You’re viewing a text-only version of this website that uses less data. View the main version of the website including all images and videos.
ਵਿਸ਼ਵ ਕੱਪ 2019: ਖੇਡ ਦੇ ਇਤਿਹਾਸ ਦਾ ਉਹ ਬੱਲਾ, ਜਿਸ ਨੇ ਬਦਲ ਦਿੱਤੇ ਕ੍ਰਿਕਟ ਦੇ ਨਿਯਮ
- ਲੇਖਕ, ਪ੍ਰਵੀਨ ਕਸਮ
- ਰੋਲ, ਬੀਬੀਸੀ ਪੱਤਰਕਾਰ
ਇਸ ਗੱਲ ਨੂੰ ਕਰੀਬ 40 ਸਾਲ ਹੋ ਗਏ ਹਨ। ਗੱਲ 15 ਦਸੰਬਰ, 1979 ਦੀ ਹੈ ਜਦੋਂ ਐਸ਼ੇਜ਼ ਸਿਰੀਜ਼ ਦਾ ਇੱਕ ਮੈਚ ਖੇਡਿਆ ਜਾ ਰਿਹਾ ਸੀ।
ਪਰਥ ਦੇ ਵਾਕਾ (WACA) ਮੈਦਾਨ ਵਿੱਚ ਹੋ ਰਿਹਾ ਇਹ ਮੈਚ ਆਸਟਰੇਲੀਆ ਅਤੇ ਇੰਗਲੈਂਡ ਵਿੱਚਾਲੇ ਸੀ।
ਆਸਟਰੇਲੀਆ ਦਾ ਸਕੋਰ ਅੱਠ ਵਿਕਟਾਂ 'ਤੇ 219 ਸੀ ਅਤੇ ਮੈਦਾਨ ਵਿੱਚ ਮੌਜੂਦ ਡੇਨਿਸ ਲਿਲੀ ਨੇ ਆਇਨ ਬੌਥਮ ਦੀ ਇੱਕ ਗੇਂਦ ਨੂੰ ਐਕਸਟਰਾ ਕਵਰ ਵੱਲ ਖੇਡ ਦਿੱਤਾ।
ਗੇਂਦ ਖੇਡ ਕੇ ਉਹ ਤੁਰੰਤ ਤਿੰਨ ਦੌੜਾਂ ਲੈਣ ਲਈ ਦੌੜ ਪਏ ਪਰ ਇਸ ਵਿਚਾਲੇ ਸਾਰਿਆਂ ਦਾ ਧਿਆਨ ਗਿਆ ਇੱਕ ਆਵਾਜ਼ ਵੱਲ। ਇਹ ਉਨ੍ਹਾਂ ਦੇ ਬੱਲੇ ਤੋਂ ਨਿਕਲੀ ਆਵਾਜ਼ ਸੀ।
ਇਹੀ ਉਹ ਵਿਵਾਦਤ ਬੱਲਾ ਬਣਿਆ ਜਿਸਦੇ ਕਾਰਨ ਬਾਅਦ ਵਿੱਚ ਕ੍ਰਿਕਟ 'ਚ ਖੇਡ ਦੇ ਨਿਯਮ ਬਦਲੇ ਗਏ।
ਇਹ ਵੀ ਪੜ੍ਹੋ:
ਕੀ ਸੀ ਵਿਵਾਦ?
ਡੇਨਿਸ ਲਿਲੀ ਦੇ ਹੱਥ ਵਿੱਚ ਜਿਹੜਾ ਬੱਲਾ ਸੀ ਉਹ ਹੋਰ ਖਿਡਾਰੀਆਂ ਦੇ ਬੱਲੇ ਦੀ ਤਰ੍ਹਾਂ ਲੱਕੜੀ ਦਾ ਨਹੀਂ ਬਣਿਆ ਸੀ, ਸਗੋਂ ਐਲੂਮੀਨੀਅਮ ਦਾ ਬਣਿਆ ਸੀ। ਇਹੀ ਕਾਰਨ ਸੀ ਕਿ ਇਸ ਨਾਲ ਗੇਂਦ ਲੱਗਣ 'ਤੇ ਮੈਦਾਨ ਵਿੱਚ ਇੱਕ ਆਵਾਜ਼ ਗੂੰਜੀ ਸੀ।
ਇਸ ਮੈਚ ਤੋਂ 12 ਦਿਨ ਪਹਿਲਾਂ ਲਿਲੀ ਨੇ ਵੈਸਟ ਇੰਡੀਜ਼ ਦੇ ਖ਼ਿਲਾਫ਼ ਇੱਕ ਮੈਚ ਵਿੱਚ ਇਸੇ ਬੱਲੇ ਦੀ ਵਰਤੋਂ ਕੀਤੀ ਸੀ।
ਅੰਪਾਇਰ ਨੇ ਚੁੱਕੇ ਸਵਾਲ
ਵੈਸਟ ਇੰਡੀਜ਼ ਦੇ ਨਾਲ ਹੋਏ ਮੈਚ ਵਿੱਚ ਕਿਸੇ ਨੇ ਵੀ ਡੇਨਿਸ ਲਿਲੀ ਦੇ ਐਲੂਮੀਨੀਅਮ ਬੱਲੇ ਨੂੰ ਲੈ ਕੇ ਇਤਰਾਜ਼ ਨਹੀਂ ਕੀਤਾ ਸੀ ਪਰ ਇੰਗਲੈਂਡ ਨਾਲ ਖੇਡੇ ਜਾ ਰਹੇ ਮੈਚ ਵਿੱਚ ਟੀਮ ਦੇ ਕਪਤਾਨ ਮਾਈਕ ਬ੍ਰਿਯਰਲੀ ਨੇ ਇਤਰਾਜ਼ ਜਤਾਇਆ।
ਉਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਐਲੂਮੀਨੀਅਮ ਦਾ ਬੱਲਾ ਵਰਤਣ ਨਾਲ ਗੇਂਦ ਦੀ ਸ਼ਕਲ 'ਤੇ ਅਸਰ ਪੈਣ ਦਾ ਖ਼ਤਰਾ ਹੈ। ਇਸ ਤੋਂ ਬਾਅਦ ਮੈਚ ਦੇ ਅੰਪਾਇਰ ਮੈਕਸ ਓਕੌਨੇਲ ਅਤੇ ਡੌਨ ਵੇਜ਼ਰ ਨੇ ਲਿਲੀ ਨੂੰ ਕਿਹਾ ਕਿ ਉਹ ਮੈਚ ਵਿੱਚ ਆਪਣੇ ਬੱਲੇ ਦੀ ਵਰਤੋਂ ਨਹੀਂ ਕਰ ਸਕਦੇ।
ਪਰ ਲਿਲੀ ਨੇ ਇਸ 'ਤੇ ਇਤਰਾਜ਼ ਚੁੱਕਿਆ ਅਤੇ ਕਿਹਾ ਕਿ ਕ੍ਰਿਕਟ ਦੀ ਰੂਲ ਬੁੱਕ (ਖੇਡ ਦੇ ਨਿਯਮਾਂ ਦੀ ਕਿਤਾਬ) ਵਿੱਚ ਇਹ ਕਿਤੇ ਵੀ ਨਹੀਂ ਲਿਖਿਆ ਹੈ ਕਿ ਸਿਰਫ਼ ਲੱਕੜੀ ਦਾ ਬੈਟ ਹੀ ਵਰਤਣਾ ਹੈ ਅਤੇ ਐਲੂਮੀਨੀਅਮ ਦੇ ਬੱਲੇ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।
ਉਹ ਇਸ ਦੌਰਾਨ ਆਪਣੇ ਗੁੱਸੇ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਉਨ੍ਹਾਂ ਨੇ ਆਪਣਾ ਬੱਲਾ ਸੁੱਟ ਦਿੱਤਾ।
ਆਖ਼ਰ ਵਿੱਚ ਆਸਟਰੇਲੀਆ ਟੀਮ ਦੇ ਕਪਤਾਨ ਗ੍ਰੇਗ ਚੈਪਲ ਨੂੰ ਮੈਦਾਨ ਵਿੱਚ ਆ ਕੇ ਡੇਨਿਸ ਨੂੰ ਸਮਝਾਉਣਾ ਪਿਆ ਕਿ ਉਹ ਲੱਕੜੀ ਦੇ ਬੱਲੇ ਦੀ ਵਰਤੋਂ ਕਰਨ। ਇਸ ਤੋਂ ਬਾਅਦ ਲਿਲੀ ਨੇ ਲੱਕੜੀ ਦੇ ਬੱਲੇ ਨਾਲ ਖੇਡਣਾ ਸ਼ੁਰੂ ਕੀਤਾ ਅਤੇ ਤਿੰਨ ਰਨ ਹੋਰ ਲੈਣ ਤੋਂ ਬਾਅਦ ਉਹ ਆਊਟ ਹੋ ਗਏ।
ਕਿਵੇਂ ਬਣਿਆ ਇਹ ਬੱਲਾ ?
ਪਹਿਲਾਂ ਦੇ ਸਾਲਾਂ ਵਿੱਚ ਬੇਸਬਾਲ ਦਾ ਬੱਲਾ ਲੱਕੜੀ ਦਾ ਬਣਾਇਆ ਜਾਂਦਾ ਸੀ ਪਰ ਸਮੇਂ ਦੇ ਨਾਲ-ਨਾਲ ਇਸਦੇ ਲਈ ਲੱਕੜੀ ਦੀ ਥਾਂ ਐਲੂਮੀਨੀਅਮ ਦੀ ਵਰਤੋਂ ਹੋਣ ਲੱਗੀ।
ਇਸ ਤੋਂ ਪ੍ਰੇਰਿਤ ਹੋ ਕੇ ਕ੍ਰਿਕਟ ਕਲੱਬ ਵਿੱਚ ਖੇਡਣ ਵਾਲੀ ਇੱਕ ਖਿਡਾਰੀ ਗ੍ਰਾਇਮ ਮੋਨਘਨ ਨੇ ਇੱਕ ਖਾਸ ਬੱਲਾ ਬਣਾਇਆ ਜਿਹੜਾ ਐਲੂਮੀਨੀਅਮ ਦਾ ਸੀ।
ਕ੍ਰਿਕਟ ਕਲੱਬ ਵਿੱਚ ਗ੍ਰਾਇਮ ਅਤੇ ਡੇਨਿਸ ਲਿਲੀ ਚੰਗੇ ਦੋਸਤ ਸਨ। ਇਹ ਦੋਵੇਂ ਬਿਜ਼ਨਸ ਪਾਰਟਨਰ ਵੀ ਸਨ।
ਇਹੀ ਕਾਰਨ ਸੀ ਕਿ ਲਿਲੀ ਵੀ ਇਸੇ ਐਲੂਮੀਨੀਅਮ ਬੱਲੇ ਦੇ ਨਾਲ ਖੇਡ ਮੈਦਾਨ ਵਿੱਚ ਉਤਰੇ ਸਨ। ਪਰ ਅੰਪਾਇਰ ਦੇ ਇਤਰਾਜ਼ ਚੁੱਕਣ ਤੋਂ ਬਾਅਦ ਇਸ ਉੱਤੇ ਰੋਕ ਲਗਾ ਦਿੱਤੀ ਗਈ।
ਇਹ ਵੀ ਪੜ੍ਹੋ:
ਬੱਲੇ ਲਈ ਬਦਲੇ ਗਏ ਨਿਯਮ
ਐਲੂਮੀਨੀਅਮ ਬੱਲੇ 'ਤੇ ਹੋਏ ਵਿਵਾਦ ਤੋਂ ਬਾਅਦ ਆਸਟੇਰਲੀਆ ਵਿੱਚ ਇਸ ਤਰ੍ਹਾਂ ਦੇ ਬੱਲਿਆਂ ਦੀ ਵਿਕਰੀ ਕਾਫ਼ੀ ਵਧ ਗਈ।
ਪਰ ਇਸ ਘਟਨਾ ਤੋਂ ਕੁਝ ਦਿਨਾਂ ਬਾਅਦ ਕ੍ਰਿਕਟ ਦੀ ਰੂਲ ਬੁੱਕ ਵਿੱਚ ਨਵੇਂ ਨਿਯਮ ਜੋੜ ਦਿੱਤੇ ਗਏ। ਇਨ੍ਹਾਂ ਨਿਯਮਾਂ ਵਿੱਚ ਇੱਕ ਸੀ ਕ੍ਰਿਕਟ ਦੇ ਖੇਡ ਵਿੱਚ ਸਿਰਫ਼ ਲੱਕੜੀ ਦੇ ਬੱਲੇ ਦੀ ਹੀ ਵਰਤੋਂ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਬੱਲੇ ਨੂੰ ਲੈ ਕੇ ਕ੍ਰਿਕਟ ਦੀ ਰੂਲ ਬੁੱਕ ਵਿੱਚ ਕਿਸੇ ਤਰ੍ਹਾਂ ਦਾ ਕੋਈ ਨਿਯਮ ਨਹੀਂ ਲਿਖਿਆ ਗਿਆ ਸੀ।
ਨਵੇਂ ਨਿਯਮ ਬਣਨ ਤੋਂ ਬਾਅਦ ਐਲੂਮੀਨੀਅਮ ਦੇ ਬੱਲਿਆਂ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ। ਪਰ ਕ੍ਰਿਕਟ ਦੇ ਇਤਿਹਾਸ ਵਿੱਚ ਇਹ ਘਟਨਾ ਜ਼ਰੂਰ ਦਰਜ ਹੋ ਗਈ।
1981 ਵਿੱਚ ਹੋਏ ਇੰਗਲੈਂਡ ਦੇ ਖ਼ਿਲਾਫ਼ ਮੈਚ ਵਿੱਚ ਡੇਨਿਸ ਲਿਲੀ ਆਪਣੀ ਗੇਂਦ ਦੇ ਨਾਲ ਕਮਾਲ ਦਿਖਾਉਂਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਚਾਰ ਵਿਕਟ ਲਏ ਅਤੇ ਇੰਗਲੈਂਡ ਦੇ ਬੈਟਿੰਗ ਆਰਡਰ ਨੂੰ ਹੀ ਢਹਿ-ਢੇਰੀ ਕਰ ਦਿੱਤਾ।
ਇਹ ਸੀਰੀਜ਼ ਆਸਟਰੇਲੀਆ ਨੇ 3-0 ਨਾਲ ਜਿੱਤੀ। ਪਰ ਇਸ ਸੀਰੀਜ਼ ਨੂੰ ਕ੍ਰਿਕਟ ਪ੍ਰੇਮੀ 'ਐਲੂਮੀਨੀਅਮ ਦੇ ਬੱਲੇ ਨਾਲ ਜੁੜੇ ਵਿਵਾਦ' ਨਾਲ ਜੋੜ ਕੇ ਵੇਖਦੇ ਹਨ।
ਇਹ ਵੀ ਪੜ੍ਹੋ:
'ਉਹ ਮਾਰਕਟਿੰਗ ਦਾ ਇੱਕ ਹਥਕੰਡਾ ਸੀ'
ਡੇਨਿਸ ਲਿਲੀ ਨੇ ਆਪਣੀ ਜੀਵਨੀ ਵਿੱਚ ਇਸ ਵਿਵਾਦ ਬਾਰੇ ਡਿਟੇਲ ਵਿੱਚ ਲਿਖਿਆ ਹੈ। ਇਸ ਵਿੱਚ ਉਨ੍ਹਾਂ ਕਿਹਾ ਹੈ ਕਿ "ਇਹ ਇੱਕ ਮਾਰਕਟਿੰਗ ਹਥਕੰਡਾ ਸੀ ਜਿਹੜਾ ਅਸੀਂ ਆਪਣੇ ਬੱਲੇ ਨੂੰ ਵੇਚਣ ਲਈ ਅਪਣਾਇਆ ਸੀ।"
ਅਯਨ ਬਾਥਮ ਨੇ ਵੀ ਆਪਣੀ ਕਿਤਾਬ 'ਬਾਥਮਜ਼ ਬੁੱਕ ਆਫ਼ ਦਿ ਐਸ਼ੇਜ਼ - ਅ ਲਾਈਫ਼ਟਾਈਮ ਲਵ ਅਫੇਅਰ ਵਿਦ ਕ੍ਰਿਕਟਸ ਗ੍ਰੇਟੇਸਟ ਰਾਇਵਲਰੀ' ਵਿੱਚ ਵੀ ਇਸ ਵਿਵਾਦ ਬਾਰੇ ਲਿਖਿਆ ਹੈ।
ਡੇਨਿਸ ਲਿਲੀ ਬਾਰੇ ਉਨ੍ਹਾਂ ਲਿਖਿਆ, "ਲਿਲੀ ਇੱਕ ਬਹਿਤਰੀਨ ਗੇਂਦਬਾਜ਼ ਸਨ ਪਰ ਇੱਕ ਬੱਲੇਬਾਜ਼ ਦੇ ਤੌਰ 'ਤੇ ਉਹ ਓਨੇ ਚੰਗੇ ਨਹੀਂ ਸਨ। ਉਨ੍ਹਾਂ ਨੇ ਸਿਰਫ਼ ਖੇਡ ਵਿੱਚ ਖ਼ੁਦ ਨੂੰ ਅੱਗੇ ਵਧਾਉਣ ਲਈ ਐਲੂਮੀਨੀਅਮ ਦੇ ਬੱਲੇ ਨਾਲ ਖੇਡਣ ਦਾ ਫ਼ੈਸਲਾ ਲਿਆ ਸੀ।"
ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ