You’re viewing a text-only version of this website that uses less data. View the main version of the website including all images and videos.
PUBG ਬੈਨ- ਗੇਮਿੰਗ ਸਨਅਤ ਭਾਰਤ ’ਚ ਕਿਵੇਂ ਵੱਡੀ ਬਣਦੀ ਜਾ ਰਹੀ
- ਲੇਖਕ, ਸਰੋਜ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਉਂਝ ਤਾਂ ਭਾਰਤ ਸਰਕਾਰ ਨੇ 118 ਮੋਬਾਈਲ ਐਪਸ 'ਤੇ ਪਾਬੰਦੀ ਲਗਾਈ ਹੈ। ਇਸ ਵਿੱਚ ਗੇਮਿੰਗ ਐਪਸ ਤੋਂ ਲੈ ਕੇ ਡੇਟਿੰਗ, ਕਾਰੋਬਾਰ ਅਤੇ ਹੋਰ ਕਈ ਤਰ੍ਹਾਂ ਦੀਆਂ ਐਪਸ ਸ਼ਾਮਲ ਹਨ।
ਪਰ ਹਰ ਜਗ੍ਹਾ ਚਰਚਾ ਪਬਜੀ ਮੋਬਾਈਲ ਗੇਮ ਬੈਨ ਦੀ ਹੋ ਰਹੀ ਹੈ। ਪਾਬੰਦੀ ਦੇ ਬਾਅਦ ਤੁਸੀਂ ਹੁਣ ਮੋਬਾਈਲ 'ਤੇ ਪਬਜੀ ਤਾਂ ਨਹੀਂ ਚਲਾ ਸਕਦੇ ਪਰ ਡੈਸਕਟਾਪ 'ਤੇ ਅਜੇ ਵੀ ਕੰਮ ਕਰ ਰਹੀ ਹੈ।
ਭਾਰਤ ਸਰਕਾਰ ਦੇ ਇਸ ਫੈਸਲੇ ਨਾਲ ਕੁਝ ਬੱਚੇ ਭਲੇ ਹੀ ਨਰਾਜ਼ ਹੋਣ ਪਰ ਗੇਮ ਖੇਡ ਰਹੇ ਬੱਚਿਆਂ ਦੇ ਮਾਪੇ ਇਸ ਤੋਂ ਸਭ ਤੋਂ ਖੁਸ਼ ਹਨ। ਉਹ ਬੱਚਿਆਂ ਦੀ ਪਬਜੀ ਖੇਡਣ ਦੀ ਆਦਤ ਤੋਂ ਸਭ ਤੋਂ ਵੱਧ ਪਰੇਸ਼ਾਨ ਸਨ।
ਮਾਪੇ ਇੰਨੇ ਪਰੇਸ਼ਾਨ ਸੀ ਕਿ ਸਾਲ 2019 ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਪ੍ਰੀਖਿਆ 'ਤੇ ਚਰਚਾ' ਕਰ ਰਹੇ ਸਨ, ਤਾਂ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਪੁੱਛਿਆ ਸੀ, "ਮੇਰਾ ਬੇਟਾ 9ਵੀਂ ਕਲਾਸ ਵਿੱਚ ਪੜ੍ਹਦਾ ਹੈ। ਪਹਿਲਾਂ ਤਾਂ ਉਹ ਪੜ੍ਹਨ ਵਿੱਚ ਬਹੁਤ ਵਧੀਆ ਸੀ। ਪਰ ਪਿਛਲੇ ਕੁਝ ਸਮੇਂ ਤੋਂ ਉਸ ਦਾ ਆਨਲਾਈਨ ਗੇਮਜ਼ ਵੱਲ ਝੁਕਾਅ ਵਧਿਆ ਹੈ। ਜਿਸ ਕਾਰਨ ਉਸਦੀ ਪੜ੍ਹਾਈ ਵਿੱਚ ਫਰਕ ਪੈ ਰਿਹਾ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ? "
ਸਵਾਲ ਪੂਰਾ ਹੋਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਪਬਜੀ ਵਾਲਾ ਹੈ ਕੀ?"
ਇਹ ਵੀ ਪੜ੍ਹੋ:
ਉਨ੍ਹਾਂ ਨੇ ਜਦੋਂ ਇਹ ਕਿਹਾ ਤਾਂ ਪੂਰਾ ਆਡੀਟੋਰੀਅਮ ਹੀ ਹਾਸਿਆਂ ਨਾਲ ਗੂੰਜ ਗਿਆ। ਸਪਸ਼ਟ ਹੈ ਕਿ ਇਹ ਹਾਸਾ ਭਾਰਤ ਵਿੱਚ ਪਬਜੀ ਦੀ ਪ੍ਰਸਿੱਧੀ ਨੂੰ ਬਿਆਨ ਕਰਨ ਲਈ ਕਾਫ਼ੀ ਹੈ। ਮਾਪੇ, ਬੱਚੇ ਅਤੇ ਪ੍ਰਧਾਨ ਮੰਤਰੀ - ਕੋਈ ਵੀ ਅਜਿਹਾ ਵਿਅਕਤੀ ਨਹੀਂ ਹੈ ਜਿਸ ਨੇ ਪਬਜੀ ਦਾ ਨਾਮ ਨਾ ਸੁਣਿਆ ਹੋਵੇ।
ਪ੍ਰਧਾਨ ਮੰਤਰੀ ਮੋਦੀ ਨੇ ਉਸੇ ਚਰਚਾ ਵਿੱਚ ਕਿਹਾ ਸੀ- ਇਹ ਸਮੱਸਿਆ ਵੀ ਹੈ ਅਤੇ ਹੱਲ ਵੀ। ਪਰ ਡੇਢ ਸਾਲ ਬਾਅਦ ਇਸ ਨੂੰ ਸਮੱਸਿਆ ਮੰਨਦੇ ਹੋਏ ਉਨ੍ਹਾਂ ਦੀ ਸਰਕਾਰ ਨੇ ਇਸ 'ਤੇ ਪਾਬੰਦੀ ਵੀ ਲਗਾ ਦਿੱਤੀ।
ਇਸ ਪਾਬੰਦੀ ਤੋਂ ਬਾਅਦ ਇਸ ਖੇਡ ਨੂੰ ਖੇਡਣ ਵਾਲੇ ਪੋਸਟਰ ਬੁਆਏ ਨਮਨ ਮਾਥੁਰ ਨੇ ਯੂਟਿਊਬ 'ਤੇ ਇੱਕ ਲਾਈਵ ਕੀਤਾ। ਇਸ ਲਾਈਵ ਨੂੰ ਇੱਕ ਸਮੇਂ ਵਿੱਚ 80,000 ਲੋਕ ਦੇਖ ਰਹੇ ਸਨ। ਨਮਨ ਨੇ ਇਸ ਪਾਬੰਦੀ ਬਾਰੇ ਟਵੀਟ ਕਰਦਿਆਂ ਕਿਹਾ, 'ਤੂਫਾਨ ਆ ਗਿਆ ਹੈ।'
ਪਾਬੰਦੀ ਤੋਂ ਬਾਅਦ ਤਕਰੀਬਨ 60 ਲੱਖ ਲੋਕਾਂ ਨੇ ਉਸ ਦਾ ਵੀਡੀਓ ਦੇਖਿਆ।
ਭਾਰਤ ਸਰਕਾਰ ਦੇ ਇਸ ਨਵੇਂ ਕਦਮ ਨੂੰ ਚੀਨ ਉੱਤੇ ਡਿਜੀਟਲ ਸਟਰਾਈਕ ਪਾਰਟ -3 ਦੇ ਰੂਪ ਵਿੱਚ ਵੀ ਦੇਖਿਆ ਜਾ ਰਿਹਾ ਹੈ।
ਪਬਜੀ ਬੈਨ ਦੇ ਨਾਲ ਹੋਰ ਚੀਨੀ ਐਪਸ ਬੈਨ ਕਰਨ ਦਾ ਕੀ ਕਾਰਨ ਹੈ
ਪਿਛਲੇ ਦਸ ਸਾਲਾਂ ਵਿੱਚ ਆਨਲਾਈਨ ਗੇਮਿੰਗ ਮਾਰਕਿਟ ਨੇ ਆਪਣਾ ਜਾਲ ਅਜਿਹਾ ਫੈਲਾਇਆ ਹੈ ਕਿ ਹੁਣ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਉੱਭਰ ਰਹੇ ਬਾਜ਼ਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਇਸ ਖੇਡ ਬਾਜ਼ਾਰ ਨੂੰ ਸੌਖੇ ਸ਼ਬਦਾਂ ਵਿੱਚ ਸਮਝਣ ਲਈ ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਪੈਸੇ ਦੇ ਕੇ ਸਮਾਨ ਖਰੀਦਦੇ ਹੋ ਤਾਂ ਤੁਸੀਂ ਖਰਚਣ ਤੋਂ ਪਹਿਲਾਂ ਪੰਜ ਵਾਰ ਸੋਚਦੇ ਹੋ।
ਪਰ ਜਦੋਂ ਆਨਨਲਾਈਨ ਮੋਬਾਈਲ ਗੇਮਜ਼ ਖੇਡਦੇ ਹੋ ਤਾਂ ਸ਼ੁਰੂਆਤੀ ਪੜਾਵਾਂ ਵਿੱਚ ਇਸ ਦਾ ਖਰਚਾ ਨਹੀਂ ਹੁੰਦਾ। ਇਸੇ ਕਰਕੇ ਲੋਕ ਮਹਿਸੂਸ ਹੁੰਦਾ ਹੈ ਕਿ ਪੈਸਾ ਖਰਚ ਵੀ ਨਹੀਂ ਹੁੰਦਾ ਅਤੇ ਉਹ ਇਸਦਾ ਮਜ਼ਾ ਵੀ ਲੈਂਦੇ ਹਨ। ਇਸੇ ਤਰ੍ਹਾਂ ਆਨਲਾਈਨ ਮੋਬਾਈਲ ਗੇਮ ਬਾਜ਼ਾਰ ਵੱਧਦਾ ਜਾਂਦਾ ਹੈ। ਹਾਲਾਂਕਿ ਇਸ ਨੂੰ ਪੇਸ਼ੇਵਰ ਢੰਗ ਨਾਲ ਖੇਡਣ ਅਤੇ ਨਵੇਂ ਪੱਧਰ 'ਤੇ ਜਾਣ ਲਈ ਪੈਸੇ ਵੀ ਖਰਚਣੇ ਪੈਂਦੇ ਹਨ।
ਗੇਮਿੰਗ ਕੰਪਨੀਆਂ ਪਹਿਲਾਂ ਤੁਹਾਨੂੰ ਇਸ ਨੂੰ ਖੇਡਣ ਦੀ ਆਦਤ ਲਗਾਉਂਦੀਆਂ ਹਨ ਅਤੇ ਫਿਰ ਬਾਅਦ ਵਿੱਚ ਪੈਸਾ ਕਮਾਉਂਦੀਆਂ ਹਨ। ਇਹ ਕਾਰੋਬਾਰ ਇਸ ਤਰ੍ਹਾਂ ਸੌਖੀ ਭਾਸ਼ਾ ਵਿੱਚ ਸਮਝਿਆ ਜਾ ਸਕਦਾ ਹੈ।
ਤੁਸੀਂ ਪਬਜੀ ਬਾਰੇ ਕਿੰਨਾ ਕੁ ਜਾਣਦੇ ਹੋ?
ਪਬਜੀ (PlayerUnknown's Battlegrounds) ਦੁਨੀਆਂ ਭਰ ਵਿੱਚ ਮੋਬਾਈਲ 'ਤੇ ਖੇਡਿਆ ਜਾਣ ਵਾਲਾ ਇੱਕ ਮਸ਼ਹੂਰ ਗੇਮ ਹੈ। ਭਾਰਤ ਵਿੱਚ ਵੀ ਇਸ ਦੇ ਬਹੁਤ ਸਾਰੇ ਦੀਵਾਨੇ ਹਨ।
ਇਹ ਗੇਮ ਇੱਕ ਜਪਾਨੀ ਥ੍ਰਿਲਰ ਫਿਲਮ 'ਬੈਟਲ ਰੌਯਾਲ' ਤੋਂ ਪ੍ਰਭਾਵਿਤ ਹੋ ਕੇ ਬਣਾਇਆ ਗਿਆ ਹੈ ਜਿਸ ਵਿੱਚ ਸਰਕਾਰ ਵਿਦਿਆਰਥੀਆਂ ਦੇ ਇੱਕ ਗਰੁੱਪ ਨੂੰ ਜ਼ਬਰਦਸਤੀ ਮੌਤ ਨਾਲ ਲੜਨ ਲਈ ਭੇਜ ਦਿੰਦੀ ਹੈ।
ਵੀਡੀਓ- PUBG ਬੰਦ ਹੋਣ ਨਾਲ ਪੰਜਾਬ ਵਿੱਚ ਕੀ ਚਰਚਾ?
ਪਬਜੀ ਵਿੱਚ ਲਗਭਗ 100 ਖਿਡਾਰੀ ਪੈਰਾਸ਼ੂਟ ਨਾਲ ਇੱਕ ਟਾਪੂ 'ਤੇ ਛਾਲ ਮਾਰਦੇ ਹਨ, ਹਥਿਆਰ ਲੱਭਦੇ ਹਨ ਅਤੇ ਇੱਕ ਦੂਜੇ ਨੂੰ ਮਾਰ ਦਿੰਦੇ ਹਨ ਜਦੋਂ ਤੱਕ ਕਿ ਉਨ੍ਹਾਂ ਵਿੱਚੋਂ ਇੱਕ ਨਾ ਬਚਿਆ ਰਹਿ ਜਾਵੇ।
ਇਸ ਨੂੰ ਦੱਖਣੀ ਕੋਰੀਆ ਦੀ ਵੀਡੀਓ ਗੇਮ ਕੰਪਨੀ ਬਲੂਹੋਲ ਕੰਪਨੀ ਨੇ ਬਣਾਇਆ ਸੀ। ਦੱਖਣੀ ਕੋਰੀਆ ਦੀ ਕੰਪਨੀ ਨੇ ਇਸ ਦਾ ਡੈਸਕਟਾਪ ਵਰਜ਼ਨ ਬਣਾਇਆ ਸੀ। ਪਰ ਚੀਨੀ ਕੰਪਨੀ ਟੈਨਸੈਂਟ ਨੇ ਕੁਝ ਬਦਲਾਅ ਕੀਤੇ ਅਤੇ ਇਸ ਦਾ ਮੋਬਾਈਲ ਵਰਜ਼ਨ ਇੱਕ ਨਵੇਂ ਨਾਮ ਦੇ ਨਾਲ ਮਾਰਕੀਟ ਵਿੱਚ ਲੈ ਆਈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਦੁਨੀਆਂ ਭਰ ਵਿੱਚ ਪਬਜੀ ਖੇਡਣ ਵਾਲਿਆਂ ਵਿੱਚੋਂ ਲਗਭਗ 25 ਫੀਸਦ ਭਾਰਤ ਵਿੱਚ ਹਨ। ਚੀਨ ਵਿੱਚ ਸਿਰਫ਼ 17 ਫੀਸਦ ਯੂਜ਼ਰਜ਼ ਅਤੇ ਅਮਰੀਕਾ ਵਿੱਚ ਛੇ ਫੀਸਦ ਉਪਭੋਗਤਾ ਹਨ।
ਪਬਜੀ ਗੇਮ ਨੂੰ ਇੱਕੋ ਸਮੇਂ ਸੌ ਲੋਕ ਖੇਡ ਸਕਦੇ ਹਨ। ਇਸ ਵਿੱਚ ਤੁਹਾਨੂੰ ਨਵੇਂ ਹਥਿਆਰ ਖਰੀਦਣ ਲਈ ਕੁਝ ਪੈਸੇ ਵੀ ਖ਼ਰਚ ਕਰਨੇ ਪੈ ਸਕਦੇ ਹਨ ਅਤੇ ਕੂਪਨ ਖਰੀਦਣਾ ਪੈ ਸਕਦਾ ਹੈ।
ਖੇਡ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਜਿੰਨਾ ਤੁਸੀਂ ਖੇਡੋਗੇ, ਉੰਨਾ ਹੀ ਵਧੇਰੇ ਮਜ਼ੇਦਾਰ ਹੋਏਗਾ। ਤੁਸੀਂ ਉੰਨੇ ਹੀ ਕੂਪਨ ਅਤੇ ਹਥਿਆਰ ਖਰੀਦੋਗੇ, ਜਿਸ ਨਾਲ ਤੁਹਾਡੀ ਖੇਡ ਹੋਰ ਵਧੀਆ ਹੋ ਜਾਵੇਗੀ।
ਇਸ ਵਿੱਚ ਇੱਕ ਫ੍ਰੀ ਰੂਮ ਵੀ ਹੁੰਦਾ ਹੈ ਅਤੇ ਇਸ ਦੇ ਵੱਖੋ-ਵੱਖਰੇ ਲੈਵਲ ਹੁੰਦੇ ਹਨ। ਵੱਖ-ਵੱਖ ਥਾਵਾਂ 'ਤੇ ਰਹਿਣ ਵਾਲੇ ਕਈ ਲੋਕ ਇਸ ਨੂੰ ਇੱਕੋ ਸਮੇਂ ਖੇਡ ਸਕਦੇ ਹਨ ਅਤੇ ਇਸ ਦੀ ਇੱਕੋ ਸਮੇਂ ਸਟ੍ਰੀਮਿੰਗ ਵੀ ਹੁੰਦੀ ਹੈ। ਕੰਸੋਲ ਨਾਲ ਵੀ ਇਸ ਨੂੰ ਖੇਡਿਆ ਜਾ ਸਕਦਾ ਹੈ।
ਖੇਡ ਬਾਜ਼ਾਰ ਕਿੰਨਾ ਵੱਡਾ ਹੈ
ਦੁਨੀਆਂ ਦੀ ਗੱਲ ਕਰੀਏ ਤਾਂ 2019 ਵਿੱਚ ਖੇਡ ਬਜ਼ਾਰ 16.9 ਅਰਬ ਡਾਲਰ ਦਾ ਸੀ। ਇਸ ਵਿੱਚ 4.2 ਅਰਬ ਡਾਲਰ ਦੀ ਹਿੱਸੇਦਾਰੀ ਨਾਲ ਚੀਨ ਸਭ ਤੋਂ ਅੱਗੇ ਹੈ। ਦੂਜੇ ਨੰਬਰ 'ਤੇ ਅਮਰੀਕਾ, ਤੀਜੇ ਨੰਬਰ 'ਤੇ ਜਪਾਨ, ਫਿਰ ਬ੍ਰਿਟੇਨ ਅਤੇ ਦੱਖਣੀ ਕੋਰੀਆ ਦਾ ਨੰਬਰ ਆਉਂਦਾ ਹੈ।
ਇਹ ਅੰਕੜੇ statista.com ਦੇ ਹਨ। ਭਾਰਤ ਵਿੱਚ ਵੀ ਇਸ ਸਨਅਤ ਦਾ ਵਿਸਥਾਰ ਤੇਜ਼ੀ ਨਾਲ ਹੋ ਰਿਹਾ ਹੈ ਪਰ ਹੁਣ ਵੀ ਇਹ ਇੱਕ ਅਰਬ ਡਾਲਰ ਤੋਂ ਵੀ ਘੱਟ ਦਾ ਹੈ। ਰੈਵੇਨਿਊ ਦੇ ਮਾਮਲੇ ਵਿੱਚ ਭਾਰਤ ਗੇਮਿੰਗ ਦੇ ਪਹਿਲੇ ਪੰਜ ਦੇਸਾਂ ਵਿੱਚ ਨਹੀਂ ਹੈ। ਪਰ ਬਾਕੀ ਦੇਸਾਂ ਲਈ ਇੱਕ ਉਭਰਦਾ ਹੋਇਆ ਬਜ਼ਾਰ ਜ਼ਰੂਰ ਹੈ।
ਭਾਰਤ ਵਿੱਚ ਗੇਮਿੰਗ ਸਟ੍ਰੀਮਿੰਗ ਸਾਈਟ ਰੂਟਰਜ਼ ਦੇ ਸੀਈਓ ਪੀਯੂਸ਼ ਕੁਮਾਰ ਅਨੁਸਾਰ, "ਸਿਰਫ਼ ਭਾਰਤ ਵਿੱਚ ਪਬਜੀ ਦੀ ਗੱਲ ਕਰੀਏ ਤਾਂ ਇਸ ਖੇਡ ਦੇ 175 ਮਿਲੀਅਨ ਡਾਉਨਲੋਡਸ ਹਨ, ਜਿਨ੍ਹਾਂ ਵਿੱਚੋਂ ਲਗਭਗ 75 ਮਿਲੀਅਨ ਐਕਟਿਵ ਯੂਜ਼ਰ ਹਨ।”
“ਚੀਨ ਤੋਂ ਜ਼ਿਆਦਾ ਲੋਕ ਭਾਰਤ ਵਿੱਚ ਪਬਜੀ ਖੇਡਦੇ ਹਨ। ਪਰ ਜਦੋਂ ਕਮਾਈ ਦੀ ਗੱਲ ਆਉਂਦੀ ਹੈ ਤਾਂ ਉਹ ਭਾਰਤ ਤੋਂ ਬਹੁਤ ਘੱਟ ਹੁੰਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਪੈਸਾ ਖਰਚ ਕਰਕੇ ਗੇਮ ਖੇਡਣ ਵਾਲਿਆਂ ਦੀ ਗਿਣਤੀ ਭਾਰਤ ਵਿੱਚ ਘੱਟ ਹੈ।
ਕੀ ਇਸ ਦਾ ਮਤਲਬ ਇਹ ਹੈ ਕਿ ਭਾਰਤ ਸਰਕਾਰ ਦੀ ਇਸ ਕਥਿਤ 'ਡਿਜੀਟਲ ਸਟ੍ਰਾਈਕ' ਦਾ ਅਸਰ ਚੀਨ 'ਤੇ 'ਨਾ' ਦੇ ਬਰਾਬਰ ਹੋਵੇਗਾ?
ਇਹ ਵੀ ਪੜ੍ਹੋ:
ਪੀਯੂਸ਼ ਅਨੁਸਾਰ ਅਜਿਹਾ ਕਹਿਣਾ ਗਲਤ ਹੋਵੇਗਾ। ਭਾਰਤ ਵਿੱਚ ਗੇਮ ਖੇਡਣ ਵਾਲਿਆਂ ਦੀ ਗਿਣਤੀ ਦੁਨੀਆਂ ਦੇ ਦੂਜੇ ਵੱਡੇ ਦੇਸਾਂ ਮੁਕਾਬਲੇ ਵੱਧ ਹੈ। ਇਸ ਲਈ ਭਵਿੱਖ ਵਿੱਚ ਭਾਰਤ ਨੂੰ ਇੱਕ 'ਗੇਮਿੰਗ ਹੱਬ' ਵਜੋਂ ਦੇਖਿਆ ਜਾ ਰਿਹਾ ਹੈ। ਜੇ ਕਿਸੇ ਕੰਪਨੀ ਨੂੰ ਭਾਰਤੀ ਬਜ਼ਾਰ ਤੋਂ ਬਾਹਰ ਨਿਕਲਣਾ ਪਏਗਾ ਤਾਂ ਇਸਦਾ ਅਸਰ ਪੱਕੇ ਤੌਰ 'ਤੇ ਇਸਦੇ ਯੂਜ਼ਰ ਬੇਸ 'ਤੇ ਪਵੇਗਾ।
ਯੂਜ਼ਰ ਬੇਸ ਦੀ ਗੱਲ ਕਰੀਏ ਤਾਂ ਭਾਰਤ ਵਿੱਚ 14 ਸਾਲ ਤੋਂ 24 ਸਾਲ ਦੇ ਬੱਚੇ ਅਤੇ ਨੌਜਵਾਨ ਸਭ ਤੋਂ ਜ਼ਿਆਦਾ ਆਨਲਾਈਨ ਗੇਮ ਖੇਡਦੇ ਹਨ। ਪਰ ਜਦੋਂ ਪੈਸੇ ਖਰਚਣ ਦੀ ਗੱਲ ਆਉਂਦੀ ਹੈ ਤਾਂ 25 ਤੋਂ 35 ਸਾਲ ਵਾਲੇ ਆਨਲਾਈਨ ਗੇਮਿੰਗ 'ਤੇ ਵਧੇਰੇ ਖਰਚ ਕਰਦੇ ਹਨ।
ਗੇਮਿੰਗ ਤੋਂ ਕਮਾਈ ਕਿਵੇਂ ਹੁੰਦੀ ਹੈ?
ਅਸਲ ਵਿੱਚ ਆਨਲਾਈਨ ਗੇਮਿੰਗ ਵਿੱਚ ਕਈ ਤਰ੍ਹਾਂ ਦੀ ਕਮਾਈ ਹੁੰਦੀ ਹੈ। ਇਹ ਜਾਣਨ ਲਈ ਅਸੀਂ ਸੀਨੀਅਰ ਕਾਰੋਬਾਰੀ ਪੱਤਰਕਾਰ ਆਸ਼ੂ ਸਿਨਹਾ ਨਾਲ ਗੱਲਬਾਤ ਕੀਤੀ।
ਉਨ੍ਹਾਂ ਮੁਤਾਬਕ ਗੇਮਿੰਗ ਤੋਂ ਪੈਸਾ ਕਮਾਉਣ ਦਾ ਇੱਕ ਮਾਡਲ ਹੈ ਫ੍ਰੀਮੀਅਮ ਦਾ - ਯਾਨਿ ਕਿ ਪਹਿਲਾਂ ਮੁਫ਼ਤ ਵਿੱਚ ਦੇ ਦੋ ਅਤੇ ਬਾਅਦ ਵਿੱਚ ਪ੍ਰੀਮੀਅਮ (ਕਿਸ਼ਤਾਂ ਵਿੱਚ) ਖਰਚ ਕਰਨ ਲਈ ਕਹੋ।
ਦੂਜਾ ਮਾਡਲ ਹੁੰਦਾ ਹੈ - ਉਸ ਨਾਲ ਜੁੜੇ ਮਰਚੰਡਾਇਜ਼ ਬਣਾ ਕੇ। ਬੱਚਿਆਂ ਵਿੱਚ ਖ਼ਾਸਕਰ ਉਨ੍ਹਾਂ ਨਾਲ ਜੁੜੇ ਕਿਰਦਾਰ, ਟੀ-ਸ਼ਰਟ, ਕੱਪ ਪਲੇਟਾਂ, ਕੱਪੜਿਆਂ ਦਾ ਕ੍ਰੇਜ਼ ਬਹੁਤ ਵੱਧ ਜਾਂਦਾ ਹੈ। ਗੇਮ ਤੋਂ ਪ੍ਰਭਾਵਤ ਹੋ ਕੇ ਅਕਸਰ ਉਨ੍ਹਾਂ ਚੀਜ਼ਾਂ ਦੀ ਖਰੀਦ ਵੱਧ ਜਾਂਦੀ ਹੈ ਜਿਸ ਤੋਂ ਕੰਪਨੀਆਂ ਵੀ ਕਮਾਈ ਕਰਦੀਆਂ ਹਨ।
ਕਮਾਈ ਦਾ ਤੀਜਾ ਤਰੀਕਾ ਹੈ ਇਸ 'ਤੇ ਆਧਾਰਤ ਇਸ਼ਤਿਹਾਰ ਅਤੇ ਫਿਲਮਾਂ ਬਣਾ ਕੇ। ਕਈ ਵਾਰ ਫਿਲਮਾਂ 'ਤੇ ਆਧਾਰਤ ਗੇਮਜ਼ ਆਉਂਦੀਆਂ ਹਨ। ਫਿਲਮ ਦੀ ਪ੍ਰਸਿੱਧੀ ਗੇਮ ਦੇ ਪ੍ਰਚਾਰ ਵਿੱਚ ਮਦਦ ਕਰਦੀ ਹੈ ਅਤੇ ਕਈ ਵਾਰ ਗੇਮਾਂ ਦੀ ਪ੍ਰਸਿੱਧੀ ਫਿਲਮਾਂ ਦੇ ਪ੍ਰਚਾਰ ਵਿੱਚ ਮਦਦ ਕਰਦੀ ਹੈ।
ਜੋ ਲੋਕ ਇਸ ਖੇਡ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਖੇਡਦੇ ਹਨ ਉਨ੍ਹਾਂ ਨੂੰ ਸਰਕਾਰ ਦੇ ਇਸ ਕਦਮ ਨਾਲ ਨੁਕਸਾਨ ਪਹੁੰਚ ਸਕਦਾ ਹੈ। ਕਈ ਗੇਮ ਖੇਡਣ ਵਾਲੇ ਲੋਕ ਯੂਟਿਊਬ 'ਤੇ ਵੀ ਮਸ਼ਹੂਰ ਹਨ। ਜੋ ਲੋਕ ਅਜਿਹੀਆਂ ਖੇਡਾਂ ਦਾ ਪ੍ਰਬੰਧ ਕਰਦੇ ਹਨ ਉਨ੍ਹਾਂ ਨੂੰ ਵੀ ਬਹੁਤ ਨੁਕਸਾਨ ਹੋਵੇਗਾ। ਪਰ ਟਿਕਟੌਕ 'ਤੇ ਪਾਬੰਦੀ ਤੋਂ ਬਾਅਦ ਪਬਜੀ ਬੈਨ ਦੀ ਚਰਚਾ ਸ਼ੁਰੂ ਹੋ ਗਈ ਸੀ। ਅਜਿਹੀ ਹਾਲਤ ਵਿੱਚ ਬਹੁਤ ਸਾਰੇ ਲੋਕਾਂ ਨੇ ਪਹਿਲਾਂ ਹੀ ਦੂਜੀਆਂ ਖੇਡਾਂ ਵਿੱਚ ਸ਼ਿਫਟ ਸ਼ੁਰੂ ਕਰ ਦਿੱਤਾ ਸੀ।
ਹੋਰ ਬਦਲ ਕੀ ਹਨ?
ਪੀਯੂਸ਼ ਅਨੁਸਾਰ ਇਸ ਸਮੇਂ ਭਾਰਤ ਵਿੱਚ ਆਨਲਾਈਨ ਗੇਮਜ਼ ਬਣਾਉਣ ਦਾ ਕੋਈ ਵੱਡਾ ਰੁਝਾਨ ਨਹੀਂ ਹੈ। ਭਾਰਤੀ ਡੈਵਲਪਰ ਇਸ ਵਿੱਚ ਹਾਲੇ ਬਹੁਤ ਪਿੱਛੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਪਾਬੰਦੀ ਤੋਂ ਬਾਅਦ ਹੁਣ ਬਹੁਤ ਸਾਰੀਆਂ ਕੰਪਨੀਆਂ ਇਸ ਦੀ ਕੋਸ਼ਿਸ਼ ਕਰਨਗੀਆਂ ਕਿਉਂਕਿ ਹੁਣ ਤੱਕ ਉਨ੍ਹਾਂ ਨੂੰ ਪਬਜੀ ਦੀ ਪ੍ਰਸਿੱਧੀ ਤੋਂ ਵਧੇਰੇ ਖ਼ਤਰਾ ਸੀ।
ਫਿਲਹਾਲ ਜੇ ਰੂਟਰਜ਼ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ 'ਫ੍ਰੀ ਫਾਇਰ' ਅਤੇ 'ਕਾਲ ਆਫ਼ ਡਿਊਟੀ' ਖੇਡਣ ਵਾਲਿਆਂ ਦੀ ਗਿਣਤੀ ਵਧੇਰੇ ਹੈ। 'ਫ੍ਰੀ ਫਾਇਰ' ਸਿੰਗਾਪੁਰ ਦੀ ਕੰਪਨੀ ਨੇ ਬਣਾਇਆ ਹੈ ਅਤੇ ਭਾਰਤ ਵਿੱਚ ਇਸ ਨੂੰ ਖੇਡਣ ਵਾਲਿਆਂ ਦੀ ਗਿਣਤੀ ਅਜੇ ਵੀ ਪੰਜ ਕਰੋੜ ਦੇ ਨੇੜੇ ਹੈ ਅਤੇ 'ਕਾਲ ਆਫ ਡਿਊਟੀ' ਦੇ ਯੂਜ਼ਰਜ਼ ਲਗਭਗ ਡੇਢ ਕਰੋੜ ਹਨ।
ਭਾਰਤ ਵਿੱਚ ਹਰ ਕਿਸਮ ਦੇ ਮੋਬਾਈਲ ਅਤੇ ਆਨਲਾਈਨ ਗੇਮਜ਼ ਨੂੰ ਖੇਡਣ ਅਤੇ ਦੇਖਣ ਵਾਲਿਆਂ ਦੀ ਗਿਣਤੀ ਲਗਭਗ 30 ਕਰੋੜ ਹੈ, ਜੋ ਕਿ ਲੌਕਡਾਊਨ ਵਿੱਚ ਵੱਧਦੀ ਹੀ ਗਈ। ਇੱਥੇ ਕੁਝ ਭਾਰਤੀ ਖੇਡਾਂ ਹਨ ਜੋ ਮਸ਼ਹੂਰ ਹਨ। ਜਿਵੇਂ ਕਿ ਬਬਲ ਸ਼ੂਟਰ, ਮਿਨੀਜੌਯ ਲਾਈਟ, ਗਾਰਡਨ ਸਕੇਪ, ਕੈਂਡੀ ਕਰੱਸ਼।
ਇਹ ਵੀ ਪੜ੍ਹੋ:
ਕਿਉਂਕਿ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਲੋਕ ਅਤੇ ਖ਼ਾਸ ਕਰਕੇ ਬੱਚੇ ਘਰਾਂ ਤੋਂ ਬਾਹਰ ਨਹੀਂ ਜਾ ਰਹੇ, ਤਾਂ ਗੇਮਿੰਗ ਦਾ ਬਜ਼ਾਰ ਵੱਧ ਰਿਹਾ ਹੈ।
ਵਿਕਾਸ ਜਾਇਸਵਾਲ ਗਾਮੇਸ਼ਨ ਟੈਕਨੋਲੋਜੀਜ਼ ਦੇ ਸੰਸਥਾਪਕ ਹਨ। ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਲੌਕਡਾਊਨ ਤੋਂ ਪਹਿਲਾਂ ਉਨ੍ਹਾਂ ਦੇ ਰੋਜ਼ਾਨਾ ਲਗਭਗ 13 ਤੋਂ 15 ਮਿਲੀਅਨ ਐਕਟਿਵ ਯੂਜ਼ਰ ਸਨ, ਜੋ ਕਿ ਲੌਕਡਾਊਨ ਵਿੱਚ ਵੱਧ ਕੇ 50 ਮਿਲੀਅਨ ਹੋ ਗਏ।
ਉਨ੍ਹਾਂ ਦੀ ਕਮਾਈ ਵੀ ਪੰਜ ਗੁਣਾ ਵਾਧਾ ਹੋਇਆ ਹੈ। ਪਰ ਉਹ ਮੰਨਦੇ ਹਨ ਕਿ ਗੇਮਿੰਗ ਸਨਅਤ ਦਾ ਸਿਖਰ ਅਜੇ ਆਉਣਾ ਬਾਕੀ ਹੈ।
ਕੁਝ ਵੀਡੀਓਜ਼ ਜੋ ਤੁਸੀਂ ਦੇਖ ਸਕਦੇ ਹੋ
ਰੂਸ 'ਚ ਪੁਤਿਨ ਦੇ ਵਿਰੋਧੀ ਐਲੇਕਸੀ ਨਵਾਲਨੀ ਨੂੰ ਦਿੱਤਾ ਗਿਆ ਜ਼ਹਿਰ ਕਿੰਨਾ ਖ਼ਤਰਨਾਕ
ਸੈਕਸ ਵਰਕਰਾਂ ਦੀ ਜ਼ਿੰਦਗੀ ਲੌਕਡਾਊਨ ਨੇ ਇੰਝ ਬਦਲ ਕੇ ਰੱਖ ਦਿੱਤੀ
ਪੰਜਾਬ ਨੂੰ ਕੋਰੋਨਾ ਤੋਂ ਬਚਾਉਣ ਲਈ ਕੇਜਰੀਵਾਲ ਦਾ ਪਲਾਨ ਕੀ ਹੈ