ਕੋਰੋਨਾਵਾਇਰਸ: ਮੋਦੀ ਸਰਕਾਰ ਨੇ ਬਿਨਾਂ ਯੋਜਨਾ ਦੇ ਲਾਗੂ ਕੀਤਾ ਲੌਕਡਾਊਨ - ਨਜ਼ਰੀਆ

ਸਟੀਵ ਹੈਂਕੀ ਅਮਰੀਕਾ ਦੀ ਜੌਨਸ ਹਾਪਕਿੰਸ ਯੂਨੀਵਰਸਿਟੀ ਵਿੱਚ ਅਪਲਾਇਡ ਅਰਥਸ਼ਾਸਤਰ ਦੇ ਪ੍ਰੋਫੈਸਰ ਅਤੇ ਜੌਨਸ ਹਾਪਕਿੰਸ ਇੰਸਟੀਚਿਊਟ ਫਾਰ ਅਪਲਾਇਡ ਅਰਥਸ਼ਾਸਤਰ, ਗਲੋਬਲ ਹੈਲਥ ਅਤੇ ਬਿਜ਼ਨਸ ਐਂਟਰਪ੍ਰਾਈਜ਼ ਅਧਿਐਨ ਦੇ ਸੰਸਥਾਪਕ ਅਤੇ ਸਹਿ ਨਿਰਦੇਸ਼ਕ ਹਨ।

ਉਹ ਦੁਨੀਆਂ ਦੇ ਉੱਘੇ ਅਰਥਸ਼ਾਸਤਰੀ ਹਨ। ਭਾਰਤ ਅਤੇ ਦੱਖਣੀ ਏਸ਼ੀਆ ਦੇ ਦੇਸ਼ਾਂ 'ਤੇ ਉਨ੍ਹਾਂ ਦੀ ਡੂੰਘੀ ਨਜ਼ਰ ਹੈ।

ਬੀਬੀਸੀ ਪੱਤਰਕਾਰ ਜ਼ੁਬੈਰ ਅਹਿਮਦ ਨੂੰ ਦਿੱਤੀ ਇੱਕ ਐਕਸਕਲੂਸਿਵ ਇੰਟਰਵਿਊ ਵਿੱਚ ਉਨ੍ਹਾਂ ਨੇ ਭਾਰਤ ਵਿੱਚ ਜਾਰੀ ਲੌਕਡਾਊਨ ਅਤੇ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਤੋਂ ਇਲਾਵਾ ਕਈ ਦੂਜੇ ਮੁੱਦਿਆਂ 'ਤੇ ਗੱਲਾਂ ਕੀਤੀਆਂ।

ਬੀਬੀਸੀ ਨਾਲ ਐਕਸਕਲੂਸਿਵ ਗੱਲਬਾਤ ਵਿੱਚ ਪ੍ਰੋਫੈਸਰ ਸਟੀਵ ਹੈਂਕੀ ਨੇ ਕੀ ਕਿਹਾ, ਵਿਸਥਾਰ ਨਾਲ ਪੜ੍ਹੋ

ਪ੍ਰਸਿੱਧ ਅਰਥਸ਼ਾਸਤਰੀ ਪ੍ਰੋਫੈਸਰ ਸਟੀਵ ਹੈਂਕੀ ਕਹਿੰਦੇ ਹਨ ਕਿ ਭਾਰਤ ਸਰਕਾਰ ਕੋਰੋਨਾ ਸੰਕਟ ਨਾਲ ਲੜਨ ਲਈ ਪਹਿਲਾਂ ਤੋਂ ਤਿਆਰ ਨਹੀਂ ਸੀ।

ਉਨ੍ਹਾਂ ਨੇ ਕਿਹਾ, "ਮੋਦੀ ਪਹਿਲਾਂ ਤੋਂ ਤਿਆਰ ਨਹੀਂ ਸਨ ਅਤੇ ਭਾਰਤ ਕੋਲ ਢੁਕਵੇਂ ਉਪਕਰਨ ਨਹੀਂ ਹਨ।"

ਪ੍ਰੋਫੈਸਰ ਸਟੀਵ ਹੈਂਕੀ ਕਹਿੰਦੇ ਹਨ, "ਮੋਦੀ ਦੇ ਲੌਕਡਾਊਨ ਨਾਲ ਸਮੱਸਿਆ ਇਹ ਹੈ ਕਿ ਇਸ ਨੂੰ ਬਿਨਾਂ ਪਹਿਲਾਂ ਤੋਂ ਯੋਜਨਾ ਦੇ ਲਾਗੂ ਕਰ ਦਿੱਤਾ ਗਿਆ, ਅਸਲ ਵਿੱਚ ਮੈਨੂੰ ਲੱਗਦਾ ਹੈ ਕਿ ਮੋਦੀ ਇਹ ਜਾਣਦੇ ਹੀ ਨਹੀਂ ਹਨ ਕਿ 'ਯੋਜਨਾ' ਦਾ ਮਤਲਬ ਕੀ ਹੁੰਦਾ ਹੈ।"

ਪ੍ਰੋਫੈਸਰ ਹੈਂਕੀ ਕਹਿੰਦੇ ਹਨ ਕਿ ਲੌਕਡਾਊਨ ਸੰਪੂਰਨ ਨਹੀਂ ਸਮਾਰਟ ਹੋਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਵੀ ਦੇਸ਼ਾਂ ਨੇ ਕੋਰੋਨਾਵਾਇਰਸ ਤੋਂ ਆਪਣੇ ਵੱਡੇ ਨੁਕਸਾਨ ਹੋਣ ਤੋਂ ਰੋਕੇ ਹਨ, ਉਨ੍ਹਾਂ ਨੇ ਆਪਣੇ ਉੱਥੇ ਸਖ਼ਤ ਉਪਾਅ ਲਾਗੂ ਨਹੀਂ ਕੀਤੇ ਸਨ।

ਇਨ੍ਹਾਂ ਦੇਸ਼ਾਂ ਨੇ ਆਪਣੇ ਉੱਥੇ ਸਟੀਕ, ਸਰਜੀਕਲ ਪਹੁੰਚ ਦਾ ਸਹਾਰਾ ਲਿਆ।

ਹਾਲਾਂਕਿ ਭਾਜਪਾ ਦੇ ਜਨਰਲ ਸੈਕਟਰੀ ਰਾਮ ਮਾਧਵ ਦਾ ਮੰਨਣਾ ਹੈ ਕਿ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਵਿੱਚ ਪੀਐੱਮ ਮੋਦੀ ਨੇ ਦੁਨੀਆਂ ਸਾਹਮਣੇ ਮਿਸਾਲ ਪੇਸ਼ ਕੀਤੀ ਹੈ, ਇੱਥੇ ਪੜ੍ਹੋ ਰਾਮ ਮਾਧਵ ਦਾ ਨਜ਼ਰੀਆ।

ਅਮਰੀਕੀ ਅਰਥਸ਼ਾਸਤਰੀ ਸੰਪੂਰਨ ਲੌਕਡਾਊਨ ਦੇ ਪੱਖ ਵਿੱਚ ਨਹੀਂ ਹਨ।

ਉਹ ਕਹਿੰਦੇ ਹਨ, "ਮੈਂ ਇਹ ਸਾਫ਼ ਕਰ ਦਿਆਂ ਕਿ ਮੈਂ ਕਦੇ ਸੰਪੂਰਨ ਲੌਕਡਾਊਨ ਦਾ ਸਮਰਥਕ ਨਹੀਂ ਰਿਹਾ ਹਾਂ। ਮੈਂ ਹਮੇਸ਼ਾ ਤੋਂ ਸਮਾਰਟ ਅਤੇ ਟੀਚਾਗਤ ਪਹੁੰਚ ਦੀ ਵਕਾਲਤ ਕੀਤੀ ਹੈ, ਜਿਵੇਂ ਕਿ ਦੱਖਣੀ ਕੋਰੀਆ, ਸਵੀਡਨ ਅਤੇ ਇੱਥੋਂ ਤੱਕ ਕਿ ਯੂਏਈ ਵਿੱਚ ਕੀਤਾ ਗਿਆ। ਇਸੇ ਕਾਰਨ ਮੈਂ ਖੇਡ ਪ੍ਰਬੰਧਾਂ ਅਤੇ ਧਾਰਮਿਕ ਪ੍ਰੋਗਰਾਮਾਂ ਨੂੰ ਰੱਦ ਕਰਨ ਦੀ ਗੱਲ ਕੀਤੀ ਹੈ।"

ਕੋਰੋਨਾ ਸੰਕਰਮਣ ਤੋਂ ਬਚਣ ਲਈ 24 ਮਾਰਚ ਦੀ ਅੱਧੀ ਰਾਤ ਨੂੰ ਚਾਰ ਘੰਟੇ ਦੇ ਨੋਟਿਸ 'ਤੇ 21 ਦਿਨਾਂ ਦਾ ਸੰਪੂਰਨ ਲੌਕਡਾਊਨ ਦੇਸ਼ ਭਰ ਵਿੱਚ ਲਾਗੂ ਕਰ ਦਿੱਤਾ ਗਿਆ, ਜਿਸ ਨੂੰ ਹੁਣ ਤਿੰਨ ਮਈ ਤੱਕ ਵਧਾ ਦਿੱਤਾ ਗਿਆ ਹੈ।

ਇਸ ਦੇ ਦੋ ਦਿਨ ਪਹਿਲਾਂ ਯਾਨੀ 22 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਵਿੱਚ ਜਨਤਾ ਕਰਫਿਊ ਲਾਗੂ ਕਰਨ ਦੀ ਅਪੀਲ ਕੀਤੀ ਸੀ ਜੋ ਸਫ਼ਲ ਰਿਹਾ ਸੀ।

ਭਾਰਤ ਵਿੱਚ ਮੋਦੀ ਸਰਕਾਰ ਦੀਆਂ ਲੌਕਡਾਊਨ ਨੀਤੀਆਂ 'ਤੇ ਜ਼ਿਆਦਾ ਸਵਾਲ ਨਹੀਂ ਉਠਾਏ ਗਏ ਹਨ, ਉਲਟਾ ਉਸ ਸਮੇਂ ਦੇਸ਼ ਵਿੱਚ ਜਸ਼ਨ ਦਾ ਮਾਹੌਲ ਸੀ, ਜਦੋਂ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ 24 ਫਰਵਰੀ ਨੂੰ ਅਹਿਮਦਾਬਾਦ ਵਿੱਚ ਲੋਕਾਂ ਨਾਲ ਭਰੇ ਇੱਕ ਸਟੇਡੀਅਮ ਵਿੱਚ ਸਵਾਗਤ ਕੀਤਾ।

ਜਦ ਕਿ ਉਸ ਸਮੇਂ ਚੀਨ, ਜਪਾਨ ਅਤੇ ਇਟਲੀ ਵਰਗੇ ਦੇਸ਼ਾਂ ਦੇ ਕੁਝ ਇਲਾਕਿਆਂ ਵਿੱਚ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਸੀ।

ਭਾਰਤ ਵਿੱਚ ਕੋਰੋਨਾਵਾਇਰਸ ਦਾ ਪਹਿਲਾ ਕੇਸ 30 ਜਨਵਰੀ ਨੂੰ ਸਾਹਮਣੇ ਆਇਆ ਸੀ।

ਭਾਰਤ ਦੀ ਅੰਡਰਗਰਾਊਂਡ ਇਕੌਨਮੀ ਨੂੰ ਘੱਟ ਕਰਨਾ ਜ਼ਰੂਰੀ

ਪ੍ਰੋਫੈਸਰ ਹੈਂਕੀ ਦਾ ਮੰਨਣਾ ਸੀ ਕਿ ਲੌਕਡਾਊਨ ਦੇ ਸਖ਼ਤ ਉਪਾਅ ਨਾਲ ਕਮਜ਼ੋਰ ਤਬਕੇ ਦਾ ਜ਼ਿਆਦਾ ਨੁਕਸਾਨ ਹੋਇਆ ਹੈ।

ਉਹ ਕਹਿੰਦੇ ਹਨ, "ਮੋਦੀ ਦੇ ਸਖ਼ਤ ਉਪਾਅ ਦੇਸ਼ ਦੀ ਵੱਡੀ ਆਬਾਦੀ ਦੇ ਸਭ ਤੋਂ ਜ਼ਿਆਦਾ ਜੋਖ਼ਮ ਵਾਲੇ ਤਬਕਿਆਂ ਵਿੱਚ ਪੈਨਿਕ ਫੈਲਾਉਣ ਵਾਲੇ ਰਹੇ ਹਨ। ਭਾਰਤ ਦੇ 81 ਫੀਸਦੀ ਲੋਕ ਅਸੰਗਠਿਤ ਖੇਤਰ ਵਿੱਚ ਕੰਮ ਕਰਦੇ ਹਨ।"

"ਭਾਰਤ ਦੀ ਵੱਡੀ ਅੰਡਰਗਰਾਊਂਡ ਇਕੌਨਮੀ ਦੀ ਵਜ੍ਹਾ ਇਹ ਹੈ ਕਿ ਇੱਥੇ ਸਰਕਾਰ ਵਿੱਚ ਗ਼ੈਰ-ਜ਼ਰੂਰੀ ਅਤੇ ਸ਼ੋਸ਼ਣ ਕਰਨ ਵਾਲੇ ਨਿਯਮ ਮੌਜੂਦ ਹਨ। ਕਾਨੂੰਨ ਦਾ ਰਾਜ ਬੇਹੱਦ ਕਮਜ਼ੋਰ ਹੈ ਅਤੇ ਨਾਲ ਹੀ ਇੱਥੇ ਸੰਪਤੀ ਦੇ ਅਧਿਕਾਰਾਂ ਵਿੱਚ ਅਨਿਸ਼ਚਤਤਾ ਹੈ।"

ਤਾਂ ਇਸ ਨੂੰ ਸੰਗਠਿਤ ਕਰਨ ਲਈ ਕੀ ਕਰਨਾ ਚਾਹੀਦਾ ਹੈ, ਪ੍ਰੋਫੈਸਰ ਸਟੀਵ ਹੈਂਕੀ ਦਾ ਨੁਸਖ਼ਾ ਇਹ ਹੈ ਕਿ ਅਰਥਵਿਵਸਥਾ ਵਿੱਚ ਸੁਧਾਰ, ਕਾਨੂੰਨ ਦਾ ਰਾਜ ਕਾਇਮ ਕਰਨਾ, ਦਾਗਦਾਰ ਅਤੇ ਭ੍ਰਿਸ਼ਟ ਨੌਕਰਸ਼ਾਹੀ ਅਤੇ ਨਿਆਂਇਕ ਵਿਵਸਥਾਵਾਂ ਵਿੱਚ ਸੁਧਾਰ ਹੀ ਅਸੰਗਠਿਤ ਅਰਥਵਿਵਸਥਾ ਨੂੰ ਘੱਟ ਕਰਨ ਦਾ ਇੱਕਮਾਤਰ ਤਰੀਕਾ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤੀ ਵਰਕਰਾਂ ਨੂੰ ਇੱਕ ਮਾਡਰਨ ਅਤੇ ਰਸਮੀ ਅਰਥਵਿਵਸਥਾ ਵਿੱਚ ਲਿਆਉਣ ਦਾ ਤਰੀਕਾ ਗ਼ਲਤ ਤਰੀਕੇ ਨਾਲ ਲਾਗੂ ਕੀਤੀ ਗਈ ਨੋਟਬੰਦੀ ਵਰਗਾ ਕਦਮ ਨਹੀਂ ਹੋ ਸਕਦਾ।

ਦੇਸ਼ ਦੀ ਖ਼ਰਾਬ ਸਿਹਤ ਸੰਰਚਨਾ

ਪ੍ਰੋਫੈਸਰ ਹੈਂਕੀ ਕਹਿੰਦੇ ਹਨ, "ਭਾਰਤ ਕੋਰੋਨਾ ਦੀ ਮਹਾਂਮਾਰੀ ਲਈ ਤਿਆਰ ਨਹੀਂ ਸੀ, ਨਾਲ ਹੀ ਦੇਸ਼ ਵਿੱਚ ਟੈਸਟਿੰਗ ਜਾਂ ਇਲਾਜ ਦੀਆਂ ਸੁਵਿਧਾਵਾਂ ਵੀ ਬੇਹੱਦ ਘੱਟ ਹਨ। ਭਾਰਤ ਵਿੱਚ ਹਰ 1,000 ਲੋਕਾਂ 'ਤੇ ਸਿਰਫ਼ 0.7 ਬੈੱਡ ਹਨ। ਦੇਸ਼ ਵਿੱਚ ਹਰ ਇੱਕ ਹਜ਼ਾਰ ਲੋਕਾਂ 'ਤੇ ਸਿਰਫ਼ 0.8 ਡਾਕਟਰ ਹਨ।"

"ਦੇਸ਼ ਵਿੱਚ ਸਿਹਤ ਦਾ ਬੁਨਿਆਦੀ ਢਾਂਚਾ ਕਿੰਨਾ ਮਾੜਾ ਹੈ, ਇਸ ਦੀ ਇੱਕ ਮਿਸਾਲ ਇਹ ਹੈ ਕਿ ਮਹਾਂਰਾਸ਼ਟਰ ਦੇ ਸਰਕਾਰੀ ਹਸਪਤਾਲਾਂ ਵਿੱਚ ਸਿਰਫ਼ 450 ਵੈਂਟੀਲੇਟਰ ਅਤੇ 502 ਆਈਸੀਯੂ ਬੈੱਡ ਹਨ। ਇੰਨੇ ਘੱਟ ਸਰੋਤਾਂ 'ਤੇ ਰਾਜ ਦੇ 12.6 ਕਰੋੜ ਲੋਕ ਟਿਕੇ ਹਨ।"

ਉਨ੍ਹਾਂ ਦਾ ਕਹਿਣਾ ਸੀ, "ਕੋਰੋਨਾਵਾਇਰਸ ਨਾਲ ਦਿੱਕਤ ਇਹ ਹੈ ਕਿ ਇਸ ਦੇ ਬਿਨਾਂ ਲੱਛਣ ਵਾਲੇ ਵਾਹਕ ਕਿਸੇ ਨੂੰ ਜਾਣਕਾਰੀ ਹੋਏ ਬਗ਼ੈਰ ਇਸ ਬਿਮਾਰੀ ਨੂੰ ਲੋਕਾਂ ਵਿੱਚ ਫੈਲਾ ਸਕਦੇ ਹਨ।"

"ਇਸ ਵਾਇਰਸ ਨਾਲ ਪ੍ਰਭਾਵੀ ਤੌਰ 'ਤੇ ਲੜਨ ਦਾ ਇੱਕੋ-ਇੱਕ ਤਰੀਕਾ ਟੈਸਟ ਅਤੇ ਟਰੇਸ ਪ੍ਰੋਗਰਾਮ ਚਲਾਉਣਾ ਹੈ, ਜਿਵੇਂ ਕਿ ਸਿੰਗਾਪੁਰ ਵਿੱਚ ਹੋਇਆ। ਇੰਡੀਆ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਚਲਾਉਣ ਦੀ ਬੇਹੱਦ ਸੀਮਤ ਸਮਰੱਥਾ ਹੈ।"

ਸੰਕਟ ਦੇ ਸਮੇਂ ਸਰਕਾਰਾਂ ਦੀ ਪ੍ਰਤੀਕਿਰਿਆ

ਦੁਨੀਆਂ ਭਰ ਵਿੱਚ ਸਰਕਾਰਾਂ ਦੀ ਇਸ ਗੱਲ 'ਤੇ ਆਲੋਚਨਾ ਹੋ ਰਹੀ ਹੈ ਕਿ ਸੰਕਰਮਣ ਨੂੰ ਰੋਕਣ ਲਈ ਦੇਰ ਨਾਲ ਕਦਮ ਚੁੱਕੇ ਗਏ।

ਇਸ 'ਤੇ ਪ੍ਰੋਫੈਸਰ ਹੈਂਕੀ ਦਾ ਕਹਿਣਾ ਹੈ, "ਕੋਰੋਨਾਵਾਇਰਸ ਦੀ ਮਹਾਂਮਾਰੀ ਸ਼ੁਰੂ ਹੋਣ ਦੇ ਨਾਲ ਹੀ ਦੁਨੀਆਂ ਦੂਜੇ ਵਿਸ਼ਵ ਯੁੱਧ ਦੇ ਬਾਅਦ ਤੋਂ ਸਭ ਤੋਂ ਵੱਡੇ ਸੰਕਟ ਨਾਲ ਜੰਗ ਲੜਨ ਵਿੱਚ ਜੁਟ ਗਈ ਹੈ, ਕੋਈ ਵੀ ਸੰਕਟ ਚਾਹੇ ਉਹ ਛੋਟਾ ਹੋਵੇ ਜਾਂ ਵੱਡਾ ਹੋਵੇ, ਉਸ ਵਿੱਚ ਹਮੇਸ਼ਾ ਇਹ ਹੀ ਮੰਗ ਹੁੰਦੀ ਹੈ ਕਿ ਸਰਕਾਰਾਂ ਇਨ੍ਹਾਂ ਨਾਲ ਨਜਿੱਠਣ ਲਈ ਕੋਸ਼ਿਸ਼ਾਂ ਕਰਨ।"

"ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੀ ਸਰਕਾਰ ਦੀਆਂ ਨੀਤੀਆਂ ਜਾਂ ਕਦਮਾਂ ਦੇ ਚੱਲਦੇ ਕੋਈ ਸੰਕਟ ਪੈਦਾ ਹੋਇਆ ਜਾਂ ਫਿਰ ਸਰਕਾਰ ਕਿਸੇ ਸੰਕਟ ਦੌਰਾਨ ਹੋਏ ਨੁਕਸਾਨਾਂ ਨੂੰ ਰੋਕਣ ਅਤੇ ਇਸ ਸੰਕਟ ਨੂੰ ਟਾਲਣ ਵਿੱਚ ਨਾਕਾਮ ਸਾਬਤ ਹੋਈ ਹੈ।"

ਉਹ ਕਹਿੰਦੇ ਹਨ, "ਦੋਵੇਂ ਹੀ ਮਾਮਲਿਆਂ ਵਿੱਚ ਪ੍ਰਤੀਕਿਰਿਆ ਇੱਕ ਹੀ ਹੁੰਦੀ ਹੈ, ਸਾਨੂੰ ਸਰਕਾਰ ਦੇ ਸਕੋਪ ਅਤੇ ਸਕੇਲ ਨੂੰ ਵਧਾਉਣ ਦੀ ਜ਼ਰੂਰਤ ਹੁੰਦੀ ਹੈ, ਇਸ ਦੇ ਕਈ ਰੂਪ ਹੋ ਸਕਦੇ ਹਨ।"

"ਪਰ ਇਨ੍ਹਾਂ ਸਭ ਦਾ ਨਤੀਜਾ ਸਮਾਜ ਅਤੇ ਅਰਥਵਿਵਸਥਾ 'ਤੇ ਸਰਕਾਰ ਦੀ ਤਾਕਤ ਦੀ ਜ਼ਿਆਦਾ ਵਰਤੋਂ ਦੇ ਤੌਰ 'ਤੇ ਦਿਖਾਈ ਦਿੰਦਾ ਹੈ, ਸੱਤਾ 'ਤੇ ਇਹੀ ਪਕੜ ਸੰਕਟ ਦੇ ਲੰਘ ਜਾਣ ਦੇ ਬਾਅਦ ਵੀ ਲੰਬੇ ਸਮੇਂ ਤੱਕ ਜਾਰੀ ਰਹਿੰਦੀ ਹੈ।"

ਪ੍ਰੋਫੈਸਰ ਸਟੀਵ ਹੈਂਕੀ ਮੁਤਾਬਕ ਪਹਿਲੇ ਵਿਸ਼ਵ ਯੁੱਧ ਦੇ ਬਾਅਦ ਆਏ ਹਰ ਸੰਕਟ ਵਿੱਚ ਅਸੀਂ ਦੇਖਿਆ ਹੈ ਕਿ ਸਾਡੀ ਜ਼ਿੰਦਗੀ ਵਿੱਚ ਸਿਆਸੀਕਰਨ ਦਾ ਇਜ਼ਾਫ਼ਾ ਹੋਇਆ ਹੈ।

ਸਾਰੇ ਮਸਲੇ ਰਾਜਨੀਤਕ ਮਸਲੇ ਮੰਨੇ ਜਾਂਦੇ ਹਨ। ਸਾਰੀਆਂ ਕਦਰਾਂ ਕੀਮਤਾਂ ਰਾਜਨੀਤਕ ਕਦਰਾਂ ਕੀਮਤਾਂ ਮੰਨੀਆਂ ਜਾਂਦੀਆਂ ਹਨ ਅਤੇ ਸਾਰੇ ਫ਼ੈਸਲੇ ਰਾਜਨੀਤਕ ਫ਼ੈਸਲੇ ਹੁੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਨੋਬਲ ਪੁਰਸਕਾਰ ਹਾਸਲ ਕਰ ਚੁੱਕੇ ਅਰਥਸ਼ਾਸਤਰੀ ਫਰੈੱਡਰਿਕ ਹਾਇਕ ਨਵੀਂ ਵਿਸ਼ਵ ਵਿਵਸਥਾ ਨਾਲ ਆਉਣ ਵਾਲੀਆਂ ਲੰਬੇ ਸਮੇਂ ਦੀਆਂ ਸਮੱਸਿਆਵਾਂ ਵੱਲ ਇਸ਼ਾਰਾ ਕਰਦੇ ਹਨ।

ਹਾਇਕ ਮੁਤਾਬਕ ਹਾਦਸਾਗ੍ਰਸਤ ਸਥਿਤੀਆਂ ਹਮੇਸ਼ਾ ਤੋਂ ਵਿਅਕਤੀਗਤ ਆਜ਼ਾਦੀ ਨੂੰ ਤੈਅ ਕਰਨ ਵਾਲੇ ਉਪਾਇਆਂ ਨੂੰ ਕਮਜ਼ੋਰ ਕਰਨ ਦੀ ਵਜ੍ਹਾ ਰਹੀਆਂ ਹਨ।

ਰਾਸ਼ਟਰਪਤੀ ਟਰੰਪ ਦੀ ਨਾਕਾਮੀ

ਅਮਰੀਕਾ ਦੇ ਰਾਸ਼ਟਰਪਤੀ ਟਰੰਪ ਬਾਰੇ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਸੰਕਰਮਣ ਨਾਲ ਜੂਝਣ ਲਈ ਫਰਵਰੀ ਤੋਂ ਹੀ ਕਦਮ ਚੁੱਕਣੇ ਚਾਹੀਦੇ ਸਨ।

ਇਸ 'ਤੇ ਸਟੀਵ ਹੈਂਕੀ ਨੇ ਕਿਹਾ, "ਕਿਸੇ ਵੀ ਸੰਕਟ ਵਿੱਚ ਸਮਾਂ ਤੁਹਾਡਾ ਦੁਸ਼ਮਣ ਹੁੰਦਾ ਹੈ। ਜ਼ਿਆਦਾ ਪ੍ਰਭਾਵੀ ਹੋਣ ਲਈ ਸਾਨੂੰ ਤੇਜ਼ੀ ਨਾਲ ਬੋਲਡ ਅਤੇ ਸਪੱਸ਼ਟ ਫ਼ੈਸਲੇ ਲੈਣੇ ਹੁੰਦੇ ਹਨ।"

"ਰਾਸ਼ਟਰਪਤੀ ਟਰੰਪ ਅਜਿਹਾ ਕਰਨ ਵਿੱਚ ਨਾਕਾਮ ਰਹੇ ਹਨ, ਪਰ ਉਹ ਅਜਿਹੇ ਇਕੱਲੇ ਰਾਜਨੇਤਾ ਨਹੀਂ ਹਨ। ਕਈ ਸਰਕਾਰਾਂ ਤਾਂ ਹੋਰ ਜ਼ਿਆਦਾ ਸੁਸਤੀ ਦਾ ਸ਼ਿਕਾਰ ਰਹੀਆਂ ਹਨ।"

"ਇਸ ਦਾ ਇੱਕ ਕਾਰਨ ਇਹ ਹੈ ਕਿ ਚੀਨ ਨੇ ਲੰਬੇ ਸਮੇਂ ਤੱਕ ਪੂਰੀ ਦੁਨੀਆ ਤੋਂ ਇਹ ਛੁਪਾ ਕੇ ਰੱਖਿਆ ਕਿ ਵੂਹਾਨ ਵਿੱਚ ਕੀ ਹੋ ਰਿਹਾ ਹੈ। ਡਬਲਯੂਐੱਚਓ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਪਾਪਾਂ 'ਤੇ ਪਰਦਾ ਪਾ ਕੇ ਰੱਖਿਆ। ਇੱਥੋਂ ਤੱਕ ਕਿ ਅਜੇ ਵੀ ਚੀਨ ਆਪਣੀ ਟੈਸਟਿੰਗ ਦੇ ਅੰਕੜੇ ਸਾਂਝਾ ਨਹੀਂ ਕਰ ਰਿਹਾ ਹੈ।"

ਡਬਲਯੂਐੱਚਓ ਦੀ ਮਾੜੀ ਭੂਮਿਕਾ

ਅਮਰੀਕੀ ਰਾਸ਼ਟਰਪਤੀ ਵੱਲੋਂ ਡਬਲਯੂਐੱਚਓ ਦੀ ਆਲੋਚਨਾ 'ਤੇ ਉਨ੍ਹਾਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੋਰੋਨਾਵਾਇਰਸ ਦੇ ਫੈਲਣ ਲਈ ਡਬਲਯੂਐੱਚਓ ਨੂੰ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ।

ਉਨ੍ਹਾਂ ਦੀ ਸਥਿਤੀ ਇਹ ਹੈ ਕਿ ਡਬਲਯੂਐੱਚਓ ਨੇ ਇਸ ਮਹਾਂਮਾਰੀ ਨੂੰ ਗ਼ਲਤ ਤਰੀਕੇ ਨਾਲ ਹੈਂਡਲ ਕੀਤਾ ਹੈ।

ਟਰੰਪ ਮੁਤਾਬਕ ਡਬਲਯੂਐੱਚਓ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਮਾਊਥਪੀਸ ਦੇ ਤੌਰ 'ਤੇ ਕੰਮ ਕੀਤਾ ਹੈ।

ਪ੍ਰੋਫੈਸਰ ਹੈਂਕੀ ਕਹਿੰਦੇ ਹਨ, "ਇਹ ਸਪੱਸ਼ਟ ਹੈ ਕਿ ਡਬਲਯੂਐੱਚਓ ਦੇ ਚੀਫ ਡਾ. ਟੇਡਰੋਸ ਅਤੇ ਡਬਲਯੂਐੱਚਓ ਆਪਣੇ ਤੈਅ ਪਬਲਿਕ ਹੈਲਥ ਮਿਸ਼ਨ ਦੇ ਉਲਟ ਚੀਨ ਵਿੱਚ ਕਮਿਊਨਿਸਟਾਂ ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਹਨ। ਡਬਲਯੂਐੱਚਓ ਬਾਕੀਆਂ ਦੀ ਤਰ੍ਹਾਂ ਹੀ ਰਾਜਨੀਤੀ ਦਾ ਸ਼ਿਕਾਰ ਹੈ। ਡਬਲਯੂਐੱਚਓ ਨੂੰ ਕਾਫ਼ੀ ਪਹਿਲਾਂ ਹੀ ਮਿਊਜ਼ੀਅਮ ਵਿੱਚ ਸਜ਼ਾ ਦੇਣਾ ਚਾਹੀਦਾ ਸੀ।"

5 ਪੀ ਦਾ ਸਬਕ

ਪ੍ਰੋਫੈਸਰ ਸਟੀਵ ਹੈਂਕੀ ਅਨੁਸਾਰ, "ਕਿਸੇ ਵੀ ਸੰਕਟ ਦੇ ਸਮੇਂ ਪਹਿਲਾਂ ਤੋਂ ਕੀਤੀ ਗਈ ਤਿਆਰੀ ਬਾਅਦ ਵਿੱਚ ਰਾਹਤ ਦਾ ਸਬੱਬ ਬਣਦੀ ਹੈ, ਪਰ ਅਜਿਹਾ ਨਹੀਂ ਦੇਖਿਆ ਗਿਆ ਹੈ ਕਿ ਸਰਕਾਰਾਂ ਅਜਿਹੇ ਸੰਕਟਾਂ ਦੀ ਵਰਤੋਂ ਸੱਤਾ 'ਤੇ ਆਪਣੀ ਪਕੜ ਨੂੰ ਮਜ਼ਬੂਤ ਕਰਨ ਵਿੱਚ ਕਰਦੀ ਹੈ।"

"ਮੇਰੀ ਸਲਾਹ ਰਾਸ਼ਟਰਪਤੀ ਰੋਨਾਲਡ ਰੀਗਨ ਦੀ ਕਾਊਂਸਿਲ ਆਫ ਇਕਨੌਮਿਕ ਅਡਵਾਇਜਰਜ਼ (ਆਰਥਿਕ ਸਲਾਹਕਾਰ ਪ੍ਰੀਸ਼ਦ) ਵਿੱਚ ਦਿੱਤੀਆਂ ਗਈਆਂ ਆਪਣੀਆਂ ਸੇਵਾਵਾਂ ਤੋਂ ਮਿਲੇ ਸਬਕ 'ਤੇ ਆਧਾਰਤ ਹੈ। ਉਸ ਵੇਲੇ ਜਿਮ ਬੇਕਰ ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ ਸਨ।"

ਉਨ੍ਹਾਂ ਨੇ ਅੱਗੇ ਦੱਸਿਆ-ਬੇਕਰ ਨੇ 5 ਪੀ 'ਤੇ ਜ਼ੋਰ ਦਿੱਤਾ, ਇਹ ਸਨ-ਪ੍ਰਾਇਰ ਪ੍ਰਿਪਰੇਸ਼ਨ ਪ੍ਰੀਵੈਂਟਸ ਪੂਅਰ ਪਰਫਾਰਮੈਂਸ।

ਇਸਦਾ ਮਤਲਬ ਹੈ ਕਿ ਪਹਿਲਾਂ ਤੋਂ ਕੀਤੀ ਗਈ ਤਿਆਰੀ ਤੁਹਾਨੂੰ ਬਾਅਦ ਦੀਆਂ ਮੁਸ਼ਕਿਲਾਂ ਤੋਂ ਬਚਾਉਂਦੀ ਹੈ, ਚਾਹੇ ਕਾਰੋਬਾਰ ਹੋਵੇ ਜਾਂ ਸਰਕਾਰ ਹੋਵੇ।

ਇਨ੍ਹਾਂ 5 ਪੀ ਨਾਲ ਇੱਕ ਅਨਿਸ਼ਚਤ ਅਤੇ ਉਥਲ-ਪੁਥਲ ਭਰੀ ਦੁਨੀਆਂ ਵਿੱਚ ਖੁਦ ਨੂੰ ਜ਼ਿੰਦਾ ਰੱਖਿਆ ਜਾ ਸਕਦਾ ਹੈ।

ਸਟੀਕ ਤੌਰ 'ਤੇ ਕਿਹਾ ਜਾਵੇ ਤਾਂ ਸਾਨੂੰ ਅਜਿਹੇ ਸਰੋਤ ਤਿਆਰ ਕਰਨੇ ਚਾਹੀਦੇ ਹਨ ਜੋ ਟਿਕਾਊ ਹੋਣ ਅਤੇ ਜਿਨ੍ਹਾਂ ਵਿੱਚ ਖਪਾ ਲੈਣ ਦੀ ਤਾਕਤ ਹੋਵੇ।

ਇਸ ਨਾਲ ਸਾਨੂੰ ਅਨਿਸ਼ਚਤਤਾ ਅਤੇ ਸੰਕਟ ਦੇ ਸਮੇਂ 'ਤੇ ਸੰਭਾਵਿਤ ਗਿਰਾਵਟ ਅਤੇ ਨਕਾਰਾਤਮਕ ਮਾੜੇ ਨਤੀਜਿਆਂ ਨਾਲ ਨਿਪਟਣ ਵਿੱਚ ਮਦਦ ਮਿਲਦੀ ਹੈ।

ਇਹ ਸੰਸਥਾਨ ਇਸ ਲਈ ਵੀ ਤਿਆਰ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਇਹ ਅਨਿਸ਼ਚਤਾਵਾਂ ਅਤੇ ਸੰਕਟਾਂ ਨੂੰ ਸੁੰਘ ਸਕਣ ਅਤੇ ਉਨ੍ਹਾਂ 'ਤੇ ਉਦੋਂ ਹੀ ਪ੍ਰਭਾਵੀ ਕਦਮ ਚੁੱਕੇ ਜਾ ਸਕਣ।

ਸਿੰਗਾਪੁਰ ਨੇ ਖ਼ੁਦ ਨੂੰ ਕਿਵੇਂ ਬਦਲਿਆ?

ਸਿੰਗਾਪੁਰ ਵਿੱਚ ਸੰਕਰਮਣ ਦੇ ਦੁਬਾਰਾ ਫੈਲਣ ਦਾ ਖ਼ਤਰਾ ਫਿਰ ਤੋਂ ਬਣ ਗਿਆ ਹੈ, ਪਰ ਹੁਣ ਤੱਕ ਇਸ ਦਾ ਰਿਕਾਰਡ ਸ਼ਲਾਘਾਯੋਗ ਰਿਹਾ ਹੈ।

ਪ੍ਰੋਫੈਸਰ ਸਟੀਵ ਹੈਂਕੀ ਦਾ ਕਹਿਣਾ ਸੀ, "ਮੇਰੇ ਦਿਮਾਗ਼ ਵਿੱਚ ਫਿਲਹਾਲ ਸਿੰਗਾਪੁਰ ਦਾ ਉਦਾਹਰਨ ਆਉਂਦਾ ਹੈ। 1965 ਵਿੱਚ ਆਪਣੇ ਗਠਨ ਦੇ ਸਮੇਂ ਸਿੰਗਾਪੁਰ ਇੱਕ ਬੇਸਹਾਰਾ ਅਤੇ ਮਲੇਰੀਆ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਮੁਲਕ ਸੀ, ਪਰ ਉਦੋਂ ਤੋਂ ਇਸ ਨੇ ਖ਼ੁਦ ਨੂੰ ਦੁਨੀਆਂ ਲਈ ਅਤੇ ਇੱਕ ਵਿੱਤੀ ਸੁਪਰਪਾਵਰ ਵਜੋਂ ਤਬਦੀਲ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।"

ਉਨ੍ਹਾਂ ਅੱਗੇ ਕਿਹਾ, "ਇਸ ਦਾ ਸਿਹਰਾ ਲੀ ਕੁਆਨ ਯੂ ਦੀ ਛੋਟੀ ਜਿਹੀ ਸਰਕਾਰ ਨੂੰ ਜਾਂਦਾ ਹੈ ਜਿਨ੍ਹਾਂ ਨੇ ਮੁਕਤ ਬਾਜ਼ਾਰ ਦੇ ਆਪਣੇ ਨਜ਼ਰੀਏ ਅਤੇ 5 ਪੀ ਨੂੰ ਅਪਣਾ ਕੇ ਇਸ ਨੂੰ ਅੰਜਾਮ ਦਿੱਤਾ। ਅੱਜ ਸਿੰਗਾਪੁਰ ਦੁਨੀਆਂ ਦੇ ਮੋਹਰੀ ਮੁਕਤ ਬਾਜ਼ਾਰ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ।"

"ਇੱਥੇ ਇੱਕ ਛੋਟੀ ਭ੍ਰਿਸ਼ਟਾਚਾਰ ਮੁਕਤ ਅਤੇ ਪ੍ਰਭਾਵੀ ਸਰਕਾਰ ਹੈ। ਇਸੇ ਕਾਰਨ ਕਰਕੇ ਇਸ ਗੱਲ ਵਿੱਚ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਕਿਉਂ ਅੱਜ ਸਿੰਗਾਪੁਰ ਕੋਰੋਨਾ ਵਾਇਰਸ ਨਾਲ ਜ਼ਿਆਦਾਤਰ ਦੇਸ਼ਾਂ ਦੇ ਮੁਕਾਬਲੇ ਕਿਧਰੇ ਬਿਹਤਰ ਤਰੀਕੇ ਨਾਲ ਨਜਿੱਠਣ ਵਿੱਚ ਸਫ਼ਲ ਰਿਹਾ ਹੈ।"

ਟੈਸਟਿੰਗ ਦਾ ਦਾਇਰਾ ਵਧਾਉਣਾ ਹੀ ਉਪਾਅ

ਕੋਰੋਨਾ ਲਈ ਟੈਸਟਾਂ ਦੀ ਗਿਣਤੀ ਵਧਾਉਣ 'ਤੇ ਹਰ ਮੁਲਕ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਪ੍ਰੋਫੈਸਰ ਹੈਂਕੀ ਕਹਿੰਦੇ ਹਨ, "ਜੋ ਦੇਸ਼ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਉਹ ਉਹੀ ਦੇਸ਼ ਹਨ ਜੋ 5 ਪੀ ਦਾ ਪਾਲਣ ਕਰਦੇ ਹਨ। ਇਹ ਦੱਖਣੀ ਕੋਰੀਆ, ਸਿੰਗਾਪੁਰ, ਹਾਂਗਕਾਂਗ, ਸਵੀਡਨ ਅਤੇ ਜਰਮਨੀ ਵਰਗੇ ਮਜ਼ਬੂਤ, ਮੁਕਤ ਬਾਜ਼ਾਰ ਵਾਲੀਆਂ ਅਰਥਵਿਵਸਥਾਵਾਂ ਹਨ। ਇਨ੍ਹਾਂ ਦੇਸ਼ਾਂ ਨੂੰ ਅੱਜ ਘੱਟ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।"

ਇਨ੍ਹਾਂ ਦੇਸ਼ਾਂ ਨੇ ਕੋਰੋਨਾ ਨਾਲ ਨਜਿੱਠਣ ਲਈ ਜਲਦੀ ਉਪਾਅ ਕਰਨੇ ਸ਼ੁਰੂ ਕਰ ਦਿੱਤੇ ਸਨ। ਇਨ੍ਹਾਂ ਦੇਸ਼ਾਂ ਨੇ ਤੇਜ਼ੀ ਨਾਲ ਟੈਸਟਾਂ ਦਾ ਦਾਇਰਾ ਵਧਾਇਆ। ਹੁਣ ਜਰਮਨੀ ਦੀ ਇਕੌਨਮੀ ਖੁੱਲ੍ਹਣੀ ਸ਼ੁਰੂ ਹੋ ਗਈ ਹੈ।

ਸਵੀਡਨ ਦਾ ਉਦਾਹਰਨ ਵੀ ਦਿੱਤਾ ਜਾ ਸਕਦਾ ਹੈ। ਸਵੀਡਨ ਨੇ ਕਦੇ ਵੀ ਸਖ਼ਤ ਉਪਾਇਆਂ ਦਾ ਸਹਾਰਾ ਨਹੀਂ ਲਿਆ। ਇਸ ਦੀ ਬਜਾਏ ਸਵੀਡਨ ਵਿੱਚ ਸਕੂਲ ਅਤੇ ਜ਼ਿਆਦਾਤਰ ਇੰਡਸਟਰੀਆਂ ਖੁੱਲ੍ਹੀਆਂ ਹੀ ਰਹੀਆਂ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)