You’re viewing a text-only version of this website that uses less data. View the main version of the website including all images and videos.
ਪੰਜਾਬ ਦੇ ਡੈਮਾਂ ਤੋਂ ਹੋਰ ਪਾਣੀ ਨਹੀਂ ਛੱਡੇਗਾ ਬੀਬੀਐਮਬੀ
- ਲੇਖਕ, ਜਸਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਉੱਤਰੀ ਭਾਰਤ ਵਿੱਚ ਮੀਂਹ ਕਰਕੇ ਕਾਫੀ ਮੁਸ਼ਕਿਲ ਹਾਲਾਤ ਬਣੇ ਹੋਏ ਹਨ। ਪੰਜਾਬ ਵਿੱਚ ਵੀ ਮੀਂਹ ਕਾਰਨ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ।
ਸਰਕਾਰ ਨੇ ਸੂਬੇ ਦੇ ਸਕੂਲਾਂ ਨੂੰ ਅੱਜ ਦੇ ਲਈ ਬੰਦ ਕਰ ਦਿੱਤਾ ਹੈ।
ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸਰਕਾਰ ਨੇ ਗਿਰਦਾਵਰੀ ਕਰਵਾਉਣ ਦੇ ਹੁਕਮ ਦਿੱਤਾ ਹਨ। ਹਿਮਾਚਲ ਪ੍ਰਦੇਸ਼ ਵਿੱਚ ਕਈ ਥਾਵਾਂ 'ਤੇ ਢਿੱਗਾਂ ਡਿੱਗੀਆਂ ਹਨ।
ਬੀਬੀਐਮਬੀ ਦਾ ਫ਼ੈਸਲਾ, ਨਹੀਂ ਛੱਡਿਆ ਜਾਵੇਗਾ ਪਾਣੀ
ਚੰਡੀਗੜ੍ਹ ਤੋਂ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਰਿਪੋਰਟ ਮੁਤਾਬਕ ਭਾਖੜਾ ਬਿਆਸ ਪ੍ਰਬੰਧਕ ਬੋਰਡ (ਬੀਬੀਐਮਬੀ) ਨੇ ਆਪਣੇ ਡੈਮਾਂ 'ਚੋਂ ਪਾਣੀ ਨਾ ਛੱਡਣ ਦਾ ਫੈ਼ਸਲਾ ਲਿਆ ਹੈ।
ਬੀਬੀਐਮਬੀ ਸਕੱਤਰ ਤਰੁਣ ਅਗਰਵਾਲ ਨੇ ਬੀਬੀਸੀ ਨੂੰ ਦੱਸਿਆ, "ਭਾਖੜਾ ਡੈਮ ਅਤੇ ਪੌਂਗ ਡੈਮ 'ਚ ਮੌਜੂਦਾ ਪਾਣੀ ਦਾ ਪੱਧਰ 1659 ਅਤੇ 1389 ਫੁੱਟ ਹੈ ਅਤੇ ਵੱਧ ਤੋਂ ਵੱਧ ਭਾਖੜਾ ਡੈਮ ਦਾ ਪੱਧਰ 1680 ਅਤੇ ਪੌਂਗ ਡੈਮ ਦਾ 1390 ਹੈ।"
ਉਨ੍ਹਾਂ ਨੇ ਦੱਸਿਆ, "ਪਾਣੀ ਛੱਡਣ ਦੀ ਥਾਂ ਅਸੀਂ ਪਾਣੀ ਨੂੰ ਰੋਕਣ ਦਾ ਫ਼ੈਸਲਾ ਲਿਆ ਹੈ ਕਿਉਂਕਿ ਪਾਣੀ ਛੱਡਣ ਨਾਲ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।"
ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁੜ ਮੀਂਹ ਪੈਂਦਾ, ਬੋਰਡ ਇਸੇ ਪ੍ਰਕਿਰਿਆ ਨੂੰ ਅਪਣਾਏਗਾ।
ਉਧਰ ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪੌਲ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।
ਉਨ੍ਹਾਂ ਨੇ ਦੱਸਿਆ, "29 ਸਤੰਬਰ ਤੱਕ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਹੈ ਅਤੇ ਉਸ ਤੋਂ ਬਾਅਦ ਵੀ ਥੋੜ੍ਹਾ ਮੀਂਹ ਪੈ ਸਕਦਾ ਹੈ।"
ਇਹ ਵੀ ਪੜ੍ਹੋ:
ਏਅਰਫੋਰਸ ਨੇ ਟਵੀਟ ਕੀਤਾ, ''ਬਿਆਸ ਦਰਿਆ ਕੋਲ ਹੜ੍ਹ ਵਿੱਚ ਫਸੇ 18 ਨੌਜਵਾਨਾਂ ਨੂੰ ਬਚਾ ਲਿਆ ਗਿਆ। ਸਾਡੇ ਹੈਲੀਕਾਪਟਰ ਨੂੰ ਉੱਤਰਨ ਲਈ ਜ਼ਮੀਨ ਨਹੀਂ ਸੀ ਫਿਰ ਵੀ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਅਤੇ ਜਾਨਾਂ ਬਚਾਈਆਂ।''
ਉੱਤਰੀ ਭਾਰਤ ਵਿੱਚ ਵਿਗੜੇ ਮੌਸਮ ਦੇ ਹਾਲਾਤ ਬਾਰੇ ਬੀਬੀਸੀ ਪੰਜਾਬੀ ਨੇ ਮੌਸਮ ਵਿਭਾਗ ਦਿੱਲੀ ਦੇ ਡਿਪਟੀ ਡਾਇਰੈਕਟਰ ਜਨਰਲ ਡੀ ਪੀ ਯਾਦਵ ਨਾਲ ਗੱਲਬਾਤ ਕੀਤੀ।
ਉੱਤਰ ਭਾਰਤ ਦੇ ਸੂਬਿਆਂ ਵਿੱਚ ਪੈ ਰਹੇ ਤੇਜ਼ ਮੀਂਹ ਦਾ ਕੀ ਕਾਰਨ ਹੈ?
ਜੇ ਮਾਨਸੂਨ ਦਾ ਸਿਸਟਮ ਉੱਤਰ ਭਾਰਤ ਪਹੁੰਚ ਜਾਵੇ ਅਤੇ ਉਸ ਸਿਸਟਮ ਵਿੱਚ ਤਾਕਤ ਵੀ ਹੋਵੇ ਅਤੇ ਉਸ ਨੂੰ ਲਗਾਤਾਰ ਨਮੀ ਮਿਲਦੀ ਰਹੇ ਤਾਂ ਤੇਜ਼ ਮੀਂਹ ਦੇ ਹਾਲਾਤ ਪੈਦਾ ਹੋ ਜਾਂਦੇ ਹਨ।
ਜੇ ਮਾਨਸੂਨ ਦਾ ਸਿਸਟਮ ਵੈਸਟਰਨ ਡਿਸਟਰਬੈਂਸ ਨਾਲ ਟਕਰਾ ਜਾਵੇ ਤਾਂ ਪਹਾੜੀ ਸੂਬੇ, ਖਾਸਕਰ ਪੰਜਾਬ, ਹਿਮਾਚਲ, ਉੱਤਰੀ ਹਰਿਆਣਾ, ਉੱਤਰਾਖੰਡ ਜਾਂ ਪੱਛਮੀ ਯੂਪੀ ਵਿੱਚ ਬਹੁਤ ਤੇਜ਼ ਮੀਂਹ ਪੈਂਦਾ ਹੈ।
ਅਜਿਹਾ ਕਈ ਵਾਰ ਹੋਇਆ ਹੈ ਜਦੋਂ ਉੱਤਰੀ ਭਾਰਤ ਵਿੱਚ ਅਜਿਹੇ ਹਾਲਾਤ ਬਣੇ ਹਨ। ਇਹ ਅਜਿਹੇ ਮੌਸਮ ਦੇ ਹਾਲਾਤ ਹਨ ਜਿਨ੍ਹਾਂ ਬਾਰੇ ਅਸੀਂ ਚੰਗੇ ਤਰੀਕੇ ਨਾਲ ਜਾਣਦੇ ਹਾਂ। ਮੌਜੂਦਾ ਹਾਲਾਤ ਵੀ ਇਸੇ ਮੇਲ ਕਾਰਨ ਪੈਦਾ ਹੋਏ ਹਨ।
ਇਹੀ ਕਾਰਨ ਹੈ ਕਿ ਮੌਜੂਦਾ ਮੌਸਮ ਦੇ ਵਿਗੜੇ ਹਾਲਾਤ ਬਾਰੇ ਅਸੀਂ ਸਬੰਧਿਤ ਅਧਿਕਾਰੀਆਂ ਨੂੰ ਤਿੰਨ-ਚਾਰ ਦਿਨ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ।
ਇੱਕ ਆਮ ਆਦਮੀ ਲਈ ਵੈਸਟਰਨ ਡਿਸਟਰਬੈਂਸ ਤੇ ਮਾਨਸੂਨ ਸਿਸਟਮ ਦਾ ਕੀ ਮਤਲਬ ਹੈ?
ਵੈਸਟਰਨ ਡਿਸਟਰਬੈਂਸ ਮੌਸਮ ਦੀ ਇੱਕ ਅਜਿਹੀ ਪ੍ਰਣਾਲੀ ਹੈ ਜੋ ਸਾਡੇ ਦੇਸ ਵਿੱਚ ਪੱਛਮ ਵਾਲੇ ਪਾਸਿਓਂ ਆਉਂਦੀ ਹੈ। ਇਹ ਪ੍ਰਣਾਲੀ ਇਰਾਨ, ਇਰਾਕ, ਅਫਗਾਨਿਸਤਾਨ, ਪਾਕਿਸਤਾਨ ਤੋਂ ਹੁੰਦੀ ਹੋਈ ਭਾਰਤ ਵੱਲ ਪਹੁੰਚਦੀ ਹੈ।
ਮਾਨਸੂਨ ਦਾ ਸਿਸਟਮ ਪੂਰਬ ਤੋਂ ਪੱਛਮ ਵੱਲ ਆਉਂਦਾ ਹੈ। ਮਾਨਸੂਨ ਬੰਗਾਲ ਦੀ ਖਾੜੀ ਤੋਂ ਬਣ ਕੇ ਪਹਿਲਾਂ ਪੂਰਬੀ ਭਾਰਤ, ਫਿਰ ਮੱਧ ਭਾਰਤ ਅਤੇ ਉਸ ਤੋਂ ਬਾਅਦ ਉੱਤਰੀ ਭਾਰਤ ਵੱਲ ਪਹੁੰਚਦਾ ਹੈ।
ਜੇ ਦੋਵੇਂ ਉੱਤਰ ਭਾਰਤ ਵਿੱਚ ਇੱਕ ਵਕਤ 'ਤੇ ਪਹੁੰਚ ਜਾਣਗੇ ਤਾਂ ਦੋਵੇਂ ਇੱਕ-ਦੂਜੇ ਦੀ ਤਾਕਤ ਨੂੰ ਵਧਾ ਦਿੰਦੇ ਹਨ ਅਤੇ ਮੀਂਹ ਕਾਫੀ ਤੇਜ਼ ਪੈਂਦਾ ਹੈ।
ਵੈਸਟਰਨ ਡਿਸਟਰਬੈਂਸ ਦਾ ਅਸਰ ਸਿਰਫ ਮੀਂਹ ਵਜੋਂ ਦੇਖਿਆ ਜਾਂਦਾ ਹੈ ਜਾਂ ਕਿਸੇ ਹੋਰ ਰੂਪ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਦਾ ਹੈ?
ਵੈਸਟਰਨ ਡਿਸਟਰਬੈਂਸ ਦਾ ਅਸਰ ਵੱਖ-ਵੱਖ ਰੂਪ ਵਿੱਚ ਦੇਖਣ ਨੂੰ ਮਿਲਦਾ ਹੈ। ਇਸ ਵੇਲੇ ਮਾਨਸੂਨ ਦਾ ਸੀਜ਼ਨ ਹੈ ਇਸ ਲਈ ਅਸਰ ਮੀਂਹ ਦੇ ਰੂਪ ਵਿੱਚ ਦੇਖਣ ਨੂੰ ਮਿਲ ਰਿਹਾ ਹੈ।
ਸਰਦੀਆਂ ਵਿੱਚ ਵੈਸਟਰਨ ਡਿਸਟਰਬੈਂਸ ਦਾ ਅਸਰ ਬਰਫ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਇਸ ਲਈ ਵੱਖ-ਵੱਖ ਮੌਸਮ ਵਿੱਚ ਵੈਸਟਰਨ ਡਿਸਟਰਬੈਂਸ ਦੇ ਵੱਖ-ਵੱਖ ਅਸਰ ਦੇਖਣ ਨੂੰ ਮਿਲਦੇ ਹਨ।
ਹਿਮਾਚਲ ਵਿੱਚ ਤੇਜ਼ ਮੀਂਹ ਇਸੇ ਮੇਲ ਦਾ ਕਾਰਨ ਹੈ?
ਹਿਮਾਚਲ ਵਿੱਚ ਵੀ ਬੰਗਾਲ ਦੀ ਖਾੜੀ ਤੋਂ ਆਈ ਨਮੀ ਅਤੇ ਵੈਸਟਰਨ ਡਿਸਟਰਬੈਂਸ ਦੇ ਮੇਲ ਕਾਰਨ ਹੀ ਭਾਰੀ ਮੀਂਹ ਪਿਆ ਹੈ। ਪਹਾੜਾਂ ਵਿੱਚ ਮੀਂਹ ਦਾ ਜ਼ੋਰ ਕਾਫੀ ਤੇਜ਼ ਹੋ ਜਾਂਦਾ ਹੈ।
ਮੈਦਾਨੀ ਇਲਾਕੇ ਤਾਂ ਇਸ ਵਿੱਚ ਕੋਈ ਯੋਗਦਾਨ ਨਹੀਂ ਪਾਉਂਦੇ ਪਰ ਪਹਾੜ ਮੀਂਹ ਦੇ ਜ਼ੋਰ ਨੂੰ ਵਧਾ ਦਿੰਦੇ ਹਨ। ਇਸ ਲਈ ਅਜਿਹੇ ਮੌਕਿਆਂ 'ਤੇ ਪਹਾੜੀ ਇਲਾਕਿਆਂ ਵਿੱਚ ਮੈਦਾਨੀ ਇਲਾਕਿਆਂ ਦੇ ਮੁਕਾਬਲੇ ਕਾਫੀ ਮੀਂਹ ਪੈ ਜਾਂਦਾ ਹੈ।
ਮੌਜੂਦਾ ਹਾਲਾਤ ਹੋਰ ਕਿੰਨੀ ਦੇਰ ਤੱਕ ਬਣੇ ਰਹਿ ਸਕਦੇ ਹਨ?
ਮੰਗਲਵਾਰ ਸਵੇਰ ਤੱਕ ਹਰਿਆਣਾ, ਉੱਤਰਾਖੰਡ, ਪੰਜਾਬ ਲਈ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੋਈ ਹੈ।
ਮੰਗਲਵਾਰ ਦੁਪਹਿਰ ਤੋਂ ਬਾਅਦ ਹਾਲਾਤ ਵਿੱਚ ਸੁਧਾਰ ਆਉਣ ਲੱਗ ਜਾਵੇਗਾ। 26 ਸਤੰਬਰ ਤੋਂ ਬਾਅਦ ਸਾਰੇ ਸੂਬਿਆਂ ਵਿੱਚ ਮੀਂਹ ਪੂਰੇ ਤਰੀਕੇ ਨਾਲ ਰੁਕ ਜਾਵੇਗਾ।
ਪਾਕਿਸਤਾਨ ਵਿੱਚ ਹੀ ਤੇਜ਼ ਮੀਂਹ ਦਾ ਅਸਰ ਪਵੇਗਾ?
ਪਾਕਿਸਤਾਨ ਵਿੱਚ ਇਸ ਦਾ ਕੋਈ ਅਸਰ ਨਹੀਂ ਪਹੁੰਚਿਆ ਹੈ। ਇਸ ਦਾ ਅਸਰ ਮੁੱਖ ਤੌਰ 'ਤੇ ਪੰਜਾਬ, ਹਰਿਆਣਾ, ਹਿਮਾਚਲ ਸਗੋਂ ਜੰਮੂ-ਕਸ਼ਮੀਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ।
ਵੈਸਟਰਨ ਡਿਸਟਰਪਬੈਂਸ ਜਦੋਂ ਪਾਕਿਸਤਾਨ ਤੋਂ ਲੰਘਿਆ ਹੋਵੇਗਾ ਉਸ ਵੇਲੇ ਮਾਨਸੂਨ ਦਾ ਸਿਸਟਮ ਉੱਥੇ ਨਹੀਂ ਸੀ ਇਸ ਲਈ ਉੱਥੇ ਜ਼ਿਆਦਾ ਮੀਂਹ ਨਹੀਂ ਪਿਆ।