ਕੋਰੋਨਾਵਾਇਰਸ ਦਾ ਪਤਾ ਲਗਾਉਣ ਲਈ ਕੀ ਹੈ ਪੂਲ ਟੈਸਟਿੰਗ ਅਤੇ ਕਿਹੜੇ ਇਲਾਕੇ ਵਿੱਚ ਕੀਤੀ ਜਾ ਸਕਦੀ ਹੈ

    • ਲੇਖਕ, ਕਮਲੇਸ਼
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਹੋਣ ਵਾਲਿਆਂ ਦੀ ਸੰਖਿਆ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਰਾਜਧਾਨੀ ਦਿੱਲੀ ਅਤੇ ਮੁੰਬਈ ਵਿੱਚ ਹਾਲਾਤ ਸਭ ਤੋਂ ਜਿਆਦਾ ਖ਼ਰਾਬ ਹਨ। ਦਿੱਲੀ ਵਿੱਚ ਹੌਟਸਪੌਟ ਵਧਦੇ ਜਾ ਰਹੇ ਹਨ।

ਲੌਕਡਾਊਨ-2 ਦੇ ਕੁਝ ਦਿਨ ਨਿੱਕਲ ਗਏ ਹਨ ਪਰ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ। ਹਾਲਾਂਕਿ, ਇਸੇ ਵਿੱਚ ਕੁਝ ਸੂਬਿਆਂ ਤੋਂ ਚੰਗੀਆਂ ਖ਼ਬਰਾਂ ਵੀ ਆਈਆਂ ਹਨ।

ਅਜਿਹੇ ਵਿੱਚ ਕੋਰੋਨਾਵਾਇਰਸ ਦੇ ਮਰੀਜਾਂ ਦਾ ਜਲਦ ਤੋਂ ਜਲਦ ਪਤਾ ਲਗਾਉਣ ਲਈ ਸਰਕਾਰ ਨੇ ਪਹਿਲਾਂ ਦੇ ਮੁਕਾਬਲੇ ਟੈਸਟਿੰਗ ਵਧਾ ਦਿੱਤੀ ਹੈ।

ਹੁਣ ਸ਼ੱਕੀ ਇਲਾਕਿਆਂ ਵਿੱਚ ਪੂਲ ਟੈਸਟਿੰਗ ਅਤੇ ਰੈਪਿਡ ਟੈਸਟਿੰਗ ਜ਼ਰੀਏ ਕੋਰੋਨਾਵਾਇਰਸ ਪੀੜਤ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਹਾਲ ਹੀ ਵਿੱਚ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ(ਆਈਐਮਆਰ) ਨੇ ਪੂਲ ਟੈਸਟਿੰਗ ਲਈ ਇਜਾਜ਼ਤ ਦਿੱਤੀ ਹੈ।ਆਪਣੀ ਐਡਵਾਇਜ਼ਰੀ ਵਿੱਚ ਆਈਸੀਐਮਆਰ ਨੇ ਲਿਖਿਆ ਹੈ ਕਿ ਜਿਵੇਂ ਕੋਵਿਡ-19 ਦੇ ਮਾਮਲੇ ਵਧ ਰਹੇ ਹਨ, ਅਜਿਹੇ ਵਿੱਚ ਟੈਸਟਿੰਗ ਵਧਾਉਣਾ ਅਹਿਮ ਹੈ।

ਹਾਲਾਂਕਿ, ਮਾਮਲੇ ਪੌਜ਼ਿਟਿਵ ਆਉਣ ਦੀ ਦਰ ਘੱਟ ਹੈ ਤਾਂ ਇਸ ਵਿੱਚ ਪੂਲ ਟੈਸਟਿੰਗ ਤੋਂ ਮਦਦ ਮਿਲ ਸਕਦੀ ਹੈ।

ਕਿਵੇਂ ਹੁੰਦੀ ਹੈ ਪੂਲ ਟੈਸਟਿੰਗ ?

ਪੂਲ ਟੈਸਟਿੰਗ ਯਾਨੀ ਇੱਕ ਤੋਂ ਜਿਆਦਾ ਸੈਂਪਲ ਇਕੱਠਿਆਂ ਲੈ ਕੇ ਟੈਸਟ ਕਰਨਾ ਅਤੇ ਕੋਰੋਨਾ ਦੀ ਲਾਗ ਦਾ ਪਤਾ ਲਗਾਉਣਾ।

ਪੂਲ ਟੈਸਟਿੰਗ ਦਾ ਇਸਤੇਮਾਲ ਘੱਟ ਪ੍ਰਭਾਵਿਤ ਇਲਾਕਿਆਂ ਵਿੱਚ ਹੁੰਦਾ ਹੈ। ਜਿੱਥੇ ਸੰਕ੍ਰਮਣ ਦੇ ਜਿਆਦਾ ਮਾਮਲੇ ਹਨ ਉੱਥੇ ਵੱਖੋ-ਵੱਖਰੀ ਹੀ ਜਾਂਚ ਕੀਤੀ ਜਾਂਦੀ ਹੈ।

ਆਈਸੀਐਮਆਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜ਼ਿਆਦਾਤਰ ਪੰਜ ਲੋਕਾਂ ਦੀ ਇਕੱਠਿਆਂ ਪੂਲ ਟੈਸਟਿੰਗ ਕੀਤੀ ਜਾ ਸਕਦੀ ਹੈ। ਕੁਝ ਲੈਬ ਤਿੰਨ ਸੈਂਪਲ ਲੈ ਕੇ ਵੀ ਟੈਸਟਿੰਗ ਕਰ ਰਹੀਆਂ ਹਨ।

ਪੂਲ ਟੈਸਟਿੰਗ ਲਈ ਪਹਿਲਾਂ ਲੋਕਾਂ ਦੇ ਗਲੇ ਜਾਂ ਨੱਕ ਤੋਂ ਸਵੈਬ ਸੈਂਪਲ ਲਿਆ ਜਾਂਦਾ ਹੈ। ਫਿਰ ਉਸ ਦੀ ਟੈਸਟਿੰਗ ਜ਼ਰੀਏ ਕੋਵਿਡ-19 ਦੀ ਮੌਜੂਦਗੀ ਦਾ ਪਤਾ ਲਗਾਇਆ ਜਾਂਦਾ ਹੈ।ਪੀਜੀਆਈ ਰੋਹਤਕ ਵਿੱਚ ਮਾਇਕਰੋਬਾਇਲਾਜੀ ਲੈਬ ਦੇ ਇੰਚਾਰਜ ਡਾਕਟਰ ਪਰਮਜੀਤ ਗਿੱਲ ਪੂਲ ਟੈਸਟਿੰਗ ਲਈ ਤਿੰਨ ਸੈਂਪਲ ਦਾ ਇਸਤੇਮਾਲ ਕਰ ਰਹੇ ਹਨ ਅਤੇ ਇਸਦੇ ਨਤੀਜੇ ਪੁਖ਼ਤਾ ਆ ਰਹੇ ਹਨ।ਜਿਆਦਾ ਸੈਂਪਲ ਲੈਣ ਨਾਲ ਵਾਇਰਸ ਦਾ ਪਕੜ ਵਿੱਚ ਆਉਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ।

ਹਾਲਾਂਕਿ, ਆਈਸੀਐਮਆਰ ਨੇ ਪੰਜ ਸੈਂਪਲ ਲੈਣ ਦੀ ਵੀ ਇਜਾਜ਼ਤ ਦਿੱਤੀ ਹੈ ਅਤੇ ਇਸ ਲਈ ਸਾਰੇ ਸੈਂਪਲ ਇੱਕੋ ਮਾਤਰਾ ਵਿੱਚ ਇਸਤੇਮਾਲ ਹੋਣਗੇ।

ਡਾਕਟਰ ਪਰਮਜੀਤ ਗਿੱਲ ਦੱਸਦੇ ਹਨ, "ਤਿੰਨ ਲੋਕਾਂ ਦੇ ਸੈਂਪਲ ਲੈਣ ਬਾਅਦ ਉਹਨਾਂ ਨੂੰ ਮਿਲਾਇਆ ਜਾਂਦਾ ਹੈ।

ਉਹਨਾਂ ਤੋਂ ਪਹਿਲਾਂ ਆਰ.ਐਨ.ਏ ਕੱਢਿਆ ਜਾਂਦਾ ਹੈ। ਫਿਰ ਰੀਅਲ ਟਾਈਮ ਪੀਸੀਆਰ(ਆਰ.ਟੀ-ਪੀ.ਸੀ.ਆਰ) ਟੈਸਟ ਕੀਤਾ ਜਾਂਦਾ ਹੈ।

ਇਸ ਵਿੱਚ ਪਹਿਲਾਂ ਸਕ੍ਰੀਨਿੰਗ ਹੁੰਦੀ ਹੈ। ਸਕ੍ਰੀਨਿੰਗ ਈ-ਜੀਨ ਦਾ ਪਤਾ ਲਗਾਉਣ ਲਈ ਕੀਤੀ ਜਾਂਦੀ ਹੈ। ਈ-ਜੀਨ ਤੋਂ ਕੋਰੋਨਾ ਵਾਇਰਸ ਦੇ ਕੌਮਨ-ਜੀਨ ਦਾ ਪਤਾ ਲਗਦਾ ਹੈ।""ਕੋਰੋਨਾਵਾਇਰਸ ਦਾ ਇੱਕ ਪੂਰਾ ਪਰਿਵਾਰ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਵਾਇਰਸ ਹਨ। ਉਹਨਾਂ ਵਿੱਚੋਂ ਹੀ ਇੱਕ ਵਾਇਰਸ ਹੈ ਕੋਵਿਡ-19। ਉਹਨਾਂ ਦਾ ਇੱਕ ਸਾਂਝਾ ਈ-ਜੀਨ ਹੁੰਦਾ ਹੈ।"

"ਜੇਕਰ ਟੈਸਟ ਵਿੱਚ ਇਹ ਈ-ਜੀਨ ਪੌਜਿਟਿਵ ਆਉਂਦਾ ਹੈ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਸੈਂਪਲ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਰੋਨਾ ਵਾਇਰਸ ਮੌਜੂਦ ਹੈ ਪਰ ਕੋਵਿਡ-19 ਹੀ ਹੈ ਇਹ ਨਹੀਂ ਕਹਿ ਸਕਦੇ। ਇਸ ਲਈ ਅਗਲਾ ਟੈਸਟ ਕਰਨਾ ਹੁੰਦਾ ਹੈ।

ਇਸ ਤੋਂ ਬਾਅਦ ਸਿਰਫ਼ ਕੋਵਿਡ-19 ਦਾ ਪਤਾ ਲਗਾਉਣ ਲਈ ਟੈਸਟ ਕੀਤਾ ਜਾਂਦਾ ਹੈ।"ਜੇਕਰ ਕਿਸੇ ਪੂਲ ਦੇ ਨਤੀਜੇ ਨੈਗੇਟਿਵ ਆਉਂਦੇ ਹਨ ਤਾਂ ਇਸਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਤੋਂ ਉਸ ਪੂਲ ਲਈ ਸੈਂਪਲ ਲਏ ਗਏ ਸੀ ਉਹਨਾਂ ਨੂੰ ਕੋਰੋਨਾ ਵਾਇਰਸ ਨਹੀਂ ਹੈ। ਜਿਸ ਪੂਲ ਦੇ ਨਤੀਜੇ ਪਾਜਿਟਿਵ ਆਉਂਦੇ ਹਨ ਉਸ ਵਿੱਚ ਮੌਜੂਦ ਸਾਰੇ ਸੈਂਪਲਾਂ ਦੀ ਫਿਰ ਵੱਖੋ-ਵੱਖਰੀ ਜਾਂਚ ਕੀਤੀ ਜਾਂਦੀ ਹੈ।

ਡਾਕਟਰ ਗਿੱਲ ਮੁਤਾਬਕ ਪੂਲ ਟੈਸਟਿੰਗ ਜ਼ਰੀਏ ਜਿੱਥੇ ਟੈਸਟਿੰਗ ਕਿੱਟ ਬਚਦੀ ਹੈ ਉੱਥੇ ਹੀ ਜਿਆਦਾ ਟੈਸਟਿੰਗ ਵੀ ਹੋ ਸਕਦੀ ਹੈ।

ਜੇਕਰ ਤਿੰਨ ਲੋਕਾਂ ਦਾ ਪੂਲ ਟੈਸਟ ਨੈਗੇਟਿਵ ਆਉਂਦਾ ਹੈ ਤਾਂ ਬਾਕੀ ਦੋ ਟੈਸਟ ਲਈ ਵੱਖਰੀ ਕਿੱਟ ਨਹੀਂ ਵਰਤਣੀ ਪਵੇਗੀ।

ਇਸ ਵਿੱਚ ਲੱਗਣ ਵਾਲੇ ਸਮੇਂ ਦੀ ਗੱਲ ਕਰੀਏ ਤਾਂ ਡਾਕਟਰ ਗਿੱਲ ਮੁਤਾਬਕ ਜੇਕਰ ਇੱਕ ਸੈਂਪਲ ਦਾ ਟੈਸਟ ਕਰਨਾ ਹੈ ਤਾਂ ਸਮਾਂ ਘੱਟ ਲਗਦਾ ਹੈ ਪਰ ਪੂਲ ਟੈਸਟਿੰਗ ਵਿੱਚ ਸਮਾਂ ਕੁਝ ਘੰਟੇ ਜਿਆਦਾ ਵਧ ਜਾਂਦਾ ਹੈ। ਹਾਲਾਂਕਿ, ਇਸ ਟੈਸਟ ਨਾਲ ਸ੍ਰੋਤ ਬਚਦੇ ਹਨ ਅਤੇ ਟੈਸਟਿੰਗ ਵਿੱਚ ਤੇਜੀ ਆਉਂਦੀ ਹੈ।

ਕਿਹੜੇ ਇਲਾਕਿਆਂ ਵਿੱਚ ਹੋ ਸਕਦੀ ਹੈ ਪੂਲ ਟੈਸਟਿੰਗ ?

  • ਪੂਲ ਟੈਸਟਿੰਗ ਨਾਲ ਭਾਵੇਂ ਹੀ ਜਲਦੀ ਟੈਸਟਿੰਗ ਵਧ ਸਕਦੀ ਹੈ ਅਤੇ ਕਈ ਟੈਸਟ ਕਿੱਟ ਬਚਾਏ ਜਾ ਸਕਦੇ ਹਨ ਫਿਰ ਵੀ ਇਸ ਨੂੰ ਹਰ ਥਾਂ ਨਹੀਂ ਕੀਤਾ ਜਾ ਸਕਦਾ।
  • ਪੂਲ ਟੈਸਟਿੰਗ ਉਹਨਾਂ ਥਾਵਾਂ ਉੱਤੇ ਹੀ ਹੋ ਸਕਦੀ ਹੈ ਜਥੇ ਕੋਰੋਨਾ ਵਾਇਰਸ ਦੇ ਮਾਮਲੇ ਦੋ ਫੀਸਦੀ ਤੋਂ ਘੱਟ ਹੋਣ।
  • ਜਿਨ੍ਹਾਂ ਥਾਵਾਂ 'ਤੇ ਮਾਮਲਿਆਂ ਦੀ ਦਰ 2.5 ਫੀਸਦੀ ਹੈ, ਉੱਥੇ ਸਿਰਫ਼ ਕਮਿਉਨਟੀ ਸਰਵੇ ਜਾਂ ਏਸਿੰਪਟੋਮੈਟਿਕ ਲੋਕਾਂ ਲਈ ਵਰਤੀ ਜਾਏਗੀ। ਪਰ, ਸੰਕ੍ਰਮਿਤ ਮਰੀਜਾਂ ਦੇ ਸੰਪਰਕ ਵਿੱਚ ਆਏ ਲੋਕਾਂ ਅਤੇ ਹੈਲਥ ਕੇਅਰ ਵਰਕਰਾਂ ਲਈ ਇਸ ਦਾ ਇਸਤੇਮਾਲ ਨਹੀਂ ਹੋਏਗਾ। ਉਹਨਾਂ ਦੀ ਵੱਖ-ਵੱਖ ਜਾਂਚ ਹੀ ਕੀਤੀ ਜਾਏਗੀ।
  • ਜਿੰਨ੍ਹਾਂ ਇਲਾਕਿਆਂ ਵਿੱਚ ਇਹ ਦਰ ਪੰਜ ਫੀਸਦੀ ਤੋਂ ਜਿਆਦਾ ਹੈ ਅਤੇ ਉੱਥੇ ਪੂਲ ਟੈਸਟਿੰਗ ਦਾ ਇਸੇਤਾਮਲ ਨਹੀਂ ਹੋਏਗਾ।

ਰੈਪਿਡ ਟੈਸਟ ਤੋਂ ਕਿੰਨਾ ਵੱਖ ?

ਰੈਪਿਡ ਟੈਸਟ ਵੀ ਉਹਨਾਂ ਇਲਾਕਿਆਂ ਵਿੱਚ ਕੀਤਾ ਜਾ ਰਿਹਾ ਹੈ ਜਿੱਥੇ ਕੋਰੋਨਾ ਦੇ ਸ਼ੱਕੀ ਪਾਏ ਗਏ ਹੋਣ। ਰੈਪਿਡ ਸੈਟਸ ਵਿੱਚ ਐਂਟੀਬਾਡੀ ਦਾ ਪਤਾ ਲਗਾਇਆ ਜਾਂਦਾ ਹੈ।

ਸਰੀਰ ਵਿੱਚ ਕਿਸੇ ਵੀ ਵਾਇਰਸ ਜਾਂ ਬੈਕਟੀਰੀਆ ਦੇ ਹਮਲਾ ਕਰਨ ਤੇ ਸਰੀਰ ਉਸ ਨਾਲ ਲੜਨ ਲਈ ਐਂਟੀਬਾਡੀ ਬਣਾਉਂਦਾ ਹੈ। ਜੇ ਸਰੀਰ ਵਿੱਚ ਵਾਇਰਸ ਆਇਆ ਹੋਏਗਾ ਤਾਂ ਐਂਟੀਬਾਡੀ ਬਣੀ ਹੋਏਗੀ। ਇਸ ਐਂਟੀਬਾਡੀ ਦਾ ਪਤਾ ਰੈਪਿਡ ਟੈਸਟ ਵਿੱਚ ਲੱਗ ਜਾਂਦਾ ਹੈ।ਉਧਰ, ਪੂਲ ਟੈਸਟ ਵਿੱਚ ਕੋਵਿਡ-19 ਵਾਇਰਸ ਦਾ ਪਤਾ ਲਗਾਇਆ ਜਾਂਦਾ ਹੈ। ਇਹ ਦੋਹੇਂ ਟੈਸਟ ਵੱਖ-ਵੱਖ ਤਰੀਕੇ ਦੇ ਹਨ। ਆਈਸੀਐਮਆਰ ਦੀ ਇਜਾਜ਼ਤ ਤੋਂ ਬਾਅਦ ਕੁਝ ਸੂਬੇ ਪੂਲ ਟੈਸਟਿੰਗ ਦੇ ਤਰੀਕੇ ਨੂੰ ਅਪਣਾ ਰਹੇ ਹਨ।

ਪੱਛਮੀ ਬੰਗਾਲ ਅਤੇ ਉਡੀਸਾ ਵਿੱਚ ਵੀ ਇਸ ਨਾਲ ਟੈਸਟਿੰਗ ਕੀਤੀ ਜਾਏਗੀ। ਹਰਿਆਣਾ ਵਿੱਚ ਇਸਦਾ ਇਸਤੇਮਾਲ ਕੀਤਾ ਜਾ ਰਿਹਾ ਹੈ।ਹਰਿਆਣਾ ਵਿੱਚ ਕੋਰੋਨਾਵਾਇਰਸ ਲਈ ਨੋਡਲ ਅਫ਼ਸਰ ਦੱਸਦੇ ਹਨ, "ਇਹ ਤਰੀਕਾ ਚੰਗਾ ਹੈ। ਬਲੱਡ ਬੈਂਕ ਵਿੱਚ ਵੀ ਇਸ ਤਰੀਕੇ ਦਾ ਇਸੇਤਮਾਲ ਹੋ ਹੁੰਦਾ ਰਿਹਾ ਹੈ। ਪੂਲ ਟੈਸਟਿੰਗ ਨਾਲ ਸਾਡੀ ਸਮਰੱਥਾ ਵਧਦੀ ਹੈ। ਪੂਲ ਟੈਸਟਿੰਗ ਜਰੀਏ ਅਸੀਂ ਕਰੀਬ 494 ਟੈਸਟ ਕੀਤੇ ਹਨ। ਅਸੀਂ ਆਪਣੀ ਸਮਰਥਾ ਵਧਾ ਰਹੇ ਹਾਂ।"

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)