ਬ੍ਰਿਟੇਨ ਦਾ ਪਹਿਲਾ ਸਿੱਖ ਗਾਰਡਜ਼ਮੈਨ ਚਰਨਪ੍ਰੀਤ ਸਿੰਘ ਡਰੱਗਜ਼ ਟੈਸਟ 'ਚ ਫੇਲ੍ਹ

ਬ੍ਰਿਟੇਨ ਦੀ ਮਹਾਰਾਣੀ ਦੇ ਜਨਮ ਦਿਨ ਮੌਕੇ 'ਟਰੂਪਿੰਗ ਦਿ ਕਲਰ' ਪਰੇਡ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਸ਼ਾਮਲ ਹੋਏ ਚਰਨਪ੍ਰੀਤ ਸਿੰਘ ਨਸ਼ੇ ਦੇ ਟੈਸਟ ਵਿੱਚ ਫੇਲ੍ਹ ਹੋ ਗਏ ਹਨ।

22 ਸਾਲਾ ਗਾਰਡਜ਼ਮੈਨ ਚਰਨਪ੍ਰੀਤ ਸਿੰਘ ਦੇ ਵਿੰਡਸਰ ਵਿੱਚ ਵਿਕਟੋਰੀਆ ਬੈਰੇਕ ਵਿੱਚ ਅਚਨਚੇਤ ਹੋਏ ਟੈਸਟ ਵਿੱਚ ਕਲਾਸ ਏ ਦੀ "ਹਾਈ ਲੇਵਲ" ਕੋਕੀਨ ਲੈਣ ਦੀ ਪੁਸ਼ਟੀ ਹੋਈ ਹੈ।

ਦਿ ਸਨ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੇ ਨਾਲ ਕਈ ਹੋਰ ਸਿਪਾਹੀ ਟੈਸਟ ਵਿੱਚ ਫੇਲ੍ਹ ਹੋਏ ਹਨ। ਰੱਖਿਆ ਮੰਤਰਾਲੇ ਮੁਤਾਬਕ ਉਨ੍ਹਾਂ ਨੂੰ ਨਸ਼ੇ ਲੈਣ ਕਾਰਨ ਫੌਜ ਵਿਚੋਂ ਬਾਹਰ ਕੀਤਾ ਜਾ ਸਕਦਾ ਹੈ।

ਫੌਜ ਕਰਮੀ ਸੇਵਾ ਗੁਰੱਪ ਦੇ ਮੁਖੀ ਬ੍ਰਿਗੇਡੀਅਰ ਕ੍ਰਿਸਟੋਫਰ ਕੋਲਸ ਦਾ ਕਹਿਣਾ ਹੈ, "ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਇਸ ਟੈਸਟ ਲਈ ਕਈ ਸੈਨਿਕਾਂ ਦੀ ਜਾਂਚ ਚੱਲ ਰਹੀ ਹੈ। ਜਿਹੜੇ ਇਸ ਟੈਸਟ ਵਿੱਚ ਫੇਲ੍ਹ ਹੋ ਗਏ ਹਨ ਉਨ੍ਹਾਂ ਨੂੰ ਫੌਜ ਵਿਚੋਂ ਫਾਰਗ ਕੀਤਾ ਜਾ ਸਕਦਾ ਹੈ।"

ਚਰਨਪ੍ਰੀਤ ਸਿੰਘ ਤੋਂ ਇਲਾਵਾ ਦੂਜੇ ਸੈਨਿਕਾਂ ਦੀ ਪਛਾਣ ਅਜੇ ਜ਼ਾਹਿਰ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ:

ਇਸੇ ਸਾਲ ਜੂਨ ਵਿੱਚ ਬ੍ਰਿਟੇਨ ਦੀ ਮਹਾਰਾਣੀ ਦੇ ਜਨਮ ਦਿਨ ਮੌਕੇ ਗਾਰਡਜ਼ਮੈਨ ਚਰਨਪ੍ਰੀਤ ਸਿੰਘ ਦੇ ਲਗਭਗ 1000 ਗਾਰਡਜ਼ਮੈਨਜ਼ ਨਾਲ 'ਟਰੂਪਿੰਗ ਦਿ ਕਲਰ' ਪਰੇਡ ਸ਼ਾਮਲ ਹੋਏ।

ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਇਸ ਨੂੰ ਇਤਿਹਾਸ ਵਿੱਚ ਇੱਕ ਨਵੀਂ ਤਬਦੀਲੀ ਵਜੋਂ ਦੇਖਿਆ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਇਸ ਨਾਲ ਵੱਖ-ਵੱਖ ਧਰਮਾਂ ਅਤੇ ਪਿਛੋਕੜਾਂ ਦੇ ਲੋਕਾਂ ਨੂੰ ਫੌਜ ਜੁਆਇਨ ਕਰਨ ਲਈ ਉਤਸ਼ਾਹ ਮਿਲੇਗਾ।

ਚਰਨਪ੍ਰੀਤ ਸਿੰਘ ਦਾ ਕਹਿਣਾ ਸੀ, "ਮੈਨੂੰ ਉਮੀਦ ਹੈ ਕਿ ਜੋ ਲੋਕ ਦੇਖ ਰਹੇ ਹਨ, ਉਹ ਇਸ ਨੂੰ ਪਰਵਾਨ ਕਰਨਗੇ ਅਤੇ ਇਸ ਨੂੰ ਇਤਿਹਾਸ ਵਿੱਚ ਇੱਕ ਨਵੀਂ ਤਬਦੀਲੀ ਵਜੋਂ ਦੇਖਣਗੇ।"

"ਮੈਨੂੰ ਉਮੀਦ ਹੈ ਕਿ ਮੇਰੇ ਵਰਗੇ ਹੋਰ ਲੋਕ, ਨਾ ਸਿਰਫ਼ ਸਿੱਖ ਸਗੋਂ ਹੋਰ ਧਰਮਾਂ ਦੇ ਅਤੇ ਪਿਛੋਕੜਾਂ ਦੇ ਲੋਕਾਂ ਨੂੰ ਵੀ ਫੌਜ ਵਿੱਚ ਸ਼ਾਮਲ ਹੋਣ ਲਈ ਉਤਸ਼ਾਹ ਮਿਲੇਗਾ।"

ਇਹ ਵੀ ਪੜ੍ਹੋ:

ਉਨ੍ਹਾਂ ਨੇ ਆਪਣੀ ਪੱਗ ਉੱਪਰ ਟੋਪਧਾਰੀ ਫੌਜੀਆਂ ਦੇ ਟੋਪ ਉੱਪਰ ਲਾਏ ਜਾਣ ਵਾਲੇ ਇੱਕ ਬੈਜ ਵਰਗਾ ਬੈਜ ਵੀ ਲਾਇਆ ਸੀ।

ਉਨ੍ਹਾਂ ਨੇ ਕਿਹਾ ਸੀ, "ਮੈਨੂੰ ਬਹੁਤ ਮਾਣ ਹੈ ਅਤੇ ਮੈਨੂੰ ਪਤਾ ਹੈ ਕਿ ਬਹੁਤ ਸਾਰੇ ਹੋਰ ਲੋਕਾਂ ਨੂੰ ਵੀ ਮੇਰੇ 'ਤੇ ਮਾਣ ਹੈ।"

"ਮੇਰੇ ਆਪਣੇ ਲਈ, ਪਹਿਲੇ ਪੱਗ ਵਾਲੇ ਸਿੱਖ ਵਜੋਂ ਟਰੂਪ ਦਿ ਕਲਰ ਪਰੇਡ ਕਰਨਾ ਅਤੇ ਐਸਕੌਰਟ ਦਾ ਹਿੱਸਾ ਹੋਣਾ ਬਹੁਤ ਮਾਣ ਵਾਲੀ ਗੱਲ ਹੈ ਅਤੇ ਉਮੀਦ ਹੈ ਹੋਰਾਂ ਲਈ ਵੀ ਇੰਨੀ ਹੀ ਮਾਣ ਵਾਲੀ ਗੱਲ ਹੋਵੇਗੀ।"

ਟਰੂਪਿੰਗ ਦਿ ਕਲਰ ਪਰੇਡ ਪਿਛਲੇ 250 ਸਾਲਾਂ ਤੋਂ ਰਾਜ ਪ੍ਰਮੁੱਖ ਦੇ ਜਨਮ ਦਿਨ ਦੇ ਜਸ਼ਨਾਂ ਦਾ ਹਿੱਸਾ ਰਹੀ ਹੈ। ਜਿਸ ਵਿੱਚ ਫੌਜੀ ਕਰਤਬ ਮਿਊਜ਼ਿਕ ਅਤੇ ਘੋੜਸਵਾਰੀ ਦੇ ਕਰਤਬ ਵੀ ਦਿਖਾਏ ਜਾਂਦੇ ਹਨ।

ਚਰਨਜੀਤ ਨੇ ਬ੍ਰਿਟੇਨ ਫੌਜ ਜਨਵਰੀ 2016 ਵਿੱਚ ਸ਼ਾਮਲ ਹੋਏ ਸਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)