You’re viewing a text-only version of this website that uses less data. View the main version of the website including all images and videos.
ਪੰਜਾਬ 'ਚ ਲਗਾਤਾਰ ਮੀਂਹ ਤੋਂ ਬਾਅਦ ਰੈੱਡ ਅਲਰਟ, ਹਿਮਾਚਲ 'ਚ ਬਿਆਸ ਦਰਿਆ ਖ਼ਤਰੇ ਦੇ ਨਿਸ਼ਾਨ 'ਤੇ
ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਪੰਜਾਬ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ, ਜਿਸ ਕਾਰਨ ਮੌਸਮ ਵਿਭਾਗ ਨੇ ਸੂਬੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ।
ਇਸ ਦੇ ਤਹਿਤ ਆਫ਼ਤ ਕੰਟ੍ਰੋਲ ਰੂਮ ਨੂੰ ਵੀ ਹੜ੍ਹ ਦੇ ਪਾਣੀ ਨਾਲ ਨਿਪਟਣ ਲਈ ਤਿਆਰ ਰਹਿਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਮੀਂਹ ਕਾਰਨ ਕਈ ਥਾਵਾਂ 'ਤੇ ਫ਼ਸਲ ਵੀ ਤਬਾਹ ਹੋ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਜ਼ਿਲ੍ਹਿਆਂ ਵਿੱਚ ਅਫਸਰਾਂ ਨੂੰ ਚੁਕੰਨੇ ਰਹਿਣ ਨੂੰ ਕਿਹਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲਾਤ ਦੇਖਦੇ ਹੋਏ 25 ਸਤੰਬਰ ਨੂੰ ਪੰਜਾਬ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ।
ਮੀਂਹ ਦੇ ਕਾਰਨ, ਚੰਡੀਗੜ੍ਹ ਪ੍ਰਸ਼ਾਸਨ ਨੇ ਸਰਕਾਰੀ ਸਕੂਲਾਂ ਵਿੱਚ ਦੁਪਹਿਰ ਬਾਅਦ ਆਉਣ ਵਾਲੇ ਬੱਚਿਆਂ ਲਈ ਛੁੱਟੀ ਦਾ ਐਲਾਨ ਕਰ ਦਿੱਤਾ ਹੈ।
ਸਿੰਜਾਈ ਵਿਭਾਗ ਦੇ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਦਸੂਹਾ, ਮੁਕੇਰੀਆਂ ਅਤੇ ਟਾਂਡਾ ਤਹਿਸੀਲਾਂ ਨੂੰ ਸਭ ਤੋਂ ਜ਼ਿਆਦਾ ਖ਼ਤਰਾ ਦੱਸਿਆ ਗਿਆ ਹੈ।
ਹਿਮਾਚਲ ਪ੍ਰਦੇਸ਼ ਵਿੱਚ ਵੀ ਬਿਆਸ ਨਦੀ ਅਤੇ ਹੋਰ ਨਦੀਆਂ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਉਤੇ ਵਹਿ ਰਿਹਾ ਹੈ, ਜਿਸ ਕਾਰਨ ਸੂਬੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਬੰਦ ਕਰ ਦਿੱਤੇ ਗਏ ਹਨ।
ਸੋਸ਼ਲ ਮੀਡੀਆ ਉੱਤੇ ਲੋਕ ਕਰ ਰਹੇ ਤਸਵੀਰਾਂ ਸ਼ੇਅਰ
ਤਰੁਨ ਨੇ ਟਵਿੱਟਰ ਉੱਤੇ ਸੁਖਨਾ ਝੀਲ ਦੇ ਫਲੱਡ ਗੇਟਾਂ ਦਾ ਇੱਕ ਵੀਡੀਓ ਪਾ ਕੇ ਝੀਲ ਵਿੱਚ ਪਾਣੀ ਦਾ ਪੱਧਰ ਦਿਖਾਇਆ ਹੈ। ਰਿਸ਼ਬ ਨੇ ਵੀ ਇੱਕ ਚਸਵੀਰ ਟਵੀਟ ਕਰਕੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਦਿਖਾਇਆ ਹੈ।
ਰਮਨਦੀਪ ਸਿੰਘ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਪਿਛਲੇ 36 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ।
ਕਪਿਲ ਪਟੇਲ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਤਸਵੀਰਾਂ ਪਾ ਕੇ ਲਿਖਿਆ ਹੈ ਕਿ ਕੁੱਲੂ ਜ਼ਿਲ੍ਹੇ ਵਿੱਚ ਭਾਰੀ ਬਰਸਾਤ।