ਕਰਨਾਟਕ: ਕਾਂਗਰਸ ਨੇ ਭਾਜਪਾ ਸੁਪਰੀਮੋ ਅਮਿਤ ਸ਼ਾਹ ਨੂੰ ਉਨ੍ਹਾਂ ਦੇ ਹਥਿਆਰ ਨਾਲ ਹੀ ਕਿਵੇਂ ਦਿੱਤੀ ਮਾਤ?

    • ਲੇਖਕ, ਭਰਤ ਸ਼ਰਮਾ
    • ਰੋਲ, ਬੀਬੀਸੀ ਪੱਤਰਕਾਰ

ਕਾਂਗਰਸ ਨੇ ਇਸ ਵਾਰ ਆਪਣੀ ਰਣਨੀਤਿਕ ਚਲਾਕੀ ਨਾਲ ਸਿਆਸੀ ਗਲਿਆਰਿਆਂ 'ਚ 'ਚਾਣਕਿਆ' ਮੰਨੇ ਜਾਣ ਵਾਲੇ ਭਾਜਪਾ ਪ੍ਰਧਾਨ ਦੀ ਖੇਡ ਕਿਵੇਂ ਪਲਟ ਦਿੱਤੀ।

''ਇਹ ਗੱਲ ਜ਼ਾਹਿਰ ਨਾ ਹੋਣ ਦੇਵੋ ਕਿ ਤੁਸੀਂ ਕੀ ਕਰਨ ਦਾ ਵਿਚਾਰ ਬਣਾ ਰਹੇ ਹੋ...ਸਿਆਣਪ ਨਾਲ ਇਸਨੂੰ ਰਹੱਸ ਬਣਾਈ ਰੱਖੋ ਅਤੇ ਮੰਜ਼ਿਲ ਤੱਕ ਪਹੁੰਚਾਉਣ ਲਈ ਪੱਕੇ ਬਣੇ ਰਹੋ।''

ਕੁਝ ਕਰ ਦਿਖਾਉਣ ਦੀ ਧਾਰ ਲੈਣਾ ਅਤੇ ਉਸ ਨੂੰ ਕਰ ਦਿਖਾਉਣ ਲਈ ਇਹ ਮੰਤਰ ਚਾਣਕਿਆ ਨੇ ਦਿੱਤਾ ਸੀ।

ਪਿਛਲੇ ਚਾਰ ਸਾਲ ਤੋਂ ਛੋਟੀਆਂ-ਛੋਟੀਆਂ ਸਿਆਸੀ ਜਿੱਤਾਂ ਦੇ ਜਸ਼ਨ ਤੋਂ ਤਸੱਲੀ ਕਰ ਰਹੀ ਕਾਂਗਰਸ ਨੂੰ ਇਸ ਮੰਤਰ ਨੂੰ ਕਾਫ਼ੀ ਸੰਜੀਦਗੀ ਨਾਲ ਲੈਣ ਦੀ ਲੋੜ ਸੀ ਅਤੇ ਕਰਨਾਟਕ ਦੇ ਮਾਮਲੇ 'ਚ ਉਸ ਨੇ ਅਜਿਹਾ ਹੀ ਕੀਤਾ।

ਨਤੀਜਾ ਸਾਹਮਣੇ ਹੈ, ਬੀ ਐਸ ਯੇਦੂਰੱਪਾ ਮੁੱਖ ਮੰਤਰੀ ਦੇ ਸਹੁੰ ਪੱਤਰ ਤੱਕ ਪਹੁੰਚੇ ਪਰ ਕੁਰਸੀ ਤੱਕ ਨਹੀਂ ਪਹੁੰਚ ਸਕੇ ਅਤੇ ਸੀਟਾਂ ਦੇ ਮਾਮਲੇ 'ਚ ਉਨ੍ਹਾਂ ਤੋਂ ਪਿੱਛੇ ਰਹਿਣੇ ਵਾਲੀ ਕਾਂਗਰਸ ਬਾਜ਼ੀ ਮਾਰ ਗਈ।

ਇਹ ਦਾਅ ਜਿੱਤਣ ਲਈ ਉਸ ਨੂੰ ਮੁੱਖ ਮੰਤਰੀ ਦੀ ਕੁਰਸੀ ਦੀ ਕੁਰਬਾਨੀ ਜ਼ਰੂਰ ਦੇਣੀ ਪਈ ਪਰ ਘੱਟ ਤੋਂ ਘੱਟ ਫ਼ਿਲਹਾਲ ਇੱਕ ਵੱਡੇ ਸੂਬੇ 'ਚ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣ 'ਚ ਉਹ ਕਾਮਯਾਬ ਹੋ ਗਈ।

ਅਮਿਤ ਸ਼ਾਹ ਨੂੰ ਭਾਜਪਾ ਪ੍ਰਧਾਨ ਦੇ ਨਾਲ-ਨਾਲ ਸਿਆਸਤ ਦਾ 'ਚਾਣਕਿਆ' ਕਿਹਾ ਜਾਣ ਲੱਗਿਆ ਸੀ ਪਰ ਚਾਣਕਿਆ ਦੀਆਂ ਉੱਪਰ ਲਿਖੀਆਂ ਸੱਤਰਾਂ ਨੂੰ ਇਸ ਵਾਰ ਕਾਂਗਰਸ ਨੇ ਵੱਧ ਰਫ਼ਤਾਰ ਨਾਲ ਫੜਿਆ ਅਤੇ ਉਸ ਤੋਂ ਵੱਧ ਰਫ਼ਤਾਰ ਨਾਲ ਉਸ ਉੱਤੇ ਅਮਲ ਵੀ ਕੀਤਾ।

ਕਾਂਗਰਸ ਨੇ ਸਿੱਖਿਆ ਸਬਕ

ਅਜਿਹਾ ਨਹੀਂ ਕਿ ਕਾਂਗਰਸ ਰਾਜਨੀਤੀ 'ਚ ਵੱਧ-ਸਰਗਰਮੀ ਦਿਖਾਉਣ 'ਚ ਮਾਹਿਰ ਰਹੀ ਹੈ ਸਗੋਂ ਲੰਘੇ ਕੁਝ ਸਮੇਂ ਤੋਂ ਉਸਦੇ ਬੇਹੱਦ ਸੁਸਤ ਰਵਈਏ ਨਾਲ ਚੱਲਣ ਕਰਕੇ ਉਸ ਤੋਂ ਸ਼ਿਕਾਇਤ ਰਹੀ ਹੈ।

ਦੁੱਧ ਦੀ ਸੜੀ ਕਾਂਗਰਸ ਨੇ ਇਸ ਵਾਰ ਲੱਸੀ ਵੀ ਫੂੰਕ-ਫੂੰਕ ਕੇ ਪੀਤੀ ਅਤੇ ਉਹ ਵੀ ਕਾਫ਼ੀ ਰਫ਼ਤਾਰ ਨਾਲ ਅਤੇ ਇਹ ਸਭ ਉਸਨੂੰ ਗੋਆ ਅਤੇ ਮਣੀਪੁਰ ਤੋਂ ਮਿਲਿਆ।

ਦੋਵਾਂ ਸੂਬਿਆਂ ਨੇ ਵਿਧਾਨਸਭਾ ਚੋਣਾਂ 'ਚ ਕਿਸੇ ਇੱਕ ਪਾਰਟੀ ਨੂੰ ਬਹੁਮਤ ਨਹੀਂ ਦਿੱਤਾ ਪਰ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣਕੇ ਉੱਭਰੀ। ਇਸਦੇ ਬਾਵਜੂਦ ਭਾਜਪਾ ਸਰਕਾਰ ਬਣਾ ਗਈ।

ਕਿਵੇਂ? ਨਤੀਜਿਆਂ ਸਮੇਂ ਜਦੋਂ ਦਿੱਲੀ 'ਚ ਕਾਂਗਰਸੀ ਨੇਤਾ ਨੰਬਰਾਂ 'ਤੇ ਗ਼ੌਰ ਕਰ ਰਹੇ ਸਨ, ਭਾਜਪਾ ਨੇ ਆਪਣੇ ਸਲਾਹਕਾਰਾਂ ਨੂੰ ਰਵਾਨਾ ਕਰ ਕੇ ਦੂਜੀਆਂ ਧਿਰਾਂ ਨਾਲ ਗੱਲਹਾਤ ਕੀਤੀ, ਸਮਝੌਤੇ ਹੋਏ ਅਤੇ ਕੁਝ ਘੰਟਿਆਂ 'ਚ ਰਾਜਪਾਲਾਂ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਗਿਆ।

ਕਾਂਗਰਸੀ ਨੇਤਾ ਪਹੁੰਚੇ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਲੋਕਤੰਤਰ ਦੇ ਕਤਲ ਵਰਗੀਆਂ ਗੱਲਾਂ ਕਹੀਆਂ ਗਈਆਂ, ਸਭ ਤੋਂ ਵੱਡੀ ਪਾਰਟੀ ਨੂੰ ਮੌਕਾ ਨਾ ਦੇਣ ਦੀ ਸ਼ਿਕਾਇਤ ਵੀ ਹੋਈ, ਪਰ ਚਿੜੀ ਖ਼ੇਤ ਚੁਗ ਚੁੱਕੀ ਸੀ।

ਇਸ ਵਾਰ ਕਰਨਾਟਕ 'ਚ ਠੀਕ ਉਲਟਾ ਹੋਇਆ। ਐਗਜ਼ਿਟ ਪੋਲ ਨੇ ਸਾਬਿਤ ਕਰ ਦਿੱਤਾ ਸੀ ਕਿ ਕਿਸੇ ਇੱਕ ਪਾਰਟੀ ਨੂੰ ਇੱਕ ਪਾਸੜ ਸੀਟਾਂ ਨਹੀਂ ਮਿਲਣ ਜਾ ਰਹੀਆਂ ਅਤੇ ਕਾਂਗਰਸ ਨੇ ਨਤੀਜੇ ਆਉਣ ਤੱਕ ਦਾ ਇੰਤਜ਼ਾਰ ਨਹੀਂ ਕੀਤਾ।

ਸਿਆਸੀ ਮੌਕੇ 'ਤੇ ਚੌਕਾ

ਸੀਟਾਂ ਦਾ ਮੀਟਰ ਹੁਣ ਭਾਜਪਾ 104, ਕਾਂਗਰਸ 78, ਜਨਤਾ ਦਲ ਸੈਕੂਲਰ 37 ਅਤੇ ਹੋਰ 3 'ਤੇ ਅਟਕੇ, ਤਾਂ ਕਾਂਗਰਸ ਨੇ ਮੌਕਾ ਵੇਖਦੇ ਹੀ ਚੌਕਾ ਮਾਰ ਦਿੱਤਾ।

ਸੀਨੀਅਰ ਪੱਤਰਕਾਰ ਅਤੇ ਸਿਆਸੀ ਵਿਸ਼ਲੇਸ਼ਕ ਨੀਰਜਾ ਚੌਧਰੀ ਨੇ ਬੀਬੀਸੀ ਨੂੰ ਕਿਹਾ, ''ਕਾਂਗਰਸ ਨੇ ਇਸ ਵਾਰ ਆਪਣੇ ਸਭ ਤੋਂ ਸੀਨੀਅਰ ਨੇਤਾਵਾਂ ਨੂੰ ਕੰਮ 'ਤੇ ਲਗਾਇਆ....ਗੁਲਾਮ ਨਬੀ ਆਜ਼ਾਦ ਅਤੇ ਅਸ਼ੋਕ ਗਹਿਲੋਤ ਨੂੰ ਇਹ ਕੰਮ ਸੌਂਪਿਆ ਗਿਆ।''

''ਭਾਜਪਾ ਨੇ ਜਿਵੇਂ ਦਾ ਮਣੀਪੁਰ ਅਤੇ ਗੋਆ 'ਚ ਕੀਤਾ, ਕਾਂਗਰਸ ਨੇ ਇੱਥੇ ਨਹੀਂ ਕਰਨ ਦਿੱਤਾ, ਸਗੋਂ ਜੇ ਇਹ ਕਿਹਾ ਜਾਵੇ ਕਿ ਕਾਂਗਰਸ ਨੇ ਭਾਜਪਾ ਨੂੰ ਇਸ ਵਾਰ ਝਕਾਨੀ ਦੇ ਦਿੱਤੀ ਤਾਂ ਗਲਤ ਨਹੀਂ ਹੋਵੇਗਾ।''

ਦਰਅਸਲ, ਕਾਂਗਰਸ ਐਗਜ਼ਿਟ ਪੋਲ ਦੇ ਬਾਅਦ ਹੀ ਸਰਗਰਮ ਹੋ ਗਈ ਸੀ।

ਉਨ੍ਹਾਂ ਕਿਹਾ, ''ਨਤੀਜੇ ਮੰਗਲਵਾਰ ਨੂੰ ਆਉਣੇ ਸਨ ਅਤੇ ਕਾਂਗਰਸ ਨੇ ਐਤਵਾਰ ਨੂੰ ਹੀ ਤੈਅ ਕਰ ਲਿਆ ਸੀ ਕਿ ਜੇ ਉਨ੍ਹਾਂ ਦੀਆਂ ਸੀਟਾਂ 90 ਤੋਂ ਘੱਟ ਰਹਿੰਦੀਆਂ ਹਨ ਤਾਂ ਜਨਤਾ ਦਲ (ਐੱਸ) ਦੇ ਕੁਮਾਰਸਵਾਮੀ ਨੂੰ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਜਾਵੇਗੀ।''

ਇਸਦੇ 24 ਘੰਟੇ ਦੇ ਅੰਦਰ ਦੇਵਗੌੜਾ-ਕੁਮਾਰਸਵਾਮੀ ਨੂੰ ਕਿੰਝ ਮਿਲਣਾ ਹੈ, ਰਣਨੀਤੀ ਕਿਵੇਂ ਬਣਾਉਣੀ ਹੈ, ਕੀ ਕਦਮ ਚੁੱਕਣਾ ਹੈ, ਇਹ ਤੈਅ ਕਰ ਲਿਆ ਸੀ।

ਸੀਐਮ ਅਹੁਦਾ ਬਣਿਆ ਹਥਿਆਰ

ਨੀਰਜਾ ਨੇ ਕਿਹਾ, ''ਨਤੀਜੇ ਆਉਣ ਦੇ ਕੁਝ ਘੰਟਿਆਂ 'ਚ ਹੀ ਗੱਠਜੋੜ ਦਾ ਐਲਾਨ ਕਰ ਦਿੱਤਾ ਗਿਆ।''

ਦਰਅਸਲ, ਬਹੁਮਤ ਹੱਥ 'ਚ ਨਾ ਆਉਣ ਕਰਕੇ ਭਾਜਪਾ ਅਤੇ ਕਾਂਗਰਸ ਵਿਚਾਲੇ ਕਿੰਗਮੇਕਰ ਬਣਕੇ ਉੱਭਰੀ ਜਨਤਾ ਦਲ ਸੈਕੂਲਰ ਅਤੇ ਹਲਾਤ ਨੇ ਉਸ ਨੂੰ ਕਿੰਗਮੇਕਰ ਦੇ ਨਾਲ-ਨਾਲ ਕਿੰਗ ਵੀ ਬਣਾ ਦਿੱਤਾ।

ਕਾਂਗਰਸ ਦਾ ਵੱਡਾ ਦਾਅ ਸੀ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਉਸਦੀ ਪੇਸ਼ਕਸ਼ ਕਰਨਾ। ਇਹ ਅਜਿਹਾ ਆਫ਼ਰ ਸੀ ਜਿਸ ਨੂੰ ਮੈਚ ਕਰ ਪਾਉਣਾ ਭਾਜਪਾ ਲਈ ਸੰਭਵ ਨਹੀਂ ਸੀ।

ਭਾਜਪਾ ਬੀ ਐਸ ਯੇਦੂਰੱਪੀ ਨੂੰ ਪਿੱਛੇ ਹਟਾ ਕੇ ਕੁਮਾਰਸਵਾਮੀ ਨੂੰ ਮੁੱਖ ਮੰਤਰੀ ਬਣਵਾਉਣ ਦੀ ਕੋਸ਼ਿਸ਼ ਕਰਦੀ, ਤਾਂ ਇਸ ਨਾਲ ਉਸਨੂੰ ਹੋਰ ਨੁਕਸਾਨ ਹੁੰਦਾ।

ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਕਾਂਗਰਸ ਨੇ ਪੁਰਾਣੀ ਕਾਂਗਰਸ ਵਰਗਾ ਕਮਾਲ ਕਰਕੇ ਦਿਖਾਇਆ। ਜਿਹੜਾ ਮੈਦਾਨ ਮਾਰ ਲੈਣ ਤੱਕ ਆਰਾਮ ਨਾਲ ਨਾ ਬੈਠਣ ਦੀ ਆਦਤ ਭਾਜਪਾ ਦਿਖਾਉਂਦੀ ਹੈ, ਉਹ ਇਸ ਵਾਰ ਕਾਂਗਰਸ 'ਚ ਦਿਖੀ।

ਸੀਨੀਅਰ ਪੱਤਰਕਾਰ ਉਰਮੀਲੇਸ਼ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੇ ਇਸ ਵਾਰ ਸਿਆਸੀ ਚਲਾਕੀ ਦਿਖਾਈ ਹੈ ਅਤੇ ਇਸ ਗੱਲ ਦਾ ਸਿਹਰਾ ਉਨ੍ਹਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ।

ਕਾਂਗਰਸ ਇਸ ਵਾਰ ਠੀਕ ਤਰੀਕੇ ਲੜੀ

ਉਨ੍ਹਾਂ ਨੇ ਕਿਹਾ, ''ਰਾਹੁਲ 'ਚ ਸੰਜੀਦਗੀ ਦਿਖੀ ਹੈ, ਹੁਣ ਉਹ ਪਹਿਲਾਂ ਵਰਗੇ ਨਹੀਂ ਹਨ...ਕਰਨਾਟਕ 'ਚ ਚੋਣ ਪ੍ਰਚਾਰ ਦੌਰਾਨ ਜਿਹੜੀ ਸਰਗਰਮੀ ਉਨ੍ਹਾਂ ਦਿਖਾਈ ਸੀ, ਉਹ ਨਤੀਜੇ ਆਉਣ ਤੋਂ ਬਾਅਦ ਵੀ ਜਾਰੀ ਰਹੀ।''

''ਕਾਂਗਰਸ ਦੀ ਕਮਾਨ ਹੁਣ ਪੂਰੀ ਤਰ੍ਹਾਂ ਰਾਹੁਲ ਦੇ ਹੱਥਾਂ ਵਿੱਚ ਹੈ ਅਤੇ ਸੋਨੀਆ ਦਾ ਸਾਥ ਉਨ੍ਹਾਂ ਨੂੰ ਮਿਲ ਰਿਹਾ ਹੈ। ਜਿਹੜੇ ਨੇਤਾ ਸੋਨੀਆ ਦੇ ਨਾਲ ਖੜੇ ਹੁੰਦੇ ਸਨ ਉਹ ਰਾਹੁਲ ਦੇ ਨਾਲ ਖੜੇ ਹਨ...ਗੁਲਾਮ ਨਬੀ ਆਜ਼ਾਦ, ਗਹਿਲੋਤ ਵਰਗੇ ਸੀਨੀਅਰ ਨੇਤਾ ਤੁਰੰਤ ਇਸ ਵਾਰ ਕੰਮ 'ਤੇ ਲਗਾ ਦਿੱਤੇ ਗਏ ਸਨ।''

ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਸਿਆਸੀ ਦਲ ਜਦੋਂ ਅਦਾਲਤ ਦਾ ਦਰਵਾਜ਼ਾ ਖੜਕਾ ਦੇਣ ਤਾਂ ਸਮਝ ਲਓ ਕਿ ਸਿਆਸੀ ਪਾਰਟੀ ਨੇ ਆਪਣੇ ਮੈਦਾਨ 'ਚ ਹਾਰ ਮੰਨ ਲਈ ਹੈ।

ਪਰ ਕਾਂਗਰਸ ਨੇ ਇਸ ਵਾਰ ਦੋ ਮੋਰਚਿਆਂ 'ਤੇ ਲੜਾਈ ਲੜੀ। ਰਾਜਪਾਲ ਨੇ ਜਦੋਂ ਬੀ ਐਸ ਯੇਦੂਰੱਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਅਤੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦਾ ਬੁਲਾਵਾ ਦਿੱਤਾ ਤਾਂ ਕਾਂਗਰਸ ਧਰਨੇ 'ਤੇ ਬੈਠ ਗਈ।

ਦੂਜੇ ਪਾਸੇ ਦੇਰ ਰਾਤ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਤਾਂ ਜੋ ਯੇਦੂਰੱਪਾ ਨੂੰ ਬਹੁਮਤ ਸਾਬਿਤ ਕਰਨ ਲਈ ਮਿਲੀ 15 ਦਿਨਾਂ ਦੀ ਮਿਆਦ ਨੂੰ ਘਟਾਇਆ ਜਾ ਸਕੇ।

ਯੇਦੂਰੱਪਾ ਦੇ ਸਹੁੰ ਚੁੱਕਣ ਦੇ ਬਾਵਜੂਦ ਕਾਂਗਰਸ ਨੇ ਖੇਡ ਪਲਟ ਦਿੱਤਾ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਾਂਗਰਸ ਦੀ ਦਲੀਲ 'ਤੇ ਮੁਹਰ ਲਗਾਈ ਅਤੇ ਬਹੁਮਤ ਸਾਬਿਤ ਕਰਨ ਲਈ ਮਹਿਜ਼ 28 ਘੰਟੇ ਦਿੱਤੇ।

ਵਿਧਾਇਕ ਬਚਾ ਕੇ ਰੱਖੇ

ਭਾਜਪਾ ਦੇ ਵਿਧਾਇਕ ਨੂੰ ਪ੍ਰੋਟੇਮ ਸਪੀਕਰ ਨਿਯੁਕਤ ਕੀਤਾ ਗਿਆ ਤਾਂ ਕਾਂਗਰਸ ਇੱਕ ਵਾਰ ਫ਼ਿਰ ਕੋਰਟ ਪਹੁੰਚੀ ਇਸ ਮਾਮਲੇ 'ਚ ਉਸ ਨੂੰ ਕਾਮਯਾਬੀ ਨਹੀਂ ਮਿਲੀ ਪਰ ਸਰਗਰਮੀ ਬਣੀ ਰਹੀ, ਜਿਸਦਾ ਲਾਭ ਉਸਨੂੰ ਹੋਇਆ।

ਕੋਰਟ ਤੋਂ ਮਿਲੀ ਰਾਹਤ ਤੋਂ ਬਾਅਦ ਕਾਂਗਰਸ ਦੇ ਸਾਹਮਣੇ ਦੂਜੀ ਚੁਣੌਤੀ ਸੀ ਆਪਣੇ ਵਿਧਾਇਕਾਂ ਨੂੰ ਦੂਜੇ ਪਾਸ ਡਿੱਗਣ ਤੋਂ ਬਚਾਉਣਾ ਅਤੇ ਉਹ ਇਸ 'ਚ ਵੀ ਕਾਮਯਾਬ ਰਹੀ।

ਜਨਤਾ ਦਲ ਦੇ 37 ਵਿਧਾਇਕਾਂ ਨੂੰ ਮੁੱਖ ਮੰਤਰੀ ਮਿਲ ਰਿਹਾ ਹੈ, ਇਸ ਲਈ ਉਨ੍ਹਾਂ ਦੇ ਦੂਜੇ ਪਾਸੇ ਜਾਣ ਦਾ ਖ਼ਦਸ਼ਾ ਘੱਟ ਸੀ, ਪਰ ਮੀਡੀਆ 'ਚ ਖ਼ਬਰਾਂ ਸਨ ਕਿ ਕਾਂਗਰਸ ਦੇ ਕੁਝ ਵਿਧਾਇਕ ਭਾਜਪਾ ਦੇ ਖੇਮੇ 'ਚ ਜਾ ਸਕਦੇ ਹਨ।

ਪਰ ਕਾਂਗਰਸ ਨੇ ਅਜਿਹਾ ਹੋਣ ਨਹੀਂ ਦਿੱਤਾ। ਫਲੋਰ ਟੈਸਟ ਹੋਇਆ ਤਾਂ ਸਾਫ਼ ਹੋ ਗਿਆ ਹੈ ਕਿ 8 ਵਿਧਾਇਕਾਂ ਦੀ ਕਮੀ ਨਾਲ ਜੂਝ ਰਹੀ ਭਾਜਪਾ ਲੋੜੀਂਦੀਆਂ ਸੀਟਾਂ ਹਾਸਿਲ ਕਰਨ 'ਚ ਅਸਫ਼ਲ ਰਹੀ...

ਅਤੇ ਬੀ ਐਸ ਯੇਦੂਰੱਪਾ ਨੇ ਅਸਤੀਫ਼ਾ ਦੇ ਦਿੱਤਾ।

ਭਾਜਪਾ ਲਈ ਝਟਕਾ

ਕਰਨਾਟਕ 'ਚ ਘੱਟ ਸੀਟਾਂ ਦੇ ਬਾਵਜੂਦ ਕਾਂਗਰਸ ਦੇ ਭਾਜਪਾ ਨੂੰ ਕੁਰਸੀ ਤੱਕ ਨਾ ਪਹੁੰਚਣ ਦੇਣ ਦੀ ਕਾਮਯਾਬੀ ਅਮਿਤ ਸ਼ਾਹ ਲਈ ਕਿੰਨਾ ਵੱਡਾ ਝਟਕਾ ਹੈ, ਨੀਰਜਾ ਨੇ ਕਿਹਾ, ''ਝਟਕਾ ਤਾਂ ਹੈ, ਪਰ ਮੌਕਾ ਵੀ ਹੈ।''

''ਭਾਜਪਾ ਇੰਤਜ਼ਾਰ ਕਰੇਗੀ ਕਿ ਕਾਂਗਰਸ ਅਤੇ ਜਨਤਾ ਦਲ (ਐਸ) ਗੱਠਜੋੜ ਦੇ ਕੁਝ ਵਿਰੋਧਾਭਾਸ ਸਾਹਮਣੇ ਆਉਣ, ਉਹ ਗ਼ਲਤੀਆਂ ਕਰਨ। ਭਾਜਪਾ ਉਨ੍ਹਾਂ ਦੀਆਂ ਗ਼ਲਤੀਆਂ ਦਾ ਇੰਤਜ਼ਾਰ ਕਰੇਗੀ ਅਤੇ ਫ਼ਿਰ ਮੌਕੇ ਦੀ ਤਲਾਸ਼ ਕਰੇਗੀ।''

''ਭਾਜਪਾ ਚਾਹੇਗੀ ਕਿ ਕਰਨਾਟਕ ਦੀਆਂ ਵਿਧਾਨਸਭਾ ਚੋਣਾਂ, 2019 ਦੀਆਂ ਲੋਕਸਭਾ ਚੋਣਾਂ ਦੇ ਨਾਲ ਹੋਣ। ਬੀ ਐਸ ਯੇਦੂਰੱਪਾ ਨੇ ਵੀ ਆਪਣੇ ਵਿਦਾਈਗੀ ਭਾਸ਼ਣ 'ਚ ਕਿਹਾ ਕਿ ਉਹ ਲੋਕਸਭੀ ਦੀ 28 ਵਿੱਚੋਂ 28 ਸੀਟਾਂ ਜਿੱਤਣਗੇ।''

ਪਰ ਕਾਂਗਰਸ ਦੀ ਇੱਹ ਜਿੱਤ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ, ''ਦੋਵੇਂ ਦਲ ਸੁਭਾਵਿਕ ਭਾਈਵਾਲ ਹਨ ਵੀ ਅਤੇ ਨਹੀਂ ਵੀ...ਕਾਂਗਰਸ ਅਤੇ ਜਨਤਾ ਦਲ (ਐਸ), ਇੱਕ-ਦੂਜੇ 'ਤੇ ਹਮਲਾ ਕਰਦੇ ਰਹੇ ਹਨ ਪਰ ਭਾਜਪਾ ਨੂੰ ਰੋਕਣ ਲਈ ਦੋਵੇ ਨਾਲ ਆਏ ਹਨ।''

ਮਮਤਾ ਬੈਨਰਜੀ ਨੇ ਕਰਨਾਟਕ ਤੋਂ ਬਾਅਦ ਸਾਫ਼ ਕਰ ਦਿੱਤਾ ਹੈ ਕਿ ਰਾਜਨੀਤਿਕ ਰਣਨੀਤੀ ਹੁਣ ਖ਼ੇਤਰੀ ਆਧਾਰ 'ਤੇ ਬਣਨ ਵਾਲੇ ਗੱਠਜੋੜ ਵੱਲ ਵਧ ਸਕਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਵਾਰ-ਵਾਰ ਇਹ ਸੰਕੇਤ ਵੀ ਮਿਲ ਰਹੇ ਹਨ। ਸਭ ਤੋਂ ਵੱਡੇ ਦਲ ਨੂੰ ਸਰਕਾਰ ਬਣਾਉਣ ਦਾ ਪਹਿਲਾ ਮੌਕਾ ਦਿੱਤਾ ਜਾਂਦਾ ਹੈ।

ਜੇ ਅੱਜ ਦੀ ਗੱਲ ਕਰੀਏ ਤਾਂ ਭਾਜਪਾ ਹੀ 2019 'ਚ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਉੱਭਰ ਸਕਦੀ ਹੈ। ਅਜਿਹੇ 'ਚ ਜੇਕਰ ਚੋਣਾਂ ਤੋਂ ਪਹਿਲਾਂ ਗੱਠਜੋੜ ਨਹੀਂ ਬਣਦਾ ਤਾਂ ਭਾਜਪਾ ਦੀਆਂ ਵਿਰੋਧੀ ਪਾਰਟੀਆਂ ਨੂੰ ਮੌਕਾ ਮਿਲਣਾ ਮੁਸ਼ਕਿਲ ਹੋਵੇਗਾ।

2019 ਤੋਂ ਪਹਿਲਾਂ 2018 ਦੀ ਜਿੱਤ ਕਾਂਗਰਸ ਦੇ ਖ਼ਾਤੇ ਵਿੱਚ ਗਈ। ਚੋਣਾਂ 'ਚ ਮਾਤ ਖਾਕੇ ਵੀ ਉਹ ਭਾਜਪਾ ਨੂੰ ਮਾਤ ਦੇਣ 'ਚ ਸਫ਼ਲ ਰਹੀ।

ਸਿਆਸਤ 'ਚ ਹਰਬਾ-ਜਰਬਾ ਵਰਤਣ ਦੀ ਨੀਤੀ ਚਲਦੀ ਹੈ ਤਾਂ ਕਾਂਗਰਸ ਨੇ ਦੇਰੀ ਨਾਲ ਹੀ ਸਹੀ, ਆਪਣੀ ਵਿਰੋਧੀ ਪਾਰਟੀ ਭਾਜਪਾ ਤੋਂ ਉਸ ਨੇ ਇਹ ਹੁਨਰ ਸਿੱਖਣਾ ਸ਼ੁਰੂ ਕਰ ਦਿੱਤਾ ਹੈ!

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)