You’re viewing a text-only version of this website that uses less data. View the main version of the website including all images and videos.
ਫ਼ਤਿਹਵੀਰ ਨੂੰ ਬੋਰਵੈੱਲ 'ਚੋਂ ਬਾਹਰ ਕੱਢਿਆ ਗਿਆ, ਹੋਈ ਮੌਤ
ਬੋਰਵੈੱਲ ਵਿੱਚ ਫਸੇ ਫ਼ਤਿਹਵੀਰ ਨੂੰ ਅੱਜ ਸਵੇਰੇ ਬਾਹਰ ਕੱਢ ਲਿਆ ਗਿਆ ਹੈ। ਕੱਢੇ ਜਾਣ ਤੋਂ ਤਕਰੀਬਨ ਦੋ ਘੰਟੇ ਬਾਅਦ ਬੱਚੇ ਦੀ ਮੌਤ ਦੀ ਪੁਸ਼ਟੀ ਕੀਤੀ ਗਈ।
ਫਤਿਹਵੀਰ ਨੂੰ ਕੱਢ ਕੇ ਮੌਕੇ 'ਤੇ ਮੌਜੂਦ ਡਾਕਟਰਾਂ ਦੀ ਟੀਮ ਦੁਆਰਾ ਚੰਡੀਗੜ੍ਹ ਦੇ ਪੀਜੀਆਈ ਲਿਜਾਇਆ ਗਿਆ ਸੀ।
2 ਸਾਲਾ ਫਤਿਹਵੀਰ ਜੂਨ 6 ਨੂੰ ਖੇਡਦੇ ਹੋਏ ਬੋਰਵੈੱਲ ਵਿੱਚ ਡਿੱਗ ਗਿਆ ਸੀ।
ਪਿਛਲੇ 6 ਦਿਨ ਤੋਂ ਬਚਾਅ ਕਾਰਜ ਚੱਲ ਰਿਹਾ ਸੀ।
ਪੀਜੀਆਈ ਦੇ ਮੁਰਦਾ ਘਰ ਦੇ ਬਾਹਰ ਲੋਕਾਂ ਨੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਤਿਹਵੀਰ ਦੀ ਮੌਤ ਤੇ ਦੁੱਖ ਜਤਾਇਆ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਬਾਰੇ ਟਵੀਟ ਕੀਤਾ।
ਇਸ ਤੋਂ ਪਹਿਲਾਂ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਜੂਨ 10 ਨੂੰ ਟਵੀਟ ਕਰਕੇ ਕਿਹਾ ਸੀ ਕਿ ਉਹ ਫਤਹਿਵੀਰ ਨੂੰ ਬਚਾਉਣ ਵਾਲੇ ਐੱਨਡੀਆਰਐਫ ਦੇ ਆਪਰੇਸ਼ਨ ਦੀ ਨਿਗਰਾਨੀ ਕਰ ਰਹੇ ਹਨ। ਸਥਾਨਕ ਪ੍ਰਸਾਸ਼ਨ ਤੇ ਬਾਹਰੀ ਮਾਹਰ ਆਪਰੇਸ਼ਨ ਵਿਚ ਲੱਗੇ ਹੋਏ ਹਨ ਅਤੇ ਬੱਚੇ ਦੀ ਡੂੰਘਾਈ ਤੱਕ ਟੀਮ ਪਹੁੰਚ ਗਈ ਹੈ। ਅਸੀਂ ਪਰਿਵਾਰ ਦੇ ਨਾਲ ਹਾਂ ਅਤੇ ਬੱਚੇ ਲਈ ਦੁਆ ਕਰਨਾ ਚਾਹੁੰਦੇ ਹਾਂ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸੂਬੇ ਵਿਚ ਕੋਈ ਵੀ ਬੋਰਵੈੱਲ ਨੰਗਾ ਨਾ ਰਹੇ। ਇਸ ਬਾਬਤ 24 ਘੰਟਿਆਂ ਵਿਚ ਰਿਪੋਰਟ ਦੇਣ ਲ਼ਈ ਕਿਹਾ ਗਿਆ ਹੈ। ਇਸ ਲਈ ਸਰਕਾਰ ਨੇ ਇੱਕ ਨੰਬਰ ਵੀ ਜਾਰੀ ਕੀਤਾ ਹੈ।
ਆਪਰੇਸ਼ਨ 'ਚ ਦੇਰੀ ਕਾਰਨ ਗੁੱਸੇ 'ਚ ਲੋਕ
ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਖਚਰਨ ਪ੍ਰੀਤ ਨੇ ਦੱਸਿਆ ਕਿ ਸੋਮਵਾਰ ਨੂੰ ਪ੍ਰਸ਼ਾਸਨ ਦੀ ਕਾਰਵਾਈ ਖਿਲਾਫ ਲੋਕਾਂ ਵਿੱਚ ਰੋਸ ਵੱਧਿਆ। ਲੋਕਾਂ ਨੇ ਪੁਲਿਸ ਵੱਲੋਂ ਲਾਈਆਂ ਰੋਕਾਂ ਲੰਘਣ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨਾਲ ਲੋਕਾਂ ਦੀ ਤਕਰਾਰ ਵੀ ਹੋਈ ਸੀ।
ਲੋਕ ਉਸ ਸਮੇਂ ਗੁੱਸੇ ਵਿੱਚ ਆਏ ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਜਿਹੜੀ ਪਾਈਪ ਕੱਟੀ ਗਈ ਸੀ, ਉਹ ਫਤਿਹਵੀਰ ਨੂੰ ਬਚਾਉਣ ਲਈ ਸਹੀ ਨਹੀਂ ਸੀ।
ਇਹ ਵੀ ਪੜ੍ਹੋ:-
ਪ੍ਰਸ਼ਾਸਨ ਵੱਲੋਂ ਬੋਰਵੈੱਲ ਦੀ ਖੁਦਾਈ ਤਾਂ ਕਰ ਲਈ ਗਈ, ਪਰ ਬੱਚੇ ਤੱਕ ਸੁਰੰਗ ਬਣਾਉਣ ਵਿੱਚ ਕਾਮਯਾਬੀ ਨਹੀਂ ਮਿਲ ਸਕੀ ਸੀ।
ਪੱਤਰਕਾਰਾਂ ਨੇ ਜਦੋਂ ਮੌਕੇ ’ਤੇ ਪਹੁੰਚੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਬੱਚੇ ਤੱਕ ਸੁਰੰਗ ਨੂੰ ਜਲਦੀ ਹੀ ਬਣਾ ਲਿਆ ਜਾਵੇਗਾ।
ਜਦੋਂ ਉਨ੍ਹਾਂ ਨੂੰ ਪੱਤਰਕਾਰਾਂ ਨੇ ਆਪ੍ਰੇਸ਼ਨ ਵਿੱਚ ਹੁੰਦੀ ਦੇਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, “ਜਦੋਂ ਇਹ ਘਟਨਾ ਵਾਪਰੀ ਤਾਂ ਪ੍ਰਸ਼ਾਸਨ ਵੱਲੋਂ ਫੌਜ ਨੂੰ ਪਹੁੰਚ ਕੀਤੀ ਗਈ। ਉਨ੍ਹਾਂ ਵੱਲੋਂ ਹੀ ਇਹ ਕਿਹਾ ਗਿਆ ਕਿ ਐਨਡੀਆਰਐੱਫ ਇਸ ਆਪ੍ਰੇਸ਼ਨ ਨੂੰ ਸਹੀ ਤਰੀਕੇ ਨਾਲ ਅੰਜਾਮ ਦੇ ਸਕਦੀ ਹੈ। ਇਸੇ ਕਰਕੇ ਹੀ ਅਸੀਂ ਐੱਨਡੀਆਰਐੱਫ ਦੀ ਮਦਦ ਲਈ।”
“ਬਾਕੀ ਜ਼ਮੀਨ ਤੋਂ ਹੇਠਾਂ ਪੁਟਾਈ ਦਾ ਕੰਮ ਅੰਦਾਜ਼ੇ ਨਾਲ ਹੁੰਦਾ ਹੈ। ਕਈ ਵਾਰ ਅੰਦਾਜ਼ੇ ਗਲਤ ਸਾਬਿਤ ਹੁੰਦੇ ਹਨ ਇਸ ਲਈ ਬਚਾਅ ਕਾਰਜ ਦੌਰਾਨ ਰੁਕਾਵਟਰਾਂ ਆਈਆਂ ਸਨ।”
ਕਿਹੜੀਆਂ ਰੁਕਾਵਟਾਂ ਆਈਆਂ?
ਸੰਗਰੂਰ ਜ਼ਿਲ੍ਹੇ ਦੇ ਭਗਵਾਨਪੁਰਾ ਵਿੱਚ 110 ਫੁੱਟ ਡੂੰਘੇ ਬੋਰਵੈੱਲ 'ਚ 2 ਸਾਲ ਦਾ ਫ਼ਤਿਹਵੀਰ ਸਿੰਘ ਖੇਡਦੇ ਸਮੇਂ ਡਿੱਗ ਗਿਆ ਸੀ।
ਪਾਈਪ ਦਾ ਕੜਾ ਖਿਸਕ ਗਿਆ ਸੀ ਜਿਸ ਕਾਰਨ ਲੋਹੇ ਦਾ ਕੜਾ ਬਣਵਾਇਆ ਗਿਆ ਹੈ। ਲੋਹੇ ਦਾ ਕੜਾ ਪਾ ਕੇ ਪਾਈਪ ਨੂੰ ਪਾਇਆ ਗਿਆ ਸੀ।
ਇਸ ਤੋਂ ਬਾਅਦ ਇੱਕ ਸੁਰੰਗ ਬਣਾਈ ਗਈ ਅਤੇ ਪਾਈਪ ਕੱਟ ਕੇ ਬੱਚੇ ਨੂੰ ਬਚਾਉਣ ਦੀ ਯੋਜਨਾ ਬਣਾਈ ਗਈ। ਸੁਰੰਗ ਬਣਾਉਣ ਵੇਲੇ ਕਈ ਵਾਰ ਦਿਸ਼ਾ ਬਾਰੇ ਦਾ ਪਤਾ ਲਗਾਉਣ ਬਾਰੇ ਵੀ ਦਿੱਕਤਾਂ ਆਈਆਂ ਸਨ।
ਪ੍ਰਸ਼ਾਸਨ ਵੱਲੋਂ ਮੈਡੀਕਲ ਸਟਾਫ਼ ਤੇ ਐਂਬੁਲੈਂਸ ਮੌਕੇ ’ਤੇ ਤਿਆਰ ਰੱਖੀ ਗਈ ਹੋਏ ਹਨ।
ਪ੍ਰਸ਼ਾਸਨ ਦੇ ਨਾਲ-ਨਾਲ ਸਥਾਨਕ ਲੋਕ ਅਤੇ ਕਈ ਸਮਾਜਿਕ ਜਥੇਬੰਦੀਆਂ ਦੇ ਲੋਕ ਫ਼ਤਿਹਵੀਰ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ।
ਵੀਰਵਾਰ ਸ਼ਾਮ ਤੋਂ ਹੀ ਐੱਨਡੀਆਰਐੱਫ਼, ਡੇਰਾ ਸੱਚਾ ਸੌਦਾ ਪ੍ਰੇਮੀ ਅਤੇ ਫ਼ੌਜ ਉਸ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਇਹ ਵੀ ਪੜ੍ਹੋ-
ਫ਼ਤਿਹਵੀਰ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਣ ਲਈ ਉਸਦੇ ਬਰਾਬਰ ਇੱਕ ਹੋਰ ਬੋਰ ਕੀਤਾ ਗਿਆ ਸੀ।
ਸ਼ਨੀਵਾਰ ਨੂੰ ਸੁਨਾਮ ਦੀ ਤਹਿਸੀਲਦਾਰ ਗੁਰਲੀਨ ਕੌਰ ਨੇ ਬੀਬੀਸੀ ਨੂੰ ਦੱਸਿਆ, ''ਮਿੱਟੀ ਚੀਕਣੀ ਹੋਣ ਕਰਕੇ ਬੋਕੀ ਵਿੱਚ ਨਹੀਂ ਫਸ ਰਹੀ ਸੀ ਅਤੇ ਮਸ਼ੀਨ ਦੀ ਕੰਪਨ ਵੀ ਜ਼ਿਆਦਾ ਹੋ ਰਹੀ ਸੀ, ਜਿਸ ਕਰਕੇ ਮਸ਼ੀਨ ਬੰਦ ਕਰਕੇ ਰੱਸੇ ਦੀ ਮਦਦ ਨਾਲ ਮਿੱਟੀ ਕੱਢੀ ਜਾ ਰਹੀ ਹੈ।''
ਮਿੱਟੀ ਕੱਢਣ ਲਈ ਇੱਕ ਵਿਅਕਤੀ ਨੂੰ ਨਵੇਂ ਕੀਤੇ ਜਾ ਰਹੇ ਬੋਰ ਵਿੱਚ ਉਤਾਰਿਆ ਗਿਆ ਹੈ। ਇਸ ਕੰਮ ਲਈ ਆਮ ਲੋਕ ਅਤੇ ਡੇਰਾ ਸਿਰਸਾ ਦੇ ਸ਼ਾਹ ਸਤਨਾਮ ਗਰੀਨ ਫੋਰਸ ਦੇ ਕਾਰਕੁਨ ਵੀ ਲੱਗੇ ਹੋਏ ਹਨ।
ਬੱਚੇ ਨੂੰ ਕੱਢਣ ਦੇ ਕੰਮ ਨੂੰ ਸ਼ਿਫਟਾਂ ਵਿੱਚ ਕੀਤਾ ਗਿਆ ਕਿਉਂਕਿ ਇਸ ਕੰਮ ਵਿੱਚ ਕਾਫੀ ਥਕਾਨ ਹੁੰਦੀ ਹੈ।
ਦੱਸਿਆ ਗਿਆ ਹੈ ਕਿ ਇਹ ਸਾਰੇ ਲੋਕ ਸ਼ਿਫਟਾਂ ਵਿੱਚ ਕੰਮ ਕਰ ਰਹੇ ਸਨ ਤਾਂ ਜੋ ਲਗਾਤਾਰ ਕੰਮ ਕੀਤਾ ਜਾ ਸਕੇ ਅਤੇ ਜਲਦੀ ਹੀ ਬੱਚੇ ਤੱਕ ਪਹੁੰਚਿਆ ਜਾ ਸਕੇ।
ਸੋਸ਼ਲ ਮੀਡੀਆ 'ਤੇ ਐਕਟਿਵ ਹੋਏ ਡੇਰਾ ਸਮਰਥਕ
ਡੇਰਾ ਸੱਚਾ ਸੌਦਾ ਨਾਲ ਜੁੜੇ ਵਲੰਟੀਅਰ ਵੀ ਫ਼ਤਿਹਵੀਰ ਨੂੰ ਬਚਾਉਣ ਦੀ ਮੁਹਿੰਮ ਵਿੱਚ ਪ੍ਰਸ਼ਾਸਨ ਦਾ ਸਾਥ ਦੇ ਰਹੇ ਹਨ।
ਡੇਰਾ ਸੱਚਾ ਸੌਦਾ ਦੇ ਸਮਰਥਕਾਂ ਵੱਲੋਂ ਫ਼ਤਿਹਵੀਰ ਦੇ ਬਚਾਅ ਕਾਰਜ ਦੀਆਂ ਤਸਵੀਰਾਂ ਨੂੰ ਟਵੀਟ ਕੀਤਾ ਜਾ ਰਿਹਾ ਹੈ। ਇਸ ਵੇਲੇ #prayerforfatehveer ਟਵਿੱਟਰ 'ਤੇ ਕਾਫੀ ਟਰੈਂਡ ਕਰ ਰਿਹਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਇਸ ਬਚਾਅ ਕਾਰਜ ਵਿੱਚ ਸ਼ਾਮਿਲ ਹੋ ਕੇ ਆਪਣੇ ਅਕਸ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹੁਣ ਤੱਕ ਕੀ-ਕੀ ਹੋਇਆ
- ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ 2 ਸਾਲਾ ਫ਼ਤਿਹਵੀਰ ਸਿੰਘ ਵੀਰਵਾਰ ਨੂੰ ਸ਼ਾਮੀਂ ਕਰੀਬ 3.30 ਵਜੇ ਘਰ ਨੇੜੇ ਪੁੱਟੇ ਬੋਰਵੈੱਲ 'ਚ ਡਿੱਗ ਗਿਆ ਸੀ।
- ਐੱਨਡੀਆਰਐੱਫ਼ ਦੀ ਟੀਮ ਮੁਤਾਬਕ ਦੋ ਸਾਲਾ ਬੱਚਾ ਬੋਰਵੈੱਲ ਵਿੱਚ ਕਰੀਬ 110 ਫੁੱਟ ਹੇਠਾਂ ਫ਼ਸਿਆ ਹੋਇਆ ਸੀ।
- ਸਥਾਨਕ ਪ੍ਰਸ਼ਾਸਨ ਨੇ ਵੀਰਵਾਰ ਨੂੰ ਕਰੀਬ 4.30 ਵਜੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਤੋਂ ਇਲਾਵਾ ਸ਼ਾਮੀਂ ਕਰੀਬ 7 ਵਜੇ ਐੱਨਡੀਆਰਐੱਫ਼ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਸੀ
- ਰਾਹਤ ਟੀਮ ਨੇ ਸ਼ੁੱਕਰਵਾਰ ਤੱਕ ਬੱਚੇ ਨੂੰ ਬਚਾਉਣ ਲਈ ਬੋਰਵੈੱਲ ਦੇ ਬਰਾਬਰ ਹੀ ਕਰੀਬ 60 ਫੁੱਟ ਡੂੰਘਾ ਖੂਹ ਪੁੱਟ ਲਿਆ ਸੀ ਪਰ ਉਸਨੂੰ ਕੱਢਿਆ ਨਹੀਂ ਜਾ ਸਕਿਆ ਕਿਉਂਕਿ ਪਾਈਪ ਦਾ ਆਕਾਰ ਬਹੁਤ ਛੋਟਾ ਸੀ।
- ਰਾਹਤ ਕਾਰਜ ਲਈ ਐੱਨਡੀਆਰਐੱਫ ਦੀ ਮਦਦ ਲਈ ਭਾਰਤੀ ਫੌਜ ਦੇ ਦਸਤੇ ਨੂੰ ਸੱਦਿਆ ਗਿਆ, ਇਸ ਦੇ ਨਾਲ ਨਾਲ ਡੇਰਾ ਸੌਦਾ ਦੀ ਸ਼ਾਹ ਸਤਨਾਮ ਗਰੀਨ ਆਰਮੀ ਦੇ ਕਾਰਕੁਨ ਅਤੇ ਸਥਾਨਕ ਲੋਕ ਵੀ ਹੱਥ ਵਟਾ ਰਹੇ ਹਨ।
- ਸਮਾਂਤਰ ਬੋਰਵੈੱਲ ਦੀ ਖੁਦਾਈ ਪੂਰੀ ਕਰ ਲਈ ਗਈ ਹੈ ਪਰ ਸੁਰੰਗ ਬਣਾਉਣ ਦਾ ਕੰਮ ਜਾਰੀ ਹੈ।
- ਬੱਚੇ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ 9 ਇੰਚ ਚੌੜਾ ਬੋਰਵੈੱਲ ਪਿਛਲੇ 7 ਸਾਲਾਂ ਤੋਂ ਖੁੱਲ੍ਹਾ ਪਿਆ ਹੈ। ਬੱਚੇ ਦੀ ਮਾਂ ਨੇ ਬੱਚੇ ਨੂੰ ਫੜ੍ਹਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦੇ ਹੱਥ ਵਿੱਚ ਫਸੀ ਹੋਈ ਬੋਰੀ ਦਾ ਟੁਕੜਾ ਆਇਆ।
- ਫ਼ਤਿਹਵੀਰ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਆਪਣੇ ਮਾਪਿਆਂ ਦਾ ਇਕਲੌਤਾ ਬੱਚਾ ਹੈ, ਉਹ ਆਪਣੇ ਮਾਂ-ਬਾਪ ਦੇ ਵਿਆਹ ਤੋਂ 5 ਸਾਲ ਬਾਅਦ ਪੈਦਾ ਹੋਇਆ ਅਤੇ 10 ਜੂਨ ਨੂੰ ਉਸ ਦਾ ਦੂਜਾ ਜਨਮ ਦਿਨ ਹੈ।
ਜਾਣੋ ਕਿਵੇਂ ਸ਼ੁਰੂ ਹੋਈ ਸੀ ਫ਼ਤਿਹਵੀਰ ਨੂੰ ਬਚਾਉਣ ਦੀ ਮੁਹਿੰਮ
ਇਹ ਵੀਡੀਓ ਵੀ ਜ਼ਰੂਰ ਦੇਖੋ