ਪ੍ਰੈੱਸ ਰਿਵੀਊ: ਅਮਰੀਕਾ ਦੇ ਪੁਲਿਸ ਮਹਿਕਮੇ 'ਚ ਪਹਿਲੀ ਮਹਿਲਾ ਦਸਤਾਰ ਧਾਰੀ ਅਫ਼ਸਰ

ਅਮਰੀਕਾ ਦੇ ਪੁਲਿਸ ਮਹਿਕਮੇ ਨੂੰ ਮਿਲੀ ਪਹਿਲੀ ਮਹਿਲਾ ਦਸਤਾਰ ਧਾਰੀ ਪੁਲਿਸ ਅਫ਼ਸਰ।

ਹਿੰਦੂਸਤਾਨ ਟਾਇਮਜ਼ ਦੀ ਖ਼ਬਰ ਅਨੁਸਾਰ ਨਿਊ ਯਾਰਕ ਪੁਲਿਸ ਡਿਪਾਰਟਮੈਂਟ (NYPD) ਨੂੰ ਪਹਿਲੀ ਮਹਿਲਾ ਸਿੱਖ ਪੁਲਿਸ ਅਫ਼ਸਰ ਮਿਲ ਗਈ ਹੈ।

ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਬਾਬਤ ਟਵੀਟ ਰਾਹੀਂ ਨਿਊ ਯਾਰਕ ਦੇ ਪੁਲਿਸ ਵਿਭਾਗ ਨੂੰ ਗੁਰਸੋਚ ਕੌਰ ਦੇ ਬਤੌਰ ਪਹਿਲੀ ਦਸਤਾਰ ਧਾਰੀ ਸਿੱਖ ਮਹਿਲਾ ਅਫ਼ਸਰ ਹੋਣ 'ਤੇ ਵਧਾਈ ਦਿੱਤੀ।

ਪੁਰੀ ਨੇ ਆਪਣੇ ਟਵੀਟ 'ਚ ਲਿਖਿਆ, ''ਦਸਤਾਰ ਧਾਰੀ ਮਹਿਲਾ ਅਫ਼ਸਰ ਨੂੰ NYPD 'ਚ ਦੇਖ ਕੇ ਖ਼ੁਸ਼ੀ ਹੋਈ। ਆਸ ਹੈ ਕਿ ਇਸ ਨਾਲ ਸਿੱਖੀ ਅਤੇ ਸਿੱਖਾ ਨੂੰ ਲੈ ਕੇ ਸੋਚ ਬਿਹਤਰ ਹੋਵੇਗੀ ਅਤੇ ਅਮਰੀਕਾ ਵਿੱਚ ਇਸ ਬਾਬਤ ਭੁਲੇਖੇ ਦੂਰ ਹੋਣਗੇ।''

ਦੱਸ ਦਈਏ ਕਿ 2016 ਵਿੱਚ ਨਿਊ ਯਾਰਕ ਪੁਲਿਸ ਡਿਪਾਰਟਮੈਂਟ ਨੇ ਆਪਣੇ ਨਿਯਮਾਂ 'ਚ ਬਦਲਾਅ ਕਰਦੇ ਹੋਏ ਸਿੱਖ ਪੁਲਿਸ ਅਫ਼ਸਰਾਂ ਨੂੰ ਦਸਤਾਰ ਪਹਿਨਣ ਦੀ ਇਜ਼ਾਜਤ ਦਿੱਤੀ ਸੀ।

ਮੋਦੀ ਦੀ ਕਸ਼ਮੀਰੀ ਨੌਜਵਾਨਾਂ ਨੂੰ ਅਪੀਲ

ਦਿ ਟ੍ਰਿਬਿਊਨ ਦੀ ਖ਼ਬਰ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਦੇ 'ਭੁੱਲੇ-ਭਟਕੇ' ਨੌਜਵਾਨਾਂ ਨੂੰ ਘਰ ਪਰਤਣ ਦੀ ਗੁਜ਼ਾਰਿਸ਼ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਦੇਸ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।

ਮੋਦੀ ਮੁਤਾਬਕ ਵਿਕਾਸ ਹੀ ਜੰਮੂ ਤੇ ਕਸ਼ਮੀਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਚਾਬੀ ਹੈ।

ਸ਼੍ਰੀਨਗਰ ਵਿੱਚ ਆਪਣੇ ਭਾਸ਼ਣ ਦੌਰਾਨ ਮੋਦੀ ਨੇ ਪੱਥਰਬਾਜ਼ੀ ਕਰਨ ਵਾਲਿਆਂ ਅਤੇ ਬੰਦੂਕ ਦਾ ਸਹਾਰਾ ਲੈਣ ਵਾਲੇ ਨੌਜਵਾਨਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ।

ਸਰਹਿੰਦ ਅਤੇ ਰਾਜਸਥਾਨ ਦੀਆਂ ਨਹਿਰਾਂ ਦਾ ਪਾਣੀ ਹੋਇਆ ਕਾਲਾ

ਹਿੰਦੂਸਤਾਨ ਟਾਇਮਜ਼ ਦੀ ਖ਼ਬਰ ਮੁਤਾਬਕ ਬਿਆਸ ਦਰਿਆ 'ਚ ਗੁਰਦਾਸਪੁਰ ਦੀ ਇੱਕ ਸ਼ੂਗਰ ਮਿਲ ਤੋਂ ਨਿਕਲੇ ਦੂਸ਼ਿਤ ਪਾਣੀ ਕਰਕੇ ਮੱਛੀਆਂ ਦੇ ਮਰਨ ਤੋਂ ਬਾਅਦ ਹੁਣ ਰਾਜਸਥਾਨ ਅਤੇ ਸਰਹਿੰਦ ਨਹਿਰ 'ਚ ਬਿਆਸ ਦਰਿਆ ਦਾ ਪਾਣੀ ਆਉਣ ਕਰਕੇ ਇਨ੍ਹਾਂ ਨਹਿਰਾਂ ਦਾ ਪਾਣੀ ਕਾਲਾ ਹੋ ਗਿਆ ਹੈ।

ਸਰਹਿੰਦ ਨਹਿਰ ਫ਼ਰੀਦਕੋਟ ਤੋਂ ਹੋ ਕੇ ਨਿਕਲਦੀ ਹੈ ਅਤੇ ਉੱਥੋਂ ਦੇ ਵਾਸੀਆਂ ਮੁਤਾਬਕ ਨਹਿਰ ਦੇ ਪਾਣੀ ਦੇ ਗੰਦਲੇ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਫ਼ਿਲਹਾਲ ਰੋਕ ਦਿੱਤੀ ਹੈ।

ਹਿੰਦੂਸਤਾਨ ਟਾਇਮਜ਼ ਨਾਲ ਗੱਲ ਕਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਕਿਹਾ, ''ਸਾਡੀ ਇਸ ਮਸਲੇ 'ਤੇ ਨਜ਼ਰ ਹੈ ਅਤੇ ਪੀਣ ਵਾਲੇ ਪਾਣੀ 'ਤੇ ਇਸਦਾ ਅਸਰ ਨਹੀਂ ਹੋਵੇਗਾ ਕਿਉਂਕਿ ਪਾਣੀ ਆਰ ਓ ਸਿਸਟਮ ਰਾਹੀਂ ਫ਼ਿਲਟਰ ਹੁੰਦਾ ਹੈ।''

ਯੋਧਿਆਂ ਦੀ ਆਵਾਜ਼ ਪਹੁੰਚੀ ਦੇਸ

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜਰਮਨੀ ਦੇ ਹਾਫ਼ ਮੂਨ ਕੈਂਪ ਵਿੱਚ ਕੈਦ ਰਹੇ ਪਹਿਲੀ ਵਿਸ਼ਵ ਜੰਗ ਦੇ ਕੈਦੀ ਮੱਲ ਸਿੰਘ ਦੀ ਆਵਾਜ਼ ਇੱਕ ਦਹਾਕਾ ਪਹਿਲਾਂ ਭਾਰਤ ਵਿੱਚ ਪਹੁੰਚੀ।

ਖ਼ਬਰ ਮੁਤਾਬਕ ਮੱਲ ਸਿੰਘ ਰਿਹਾਈ ਦੀ ਮੱਧਮ ਪੈ ਰਹੀ ਉਮੀਦ ਦੌਰਾਨ ਆਪਣੇ ਪਿੰਡ ਚ ਬਿਤਾਏ ਦਿਨਾਂ ਨੂੰ ਯਾਦ ਕਰਦਾ ਹੈ, ਜਦੋਂ ਉਹ ਦੁੱਧ ਪੀਂਦਾ ਸੀ ਅਤੇ ਘਰ ਦਾ ਮੱਖਣ ਖਾਂਦਾ ਸੀ। ਰਿਕਾਰਡ ਆਵਾਜ਼ ਵਿੱਚ ਉਹ ਘਰ ਪਰਤਣ ਲਈ ਤਰਸ ਰਿਹਾ ਸੀ।

ਟੈਕਸਸ ਗੋਲੀਬਾਰੀ 'ਚ ਪਾਕ ਵਿਦਿਆਰਥਣ ਦੀ ਮੌਤ

ਡਾਅਨ ਮੁਤਾਬਕ ਅਮਰੀਕਾ ਦੇ ਟੈਕਸਸ ਸੂਬੇ ਦੇ ਇੱਕ ਹਾਈ ਸਕੂਲ 'ਚ ਹੋਈ ਗੋਲੀਬਾਰੀ ਵਿੱਚ ਪਾਕਿਸਤਾਨ ਦੀ ਇੱਕ ਵਿਦਿਆਰਥਣ ਸਾਬੀਕਾ ਸ਼ੇਖ਼ ਦੀ ਵੀ ਮੌਤ ਹੋਈ ਹੈ।

17 ਸਾਲਾਂ ਦੀ ਸਾਬੀਕਾ ਸ਼ੇਖ਼ ਯੂਥ ਐਕਸਚੇਂਜ ਐਂਡ ਸਟੱਡੀ ਪ੍ਰੋਗਰਾਮ ਤਹਿਤ ਅਮਰੀਕਾ ਵਿੱਚ ਸੀ ਅਤੇ ਗੋਲੀਬਾਰੀ 'ਚ ਮਾਰੇ ਗਏ 10 ਲੋਕਾਂ ਵਿੱਚੋਂ ਇੱਕ ਸੀ।

ਵਾਸ਼ਿੰਗਟਨ ਡੀਸੀ 'ਚ ਪਾਕਿਸਤਾਨ ਦੇ ਦੂਤਾਵਾਸ ਨੇ ਪੁਸ਼ਟੀ ਕੀਤੀ ਕਿ ਮਾਰੇ ਗਏ ਵਿਦਿਆਰਥੀਆਂ 'ਚ ਸਾਬੀਕਾ ਸੇਖ਼ ਵੀ ਸ਼ਾਮਿਲ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)