5 ਸਰਕਾਰਾਂ ਜੋ ਸ਼ਕਤੀ ਪ੍ਰੀਖਣ ਦੌਰਾਨ ਡਿੱਗੀਆਂ

ਸੁਪਰੀਮ ਕੋਰਟ ਦੇ ਬਹੁਮਤ ਸਾਬਤ ਕਰਨ ਦੇ ਹੁਕਮ ਤੋਂ ਬਾਅਦ ਦੋ ਦਿਨ ਲਈ ਮੁੱਖ ਮੰਤਰੀ ਬਣੇ ਯੇਦੂਰੱਪਾ ਨੇ ਅਸਤੀਫ਼ਾ ਦੇ ਦਿੱਤਾ ਹੈ।

ਕਰਨਾਟਕ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਭਾਜਪਾ ਨੇਤਾ ਬੀਐੱਸ ਯੇਦੂਰੱਪਾ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਰਾਜਪਾਲ ਵਜੂਭਾਈ ਵਾਲਾ ਨੇ ਸਭ ਤੋਂ ਵੱਧ ਸੀਟਾਂ 'ਤੇ ਜਿੱਤ ਹਾਸਲ ਕਰਨ ਵਾਲੀ ਪਾਰਟੀ ਯਾਨਿ ਭਾਜਪਾ ਨੂੰ ਸਰਕਾਰ ਬਣਾਉਣ ਦਾ ਪ੍ਰਸਤਾਵ ਮਨਜ਼ੂਰ ਕੀਤਾ ਸੀ।

ਕਾਂਗਰਸ ਅਤੇ ਜੇਡੀਐੱਸ ਨੇ ਇਸਦਾ ਵਿਰੋਧ ਕੀਤਾ ਕਿਉਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਦੋਵੇਂ ਪਾਰਟੀਆਂ ਮਿਲ ਕੇ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹਨ।

ਭਾਰਤ ਦੀ ਸਿਆਸਤ ਵਿੱਚ ਇਹ ਦਿਲਚਸਪ ਮੌਕਾ ਪਹਿਲੀ ਵਾਰ ਨਹੀਂ ਆਇਆ। ਸਿਆਸਤ ਦਾ ਇਤਿਹਾਸ ਇਸ ਨਾਲ ਭਰਿਆ ਪਿਆ ਹੈ।

1979: ਸਹੁੰ ਚੁੱਕਣ ਤੋਂ 15 ਦਿਨ ਬਾਅਦ ਹੀ ਡਿੱਗ ਗਈ ਚਰਨ ਸਿੰਘ ਸਰਕਾਰ

ਦੇਸ ਵਿੱਚ ਐਮਰਜੈਂਸੀ ਲਾਗੂ ਕਰਨ ਤੋਂ ਲਗਭਗ ਦੋ ਸਾਲ ਬਾਅਦ ਵਿਰੋਧ ਦੀ ਲਹਿਰ ਤੇਜ਼ ਹੁੰਦੀ ਵੇਖ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਲੋਕ ਸਭਾ ਭੰਗ ਕਰਕੇ ਚੋਣਾਂ ਕਰਵਾਉਣ ਦੀ ਸਿਫ਼ਾਰਿਸ਼ ਕਰ ਦਿੱਤੀ।

ਚੋਣਾਂ ਵਿੱਚ ਐਮਰਜੈਂਸੀ ਲਾਗੂ ਕਰਨ ਦਾ ਫ਼ੈਸਲਾ ਕਾਂਗਰਸ ਲਈ ਘਾਤਕ ਸਾਬਤ ਹੋਇਆ। 30 ਸਾਲ ਬਾਅਦ ਕੇਂਦਰ ਵਿੱਚ ਕਿਸੀ ਗ਼ੈਰ-ਕਾਂਗਰਸੀ ਸਰਕਾਰ ਦਾ ਗਠਨ ਹੋਇਆ।

ਜਨਤਾ ਪਾਰਟੀ ਭਾਰੀ ਬਹੁਮਤ ਨਾਲ ਸੱਤਾ ਵਿੱਚ ਆਈ ਅਤੇ ਮੋਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣੇ। ਚਰਨ ਸਿੰਘ ਉਸ ਸਰਕਾਰ ਵਿੱਚ ਗ੍ਰਹਿ ਮੰਤਰੀ ਅਤੇ ਉਪ-ਪ੍ਰਧਾਨ ਮੰਤਰੀ ਬਣੇ।

ਪਾਰਟੀ ਵਿੱਚ ਅੰਦਰੂਨੀ ਝਗੜੇ ਕਾਰਨ ਮੋਰਾਰਜੀ ਦੇਸਾਈ ਦੀ ਸਰਕਾਰ ਡਿੱਗ ਗਈ। ਜਿਸ ਤੋਂ ਬਾਅਦ ਕਾਂਗਰਸ ਅਤੇ ਸੀਪੀਆਈ ਦੀ ਮਦਦ ਨਾਲ ਚਰਨ ਸਿੰਘ ਨੇ 28 ਜੁਲਾਈ 1979 ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ।

ਰਾਸ਼ਟਰਪਤੀ ਨੀਲਮ ਸੰਜੀਵ ਰੇਡੀ ਨੇ ਉਨ੍ਹਾਂ ਨੂੰ ਬਹੁਮਤ ਸਾਬਤ ਕਰਨ ਲਈ 20 ਅਗਸਤ ਤੱਕ ਦਾ ਸਮਾਂ ਦਿੱਤਾ। ਪਰ ਇੱਕ ਦਿਨ ਪਹਿਲਾਂ ਯਾਨਿ 19 ਅਗਸਤ ਨੂੰ ਹੀ ਇੰਦਰਾ ਗਾਂਧੀ ਨੇ ਆਪਣਾ ਸਮਰਥਨ ਵਾਪਿਸ ਲੈ ਲਿਆ ਅਤੇ ਫਲੋਰ ਟੈਸਟ ਦਾ ਸਾਹਮਣਾ ਕੀਤੇ ਬਿਨਾਂ ਉਨ੍ਹਾਂ ਨੇ ਆਪਣਾ ਅਸਤੀਫ਼ਾ ਦੇ ਦਿੱਤਾ।

1989: ਬਿਹਾਰ ਵਿੱਚ ਰਥ ਯਾਤਰਾ ਰੁਕੀ, ਉੱਧਰ ਦਿੱਲੀ ਦੀ ਸਰਕਾਰ ਡਿੱਗੀ

ਦੂਜੀ ਕਹਾਣੀ ਹੈ 1989 ਦੀ। ਇੱਕ ਸਾਲ ਪਹਿਲਾਂ ਯਾਨਿ 1988 ਵਿੱਚ ਜੈ ਪ੍ਰਕਾਸ਼ ਨਾਰਾਇਣ ਦੇ ਜਨਮ ਦਿਨ11 ਅਕਤੂਬਰ ਨੂੰ ਜਨਮੋਰਚਾ, ਜਨਤਾ ਪਾਰਟੀ, ਲੋਕਦਲ ਅਤੇ ਕਾਂਗਰਸ (ਐਸ) ਦਾ ਰਲੇਵਾਂ ਹੋਇਆ ਅਤੇ ਨਵੀਂ ਪਾਰਟੀ ਜਨਤਾ ਦਲ ਦਾ ਗਠਨ ਹੋਇਆ।

ਵੀਪੀ ਸਿੰਘ ਨੂੰ ਜਨਤਾ ਦਲ ਦਾ ਪ੍ਰਧਾਨ ਚੁਣਿਆ ਗਿਆ। ਇਨ੍ਹਾਂ ਦੀ ਅਗਵਾਈ ਵਿੱਚ ਕਈ ਖੇਤਰੀ ਧੜੇ ਇੱਕ ਝੰਡੇ ਹੇਠ ਆਏ ਅਤੇ ਨੈਸ਼ਨਲ ਫਰੰਟ ਦਾ ਗਠਨ ਹੋਇਆ।

1989 ਵਿੱਚ ਚੋਣਾਂ ਹੋਈਆਂ। ਨੈਸ਼ਨਲ ਫਰੰਟ ਨੂੰ ਚੰਗੀ ਸਫ਼ਲਤਾ ਮਿਲੀ ਪਰ ਐਨੀ ਨਹੀਂ ਕਿ ਉਹ ਸਰਕਾਰ ਬਣਾ ਸਕੇ।

ਨੈਸ਼ਨਲ ਫਰੰਟ ਨੇ ਭਾਜਪਾ ਅਤੇ ਖੱਬੇ ਪੱਖੀ ਪਾਰਟੀਆਂ ਦਾ ਬਾਹਰੋਂ ਸਮਰਥਨ ਹਾਸਲ ਕਰਕੇ ਸਰਕਾਰ ਬਣਾ ਲਈ। ਵੀਪੀ ਸਿੰਘ ਪ੍ਰਧਾਨ ਮੰਤਰੀ ਬਣੇ।

ਇੱਕ ਸਾਲ ਹੋਇਆ ਸੀ ਕਿ ਭਾਜਪਾ ਨੇ ਰਥ ਯਾਤਰਾ ਦੀ ਸ਼ੁਰੂਆਤ ਕੀਤੀ। ਰਥ ਕਈ ਸੂਬਿਆਂ ਤੋਂ ਹੁੰਦਾ ਹੋਇਆ ਬਿਹਾਰ ਪੁੱਜਿਆ। ਬਿਹਾਰ ਵਿੱਚ ਜਨਤਾ ਦਲ ਦੀ ਸਰਕਾਰ ਸੀ ਅਤੇ ਲਾਲੂ ਪ੍ਰਸਾਦ ਯਾਦਵ ਮੁੱਖ ਮੰਤਰੀ ਸੀ।

ਉਨ੍ਹਾਂ ਨੇ ਲਾਲਕ੍ਰਿਸ਼ਨ ਅਡਵਾਨੀ ਦੇ ਰਥ ਦੀ ਰਫ਼ਤਾਰ 'ਤੇ ਲਗਾਮ ਲਗਾ ਦਿੱਤੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਫਿਰ ਕੀ ਸੀ, ਭਾਜਪਾ ਨੇ ਕੇਂਦਰ ਸਰਕਾਰ ਤੋਂ ਆਪਣਾ ਸਮਰਥਨ ਵਾਪਿਸ ਲੈ ਲਿਆ ਅਤੇ ਸਰਕਾਰ ਡਿੱਗ ਗਈ।

1990: ਰਾਜੀਵ ਗਾਂਧੀ ਦੀ ਜਾਸੂਸ 'ਤੇ ਡਿੱਗ ਗਈ ਸਰਕਾਰ

ਭਾਰਤ ਦੀ ਸਿਆਸਤ ਦੇ ਇਤਿਹਾਸ ਦਾ ਅਗਲਾ ਪੰਨਾ ਪਲਟਦੇ ਹਾਂ ਅਤੇ ਸਾਲ 1990 ਦੀ ਗੱਲ ਕਰਦੇ ਹਾਂ। ਵੀਪੀ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਜਨਤਾ ਦਲ ਦੇ ਨੇਤਾ ਚੰਦਰਸ਼ੇਖਰ ਨੇ ਆਪਣੇ ਸਮਰਥਕਾਂ ਨਾਲ ਪਾਰਟੀ ਛੱਡ ਦਿੱਤੀ ਅਤੇ ਸਮਾਜਵਾਦੀ ਜਨਤਾ ਪਾਰਟੀ ਦਾ ਗਠਨ ਕੀਤਾ।

1991 ਵਿੱਚ ਚੋਣਾਂ ਹੋਈਆਂ ਅਤੇ ਉਨ੍ਹਾਂ ਦੀ ਪਾਰਟੀ ਨੇ 64 ਸੀਟਾਂ 'ਤੇ ਜਿੱਤ ਹਾਸਲ ਕੀਤੀ। ਸੰਸਦ ਦੇ ਫਲੋਰ ਟੈਸਟ ਵਿੱਚ ਕਾਂਗਰਸ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਚੰਦਰਸ਼ੇਖਰ ਪ੍ਰਧਾਨ ਮੰਤਰੀ ਬਣ ਗਏ।

ਤਕਰੀਬਨ 7 ਮਹੀਨੇ ਬਾਅਦ ਕੁਝ ਅਜਿਹਾ ਹੋਇਆ ਕਿ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ। 2 ਮਾਰਚ 1991 ਨੂੰ ਹਰਿਆਣਾ ਪੁਲਿਸ ਦੇ ਸਿਪਾਹੀ ਪ੍ਰੇਮ ਸਿੰਘ ਅਤੇ ਰਾਜ ਸਿੰਘ ਰਾਜੀਵ ਗਾਂਧੀ ਦੇ ਨਿਵਾਸ 10 ਜਨਪਥ ਦੇ ਬਾਹਰ ਜਾਸੂਸੀ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤੇ ਗਏ।

ਦੋਵੇਂ ਸਾਦੇ ਕੱਪੜਿਆਂ ਵਿੱਚ ਸੀ ਅਤੇ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੇ ਮੰਨ ਲਿਆ ਕਿ ਉਨ੍ਹਾਂ ਨੂੰ ਕੁਝ ਜਾਣਕਾਰੀ ਇਕੱਠੀ ਕਰਨ ਲਈ ਉੱਥੇ ਭੇਜਿਆ ਗਿਆ ਸੀ।

ਮਾਮਲੇ ਨੂੰ ਲੈ ਕੇ ਭੁਚਾਲ ਆ ਗਿਆ ਅਤੇ ਕਾਂਗਰਸ ਨੇ ਕੇਂਦਰ ਸਰਕਾਰ ਤੋਂ ਆਪਣਾ ਸਮਰਥਨ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਸੰਸਦ ਵਿੱਚ ਫਲੋਰ ਟੈਸਟ ਦੀ ਨੋਬਤ ਆ ਗਈ। ਫਲੋਰ ਟੈਸਟ ਹੋਣਾ ਹੀ ਸੀ ਕਿ ਇਸ ਤੋਂ ਪਹਿਲਾਂ ਚੰਦਰਸ਼ੇਖਰ ਨੇ ਸਭ ਨੂੰ ਹੈਰਾਨ ਕਰਦੇ ਹੋਏ 6 ਮਾਰਚ 1991 ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

1992: ਜਦੋਂ ਮਾਇਆਵਤੀ ਨੇ ਕੁਰਸੀ ਦੀ ਚਾਹ 'ਚ ਖ਼ੁਦ ਦਾ ਫਲੋਰ ਟੈਸਟ ਕਰਵਾ ਲਿਆ

ਇਹ ਫਲੋਰ ਟੈਸਟ ਦੀ ਦਿਲਚਸਪ ਕਹਾਣੀ ਹੈ ਉੱਤਰ ਪ੍ਰਦੇਸ਼ ਦੀ। ਸਾਲ 1992 ਵਿੱਚ ਮੁਲਾਇਮ ਸਿੰਘ ਯਾਦਵ ਨੇ ਸਮਾਜਵਾਦੀ ਜਨਤਾ ਪਾਰਟੀ ਤੋਂ ਵੱਖ ਹੋ ਕੇ ਸਮਾਜਵਾਦੀ ਪਾਰਟੀ ਦਾ ਗਠਨ ਕੀਤਾ।

ਇੱਕ ਸਾਲ ਬਾਅਦ ਉੱਤਰ ਪ੍ਰਦੇਸ਼ ਵਿੱਚ ਵਿਵਾਦਤ ਢਾਂਚਾ ਧਵਸਤ ਕਰ ਦਿੱਤਾ ਗਿਆ। ਕਲਿਆਣ ਸਿੰਘ ਦੀ ਸਰਕਾਰ ਨੂੰ ਇਸ ਘਟਨਾ ਤੋਂ ਬਾਅਦ ਬਰਖ਼ਾਸਤ ਕਰ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਚੋਣਾਂ ਹੋਈਆਂ ਸੀ। ਸਮਾਜਵਾਦੀ ਪਾਰਟੀ ਅਤੇ ਮਾਇਆਵਤੀ ਦੀ ਬਹੁਜਨ ਸਮਾਜਵਾਦੀ ਪਾਰਟੀ ਦਾ ਗਠਜੋੜ ਹੋਇਆ। ਦੋਵਾਂ ਪਾਰਟੀਆਂ ਨੇ ਮਿਲ ਕੇ ਸਰਕਾਰ ਬਣਾਈ। ਹਾਲਾਂਕਿ ਗਠਜੋੜ ਦੀ ਇਹ ਸਰਕਾਰ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੀ।

ਬਸਪਾ ਨੇ ਆਪਣਾ ਸਮਰਥਨ ਵਾਪਿਸ ਲੈ ਲਿਆ। ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਫਲੋਰ ਟੈਸਟ ਹੋਇਆ ਅਤੇ ਭਾਜਪਾ ਦੇ ਸਮਰਥਨ ਨਾਲ ਮਾਇਆਵਤੀ ਮੁੱਖ ਮੰਤਰੀ ਬਣੀ ਅਤੇ ਸਮਾਜਵਾਦੀ ਪਾਰਟੀ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰਦੀ ਹੋਈ ਸੱਤਾ ਤੋਂ ਬਾਹਰ ਹੋ ਗਈ।

1999: ਜਦੋਂ ਇੱਕ ਵੋਟ ਨਾਲ ਵਾਜਪੇਈ ਦੀ ਸਰਕਾਰ ਡਿੱਗੀ ਸੀ

ਸਾਲ 1998 ਵਿੱਚ ਲੋਕ ਸਭ ਚੋਣਾਂ ਹੋਈਆਂ ਸੀ। ਚੋਣਾਂ ਵਿੱਚ ਕਿਸੇ ਵੀ ਪਾਰਟੀਆਂ ਨੂੰ ਬਹੁਮਤ ਨਹੀਂ ਮਿਲਿਆ ਸੀ ਪਰ ਅੰਨਾਦ੍ਰਮੁਕ ਦੀ ਮਦਦ ਨਾਲ ਰਾਸ਼ਟਰੀ ਜਨਤੰਤਰਿਕ ਗਠਜੋੜ ਨੇ ਕੇਂਦਰ ਵਿੱਚ ਸਰਕਾਰ ਬਣਾਈ।

13 ਮਹੀਨੇ ਬਾਅਦ ਅੰਨਾਦ੍ਰਮੁਕ ਨੇ ਆਪਣਾ ਸਮਰਥਨ ਵਾਪਿਸ ਲੈ ਲਿਆ ਅਤੇ ਸਰਕਾਰ ਮੁਸ਼ਕਿਲ ਵਿੱਚ ਆ ਗਈ। ਵਿਰੋਧੀ ਧਿਰ ਦੀ ਮੰਗ 'ਤੇ ਰਾਸ਼ਟਰਪਤੀ ਨੇ ਸਰਕਾਰ ਨੂੰ ਆਪਣਾ ਬਹੁਮਤ ਸਾਬਤ ਕਰਨ ਲਈ ਕਿਹਾ।

ਸੰਸਦ ਵਿੱਚ ਫਲੋਰ ਟੈਸਟ ਹੋਇਆ ਅਤੇ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਇੱਕ ਵੋਟ ਨਾਲ ਡਿੱਗ ਗਈ। ਕਿਸੇ ਨੂੰ ਅਜਿਹਾ ਹੋਣ ਦੀ ਉਮੀਦ ਨਹੀਂ ਸੀ।

ਜਿਸ ਇੱਕ ਵੋਟ ਨਾਲ ਸਰਕਾਰ ਡਿੱਗੀ ਸੀ ਉਹ ਵੋਟ ਸੀ ਓੜੀਸ਼ਾ ਦੇ ਮੁੱਖ ਮੰਤਰੀ ਗਿਰਧਰ ਗਮਾਂਗ ਦੀ। ਗਮਾਂਗ ਉਸ ਸਮੇਂ ਓੜੀਸ਼ਾ ਦੇ ਮੁੱਖ ਮੰਤਰੀ ਸੀ ਅਤੇ ਸੰਸਦ ਮੈਂਬਰ ਵੀ। ਉਹ ਇਸ ਫਲੋਰ ਟੈਸਟ ਵਿੱਚ ਆਪਣਾ ਵੋਟ ਦੇਣ ਲਈ ਵਿਸ਼ੇਸ਼ ਰੂਪ ਨਾਲ ਦਿੱਲੀ ਆਏ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)