ਕਰਨਾਟਕ ਸਿਆਸਤ : 'ਨਚਾਉਣ ਵਾਲਿਆਂ ਦੇ ਹਾਰਨ 'ਤੇ ਕਠਪੁਤਲੀਆਂ ਟੁੱਟ ਜਾਂਦੀਆਂ ਨੇ'

ਕਰਨਾਟਕ ਵਿਧਾਨ ਸਭਾ ਵਿੱਚ ਆਪਣੀ ਸਰਕਾਰ ਦਾ ਬਹੁਮਤ ਸਾਬਤ ਕਰਨ ਲਈ ਸੱਦੇ ਗਏ ਵਿਸ਼ੇਸ਼ ਇਜਲਾਸ ਵਿੱਚ ਫਲੋਰ ਟੈਸਟ ਤੋਂ ਪਹਿਲਾਂ ਹੀ ਯੇਦੂਰੱਪਾ ਨੇ ਇੱਕ ਭਾਵੁਕ ਭਾਸ਼ਨ ਤੋਂ ਬਾਅਦ ਅਸਤੀਫ਼ਾ ਰਾਜਪਾਲ ਨੂੰ ਸੌਂਪਣ ਦਾ ਐਲਾਨ ਕਰ ਦਿੱਤਾ।

ਖ਼ਾਸ ਗੱਲ ਇਹ ਰਹੀ ਕਿ ਜਿੱਥੇ ਜੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣ ਜਾਂਦੀ ਤਾਂ ਇਸ ਨਾਲ ਕੇਂਦਰ ਵਿੱਚ ਸੱਤਾਧਾਰੀ ਪਾਰਟੀ ਦੀ ਸੂਬਿਆਂ ਵਿੱਚ ਵੀ ਚੜਤ ਹੋ ਜਾਂਦੀ। ਭਾਜਪਾ ਦੇ ਇਸ ਜੇਤੂ ਮਾਰਚ ਨੂੰ ਕਾਂਗਰਸ ਅਤੇ ਜਨਤਾ ਦਲ ਸੈਕੁਲਰ ਨੇ ਮਿਲ ਕੇ ਰੋਕਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਅਸਤੀਫ਼ੇ ਦੇ ਐਲਾਨ ਅਤੇ ਉਸ ਤੋਂ ਪਹਿਲਾਂ ਕਈ ਆਗੂ ਟਵਿੱਟਰ ਉੱਤੇ ਆਪਣੀਆਂ ਟਿੱਪਣੀਆਂ ਦਰਜ ਕੀਤੀਆਂ। ਆਓ ਪਾਈਏ ਇੱਕ ਨਜ਼ਰ ਕਿ ਕਿਹੜੇ ਆਗੂ ਨੇ ਕੀ ਕਿਹਾ-

ਪੀ ਚਿਦੰਬਰਮ ਨੇ ਲਿਖਿਆ- ਵਿਚਾਰੇ ਯੇਦੂਰੱਪਾ। ਜਦੋਂ ਪੁਤਲੀਆਂ ਨਚਾਉਣ ਵਾਲੇ ਹਾਰ ਜਾਂਦੇ ਹਨ ਤਾਂ ਕਠਪੁਤਲੀਆਂ ਗਿਰ ਜਾਂਦੀਆਂ ਹਨ ਅਤੇ ਟੁੱਟ ਜਾਂਦੀਆਂ ਹਨ।

ਯਸ਼ਵੰਤ ਸਿਨਹਾ ਨੇ ਲਿਖਿਆ- ਕਰਨਾਟਕ ਦਿਖਾਉਂਦਾ ਹੈ ਕਿ ਖੇਤਰੀ ਸਿਆਸਤ ਵਿੱਚ ਕੁਝ ਨੈਤਿਕਤਾ ਬਚੀ ਹੈ ਪਰ ਅਫਸੋਸ ਭਾਜਪਾ ਨਹੀਂ। ਹੁਣ ਰਾਜਪਾਲ ਨੂੰ ਵੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਬੰਗਾਲ ਦੀ ਆਗੂ ਮਮਤਾ ਬੈਨਰਜੀ ਨੇ ਲਿਖਿਆ- ਲੋਕ ਤੰਤਰ ਦੀ ਜਿੱਤ ਹੋਈ ਹੈ। ਕਰਨਾਟਕ ਨੂੰ ਵਧਾਈਆਂ। ਦੇਵੇਗੋੜਾ ਜੀ, ਕੁਮਾਰਸਵਾਮੀ, ਕਾਂਗਰਸ ਅਤੇ ਹੋਰਾਂ ਨੂੰ ਵਧਾਈਆਂ। ਇਹ ਖੇਤਰੀ ਫਰੰਟ ਦੀ ਜਿੱਤ ਹੈ।

ਸੀਨੀਅਰ ਪੱਤਰਕਾਰ ਬਰਖਾ ਦੱਤ ਨੇ ਲਿਖਿਆ- ਜੇ ਮੈਂ ਰਵੀ ਸ਼ਾਸਤਰੀ ਹੁੰਦੀ ਤਾਂ ਕਹਿੰਦੀ ਕਿ ਲੋਕ ਤੰਤਰ ਮੈਚ ਜਿੱਤ ਗਿਆ ਹੈ ਅਤੇ ਮੈਨ ਆਫ ਦਾ ਮੈਚ ਹੈ, ਸੁਪਰੀਮ ਕੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)