ਕਰਨਾਟਕ 'ਚ 'ਆਪਰੇਸ਼ਨ MLA ਬਚਾਓ' ਦੀ ਹਕੀਕਤ: ਗਰਾਊਂਡ ਰਿਪੋਰਟ

    • ਲੇਖਕ, ਨਿਤਿਨ ਸ਼੍ਰੀਵਾਸਤਵ
    • ਰੋਲ, ਕਰਨਾਟਕ ਤੋਂ ਬੀਬੀਸੀ ਪੱਤਰਕਾਰ

ਕਰਨਾਟਕ ਦੇ ਭਾਰਤੀ ਜਨਤਾ ਪਾਰਟੀ ਦੇ ਆਗੂ ਬੀਐਸ ਯੇਦੂਰੱਪਾ ਮੁੱਖ ਮੰਤਰੀ ਬਣਦਿਆਂ ਹੀ ਕੁਝ ਅਫ਼ਸਰਾਂ ਦੇ ਤਬਾਦਲੇ ਕਰ ਚੁੱਕੇ ਹਨ ਪਰ ਉਸਦਾ ਟੀਚਾ ਵਿਧਾਨ ਸਭਾ ਵਿੱਚ ਹੋਣ ਵਾਲੇ ਫਲੋਰ ਟੈਸਟ ਪਾਸ ਕਰਨਾ ਹੈ।

ਉਸੇ ਫਲੋਰ ਟੈਸਟ ਤੋਂ ਪਹਿਲਾਂ ਆਪਣੇ ਵਿਧਾਇਕਾਂ ਨੂੰ 'ਬਚਾ' ਕੇ ਰੱਖਣ ਵਿੱਚ ਲੱਗੀਆਂ ਹੋਈਆਂ ਕਾਂਗਰਸ ਅਤੇ ਜਨਤਾ ਦਲ (ਸੈਕੂਲਰ) ਪਾਰਟੀਆਂ।

ਇਸੇ ਡਰ ਨਾਲ ਵਿਧਾਇਕ ਹੱਥੋਂ ਨਾ ਨਿਕਲ ਜਾਵੇ। ਇਸ ਲਈ ਦੋਵਾਂ ਦਲਾਂ ਨੇ ਆਪਣੇ ਵਿਧਾਇਕਾਂ ਨੂੰ ਬੰਗਲੁਰੂ ਤੋਂ ਬਾਹਰ ਹੈਦਰਾਬਾਦ ਭੇਜ ਦਿੱਤਾ ਹੈ।

ਜ਼ਰਾ ਧਿਆਨ ਦਿਓ ਕਿ ਦੋਵੇਂ ਦਲਾਂ ਨੇ ਅਜਿਹਾ ਕਰਨ ਤੋਂ ਪਹਿਲਾਂ ਕਿੰਨਾ 'ਮਾਹੌਲ ਬਣਾਇਆ', ਜਿਸ ਵਿੱਚ ਮੀਡੀਆ ਨੂੰ ਇਸ ਦੀ ਸੂਹ ਵੀ ਨਹੀਂ ਲੱਗਣ ਦਿੱਤੀ ਗਈ।

ਨਿਜੀ ਸੁਰੱਖਿਆ ਅਤੇ ਬਾਊਂਸਰ

ਵੀਰਵਾਰ ਦੁਪਹਿਰ ਵੇਲੇ ਕਾਂਗਰਸ ਅਤੇ ਜੇਡੀਐਸ ਦੇ ਵਿਧਾਇਕਾਂ ਨੂੰ ਏਅਰਕੰਡੀਸ਼ਨ ਬੱਸਾਂ ਵਿੱਚ ਵਿਧਾਨ ਸਭਾ ਲਿਆਂਦਾ ਗਿਆ ਸੀ, ਜਿਸ ਕਰਕੇ ਉਹ ਸਹੁੰ ਚੁੱਕ ਸਮਾਗਮ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ।

ਇਸ ਤੋਂ ਬਾਅਦ ਦੋ ਵਜੇ ਦੇ ਕਰੀਬ ਕਾਂਗਰਸ ਵਿਧਾਇਕ ਬੰਗਲੁਰੂ-ਮੈਸੂਰ ਰੋਡ 'ਤੇ ਈਗਲਟਨ ਰਿਜ਼ੌਰਟ ਭੇਜ ਦਿੱਤੇ ਗਏ।

ਜੇਡੀਐਸ ਦੇ ਵਿਧਾਇਕਾਂ ਨੂੰ ਸ਼ਹਿਰ ਦੇ ਪ੍ਰਸਿੱਧ ਸ਼ਾਂਗਰੀ-ਲਾ ਹੋਟਲ ਵਿੱਚ ਭੇਜ ਦਿੱਤਾ ਗਿਆ।

ਖ਼ਾਸ ਗੱਲ ਇਹ ਹੈ ਕਿ ਦੋਵਾਂ ਥਾਵਾਂ 'ਤੇ ਪਾਰਟੀਆਂ ਨੇ ਨਿੱਜੀ ਸੁਰੱਖਿਆ ਅਤੇ ਬਾਊਂਸਰ ਤੱਕ ਤਾਇਨਾਤ ਕੀਤੇ ਹੋਏ ਹਨ।

ਸੁੱਖ ਦਾ ਸਾਹ

ਪਰ ਖਲਬਲੀ ਉਦੋਂ ਮਚੀ ਜਦੋਂ ਕਾਂਗਰਸ ਦਾ ਇੱਕ ਵਿਧਾਇਕ ਬਿਨਾਂ ਕਿਸੇ ਨੂੰ ਦੱਸੇ ਆਪਣੀ ਗੱਡੀ ਵਿੱਚ ਬੈਠਿਆ ਅਤੇ ਰਿਜ਼ੌਰਟ ਤੋਂ ਬਾਹਰ ਸ਼ਹਿਰ ਵੱਲ ਤੁਰ ਗਿਆ।

ਕਾਂਗਰਸ ਖੇਮੇ ਵਿੱਚ ਅਫਰਾ-ਤਫਰੀ ਮਚ ਗਈ ਕਿਉਂਕਿ ਪਹਿਲਾਂ ਹੀ ਇੱਕ ਵਿਧਾਇਕ ਆਨੰਦ ਸਿੰਘ ਦੇ 'ਲਾਪਤਾ' ਰਹਿਣ ਨਾਲ ਝਟਕਾ ਲੱਗਾ ਸੀ।

ਹਾਲਾਂਕਿ ਡੇਢ ਘੰਟੇ ਬਾਅਦ ਪਤਾ ਲੱਗਾ ਕਿ ਵਿਧਾਇਕ ਨੂੰ ਬੁਖ਼ਾਰ ਚੜ੍ਹ ਗਿਆ ਸੀ ਅਤੇ ਉਹ ਆਪਣੇ ਨਿੱਜੀ ਡਾਕਟਰ ਕੋਲ ਗਏ ਸਨ।

ਉਨ੍ਹਾਂ ਦੇ ਰਿਜ਼ੌਰਟ ਵਿੱਚ ਵਾਪਸ ਆਉਣ ਤੋਂ ਬਾਅਦ ਪਾਰਟੀ ਨੇ ਸੁੱਖ ਦਾ ਸਾਹ ਲਿਆ।

ਇਧਰ ਰਿਜ਼ੌਰਟ 'ਚ ਵਿਧਾਇਕਾਂ ਦੇ ਪਰਿਵਾਰ ਵਾਲਿਆਂ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ।

ਬਹਿਸਬਾਜ਼ੀ

ਸ਼ਾਮ 6 ਵਜੇ ਸਾਡੇ ਸਾਹਮਣੇ ਇੱਕ ਵਿਧਾਇਕ ਦੇ ਭਤੀਜੇ ਇੱਕ ਆਲੀਸ਼ਾਨ ਗੱਡੀ ਵਿੱਚ ਬੈਠ ਕੇ ਰਿਜ਼ੌਰਟ ਦੇ ਇੱਕ ਗੇਟ 'ਤੇ ਪਹੁੰਚੇ ਹਨ।

ਨਿੱਜੀ ਗਾਰਡਜ਼ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ ਅਤੇ ਇਸ ਨੂੰ ਲੈ ਕੇ ਲੰਬੀ ਬਹਿਸ ਵੀ ਹੋਈ।

ਰਿਜ਼ੌਰਟ ਦੇ ਬਾਹਰ ਕੁਝ ਅਜਿਹੇ ਲੋਕ ਵੀ ਦਿਖਣ ਲੱਗੇ ਜੋ 'ਅਣਜਾਣ' ਜਿਹੇ ਲੱਗ ਰਹੇ ਸਨ।

ਇੱਕ ਗਾਰਡ ਨੇ ਕਿਹਾ, "ਇਹ ਦੂਜੇ ਖੇਮੇ ਦੇ ਲੱਗਦੇ ਹਨ। ਇੱਥੋਂ ਦਾ ਆਸਰਾ ਲੈ ਰਹੇ ਹਨ।"

ਹੁਣ ਤੱਕ ਕਾਂਗਰਸ ਇਹ ਮਨ ਬਣਾ ਚੁੱਕੀ ਸੀ ਕਿ ਵਿਧਾਇਕਾਂ ਨੂੰ ਬੰਗਲੁਰੂ ਹੀ ਨਹੀਂ ਪ੍ਰਦੇਸ਼ ਵਿੱਚ ਰੱਖਣਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ।

ਦੇਰ ਸ਼ਾਮ ਇਹ ਖ਼ਬਰ ਫੈਲਾ ਦਿੱਤੀ ਗਈ ਕਿ ਵਿਧਾਇਕ ਕੋਚੀ ਭੇਜੇ ਜਾ ਰਹੇ ਹਨ। ਤਿੰਨ ਨਿੱਜੀ ਚਾਰਟਡ ਜਹਾਜ਼ਾਂ ਦੇ ਆਉਣ ਦੀ ਖ਼ਬਰ ਵੀ ਫੈਲ ਰਹੀ ਸੀ ਕਿ ਜਹਾਜ਼ ਵਿਧਾਇਕਾਂ ਨੂੰ ਲਿਜਾਣ ਲਈ ਆ ਰਹੇ ਹਨ।

ਪਰ ਜਾਣਕਾਰਾਂ ਮੁਤਾਬਕ ਹਕੀਕਤ ਇਹ ਸੀ ਕਿ ਦਰਅਸਲ ਵਿਧਾਇਕਾਂ ਨੂੰ ਬੱਸਾਂ ਰਾਹੀਂ ਹੀ ਰਵਾਨਾ ਕਰਨਾ ਸੀ।

ਕਿਥੋਂ, ਕਿੱਥੇ ਤੱਕ

ਬੱਸਾਂ ਨੇ ਚੱਲਣਾ ਸ਼ੁਰੂ ਕੀਤਾ ਪੁਡੂਚੇਰੀ ਵੱਲੋਂ ਪਰ ਕੁਝ ਦੇਰ ਬਾਅਦ ਉਨ੍ਹਾਂ ਨੂੰ ਹੈਦਰਾਬਾਦ ਵੱਲ ਮੋੜ ਦਿੱਤਾ ਗਿਆ।

ਇਸ ਵਿਚਾਲੇ ਬੰਗਲੁਰੂ ਵਿੱਚ ਜੇਡੀਐਸ ਵਿਧਾਇਕਾਂ ਨੂੰ ਸ਼ਾਂਗਰੀ-ਲਾ ਹੋਟਲ ਵਿੱਚ ਦੋ ਵੱਡੀਆਂ ਬੱਸਾਂ ਵਿੱਚ ਬਿਠਾਇਆ ਗਿਆ ਅਤੇ ਉਨ੍ਹਾਂ ਨੂੰ ਕੋਚੀ ਦੇ ਰਸਤੇ 'ਤੇ ਰਵਾਨਾ ਕਰ ਦਿੱਤਾ ਗਿਆ।

ਬੱਸ ਵਿੱਚ ਬੈਠੇ ਇੱਕ ਵਿਧਾਇਕ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਵੀ ਪਤਾ ਸੀ ਕਿ ਉਹ ਕੋਚੀ ਜਾ ਰਹੇ ਹਨ। ਪਰ ਰਾਤੋ-ਰਾਤ ਬੱਸਾਂ ਨੂੰ ਹੈਦਰਾਬਾਦ ਵੱਲ ਮੋੜ ਦਿੱਤਾ ਗਿਆ ।

ਉਨ੍ਹਾਂ ਨੇ ਕਿਹਾ, "ਹੁਣ ਅਸੀਂ ਹੈਦਰਾਬਾਦ ਵਿੱਚ ਹਾਂ ਅਤੇ ਉਮੀਦ ਹੈ ਕਿ ਸੁਪਰੀਮ ਕੋਰਟ ਵਿਧਾਨ ਸਭਾ ਵਿੱਚ ਫਲੋਰ ਟੈਸਟ ਲਈ ਦਿੱਤੀ ਗਈ 15 ਦਿਨਾਂ ਦੀ ਮੋਹਲਤ ਨੂੰ ਘਟਾਇਆ ਗਿਆ। ਇਸ ਨਾਲ ਸਾਡਾ ਤਣਾਅ ਵੀ ਘੱਟ ਹੋਵੇਗਾ।"

ਫਿਲਹਾਲ ਦੋਵਾਂ ਪਾਰਟੀਆਂ ਦੇ ਵਿਧਾਇਕ ਕਰਨਾਟਕ ਤੋਂ ਬਾਹਰ ਪਹੁੰਚਾ ਦਿੱਤੇ ਗਏ ਹਨ।

ਜਦਕਿ ਭਾਰਤੀ ਜਨਤਾ ਪਾਰਟੀ ਨੇ 'ਹੌਰਸ-ਟ੍ਰੇਡਿੰਗ' ਵਰਗੀ ਕਿਸੇ ਚੀਜ਼ ਤੋਂ ਇਨਕਾਰ ਕਰਦੇ ਹੋਏ ਦੋਵਾਂ ਪਾਰਟੀਆਂ 'ਤੇ ਆਪਣੇ ਵਿਧਾਇਕਾਂ ਨੂੰ 'ਦਬਾਅ ਕੇ ਰੱਖਣ' ਦਾ ਇਲਜ਼ਾਮ ਲਗਾਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)