ਸਮੁੰਦਰ ਵਿੱਚ ਫਸਿਆ ਭਾਰਤੀ ਨੇਵੀ ਦਾ ਕਮਾਂਡਰ, ਰਾਹਤ ਕਾਰਜ 'ਚ ਕਈ ਦੇਸ ਲੱਗੇ

ਕਈ ਦੇਸਾਂ ਦੇ ਬਚਾਅ ਮੁਲਾਜ਼ਮ ਉਸ ਭਾਰਤੀ ਸੇਲਰ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ ਜੋ 'ਗੋਲਡਨ ਗਲੋਬ ਰਾਊਂਡ ਦਿ ਵਰਲਡ' ਰੇਸ ਵਿੱਚ ਹਿੱਸਾ ਲੈ ਰਿਹਾ ਹੈ।

ਇਕੱਲਾ ਨਾਵਿਕ ਅਭਿਲਾਸ਼ ਟੌਮੀ ਪੱਛਮੀ ਆਸਟਰੇਲੀਆ ਤੋਂ 32,00 ਕਿਲੋਮੀਟਰ ਦੂਰ ਸਮੁੰਦਰ ਵਿੱਚ ਆਪਣੀ ਕਿਸ਼ਤੀ ਵਿੱਚ ਇਕੱਲਾ ਹੈ।

ਹਿੰਦ ਮਹਾਂਸਾਗਰ ਵਿੱਚ ਆਏ ਇਸ ਭਿਆਨਕ ਤੂਫ਼ਾਨ ਕਾਰਨ ਟੌਮੀ ਦੀ ਕਿਸ਼ਤੀ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ।

ਟੌਮੀ ਨੇ ਮੈਸੇਜ ਭੇਜਿਆ ਹੈ ਕਿ ਉਹ ਬੁਰੇ ਤਰੀਕੇ ਨਾਲ ਜ਼ਖ਼ਮੀ ਹੈ ਅਤੇ ਖਾਣਾ ਵੀ ਨਹੀਂ ਖਾ ਸਕਦਾ।

ਇਹ ਵੀ ਪੜ੍ਹੋ:

ਇਹ ਵੀ ਪੜ੍ਹੋ:

ਰੇਸ ਦੇ ਆਯੋਜਕਾਂ ਦਾ ਕਹਿਣਾ ਹੈ ਕਿ ਟੌਮੀ ਆਪਣੀ ਕਿਸ਼ਤੀ ਦੇ ਬੰਕ ਵਿੱਚ ਬੁਰੀ ਹਾਲਤ ਵਿੱਚ ਹੈ।

ਫਰਾਂਸ ਦੀ ਮਛੇਰਿਆਂ ਦੀ ਦੇਖਰੇਖ ਕਰਨ ਵਾਲੀ ਇੱਕ ਟੀਮ ਟੌਮੀ ਵੱਲ ਰਵਾਨਾ ਹੈ ਅਤੇ ਉਮੀਦ ਹੈ ਕਿ ਉਹ ਸੋਮਵਾਰ ਤੱਕ ਟੌਮੀ ਤੱਕ ਪਹੁੰਚ ਜਾਣਗੇ।

ਸੰਪਰਕ ਨਹੀਂ ਹੋ ਰਿਹਾ

ਦੋ ਫੌਜੀ ਹਵਾਈ ਜਹਾਜ਼ਾਂ ਨੇ - ਇੱਕ ਭਾਰਤ ਤੋਂ ਅਤੇ ਇੱਕ ਆਸਟਰੇਲੀਆ ਤੋਂ - ਨੇ ਕਿਸ਼ਤੀ ਦੇ ਮੌਜੂਦਾ ਹਾਲਾਤ ਜਾਣਨ ਲਈ ਉਡਾਨ ਭਰੀ।

ਪਰ ਹਵਾਈ ਜਹਾਜ਼ ਵਿੱਚ ਤਾਇਨਾਤ ਕਰੂ ਮੈਂਬਰ ਟੌਮੀ ਨਾਲ ਕੋਈ ਸੰਪਰਕ ਨਹੀਂ ਬਣਾ ਸਕੇ।

ਆਸਟਰੇਲੀਆ ਦੇ ਮੈਰੀਟਾਈਮ ਸੇਫਟੀ ਅਥਾਰਿਟੀ ਦੇ ਬੁਲਾਰੇ ਨੇ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ, "ਉਹ ਕਿਸ਼ਤੀ ਅੰਦਰ ਕਾਫੀ ਜ਼ਖ਼ਮੀ ਹਾਲਤ ਵਿੱਚ ਹੈ ਇਸ ਲਈ ਉਹ ਕਿਸੇ ਤਰੀਕੇ ਦਾ ਸੰਪਰਕ ਨਹੀਂ ਕਰ ਸਕਦਾ ਹੈ।''

ਭਾਰਤੀ ਸਮੁੰਦਰੀ ਫੌਜ ਵਿੱਚ ਕਮਾਂਡਰ ਅਭਿਲਾਸ਼ ਟੌਮੀ 2013 ਵਿੱਚ ਪਹਿਲੇ ਭਾਰਤੀ ਬਣੇ ਜਿਨ੍ਹਾਂ ਨੇ ਸਮੁੰਦਰੀ ਮਾਰਗ ਜ਼ਰੀਏ ਪੂਰੀ ਦੁਨੀਆਂ ਦਾ ਚੱਕਰ ਲਾਇਆ ਸੀ।

ਟੌਮੀ ਦਾ ਸੈਟਲਾਈਟ ਫੌਨ ਟੁੱਟ ਚੁੱਕਾ ਹੈ ਇਸ ਲਈ ਉਸ ਨੂੰ ਟੈਕਸਟਿੰਗ ਯੂਨਿਟ ਜ਼ਰੀਏ ਸੰਪਰਕ ਕੀਤਾ ਜਾ ਰਿਹਾ ਹੈ।

ਟੌਮੀ ਦੀ ਕਿਸ਼ਤੀ ਰੌਬਿਨ ਨੌਕਸ ਤੇ ਜੌਸਨਟਨ ਦੀ ਕਿਸ਼ਤੀ ਦੀ ਪੂਰੀ ਨਕਲ ਹੈ ਜਿਨ੍ਹਾਂ ਨੇ 1968 ਵਿੱਚ ਪਹਿਲੀ ਵਾਰ ਗਲੋਬਲ ਗਲੋਬ ਰੇਸ ਜਿੱਤੀ ਸੀ।

ਸ਼ਨੀਵਾਰ ਨੂੰ ਟੌਮੀ ਨੇ ਮੈਸੇਜ ਭੇਜਿਆ, "ਮੇਰੇ ਲਈ ਤੁਰਨਾ ਕਾਫੀ ਔਖਾ ਹੈ, ਮੈਨੂੰ ਸਟ੍ਰੈਚਰ ਦੀ ਲੋੜ ਪਵੇਗੀ, ਮੈਂ ਕਿਸ਼ਤੀ ਅੰਦਰ ਸੁਰੱਖਿਅਤ ਹਾਂ ਤੇ ਸੈਟਲਾਈਟ ਫੋਨ ਟੁੱਟ ਚੁੱਕਾ ਹੈ।''

ਟੌਮੀ ਕੌਲ ਇੱਕ ਹੋਰ ਵੀ ਸੈਟਲਾਈਟ ਫੋਨ ਐਮਰਜੈਂਸੀ ਬੈਗ ਵਿੱਚ ਹੈ ਪਰ ਉਹ ਉਸ ਤੱਕ ਪਹੁੰਚਣ ਦੇ ਕਾਬਿਲ ਨਹੀਂ ਹੈ।

ਬਚਾਅ ਕਾਰਜ ਜਾਰੀ

ਰੇਸ ਵਿੱਚ ਹਿੱਸਾ ਲੈਣ ਵਾਲੇ ਇਰੀਸ਼ ਪ੍ਰਤੀਭਾਗੀ ਗਰੇਗੌਰ ਮੈਕਗੂਕਿਨ ਨੇ ਆਪਣੀ ਕਿਸ਼ਤੀ ਨੂੰ ਠੀਕ ਕੀਤਾ ਅਤੇ ਉਹ ਵੀ ਟੌਮੀ ਦੀ ਪੌਜ਼ੀਸ਼ਨ ਵੱਲ ਵੱਧ ਰਿਹਾ ਹੈ।

ਰੇਸ ਦੇ ਆਯੋਜਕਾਂ ਦਾ ਕਹਿਣਾ ਹੈ ਕਿ ਇੱਕ ਹਵਾਈ ਜਹਾਜ਼ ਬਚਾਅ ਕਾਰਜ ਲਈ ਭੇਜ ਦਿੱਤਾ ਗਿਆ ਹੈ ਅਤੇ ਆਸਟਰੇਲੀਆ ਦਾ ਇੱਕ ਪਾਣੀ ਦਾ ਜਹਾਜ਼ ਵੀ ਭੇਜਿਆ ਗਿਆ ਹੈ ਪਰ ਉਸ ਨੂੰ ਉੱਥੇ ਪਹੁੰਚਣ ਵਿੱਚ 4 ਦਿਨ ਲੱਗਣਗੇ।

ਪੀਟੀਆਈ ਅਨੁਸਾਰ ਭਾਰਤੀ ਸਮੁੰਦਰੀ ਫੌਜ ਨੇ ਦੋ ਜਹਾਜ਼ ਵੀ ਬਚਾਅ ਕਾਰਜ ਲਈ ਭੇਜ ਦਿੱਤੇ ਹਨ।

ਰੇਸ ਦੇ 11 ਪ੍ਰਤੀਭਾਗੀਆਂ ਵਿੱਚੋਂ ਵਧੇਰੇ ਇਸ ਤੂਫਾਨ ਤੋਂ ਬੱਚ ਗਏ ਹਨ। ਇਸ ਰੇਸ ਵਿੱਚ ਪੂਰੀ ਦੁਨੀਆਂ ਦਾ ਚੱਕਰ ਲਾਉਣ ਵੇਲੇ ਇੱਕ ਰੇਸਰ 30,000 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ।

1 ਜੁਲਾਈ ਨੂੰ ਫਰਾਂਸ ਤੋਂ ਇਹ ਰੇਸ ਸ਼ੁਰੂ ਹੋਈ ਸੀ। ਹੁਣ ਤੱਕ ਸੱਤ ਕਿਸ਼ਤੀਆਂ ਇਸ ਰੇਸ ਵਿੱਚੋਂ ਬਾਹਰ ਹੋ ਚੁੱਕੀਆਂ ਹਨ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)