘ ਵਰਗੇ ਸੰਗਠਨਾਂ ਨੇ ਪੁਲਿਸ ਤੋਂ ਦਲਿਤਾਂ ਨੂੰ ਇੱਕਜੁਟ ਹੋਣ ਦੀ ਇਜਾਜ਼ਤ ਨਾ ਦੇਣ ਦੀ ਅਪੀਲ ਵੀ ਕਰਵਾਈ ਸੀ।
ਇਸ ਸਵਾਲ ਦਾ ਜਵਾਬ ਜਾਨਣ ਲਈ ਮਹਾਰਾਸ਼ਟਰ ਦੇ ਕਈ ਸ਼ਹਿਰਾਂ ਅਤੇ ਕਸਬਿਆਂ ਵਿੱਚ ਕੱਢੇ ਗਏ ਮੂਕ ਮੋਰਚੇ ਦੀ ਸਿਆਸਤ ਨੂੰ ਸਮਝਣਾ ਹੋਵੇਗਾ।
ਦਲਿਤ-ਵਿਰੋਧੀ
ਹੱਥਾਂ ਵਿੱਚ ਭਗਵਾ ਝੰਡੇ ਲਹਿਰਾਉਂਦੇ ਹੋਏ ਲੱਖਾਂ ਮਰਾਠਾਂ ਦੇ ਮੂਕ ਮੋਰਚੇ ਪਿਛਲੇ ਡੇਢ ਸਾਲਾਂ ਤੋਂ ਮੀਡੀਆ ਦੀਆਂ ਸੁਰਖ਼ੀਆਂ ਬਣਦੇ ਰਹੇ ਹਨ।
ਲੋਕ ਮਹਾਰਾਸ਼ਟਰ ਦੇ ਛੋਟੇ-ਵੱਡੇ ਸ਼ਹਿਰਾਂ, ਕਸਬਿਆਂ ਅਤੇ ਸੜਕਾਂ 'ਤੇ ਨਿਕਲ ਪੈਂਦੇ ਹਨ, ਉਹ ਵੀ ਬਿਲਕੁਲ ਚੁੱਪ ਅਤੇ ਅਨੁਸ਼ਾਸਨ ਵਿੱਚ। ਕੋਈ ਨਾਅਰਾ ਹਵਾ ਵਿੱਚ ਨਹੀਂ ਗੁੰਜਦਾ ਸੀ। ਕੋਈ ਭਾਸ਼ਣ ਨਹੀਂ ਹੁੰਦਾ ਸੀ।
ਸ਼ਹਿਰ ਦੇ ਮੁੱਖ ਰਸਤਿਆਂ ਤੋਂ ਲੰਘਣ ਵਾਲੇ ਇਨ੍ਹਾਂ ਸ਼ਾਂਤ ਜਲੂਸਾਂ ਦੀ ਅਗਵਾਈ ਸਕੂਲੀ ਕੁੜੀਆਂ ਕਰਦੀਆਂ ਸਨ।
ਇਹ ਸ਼ਾਂਤ ਗੁੱਸਾ ਅਹਿਮਦਨਗਰ ਜ਼ਿਲ੍ਹੇ ਦੇ ਕੋਪਰਡੀ ਪਿੰਡ ਵਿੱਚ 13 ਜੁਲਾਈ 2016 ਨੂੰ ਮਰਾਠਾ ਅੱਲ੍ਹੜ ਕੁੜੀ ਨਾਲ ਹੋਏ ਬਲਾਤਕਾਰ ਅਤੇ ਹੱਤਿਆ ਦੇ ਬਾਅਦ ਫੁੱਟਿਆ ਸੀ।
ਬਲਾਤਕਾਰ ਦੇ ਮੁਲਜ਼ਮ ਦਲਿਤ ਸਨ ਅਤੇ ਮਰਾਠਾ ਸਮਾਜ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਵਾਉਣ ਲਈ ਅੰਦਲੋਨ ਕਰ ਰਿਹਾ ਸੀ ਪਰ ਫਿਰ ਇਸ ਅੰਦਲੋਨ ਵਿੱਚ ਦਲਿਤ-ਵਿਰੋਧੀ ਮੰਗਾਂ ਲਗਾਤਾਰ ਵੱਧਦੀਆਂ ਗਈਆਂ।
ਖ਼ਾਸ ਤੌਰ 'ਤੇ ਜੋ ਮੁੱਖ ਮੰਗਾਂ ਸਨ ਕਿ ਸਰਕਾਰੀ ਨੌਕਰੀਆਂ ਵਿੱਚ ਮਰਾਠਾਂ ਨੂੰ ਰਾਖਵਾਂਕਰਨ ਮਿਲਣਾ ਚਾਹੀਦਾ ਹੈ।
ਅਨੁਸੂਚਿਤ ਜਾਤੀ-ਜਨਜਾਤੀ ਕਾਨੂੰਨ ਵਿੱਚ ਬਦਲਾਅ ਕੀਤੇ ਜਾਣੇ ਚਾਹੀਦੇ ਹਨ ਤਾਕਿ ਇਸਦੀ 'ਗ਼ਲਤ ਵਰਤੋਂ' ਨਾ ਹੋ ਸਕੇ।
'ਮਰਾਠੀ ਫ਼ਿਲਮ ਸੈਰਾਟ 'ਤੇ ਵਿਵਾਦ'
ਇਹ ਠੀਕ ਉਸੇ ਤਰ੍ਹਾਂ ਦਾ ਹੀ ਸੀ ਜਿਵੇਂ 1994 ਵਿੱਚ ਉੱਤਰ ਪ੍ਰਦੇਸ਼ ਦੇ ਸਿੱਖਿਆ ਸੰਸਥਾਨਾਂ ਵਿੱਚ ਪੱਛੜੇ ਵਰਗ ਦੇ ਵਿਦਿਆਰਥੀਆਂ ਨੂੰ ਰਾਖਵਾਂਕਰਨ ਦੇਣ ਦੇ ਮੁਲਾਇਮ ਸਰਕਾਰ ਦੇ ਫ਼ੈਸਲੇ ਦੇ ਖ਼ਿਲਾਫ਼ ਸਮੁੱਚੇ ਉੱਤਰਾਖੰਡ ਵਿੱਚ ਅੰਦਲੋਲਨ ਦੀ ਲਹਿਰ ਦੌੜ ਗਈ ਸੀ।
ਉਸ ਵੇਲੇ ਲੋਕਾਂ ਨੇ ਨਾਅਰਾ ਲਾਇਆ ਸੀ-ਸਾਨੂੰ ਸਾਡਾ ਉੱਤਰਾਖੰਡ ਦਿਓ, ਅਸੀਂ ਆਪਣੀ ਰਿਜ਼ਰਵੇਸ਼ਨ ਦੀ ਨੀਤੀ ਖ਼ੁਦ ਲਾਗੂ ਕਰਾਂਗੇ।
ਉਂਝ ਤਾਂ ਉਹ ਅੰਦੋਲਨ ਉਤਰਾਖੰਡ ਸੂਬੇ ਲਈ ਸੀ ਪਰ ਉਸ ਵਿੱਚ ਮਾਇਆਵਤੀ ਅਤੇ ਕਾਂਸ਼ੀਰਾਮ ਵਰਗੇ ਦਲਿਤ ਲੀਡਰਾਂ ਅਤੇ ਮੁਲਾਇਮ ਸਿੰਘ ਵਰਗੇ ਪੱਛੜੇ ਵਰਗ ਦੇ ਨੇਤਾਵਾਂ ਖ਼ਿਲਾਫ਼ ਸ਼ਰੇਆਮ ਜਾਤੀਵਾਦ ਦੇ ਨਾਅਰੇ ਲਗਾਏ ਜਾਂਦੇ ਸੀ।
ਇਸੇ ਕਰਕੇ ਦਲਿਤ ਸਮਾਜ ਦਾ ਵੱਡਾ ਹਿੱਸਾ ਉਤਰਾਖੰਡ ਅੰਦਲੋਨ ਦਾ ਹਿੱਸਾ ਨਹੀਂ ਬਣ ਸਕਿਆ।
ਫਿਰ ਵੀ, ਮਰਾਠਾਂ ਅਤੇ ਦਲਿਤਾਂ ਵਿੱਚ ਤਣਾਅ ਦਾ ਇਹ ਨਜ਼ਾਰਾ ਸੜਕਾਂ 'ਤੇ ਬਾਅਦ ਵਿੱਚ ਦਿਖਾਈ ਦਿੱਤਾ।
ਇਸ ਤੋਂ ਪਹਿਲਾਂ ਇਸ ਤਕਰਾਰ ਨੂੰ ਮਰਾਠੀ ਫਿਲਮ 'ਸੈਰਾਟ' ਦੇ ਜ਼ਰੀਏ ਡਾਇਰੈਕਟਰ ਨਾਗਰਾਜ ਮੁੰਜਲੇ ਨੇ ਸਿਨੇਮਾ ਦੇ ਪਰਦੇ 'ਤੇ ਉਤਾਰਿਆ।
'ਸੈਰਾਟ' ਅਪ੍ਰੈਲ 2016 ਵਿੱਚ ਰਿਲੀਜ਼ ਹੋਈ ਸੀ। ਇਹ ਇੱਕ ਖਾਂਦੇ-ਪੀਂਦੇ ਮਰਾਠਾ ਜਿਮੀਂਦਾਰ ਪਰਿਵਾਰ ਦੀ ਕੁੜੀ ਅਤੇ ਇੱਕ ਦਲਿਤ ਮੁੰਡੇ ਦੀ ਦੁੱਖ ਭਰੀ ਪਿਆਰ ਦੀ ਕਹਾਣੀ ਸੀ।
ਪ੍ਰੇਮ ਵਿਆਹ ਨੂੰ ਕੁੜੀ ਦਾ ਪਰਿਵਾਰ ਮਨਜ਼ੂਰੀ ਨਹੀਂ ਦਿੰਦਾ ਅਤੇ ਆਖ਼ਰ ਵਿੱਚ ਕੁੜੀ ਅਤੇ ਉਸਦੇ ਪਤੀ ਦਾ ਕਤਲ ਕਰ ਦਿੱਤਾ ਜਾਂਦਾ ਹੈ।
ਇਸ ਫ਼ਿਲਮ ਦੇ ਰਿਲੀਜ਼ ਹੁੰਦੇ ਹੀ ਮਰਾਠਾ-ਦਲਿਤ ਟਕਰਾਅ 'ਤੇ ਜਨਤਕ ਬਹਿਸ ਛਿੜ ਗਈ। ਨਾਰਾਜ਼ ਮਰਾਠਾ ਭਾਈਚਾਰੇ ਨੂੰ ਕਈ ਤਰੀਕਿਆਂ ਨਾਲ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤੀ ਗਈ।
ਚੋਣਾਂ ਵਿੱਚ ਨੁਕਸਾਨ ਦਾ ਖ਼ਦਸ਼ਾ
ਕੁਝ ਮਾਹਿਰਾਂ ਨੇ ਇਸਨੂੰ ਕਿਸਾਨਾਂ ਦੀ ਨਾਰਾਜ਼ਗੀ ਦੱਸਿਆ ਜੋ ਕਰਜ਼ੇ ਵਿੱਚ ਦੱਬ ਕੇ ਕਈ ਥਾਵਾਂ 'ਤੇ ਖੁਦਕੁਸ਼ੀ ਕਰ ਰਿਹਾ ਹੈ ਤੇ ਕਈ ਵਾਰ ਮਰਾਠਾ ਅੰਦੋਲਨ ਨੂੰ ਰਾਖਵੇਂਕਰਨ ਦਾ ਇੰਤਜ਼ਾਮ ਖ਼ਤਮ ਕਰਨ ਦੀ ਇੱਕ ਵਿਆਪਕ ਯੋਜਨਾ ਦਾ ਹਿੱਸਾ ਵੀ ਦੱਸਿਆ ਗਿਆ।
ਇਨ੍ਹਾਂ ਮੂਕ ਮੋਰਚਿਆਂ ਵਿੱਚ ਸਿੱਧੇ ਤੌਰ 'ਤੇ ਹਿੰਦੂਵਾਦੀ ਸੰਗਠਨਾਂ ਦੀ ਕੋਈ ਭੂਮਿਕਾ ਰਹੀ ਹੋਵੇ ਜਾਂ ਨਾ ਰਹੀ ਹੋਵੇ, ਪਰ ਆਰਐੱਸਐੱਸ ਦੇ ਕਈ ਅਧਿਕਾਰੀ ਕਈ ਮੌਕਿਆਂ 'ਤੇ ਕਹਿ ਚੁੱਕੇ ਹਨ ਕਿ ਰਾਖਵੇਂਕਰਨ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ।
ਵਿਵਾਦ ਵਧਣ ਜਾਂ ਚੋਣਾਂ ਵਿੱਚ ਨੁਕਸਾਨ ਦਾ ਖ਼ਦਸ਼ਾ ਹੋਣ 'ਤੇ ਸੁਲਾਹ-ਸਫ਼ਾਈ ਕਰ ਦਿੱਤੀ ਜਾਂਦੀ ਹੈ।
ਪਰ ਅਜਿਹਾ ਬਿਆਨ ਦੇ ਕੇ ਸੰਘ ਪਰਿਵਾਰ ਉਸ ਵਿਆਪਕ ਸਵਰਣ ਹਿੰਦੂ ਸਮਾਜ ਦੀਆਂ ਭਾਵਨਾਵਾਂ ਦੀ ਅਗਵਾਈ ਕਰ ਰਿਹਾ ਹੁੰਦਾ ਹੈ ਜੋ ਰਿਜ਼ਰਵੇਸ਼ਨ ਨੂੰ ਆਪਣੇ ਖ਼ਿਲਾਫ਼ ਬੇਇਨਸਾਫ਼ੀ ਮੰਨਦਾ ਹੈ ਅਤੇ ਚਾਹੁੰਦਾ ਹੈ ਕਿ ਇਹ ਵਿਵਸਥਾ ਖ਼ਤਮ ਹੋਵੇ।
ਭਾਰਤੀ ਜਨਤਾ ਪਾਰਟੀ ਅਤੇ ਹਿੰਦੂਵਾਦੀ ਸੰਗਠਨ ਮਰਾਠਾ ਮੂਕ ਮੋਰਚੇ ਦੇ ਦਲਿਤ-ਵਿਰੋਧੀ ਤੇਵਰਾਂ ਦੀ ਅਣਦੇਖੀ ਨਹੀਂ ਕਰ ਸਕਦੇ ਸੀ।
ਇਸਦੇ ਨਾਲ ਹੀ ਉਨ੍ਹਾਂ ਦੇ ਲਈ ਇਸਦੀ ਹਮਾਇਤ ਵਿੱਚ ਸਿੱਧੇ-ਸਿੱਧੇ ਖੜ੍ਹੇ ਹੋਣਾ ਵੀ ਸੰਭਵ ਨਹੀਂ ਸੀ ਕਿਉਂਕਿ ਸੰਘ ਖ਼ੁਦ ਨੂੰ ਜਾਤੀ ਵੰਡ ਤੋਂ ਉੱਪਰ ਹਿੰਦੂ ਸਮਾਜ ਦੀ ਅਗਵਾਈ ਕਰਨ ਵਾਲਾ ਸੰਗਠਨ ਮੰਨਦਾ ਹੈ।
'ਹਿੰਸਾ ਦੀ ਸਖ਼ਤ ਨਿੰਦਾ'
ਅਜਿਹੀ ਦਲਿਤ-ਵਿਰੋਧੀ ਪੋਜ਼ੀਸ਼ਨ ਦੇ ਚੋਣਾਂ ਵਿੱਤ ਨੁਕਸਾਨ ਜ਼ਿਆਦਾ ਹਨ। ਇਸ ਲਈ ਇਸ ਕੰਮ ਲਈ ਪੁਣੇ ਦੇ ਆਲੇ-ਦੁਆਲੇ ਐਕਟਿਵ ਫ੍ਰੀਲਾਂਸ ਹਿੰਦੂਵਾਦੀਆਂ ਨੂੰ ਸਾਹਮਣੇ ਲਿਆਂਦਾ ਗਿਆ।
ਇਸਦੇ ਪਿੱਛੇ ਇਰਾਦਾ ਸੀ ਮਰਾਠਾ ਸਮਾਜ ਵਿੱਚ ਫੈਲੇ ਦਲਿਤ ਵਿਰੋਧੀ ਭਾਵ ਨੂੰ ਅਵਾਜ਼ ਦੇਣਾ ਸੀ । ਇਸ ਦੇ ਨਾਲ ਹੀ ਇਹ ਵੀ ਖਿਆਲ ਰੱਖਿਆ ਗਿਆ ਕਿ ਸਿੱਧੇ-ਸਿੱਧੇ ਦਲਿਤ ਵਿਰੋਧੀ ਹੋਣ ਦੇ ਇਲਜ਼ਾਮ ਵੀ ਨਾ ਲੱਗ ਸਕਣ।
ਤੁਸੀਂ ਗੌਰ ਕੀਤਾ ਹੋਵੇਗਾ ਕਿ ਜਦੋਂ ਤੱਕ ਪੁਣੇ ਅਤੇ ਉਸਦੇ ਆਲੇ-ਦੁਆਲੇ ਦਲਿਤ ਵਿਰੋਧੀ ਮਾਹੌਲ ਬਣ ਰਿਹਾ ਸੀ ਉਦੋਂ ਤੱਕ ਆਰਐੱਸਐੱਸ ਵੱਲੋਂ ਸਮਝੌਤੇ ਦਾ ਕੋਈ ਸਪੱਸ਼ਟ ਬਿਆਨ ਜਾਂ ਅਪੀਲ ਨਹੀਂ ਆਈ ਸੀ।
ਪਰ ਜਦੋਂ ਦਲਿਤਾਂ 'ਤੇ ਭਗਵਾ ਝੰਡਾ ਲੈ ਕੇ ਚੱਲਣ ਵਾਲਿਆਂ ਦੀ ਭੀੜ ਦੇ ਹਮਲੇ ਦੀਆਂ ਖ਼ਬਰਾਂ ਆਈਆਂ ਅਤੇ 'ਮਹਾਰਾਸ਼ਟਰ ਵਿੱਚ ਦਲਿਤਾਂ ਅਤੇ ਹਿੰਦੂਆਂ ਵਿੱਚ ਸੰਘਰਸ਼' ਵਰਗੀਆਂ ਸੁਰਖ਼ੀਆਂ ਬਣਨ ਲੱਗੀਆਂ ਤਾਂ ਸੰਘ ਦੇ ਪ੍ਰਚਾਰ ਮੁਖੀ ਡਾਕਟਰ ਮਨਮੋਹਨ ਵੈਦਅ ਦਾ ਬਿਆਨ ਸਾਹਮਣੇ ਆਇਆ।
ਉਨ੍ਹਾਂ ਨੇ ਬਿਨਾਂ ਸਮਾਂ ਬਰਬਾਦ ਕੀਤੇ 'ਹਿੰਸਾ ਦੀ ਸਖ਼ਤ ਨਿੰਦਾ' ਕੀਤੀ ਅਤੇ ਇਸਨੂੰ ਹਿੰਦੂ ਵਿਰੋਧੀਆਂ ਦਾ ਕੰਮ ਦੱਸਿਆ।
ਮਨਮੋਹਨ ਵੈਦਅ ਨੇ ਜਨਵਰੀ 2017 ਵਿੱਚ ਪੰਜ ਸੂਬਿਆਂ ਵਿੱਚ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਸੰਘ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਰਾਖਵਾਂਕਰਨ ਖ਼ਤਮ ਕਰਨ ਦੀ ਪੈਰਵੀ ਕੀਤੀ ਸੀ।
ਉਨ੍ਹਾਂ ਨੇ ਕਿਹਾ ਸੀ,''ਕਿਸੇ ਵੀ ਦੇਸ ਵਿੱਚ ਰਿਜ਼ਰਵੇਸ਼ਨ ਦਾ ਪ੍ਰਬੰਧ ਨਾ ਰਹੇ, ਇਹ ਚੰਗਾ ਨਹੀਂ ਹੈ। ਛੇਤੀ ਤੋਂ ਛੇਤੀ ਇਸਦੀ ਜ਼ਰੂਰਤ ਰੱਦ ਕਰਕੇ ਸਾਰਿਆਂ ਨੂੰ ਇੱਕ ਬਰਾਬਰ ਮੌਕਾ ਦੇਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ।''
ਜਿਗਨੇਸ਼ ਵਰਗੇ ਦਲਿਤ ਲੀਡਰ
ਰਾਖਵੇਂਕਰਨ ਖ਼ਿਲਾਫ਼ ਬਿਆਨ ਦਿੰਦੇ ਰਹਿਣ ਨਾਲ ਸੰਘ ਉੱਚੀ ਜਾਤੀਆਂ ਦੀ ਹਮਦਰਦੀ ਬਰਕਰਾਰ ਰੱਖਣ ਦਾ ਇੰਤਜ਼ਾਮ ਕਰਦਾ ਹੈ।
ਇਸਦੇ ਨਾਲ ਹੀ ਰਾਮਵਿਲਾਸ ਪਾਸਵਾਨ, ਰਾਮਦਾਸ ਅਠਾਵਲੇ ਅਤੇ ਉਦਿਤ ਰਾਜ ਵਰਗੇ ਦਲਿਤ ਲੀਡਰਾਂ ਨੂੰ ਆਪਣੇ ਨਾਲ ਰੱਖਣ ਨਾਲ ਬੀਜੇਪੀ ਦੀ ਪੁਰਾਣੀ ਬ੍ਰਾਹਮਣ-ਬਨੀਆ ਪਾਰਟੀ ਵਾਲਾ ਅਕਸ ਬਦਲਦਾ ਹੈ ਅਤੇ ਦਲਿਤਾਂ ਦੇ ਸਮਰਥਨ ਦੀ ਗਰੰਟੀ ਵੀ ਰਹਿੰਦੀ ਹੈ।
ਪਰ ਸੰਘ ਪਰਿਵਾਰ ਅਤੇ ਬੀਜੇਪੀ ਨੂੰ ਪਤਾ ਹੈ ਕਿ ਜਿਗਨੇਸ਼ ਮੇਵਾਨੀ ਵਰਗੇ 'ਖੱਬੇ ਪੱਖੀ' ਸੋਚ ਵਾਲੇ ਦਲਿਤ ਨੌਜਵਾਨ ਦਾ ਚੋਣ ਜਿੱਤ ਕੇ ਗੁਜਰਾਤ ਵਿਧਾਨ ਸਭਾ ਵਿੱਚ ਪਹੁੰਚ ਜਾਣਾ ਉਨ੍ਹਾਂ ਦੇ ਲਈ ਬਹੁਤ ਚੰਗਾ ਸੰਕੇਤ ਨਹੀਂ ਹੈ।
ਜਿਗਨੇਸ਼ ਮੇਵਾਨੀ ਅਤੇ ਸਹਾਰਨਪੁਰ ਦੇ ਚੰਦਰਸ਼ੇਖ਼ਰ ਆਜ਼ਾਦ 'ਰਾਵਣ' ਵਰਗੇ ਦਲਿਤ ਲੀਡਰ ਹਿੰਦੂਵਾਦ ਲਈ ਰੋੜਾ ਬਣ ਗਏ ਹਨ। ਇਸ ਰੋੜੇ ਨੂੰ ਬੇਅਸਰ ਕਰਨਾ ਸੰਘ ਪਰਿਵਾਰ ਲਈ ਬਹੁਤ ਜ਼ਰੂਰੀ ਹੈ।
ਹੁਣ ਤੱਕ ਅਜਿਹੇ ਮਾਮਲਿਆਂ ਵਿੱਚ 'ਦੇਸ਼ਧ੍ਰੋਹੀ' ਦਾ ਟੈਗ ਕਾਰਗਰ ਸਾਬਤ ਹੋਇਆ ਹੈ। ਪਰ ਕਦੋਂ ਤੱਕ?