ਅੰਮ੍ਰਿਤਸਰ ਮਾਲ ਰੋਡ ਧਸੀ, 20 ਫੁੱਟ ਡੂੰਘਾ ਪਾੜ ਪਿਆ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਬੀਤੀ ਰਾਤ ਤੋਂ ਪੈ ਰਿਹਾ ਮੀਂਹ ਅੰਮ੍ਰਿਤਸਰ ਤੇ ਅਜਿਹਾ ਭਾਰੀ ਪਿਆ ਕਿ ਮਸ਼ਹੂਰ ਮਾਲ ਰੋਡ ਦਾ ਇੱਕ ਵੱਡਾ ਹਿੱਸਾ 20 ਫੁੱਟ ਥੱਲੇ ਧੱਸ ਗਿਆ।

ਇਹ ਹਾਦਸਾ ਨਗਰ ਨਿਗਮ ਦੇ ਕਮਿਸ਼ਨਰ ਦੇ ਘਰ ਦੇ ਸਾਹਮਣੇ ਵਾਪਰਿਆ।

ਅੰਮ੍ਰਿਤਸਰ ਦੇ ਕਈ ਥਾਂਵਾਂ ਤੇ ਸੜਕਾਂ ਭਾਰੀ ਮੀਂਹ ਕਾਰਨ ਪਾਣੀ ਹੇਠਾਂ ਡੁੱਬ ਗਏ ਹਨ।

ਝੁੱਗੀਆਂ ਤੋਂ ਲੈ ਕੇ ਸ਼ਹਿਰ ਦੇ ਪੋਸ਼ ਇਲਾਕਿਆਂ ਤੱਕ ਅੰਮ੍ਰਿਤਸਰ ਦੇ ਹਰ ਹਿੱਸੇ ਨੇ ਭਾਰੀ ਮੀਂਹ ਦੀ ਮਾਰ ਝੱਲੀ ਹੈ। ਸ਼ਹਿਰ ਵਿੱਚ ਕਈ ਲੰਬੇ ਜਾਮ ਲੱਗੇ ਹਨ।

ਇਹ ਵੀ ਪੜ੍ਹੋ:

ਹਾਦਸੇ ਤੋਂ ਬਾਅਦ ਪ੍ਰਸ਼ਾਸਨ ਦੇ ਮਾਲ ਰੋਡ ਬੰਦ ਕਰ ਦਿੱਤਾ ਹੈ ਅਤੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਲੋਕਾਂ ਨੂੰ ਖ਼ਾਸ ਹਦਾਇਤਾਂ ਜਾਰੀ ਹੋਈਆਂ ਹਨ।

ਮਾਲ ਰੋਡ ਦੇ ਨਾਲ ਲੱਗਦੀ ਜੋਸ਼ੀ ਕਾਲੋਨੀ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਦਹਾਕਿਆਂ ਤੋਂ ਸੀਵਰ ਲਾਈਨਾਂ ਟੁੱਟੀਆਂ ਹੋਈਆਂ ਹਨ ਅਤੇ ਗੈਰ ਕਾਨੂੰਨੀ ਉਸਾਰੀ ਦਾ ਭਾਰ ਵੀ ਮਾਲ ਰੋਡ ਨਹੀਂ ਸਹਿ ਸਕਿਆ।

ਜੋਸ਼ੀ ਕਾਲੋਨੀ ਦੇ ਨਿਵਾਸੀ ਰਵੀਜੀਤ ਸਿੰਘ ਨੇ ਕਿਹਾ, ਸਾਨੂੰ ਇਸ ਘਟਨਾ ਦਾ ਅੰਦਾਜ਼ਾ ਸੀ। ਅਸੀਂ ਬੀਤੇ 10 ਸਾਲਾਂ ਤੋਂ ਲਗਾਤਾਰ ਪ੍ਰਸ਼ਾਸਨ ਨੂੰ ਇਸ ਬਾਰੇ ਅਗਾਹ ਕਰ ਰਹੇ ਹਾਂ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਹੈ।

ਅਵਨੀਸ਼ ਕੁਮਾਰ ਨੇ ਦੱਸਿਆ, ਮੈਂ ਇੱਕ ਸਮਾਗਮ ਤੋਂ ਬਾਅਦ ਘਰ ਪਰਤਿਆ ਸੀ। ਅਚਾਨਕ ਮੈਂ ਇੱਕ ਸ਼ੋਰ ਸੁਣਿਆ ਤੇ ਸਮਝ ਨਹੀਂ ਸਕਿਆ ਕਿ ਸ਼ੋਰ ਕਿਸ ਦਾ ਹੈ। ਜਦੋਂ ਮੈਂ ਕੰਪਨੀ ਗਾਰਡਨ ਦੇ ਗੇਟ ਨੇੜੇ ਪਹੁੰਚਿਆ ਤਾਂ ਦੇਖਿਆ ਕ ਮਾਲ ਰੋਡ ਦਾ ਇੱਕ ਵੱਡਾ ਹਿੱਸਾ ਧੱਸ ਚੁੱਕਾ ਸੀ।

ਡਿਪਟੀ ਕਮਿਸ਼ਨਰ ਕਮਲਦੀਪ ਸੰਘਾ ਨੇ ਬੀਬੀਸੀ ਨੂੰ ਦੱਸਿਆ, ਭਾਰੀ ਮੀਂਹ ਕਾਰਨ ਮਾਲ ਰੋਡ ਦਾ ਇੱਕ ਹਿੱਸਾ ਧੱਸ ਚੁੱਕਾ ਹੈ। ਟ੍ਰੈਫਿਕ ਨੂੰ ਦੂਜੇ ਰੂਟ ਵੱਲ ਮੋੜ ਦਿੱਤਾ ਹੈ। ਅਸੀਂ ਲੋਕਾਂ ਨੂੰ ਬਿਨਾਂ ਕਾਰਨ ਸੜਕਾਂ 'ਤੇ ਨਾ ਘੁੰਮਣ ਦੀ ਹਦਾਇਤ ਦਿੱਤੀ ਹੈ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)