You’re viewing a text-only version of this website that uses less data. View the main version of the website including all images and videos.
ਭਾਰਤ-ਚੀਨ ਵਿਵਾਦ ਦੇ ਹੱਲ ਬਾਰੇ ਭਾਰਤ 'ਚ ਕਿਹੜੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਪੱਤਰਕਾਰ
ਭਾਰਤ-ਚੀਨ ਦੀਆਂ ਫੌਜਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਲੋਕ ਸੋਸ਼ਲ ਮੀਡੀਆ ਜਾਂ ਹੋ ਮੀਡੀਆ ਦੇ ਮਾਧਿਅਮਾਂ ਉੱਤੇ ਇਸ ਬਾਰੇ ਚਰਚਾ ਕਰ ਰਹੇ ਹਨ। ਚਰਚਾ ਵਿੱਚ ਵੱਖ-ਵੱਖ ਤਰੀਕੇ ਨਾਲ ਲੋਕਾਂ ਦਾ ਗੁੱਸਾ ਫੁੱਟ ਕੇ ਬਾਹਰ ਨਿਕਲ ਰਿਹਾ ਹੈ।
15-16 ਜੂਨ ਦੀ ਰਾਤ ਨੂੰ ਭਾਰਤ-ਚੀਨੀ ਫੌਜ ਵਿਚਾਲੇ ਹਿੰਸਕ ਝੜਪ ਹੋਈ ਸੀ ਜਿਸ ਵਿੱਚ 20 ਭਾਰਤੀ ਫੌਜੀਆਂ ਦੀ ਮੌਤ ਹੋਈ ਸੀ ਜਦਕਿ ਚੀਨ ਨੇ ਆਪਣਾ ਜਾਨੀ ਨੁਕਸਾਨ ਹੋਣਾ ਮੰਨਿਆ ਸੀ।
ਮ੍ਰਿਤਕ ਫੌਜੀਆਂ ਦੇ ਘਰਾਂ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਚੀਨ ਅਤੇ ਇਸ ਘਟਨਾ ਖਿਲਾਫ਼ ਗੁੱਸਾ ਝਲਕ ਰਿਹਾ ਹੈ।
ਮਸਲਾ ਹਾਲੇ ਵਧੇਗਾ- ਸਾਬਕਾ ਫੌਜ ਮੁਖੀ
ਸਾਬਕਾ ਫੌਜ ਮੁਖੀ ਜਨਰਲ ਵੀਪੀ ਮਲਿਕ ਨੇ ਇਸ ਘਟਨਾ ਬਾਰੇ ਵਿਸਥਾਰ ਨਾਲ ਬੀਬੀਸੀ ਨਾਲ ਗੱਲਬਾਤ ਕੀਤੀ।
ਇਸ ਗੱਲਬਾਤ ਦੇ ਇੱਕ ਹਿੱਸੇ ਵਿੱਚ ਉਹਨਾਂ ਨੇ ਕਿਹਾ, "ਮੇਰਾ ਯਕੀਨ ਹੈ ਕਿ ਇਸ ਵੇਲੇ ਚੀਨ ਨਾਲ ਸਾਡੇ ਸਬੰਧ ਇੱਕ ਟਰਨਿੰਗ ਪੁਆਇੰਟ 'ਤੇ ਆ ਗਏ ਹਨ, ਕਿਉਂਕਿ ਇਸ ਵੇਲੇ ਸਾਡਾ ਜੋ ਮੀਡੀਆ ਹੈ ਜਾਂ ਜੋ ਗੱਲਬਾਤ ਚਲਦੀ ਹੈ ਸੋਸ਼ਲ ਮੀਡੀਆ 'ਤੇ, ਲੋਕ ਹੁਣ 1962' ਤੇ ਚਲੇ ਗਏ ਹਨ। 1962 ਤੋਂ ਬਾਅਦ ਕੀ-ਕੀ ਹੋਇਆ ਹੈ ਅਤੇ ਉਹ ਇਹ ਸਮਝ ਰਹੇ ਹਨ ਕਿ ਚੀਨ ਨਾਲ ਗੱਲਬਾਤ ਕਰਨਾ ਫਜੂਲ ਹੈ।”
“ਉਹਨਾਂ ਦੀ ਕਹਿਣੀ ਕੁਝ ਹੋਰ ਹੈ ਅਤੇ ਕਰਨੀ ਕੁਝ ਹੋਰ ਹੈ, ਜੋ ਵਿਸ਼ਵਾਸ ਪੈਦਾ ਹੋਇਆ ਸੀ ਜਾਂ ਜੋ ਕਰਨ ਦੀ ਕੋਸ਼ਿਸ਼ ਹੋਈ ਸੀ, ਉਸ ਨੂੰ ਬਹੁਤ ਵੱਡਾ ਧੱਕਾ ਲੱਗਾ ਹੈ। ਇਹ ਸਭ ਸਿਆਸੀ ਪੱਧਰ ਤੱਕ ਦੀਆਂ ਗੱਲਾਂ ਹਨ ਪਰ ਓਪਰੇਸ਼ਨਲ ਪੱਧਰ 'ਤੇ ਸਾਨੂੰ ਹਰ ਵੇਲੇ ਚੌਕਸ ਰਹਿਣਾ ਪਵੇਗਾ ਅਤੇ ਹੋ ਸਕਦਾ ਹੈ ਹੋਰ ਫੌਜ ਵੀ ਉਹਨਾਂ ਖੇਤਰਾਂ ਵਿੱਚ ਜਾਵੇ ਜਿੱਥੇ ਵਿਵਾਦ ਹੋਣ ਦੀ ਸੰਭਾਵਨਾ ਹੈ। "
ਮੇਜਰ ਜਨਰਲ (ਰਿਟਾ.) ਰਾਜ ਮਹਿਤਾ ਨੇ ਬੀਬੀਸੀ ਨੂੰ ਕਿਹਾ, ''ਜੇ ਚੀਨ ਨੇ ਹਥਿਆਰਾਂ ਦੀ ਵਰਤੋਂ ਕੀਤੀ ਸੀ ਤਾਂ ਭਾਰਤ ਵੀ ਵਰਤੋਂ ਕਰ ਸਕਦਾ ਸੀ।ਭਾਰਤ-ਚੀਨ ਦੋਵੇਂ ਇਸ ਵੇਲੇ ਬੰਕਰ ਬਣਾ ਰਹੇ ਹਨ ਇਸ ਲਈ ਭਾਰਤ ਹੁਣ ਉੱਥੋਂ ਇੱਕ ਇੰਚ ਤੱਕ ਨਹੀਂ ਹਟ ਸਕਦਾ ਹੈ। ਹੁਣ ਤਾਂ ਉੱਥੇ ਖਪ ਰਹੇਗੀ ਹੀ।''
ਰਿਟਾਇਰਡ ਲੈਫਟੀਨੈਂਟ ਜਨਰਲ ਐਚ.ਐਸ ਪਨਾਗ ਨੇ ਅੰਗਰੇਜੀ ਅਖਬਾਰ ਹਿੰਦੂਸਤਾਨ ਟਾਈਮਜ਼ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ," ਚੀਨ ਭਾਰਤ ਨੂੰ ਆਰਥਿਕ, ਸਿਆਸੀ ਅਤੇ ਮਿਲਟਰੀ ਪੱਖੋਂ ਆਪਣਾ ਮੁਕਾਬਲੇਬਾਜ਼ ਮੰਨਦਾ ਹੈ, ਨਾ ਸਿਰਫ ਸਾਊਥ ਏਸ਼ੀਆ ਵਿੱਚ ਬਲਕਿ ਪੂਰੀ ਦੁਨੀਆਂ ਵਿੱਚ।”
“ਚੀਨ ਭਾਰਤ 'ਤੇ ਦਬਦਬਾ ਕਾਇਮ ਕਰਨਾ ਚਾਹੁੰਦਾ ਹੈ ਅਤੇ ਸਰਹੱਦ ਨੂੰ ਇਸੇ ਮੰਸ਼ਾ ਲਈ ਇਸਤੇਮਾਲ ਕਰਦਾ ਹੈ ਇਸੇ ਲਈ ਚੀਨ ਲਾਈਨ ਆਫ ਐਕਚੁਅਲ ਕੰਟਰੋਲ ਦਾ ਮਸਲਾ ਖ਼ਤਮ ਨਹੀਂ ਕਰਨਾ ਚਾਹੁੰਦਾ। ਚੀਨ ਨੇ ਅਜਿਹਾ ਉਸ ਵੇਲੇ ਕੀਤਾ ਹੈ ਜਦੋਂ ਭਾਰਤ ਆਪਣੀ ਹੱਦ ਅੰਦਰ ਚੀਨ ਦੀ ਘੁਸਪੈਠ ਤੋਂ ਇਨਕਾਰ ਕਰ ਰਿਹਾ ਸੀ। ਇਸੇ ਲਈ ਚੀਨ ਕਹਿ ਰਿਹਾ ਹੈ ਕਿ ਉਹਨਾਂ ਨੇ ਕੁਝ ਨਹੀਂ ਕੀਤਾ, ਅਸੀਂ ਆਪਣੀ ਹੱਦ ਅੰਦਰ ਹੀ ਸੀ।"
ਉਹਨਾਂ ਕਿਹਾ, "ਭਵਿੱਖ ਵਿੱਚ ਭਾਰਤ ਕੋਲ ਦੋ ਵਿਕਲਪ ਹਨ। ਪਹਿਲਾ, ਜਦੋਂ ਅਜਿਹਾ ਕੁਝ ਵੀ ਹੁੰਦਾ ਹੈ, ਚੀਨ ਵੀ ਉਸ ਨਾਲ ਪਰੇਸ਼ਾਨ ਹੋਏਗਾ। ਕੌਮਾਂਤਰੀ ਪੱਧਰ ਤੇ ਚੀਨ ਨੂੰ ਪ੍ਰਭਾਵਿਤ ਕਰੇਗਾ। ਮੌਜੂਦਾ ਘਟਨਾ ਦੀ ਬੇਰਹਿਮੀ, ਕੌਮਾਂਤਰੀ ਧਿਆਨ ਮੰਗਦੀ ਹੈ।“
“ਇਹ ਕੂਟਨੀਤਿਕ ਗੱਲਬਾਤ ਲਈ ਵੀ ਜ਼ਮੀਨ ਤਿਆਰ ਕਰ ਸਕਦੀ ਹੈ। ਸਾਡਾ ਸਿਆਸੀ ਟੀਚਾ ਇਹ ਹੋਣਾ ਚਾਹੀਦਾ ਹੈ ਕਿ ਅਪ੍ਰੈਲ 2020 ਦਾ ਸਟੇਟਸ ਕੋ ਕਰਵਾਇਆ ਜਾਏ। ਦੂਜਾ, ਲਾਈਨ ਆਫ ਐਕਚੁਅਲ ਕੰਟਰੋਲ ਦਾ ਮਸਲਾ ਨਿਬੜਣਾ ਚਾਹੀਦਾ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਵਾਪਰਨ ਹੀ ਨਾ। ਸਾਨੂੰ ਇਹ ਘਟਨਾ ਪਿੱਛੇ ਰੱਖ ਕੇ ਹੋਰ ਬੁਰੇ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।"
ਚੀਨ ਤੋਂ ਬਦਲਾ ਲੈਣ ਦੀ ਭਾਵਨਾ
ਗੁਰਦਾਸਪੁਰ ਦੇ ਪਿੰਡ ਭੋਜਰਾਜ ਨਾਲ ਸਬੰਧਤ ਨਾਇਬ ਸੂਬੇਦਾਰ ਸਤਨਾਮ ਸਿੰਘ ਵੀ ਗਲਵਾਨ ਘਾਟੀ ਵਿੱਚ ਜਾਨ ਗਵਾਉਣ ਵਾਲੇ ਫੌਜੀਆਂ ਵਿੱਚੋਂ ਹੈ। ਸਤਨਾਮ ਸਿੰਘ ਦੇ ਭਰਾ ਸੁਖਚੈਨ ਸਿੰਘ ਨੇ ਕਿਹਾ—
"ਮੈਂ ਚਾਹੁੰਦਾ ਹਾਂ ਕਿ ਚੀਨ ਨਾਲ ਮੁਠਭੇੜ ਹੋਵੇ ਤਾਂ ਮੈਂ ਵੀ ਸਰਹੱਦ 'ਤੇ ਜਾਵਾਂ ਅਤੇ ਬਦਲਾ ਲਵਾਂ। ਫੌਜੀ ਵਜੋਂ ਮੇਰੇ ਮਨ ਵਿੱਚ ਇਹੀ ਵਲਵਲਾ ਉੱਠਦਾ ਹੈ ਕਿ ਮੈਂ ਵੀ ਜੇ ਅੱਜ ਉਸ ਜਗ੍ਹਾ ਹੁੰਦਾ ਤਾਂ ਦੁਸ਼ਮਣ ਨਾਲ ਲੋਹਾ ਲੈਂਦਾ।"
ਸੁਖਚੈਨ ਸਿੰਘ ਖੁਦ ਵੀ ਫੌਜ ਵਿੱਚ ਸੂਬੇਦਾਰ ਹੈ ਅਤੇ ਹੈਦਰਾਬਾਦ ਤੈਨਾਤ ਹੈ। ਪਿਛਲੇ ਕੁਝ ਦਿਨਾਂ ਤੋਂ ਉਹ ਛੁੱਟੀ ਲੈ ਕੇ ਆਪਣੇ ਘਰ ਆਇਆ ਹੋਇਆ ਹੈ।
ਚੀਨੀ ਉਤਪਾਦਾਂ ਦੇ ਬਾਈਕਾਟ ਦਾ ਸੱਦਾ
ਗਲਵਾਨ ਘਾਟੀ ਦੀ ਇਸ ਘਟਨਾ ਤੋਂ ਬਾਅਦ ਬਹੁਤ ਸਾਰੇ ਭਾਰਤੀ ਚਾਈਨੀਜ਼ ਉਤਪਾਦਾਂ ਦੇ ਬਾਈਕਾਟ ਦਾ ਸੱਦਾ ਦੇ ਰਹੇ ਹਨ। ਇੱਥੋਂ ਤੱਕ ਕਿ ਕੇਂਦਰੀ ਮੰਤਰੀ ਰਾਮਦਾਸ ਅਥਾਵਲੇ ਨੇ ਕਿਹਾ ਕਿ ਚਾਈਨੀਜ਼ ਭੋਜਨ ਵੇਚਣ ਵੇਲੇ ਰੇਸਤਰਾਂ ਬੈਨ ਹੋ ਜਾਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਾਈਨੀਜ਼ ਭੋਜਨ ਦਾ ਬਾਈਕਾਟ ਕਰਨ।
ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਟਵੀਟ ਕੀਤਾ, "ਮੈਂ ਅੱਜ ਅਹਿਦ ਲੈਂਦੀ ਹਾਂ ਕਿ ਚੀਨ ਦਾ ਬਣਿਆ। ਕੋਈ ਉਤਪਾਦ ਨਹੀਂ ਖਰੀਦਾਂਗੀ....ਕੀ ਤੁਸੀਂ ਇਹ ਅਹਿਦ ਲਓਗੇ ?"
ਕ੍ਰਿਕਟਰ ਹਰਭਜਨ ਸਿੰਘ ਨੇ ਵੀ ਅਜਿਹਾ ਟਵੀਟ ਕੀਤਾ ਸੀ।
ਸੋਸ਼ਲ ਮੀਡੀਆ 'ਤੇ #BoycottChineseProducts, #BoyocottChina, #BanChineseProducts, #BoycottChina ਜਿਹੇ ਹੈਸ਼ਟੈਗ ਟਰੈਂਡ ਕਰ ਰਹੇ ਹਨ। ਕੋਈ ਟਿਕਟੌਕ ਜਿਹੀਆਂ ਮੋਬਾਈਲ ਐਪਲੀਕੇਸ਼ਨਜ਼ ਫੋਨਾਂ ਵਿੱਚੋਂ ਅਨ-ਇਨਸਟਾਲ ਕਰਨ ਨੂੰ ਕਹਿ ਰਿਹਾ ਹੈ।
ਕੋਈ ਮੇਡ-ਇਨ ਚਾਈਨਾ ਉਤਪਾਦਾਂ ਦੀ ਮਸ਼ਹੂਰੀ ਕਰਨ ਵਾਲੇ ਸਿਲੈਬ੍ਰਿਟੀਜ਼ ਨੂੰ ਕੋਸ ਰਿਹਾ ਹੈ ਅਤੇ ਕੋਈ ਚੀਨ ਦੇ ਉਤਪਾਦ ਨਾ ਖ਼ਰੀਦ ਕੇ ਉੱਥੋਂ ਦੀ ਆਰਥਿਕਤਾ ਨੂੰ ਧੱਕਾ ਲਗਾ ਕੇ ਚੀਨ ਨੂੰ ਸਬਕ ਸਿਖਾਉਣ ਦੀ ਸਲਾਹ ਦੇ ਰਿਹਾ ਹੈ।
ਕੀ ਚੀਨੀ ਉਤਪਾਦਾਂ ਦਾ ਬਾਈਕਾਟ ਹੋ ਸਕਦਾ ਹੈ ?
ਮੇਰੇ ਸਹਿਯੋਗੀ ਆਰਿਸ਼ ਛਾਬੜਾ ਨੇ ਆਪਣੀ ਇੱਕ ਰਿਪੋਰਟ ਵਿੱਚ ਗੇਟਵੇਅ ਹਾਊਸ ਦੇ ਹਵਾਲੇ ਨਾਲ ਦੱਸਿਆ ਸੀ ਕਿ ਭਾਰਤ ਵਿੱਚ ਚੀਨੀ ਕੰਪਨੀਆਂ ਦਾ ਨਿਵੇਸ਼ 6 ਅਰਬ ਡਾਲਰ ਦਾ ਹੈ। ਭਾਰਤ ਵਿੱਚ ਇੱਕ ਅਰਬ ਡਾਲਰ ਤੋਂ ਜਿਆਦਾ ਵੈਲਿਊ ਵਾਲੇ ਸਟਾਰਟ-ਅਪਜ਼ 'ਚ 30 ਵਿੱਚੋਂ 18 ਕੰਪਨੀਆਂ ਵਿੱਚ ਚੀਨੀ ਨਿਵੇਸ਼ ਦਾ ਵੱਡਾ ਹਿੱਸਾ ਹੈ।
ਭਾਰਤ ਦੀ ਦਵਾਈਆਂ ਬਣਾਉਣ ਦੀ ਇੰਡਸਟਰੀ ਕੱਚੇ ਮਾਲ ਲਈ ਬਹੁਤ ਹੱਦ ਤੱਕ ਚੀਨ ਉੱਤੇ ਨਿਰਭਰ ਹੈ। ਭਾਰਤੀ ਸਰਕਾਰ ਨੇ ਸੰਸਦ ਵਿੱਚ ਕਿਹਾ ਸੀ ਕਿ ਭਾਰਤ ਵਿੱਚ ਬਣਨ ਵਾਲੀਆਂ 70 ਫੀਸਦੀ ਦਵਾਈਆਂ ਲਈ ਕੱਚਾ ਮਾਲ ਚੀਨ ਤੋਂ ਆਉਂਦਾ ਹੈ ਅਤੇ ਚੀਨ ਦੀਆਂ ਕੱਚੇ ਮਾਲ ਦੀਆਂ ਕੰਪਨੀਆਂ ਦਾ ਕੰਮ ਵੀ ਭਾਰਤ ਦੇ ਸਿਰ 'ਤੇ ਚਲਦਾ ਹੈ।
ਦਿੱਲੀ ਦੀ ਇੱਕ ਵਿਸ਼ਲੇਸ਼ਨ ਸੰਸਥਾ ਨਾਲ ਕੰਮ ਕਰਨ ਵਾਲੀ ਮਹਿਜ਼ਬੀਨ ਬਾਨੋ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਅਜਿਹੀਆਂ ਗੱਲਾਂ ਵਕਫੀ ਹੁੰਦੀਆਂ ਹਨ। ਕਿਸੇ ਖਾਸ ਸਮੇਂ, ਕੋਈ ਸੁਨੇਹਾ ਭੇਜਣ ਲਈ ਜਾਂ ਗੁਬਾਰ ਕੱਢਣ ਲਈ ਅਜਿਹੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ।
ਜਵਾਹਰਲਾਲ ਨਹਿਰੂ ਯੁਨੀਵਰਸਿਟੀ ਦੇ ਪ੍ਰੋਫੈਸਰ ਸਵਰਨ ਸਿੰਘ ਨੇ ਕਿਹਾ, "ਚੀਨ ਦੇ ਕਈ ਮੁਲਕਾਂ ਨਾਲ ਅਜਿਹੇ ਰਿਸ਼ਤੇ ਨੇ, ਜਿਨ੍ਹਾਂ ਨੂੰ ਉੱਤੋਂ-ਉੱਤੋਂ ਦੇਖਣ 'ਤੇ ਲਗਦਾ ਹੈ ਕਿ ਚੀਨ ਦਾ ਪੱਲੜਾ ਭਾਰੀ ਹੈ, ਪਰ ਵਿਸ਼ਵੀਕਰਨ(ਗਲੋਬਲਾਈਜੇਸ਼ਨ) ਦੇ ਇਸ ਦੌਰ ਵਿੱਚ ਇਸ ਤਰ੍ਹਾਂ ਨਹੀਂ ਦੇਖਿਆ ਜਾ ਸਕਦਾ, ਹਰ ਮੁਲਕ ਦੂਜੇ ਮੁਲਕ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਨਿਰਭਰ ਹੈ।"
"ਸਾਡੇ ਜਵਾਨ ਕੋਈ ਖੇਡ ਨਹੀਂ..."
ਇਸ ਝੜਪ ਵਿੱਚ ਜਾਨ ਗਵਾਉਣ ਵਾਲਿਆਂ 'ਚ ਪੰਜਾਬ ਦੇ ਵੀ ਚਾਰ ਜਵਾਨ ਸ਼ਾਮਿਲ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਭਾਰਤ ਸਰਕਾਰ ਨੂੰ ਸਖਤ ਕਦਮ ਚੁੱਕਣ ਨੂੰ ਕਿਹਾ।
ਉਹਨਾਂ ਕਿਹਾ, " ਇਹ ਗਲਵਾਨ ਘਾਟੀ ਵਿੱਚ ਜੋ ਵਾਪਰ ਰਿਹਾ ਹੈ, ਉਹ ਚੀਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਉਲੰਘਣਾ ਦਾ ਹਿੱਸਾ ਹੈ। ਹੁਣ ਸਮਾਂ ਆ ਗਿਆ ਹੈ ਕਿ ਦੇਸ ਇਨ੍ਹਾਂ ਹਮਲਿਆਂ ਖਿਲਾਫ਼ ਖੜ੍ਹਾ ਹੋਵੇ। ਸਾਡੇ ਜਵਾਨ ਕੋਈ ਖੇਡ ਨਹੀਂ ਜੋ ਹਰ ਦਿਨ ਸਰਹੱਦ ਦਾ ਬਚਾਅ ਕਰਨ ਵੇਲੇ ਮਾਰੇ ਜਾ ਰਹੇ ਹਨ ਅਤੇ ਜ਼ਖਮੀ ਹੋ ਰਹੇ ਹਨ।"
"ਹੁਣ ਸਮਾਂ ਆ ਗਿਆ ਹੈ ਕਿ ਭਾਰਤ ਸਰਕਾਰ ਸਖ਼ਤ ਕਦਮ ਚੁੱਕੇ। ਸਾਡੇ ਵੱਲੋਂ ਦਿਸਿਆ ਕਮਜੋਰੀ ਦਾ ਹਰ ਇੱਕ ਸੰਕੇਤ ਚੀਨੀ ਪ੍ਰਤੀਕਰਮ ਨੂੰ ਹੋਰ ਹਮਲਾਵਰ ਬਣਾਉਂਦਾ ਹੈ। ਮੈਂ ਆਪਣੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਿੱਚ ਦੇਸ਼ ਦੇ ਨਾਲ ਹਾਂ। ਦੇਸ਼ ਸੋਗ ਦੀ ਘੜੀ ਵਿੱਚ ਤੁਹਾਡੇ ਨਾਲ ਖੜ੍ਹਾ ਹੈ।"
ਇਸ ਘਟਨਾ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਮੋਦੀ ਸਰਕਾਰ ਨੂੰ ਸਵਾਲ ਪੁੱਛ ਰਹੀ ਹੈ। ਕਈ ਆਮ ਲੋਕ ਕੇਂਦਰ ਸਰਕਾਰ 'ਤੇ ਵਿਅੰਗ ਕਰ ਰਹੇ ਹਨ।
ਇਸ ਸਭ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ 'ਤੇ ਪ੍ਰਕੀਰਮ ਦਿੰਦਿਆਂ ਕਿਹਾ, "ਅਸੀਂ ਕਿਸੇ ਨੂੰ ਭੜਕਾਉਂਦੇ ਨਹੀਂ, ਪਰ ਸਮਾਂ ਪੈਣ ਉੱਤੇ ਢੁਕਵਾਂ ਜਵਾਬ ਦੇਣ ਦੇ ਸਮਰੱਥ ਹਾਂ। ਮੈਂ ਦੇਸ਼ ਦੇ ਲੋਕਾਂ ਨੂੰ ਭਰੋਸਾ ਦਵਾਉਣਾ ਚਾਹੁੰਦਾ ਹਾਂ ਕਿ ਸਾਡੇ ਫੌਜੀਆਂ ਦੀਆਂ ਕੁਰਬਾਨੀਆਂ ਅਜਾਈਂ ਨਹੀਂ ਜਾਣਗੀਆਂ।"
ਇਹ ਵੀਡੀਓ ਵੀ ਦੇਖੋ