ਕੋਰੋਨਾਵਾਇਰਸ: ਦੁਨੀਆਂ 'ਚ ਫੈਲੀ ਮਹਾਂਮਾਰੀ ਬਾਰੇ ਭਾਜਪਾ ਤੇ ਸੰਘ ਦਾ ਕੀ ਕਹਿਣਾ ਹੈ - ਨਜ਼ਰੀਆ

    • ਲੇਖਕ, ਰਾਮ ਮਾਧਵ
    • ਰੋਲ, ਬੀਬੀਸੀ ਲਈ

ਸਾਲ 1914 ਤੋਂ ਪਹਿਲਾਂ ਯੂਰਪ, ਅਮਰੀਕਾ ਅਤੇ ਉਨ੍ਹਾਂ ਦੀਆਂ ਬਸਤੀਆਂ 'ਚ ਆਉਣ-ਜਾਣ ਲਈ ਕਿਸੇ ਵੀ ਤਰ੍ਹਾਂ ਦੇ ਪਾਸਪੋਰਟ ਜਾਂ ਵੀਜ਼ੇ ਦੀ ਲੋੜ ਨਹੀਂ ਹੁੰਦੀ ਸੀ। ਫਿਰ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਸਥਿਤੀ 'ਚ ਕਈ ਬਦਲਾਵ ਆਏ।

ਦੇਸ਼ਾਂ ਨੇ ਆਪਣੀ ਹਦੂਦ ਨੂੰ ਮਜ਼ਬੂਤ ਕਰਨਾ ਸ਼ੁਰੂ ਕੀਤਾ ਅਤੇ ਕੌਮੀ ਸਰਹੱਦਾਂ ਸਖ਼ਤ ਹੋ ਗਈਆਂ। ਇਸ ਤੋਂ ਬਾਅਦ ਆਰਥਿਕ ਤੰਗੀ ਅਤੇ ਮੰਦੀ ਦਾ ਦੌਰ ਸ਼ੁਰੂ ਹੋਇਆ। ਰਾਸ਼ਟਰਵਾਦ ਦੀ ਭਾਵਨਾ ਆਪਣੇ ਸਿਖਰਲੇ ਪੜਾਅ 'ਤੇ ਪਹੁੰਚ ਗਈ ਤੇ ਬਾਅਦ 'ਚ ਦੂਜੇ ਵਿਸ਼ਵ ਯੁੱਧ ਦਾ ਪ੍ਰਮੁਖ ਕਾਰਨ ਬਣੀ।

ਦੂਜੀ ਵਿਸ਼ਵ ਜੰਗ ਤੋਂ ਬਾਅਦ ਆਪਸੀ ਸੰਬੰਧਾਂ ਵਾਲੀ, ਇੱਕ ਦੂਜੇ 'ਤੇ ਨਿਰਭਰ ਅਤੇ ਸੰਸਥਾਗਤ ਵਿਸ਼ਵਵਿਆਪੀ ਦੁਨੀਆਂ ਦਾ ਰੂਪ ਸਾਹਮਣੇ ਆਇਆ। ਪਿਛਲੇ 75 ਸਾਲਾਂ 'ਚ ਕਈ ਉਤਰਾਅ-ਚੜਾਅ ਵੇਖਣ ਤੋਂ ਬਾਅਦ ਵੀ ਇਹੀ ਵਿਸ਼ਵਵਿਆਪੀ ਵਿਵਸਥਾ ਬਰਕਰਾਰ ਹੈ।

ਜੌਨਸ ਹਾਪਕਿੰਸ ਯੂਨੀਵਰਸਿਟੀ ਦੇ ਪ੍ਰੋ. ਸਟੀਵ ਹੈਂਕੀ ਦਾ ਕਹਿਣਾ ਹੈ ਕਿ ਦੀ ਸਰਕਾਰ ਨੇ ਬਿਨਾਂ ਯੋਜਨਾ ਦੇ ਲਾਗੂ ਕੀਤਾ ਲੌਕਡਾਊਨ। ਪੂਰੀ ਖ਼ਬਰ ਇੱਥੇ ਪੜ੍ਹੋ

ਮੌਜੂਦਾ ਸਮੇਂ 'ਚ ਕੋਰੋਨਾਵਾਇਰਸ ਕਾਰਨ ਪੈਦਾ ਹੋਈ ਵਿਸ਼ਵ ਵਿਆਪੀ ਮਹਾਂਮਾਰੀ ਮੌਜੂਦਾ ਵਿਸ਼ਵਵਿਆਪੀ ਪ੍ਰਣਾਲੀ ਨੂੰ ਮੁੜ ਪਹਿਲਾਂ ਵਾਲੀ ਸਥਿਤੀ 'ਚ ਧੱਕੇਲਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆਂ ਦੇ ਦੇਸ਼ ਆਤਮ-ਕੇਂਦਰਿਤ ਅਤੇ ਸੱਤਾ ਸਮਰਥਕ ਹੋ ਗਏ ਸਨ। ਕੁਝ ਸਿਆਸੀ ਵਿਗਿਆਨਿਕਾਂ ਨੇ ਹੁਣ ਕੋਰੋਨਾਵਾਇਰਸ ਨਾਲ ਪੈਦਾ ਹੋਈ ਸਥਿਤੀ ਕਾਰਨ ਮੁੜ ਅਜਿਹੀ ਹੀ ਦੁਨੀਆਂ ਦੇ ਉੱਭਰਨ ਦੀ ਭਵਿੱਖਬਾਣੀ ਕੀਤੀ ਹੈ।

ਇਸ 'ਚ ਪੂਰੀ ਦੁਨੀਆਂ ਦਾ ਦਾਇਰਾ ਆਪਣੇ ਤੱਕ ਹੀ ਸਿਮਟ ਜਾਵੇਗਾ ਅਤੇ ਰਾਸ਼ਟਰਵਾਦ ਦੀ ਭਾਵਨਾ ਵਧੇਰੇ ਪ੍ਰਫੁੱਲਤ ਹੋ ਜਾਵੇਗੀ। 'ਰਾਸ਼ਟਰਾਂ ਦੀ ਵਾਪਸੀ' ਇੱਕ ਨਵੀਂ ਸਥਿਤੀ ਹੈ। ਅਰਥ ਸ਼ਾਸਤਰੀ ਵਿਸ਼ਵਵੀਕਰਨ ਅਤੇ ਅਜ਼ਾਦ ਵਪਾਰ ਦੇ ਦਿਨਾਂ ਦੀ ਗੱਲ ਕਰ ਰਹੇ ਹਨ।

ਐਨੀ ਨਿਰਾਸ਼ਾ ਕਿੱਥੋਂ ਪੈਦਾ ਹੋਈ ਹੈ?

ਸਿਰਫ 0.125 ਮਾਈਕਰੋ ਘੇਰੇ ਵਾਲੇ ਕੋਰੋਨਾਵਾਇਰਸ ਨਾਲ, ਜੋ ਕਿ ਸਾਡੀ ਪਲਕ ਦੇ ਇੱਕ ਹਜ਼ਾਰਵੇਂ ਹਿੱਸੇ ਦੇ ਬਰਾਬਰ ਹੈ। ਸ਼ਾਇਦ ਨਹੀਂ।

ਇੱਕ ਵਾਇਰਸ ਨੇ ਨਹੀਂ ਬਲਕਿ ਇਹ ਨਿਰਾਸ਼ਾਜਨਕ ਸਥਿਤੀ ਦੁਨੀਆਂ ਦੀਆਂ ਦੋ ਸਭ ਤੋਂ ਵੱਧ ਸ਼ਕਤੀਸ਼ਾਲੀ ਤਾਕਤਾਂ ਦੀ ਆਪਸੀ ਖਿੱਚੋਤਾਣ ਕਰਕੇ ਬਣੀ ਹੈ।

ਦੋਵਾਂ ਹੀ ਮੁਲਕਾਂ ਨੇ ਦੁਨੀਆਂ ਦੇ ਵਿਸ਼ਵਾਸ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੂਵਰ ਇੰਸਟੀਚਿਊਸ਼ਨ ਦੇ ਅਮਰੀਕੀ ਇਤਿਹਾਸਕਾਰ ਨਿਏਲ ਫਰਗਊਸਨ ਇੰਨ੍ਹਾਂ ਦੋਵਾਂ ਦੇਸ਼ਾਂ ਨੂੰ 'ਚੀਮੇਰਿਕਾ' ਕਹਿੰਦੇ ਹਨ।

ਪਿਛਲੇ ਇੱਕ ਦਹਾਕੇ ਜਾਂ ਇਸ ਤੋਂ ਵੀ ਕੁੱਝ ਵਧੇਰੇ ਸਮੇਂ ਤੋਂ ਚੀਨ ਅਤੇ ਅਮਰੀਕਾ ਨੇ ਆਰਥਿਕ ਸੰਬੰਧਾਂ ਵਾਲਾ ਇੱਕ ਨਮੂਨਾ ਵਿਕਸਿਤ ਕੀਤਾ ਹੈ, ਜਿਸ ਦੀ ਤੁਲਨਾ ਫਰਗਊਸਨ ਨੇ ਨਿਚੇਬੇਈ (ਪਿਛਲੀ ਸਦੀ ਦੇ ਅੰਤ ਤੱਕ ਅਮਰੀਕਾ ਅਤੇ ਜਾਪਾਨ ਵਿਚਾਲੇ ਮਜ਼ਬੂਤ ਸੰਬੰਧ) ਨਾਲ ਕੀਤੀ ਹੈ।

ਕੋਰੋਨਾਵਾਇਰਸ ਨੇ ਇਸੇ 'ਚੀਮੇਰੀਕਾ' ਨੂੰ ਕਾਲਪਨਿਕ ਸੰਕਲਪ 'ਚ ਬਦਲ ਦਿੱਤਾ ਹੈ।

ਚੀਨ ਦੇ ਤਿੰਨ ਸਿਧਾਂਤ

ਚੀਨੀ ਲੀਡਰਸ਼ਿਪ 'ਤੇ ਦੁਨੀਆਂ ਤੋਂ ਸੱਚ ਲੁਕਾਉਣ ਦੇ ਦੋਸ਼ ਆਇਦ ਕੀਤੇ ਜਾ ਰਹੇ ਹਨ। ਚੀਨ 'ਤੇ ਦੋਸ਼ ਲੱਗ ਰਿਹਾ ਹੈ ਕਿ ਉਸ ਨੇ ਕੋਰੋਨਾਵਾਇਰਸ ਦੀ ਸਮਾਂ ਰਹਿੰਦਿਆਂ ਦੂਜੇ ਦੇਸ਼ਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ, ਜਿਸ ਕਰਕੇ ਕੋਵਿਡ-19 ਨੇ ਵਿਸ਼ਵਵਿਆਪੀ ਮਹਾਂਮਾਰੀ ਦਾ ਰੂਪ ਧਾਰਨ ਕਰ ਲਿਆ ਹੈ।

ਚੀਨ ਦੇ ਦਾਅਵਿਆਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਅਤੇ ਉਸ ਵੱਲੋਂ ਮੁਹੱਈਆ ਕਰਵਾਏ ਗਏ ਅੰਕੜੇ ਵੀ ਸਵਾਲਾਂ ਦੇ ਘੇਰੇ 'ਚ ਹਨ।

ਚੀਨ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਇੱਥੇ 82 ਹਜ਼ਾਰ ਮਰੀਜ਼ ਕੋਰੋਨਾ ਨਾਲ ਸੰਕ੍ਰਮਿਤ ਹਨ ਅਤੇ ਇਸ ਘਾਤਕ ਮਹਾਂਮਾਰੀ ਕਰਕੇ 4500 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਹਾਲਾਂਕਿ ਵਾਸ਼ਿੰਗਟਨ ਸਥਿਤ ਥਿੰਕ ਟੈਂਕ ਅਮਰੀਕਨ ਇੰਟਰਪ੍ਰਾਈਜ਼ ਇੰਸਟੀਚਿਊਟ ਦੇ ਡੇਰੇਕ ਸਿਜਰਸ ਨੇ ਕਿਹਾ ਹੈ ਕਿ ਚੀਨ 'ਚ ਕੋਰੋਨਾ ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ 29 ਲੱਖ ਤੱਕ ਹੋ ਸਕਦੀ ਹੈ।

ਚੀਨ ਉਨ੍ਹਾਂ ਕੁੱਝ ਦੇਸ਼ਾਂ 'ਚੋਂ ਇੱਕ ਹੈ, ਜੋ ਕਿ ਕਿਸੇ ਵੀ ਰਵਾਇਤੀ ਪਰੰਪਰਾ ਦੇ ਨੇਮਾਂ ਤੋਂ ਬਾਹਰ ਰਹਿ ਕੇ ਕਾਰਜ ਕਰਦਾ ਹੈ।

ਚੀਨ ਅੱਜ ਦੇ ਸਮੇਂ 'ਚ ਜੋ ਵੀ ਹੈ ਉਸ ਦਾ ਸਿਹਰਾ ਇੱਕ ਲੰਬੀ ਕ੍ਰਾਂਤੀ ਨੂੰ ਜਾਂਦਾ ਹੈ। ਇਸ ਕ੍ਰਾਂਤੀ ਤੋਂ ਬਾਅਦ ਮਾਓ ਨੇ 1949 'ਚ ਚੀਨ 'ਤੇ ਆਪਣਾ ਕਬਜ਼ਾ ਕਾਇਮ ਕੀਤਾ ਸੀ।

ਵਿਸ਼ਵ ਦੇ ਸਬੰਧ 'ਚ ਚੀਨ ਦਾ ਨਜ਼ਰੀਆ ਤਿੰਨ ਸਿਧਾਂਤਾ ਤੋਂ ਸਪੱਸ਼ਟ ਹੁੰਦਾ ਹੈ। ਇੰਨ੍ਹਾਂ ਸਿਧਾਂਤਾ 'ਚ ਸਭ ਤੋਂ ਪਹਿਲਾਂ ਜੀਡੀਪੀਵਾਦ ਫਿਰ ਚੀਨ ਨੂੰ ਕੇਂਦਰੀ ਸ਼ਕਤੀ ਵੱਜੋਂ ਕਾਇਮ ਕਰਨ ਦੀ ਕੋਸ਼ਿਸ਼ ਅਤੇ ਆਪਣੀ ਅਸਾਧਾਰਣ ਸਮਰੱਥਾ ਦਾ ਬੋਧ ਹੈ।

ਇਹ ਤਿੰਨੇ ਸਿਧਾਂਤ ਮਾਓ ਦੀ ਕ੍ਰਾਂਤੀ ਤੋਂ ਹੀ ਪੈਦਾ ਹੋਏ ਹਨ। 1980 ਦੇ ਦਸ਼ਕ 'ਚ ਡਾਂਗ ਸ਼ਿਆਓ ਪਿੰਗ ਨੇ ਐਲਾਨ ਕੀਤਾ ਸੀ ਕਿ "ਸਭ ਤੋਂ ਮਹੱਤਵਪੂਰਣ ਸਿਧਾਂਤ ਆਰਥਿਕ ਵਿਕਾਸ ਹੈ।" ਚੀਨੀ ਅਰਥ ਸ਼ਾਸਤਰੀ ਇਸ ਨੂੰ ਜੀਡੀਪੀਵਾਦ ਦਾ ਨਾਂਅ ਦਿੰਦੇ ਹਨ।

ਦੂਜੇ ਸਿਧਾਂਤ ਤਹਿਤ ਚੀਨ ਆਪਣੇ ਆਪ ਨੂੰ ਕੇਂਦਰੀ ਸ਼ਕਤੀ ਵੱਜੋਂ ਰੱਖਣ ਦੀ ਭਾਵਨਾ ਰੱਖਦਾ ਹੈ। ਮਾਓ ਨੇ ਸੁਤੰਤਰਤਾ, ਖੁਦਮੁਖਤਿਆਰੀ ਅਤੇ ਸਵੈ-ਨਿਰਭਰਤਾ 'ਤੇ ਜ਼ੋਰ ਦਿੱਤਾ ਸੀ।

ਮਸ਼ਹੂਰ ਚੀਨੀ ਦੇਸ਼ ਭਗਤੀ ਵਾਲਾ ਗੀਤ 'ਗੇਚਾਂਗ ਜੁਗੁਓ' ਜਿਸ ਦਾ ਸੰਗੀਤ ਵੈਂਗ ਸ਼ੇਨ ਵੱਲੋਂ ਦਿੱਤਾ ਗਿਆ ਸੀ, ਇਸ ਗੀਤ ਦੇ ਬੋਲ, ਜਿਸ 'ਚ ਪਹਾੜ, ਪਠਾਰ ਅਤੇ ਯੰਗਤਜੇ ਅਤੇ ਹਵੇਂਗ ਨਦੀ ਦੇ ਕੰਢੇ ਵਸੇ ਖੂਬਸੂਰਤ ਦੇਸ਼ ਚੀਨ ਨੂੰ ਆਪਣਾ ਦੇਸ਼ ਕਿਹਾ ਗਿਆ ਹੈ, ਇਸ ਗੀਤ ਨੂੰ ਹਰ ਚੀਨੀ ਭਾਸ਼ਾਈ ਆਪਣੇ ਜੀਵਣ 'ਚ ਧਾਰਦਾ ਹੈ।

ਤੀਜਾ ਸਿਧਾਂਤ ਚੀਨ ਦੀ ਅਸਾਧਾਰਣ ਸਮਰੱਥਾ, ਯੋਗਤਾ ਨਾਲ ਸਬੰਧਤ ਹੈ। ਚੀਨ ਆਪਣੇ ਆਪ ਨੂੰ ਐਨਾ ਕਾਬਲ ਸਮਝਦਾ ਹੈ ਕਿ ਉਹ ਕਿਸੇ ਤੋਂ ਵੀ ਕੁੱਝ ਸਿਖਣ 'ਚ ਯਕੀਨ ਨਹੀਂ ਰੱਖਦਾ ਹੈ।

ਕ੍ਰਾਂਤੀ ਦੇ ਸਮੇਂ ਮਾਓ ਵੱਲੋਂ ਦਿੱਤੇ ਆਦੇਸ਼- ' ਅਭਿਆਸ ਅਤੇ ਬਸ ਕਰੋ' ਦੀ ਪਾਲਣਾ ਕਰਦਾ ਹੈ। ਚੀਨੀ ਆਗੂਆਂ ਦੀ ਹਮੇਸ਼ਾਂ ਕੋਸ਼ਿਸ਼ ਰਹਿੰਦੀ ਹੈ ਕਿ ਆਪਣੀਆਂ ਮੁਸ਼ਕਲਾਂ, ਸਮੱਸਿਆਵਾਂ ਦਾ ਹੱਲ ਆਪਣੀ ਸੂਝ-ਬੂਝ ਨਾਲ ਹੀ ਕੱਢਿਆ ਜਾਵੇ।

ਏਸ਼ੀਆਈ ਦੇਸ਼ ਕੋਰੋਨਾ ਨਾਲ ਨਜਿੱਠਣ 'ਚ ਬਿਹਤਰ

ਇਤਿਹਾਸਿਕ ਸਮਾਨਤਾਵਾਂ ਹਮੇਸ਼ਾਂ ਇਕ ਸਮਾਨ ਜਾਂ ਸਹੀ ਨਹੀਂ ਹੋ ਸਕਦੀਆਂ ਹਨ। ਚੀਨ ਦਾ ਰਾਸ਼ਟਰਵਾਦੀ ਨਜ਼ਰੀਆ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਵਾਲੇ ਜਰਮਨੀ ਦੇ ਰਵੱਈਏ ਨਾਲ ਮੇਲ ਖਾਂਦਾ ਹੈ।

ਨਸਲੀ ਉੱਤਮਤਾ, ਇਤਿਹਾਸਿਕ ਦਾਅਵਿਆਂ ਅਤੇ ਆਰੀਆ ਲੋਕਾਂ ਦੀ ਬੇਮਿਸਾਲਤਾ ਅਜਿਹੇ ਸਾਰੇ ਗੁਣਾਂ ਤੋਂ ਸਾਰੀ ਦੁਨੀਆਂ 1930 ਦੇ ਦਹਾਕੇ 'ਚ ਜਾਣੂ ਸੀ। ਉਸ ਸਮੇਂ ਦੇ ਕਈ ਦੇਸ਼ਾਂ ਲਈ ਇਹ ਆਮ ਸੀ।

ਜਦੋਂ ਹਿਟਲਰ ਨੇ ਸਾਬਕਾ ਚੈਕੋਸਲੋਵਾਕੀਆ ਦੇ ਜਰਮਨੀ ਭਾਸ਼ਾ ਬੋਲਣ ਵਾਲੇ ਸੁਡੇਟੇਨਲੈਂਡ ਹਿੱਸੇ 'ਤੇ ਆਪਣਾ ਕਬਜ਼ਾ ਕਾਇਮ ਕੀਤਾ ਤਾਂ ਯੂਰਪ ਨੇ ਹਿਟਲਰ ਦਾ ਮੁਕਾਬਲਾ ਕਰਨ ਦੀ ਥਾਂ ਉਸ ਨੂੰ ਹੀ ਖੁਸ਼ ਕਰਨ ਦਾ ਫ਼ੈਸਲਾ ਲਿਆ।

ਰੂਜ਼ਵੇਲਟ ਇਸ ਪੂਰੀ ਸਥਿਤੀ ਨੂੰ ਦੂਰੋਂ ਹੀ ਵੇਖ ਰਹੇ ਸਨ, ਬਲਕਿ ਬ੍ਰਿਟੇਨ, ਫਰਾਂਸ ਅਤੇ ਇਟਲੀ ਮਿਊਨਿਖ ਸਮਝੌਤੇ ਤਹਿਤ ਹਿਟਲਰ ਲਈ ਜਸ਼ਨ ਮਨਾ ਰਹੇ ਸਨ।

ਅਮਰੀਕੀ ਰਾਸ਼ਟਰਪਤੀ ਫ੍ਰੈਂਕਲਿਨ ਰੂਜ਼ਵੇਲਟ ਨੇ ਹਿਟਲਰ ਦੀ ਸ਼ਲਾਘਾ ਕਰਦਿਆਂ ਕਿਹਾ ਸੀ, " ਮੈਨੂੰ ਯਕੀਨ ਹੈ ਕਿ ਦੁਨੀਆ ਭਰ ਦੇ ਲੱਖਾਂ ਹੀ ਲੋਕ ਤੁਹਾਡੀ ਕਾਰਵਾਈ ਨੂੰ ਮਨੁੱਖਤਾ ਲਈ ਇਤਿਹਾਸਿਕ ਸੇਵਾ ਵੱਜੋਂ ਮਾਨਤਾ ਦੇਣਗੇ।"

ਇਸ 'ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਕਿ ਸਿਰਫ ਇੱਕ ਸਾਲ ਦੇ ਅੰਦਰ ਹੀ ਹਿਟਲਰ ਨੇ ਆਪਣੇ ਵਾਅਦਿਆਂ ਦੇ ਉਲਟ ਹਮਲਾਵਰ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਦੇ ਨਾਲ ਹੀ ਦੂਜੇ ਵਿਸ਼ਵ ਯੁੱਧ ਦਾ ਆਗਾਜ਼ ਹੋਇਆ ਸੀ।

1939-40 'ਚ ਜੋ ਸਥਿਤੀ ਬ੍ਰਿਟੇਨ ਦੀ ਸੀ ਉਹੀ ਸਥਿਤੀ ਅੱਜ ਅਮਰੀਕਾ ਦੀ ਬਣੀ ਹੋਈ ਹੈ।

ਟਰੰਪ ਨੇ ਸਾਰੀ ਸਥਿਤੀ ਨੂੰ ਚੰਗੀ ਤਰਾਂ ਸਮਝਣ ਤੋਂ ਪਹਿਲਾਂ ਕੋਰੋਨਾਵਾਇਰਸ ਨੂੰ ਅਮਰੀਕਾ 'ਚ ਪੂਰੀ ਤਰ੍ਹਾਂ ਨਾਲ ਤਬਾਹੀ ਮਚਾਉਣ ਦਾ ਮੌਕਾ ਦਿੱਤਾ।

28 ਫਰਵਰੀ ਨੂੰ ਰਾਸ਼ਟਰਪਤੀ ਟਰੰਪ ਨੇ ਦੱਖਣੀ ਕੈਰੋਲੀਨਾ 'ਚ ਆਪਣੇ ਸਮਰੱਥਕਾਂ ਨੂੰ ਇਸ ਮਹਾਂਮਾਰੀ ਦੇ ਫੈਲਣ ਦੀ ਚਿਤਾਵਨੀ 'ਤੇ ਧਿਆਨ ਨਾ ਦੇਣ ਬਾਰੇ ਕਿਹਾ।

ਉਨ੍ਹਾਂ ਨੇ ਮਹਾਂਮਾਰੀ ਦੀ ਚਿਤਵਾਨੀ ਨੂੰ ਮੀਡੀਆ ਦਾ ਖਿਆਲੀ ਪਲਾਓ ਦੱਸਿਆ ਅਤੇ ਨਾਲ ਹੀ ਕਿਹਾ ਕਿ ਕੋਰੋਨਾ ਦਾ ਖ਼ਤਰਾ ਇੱਕ ਨਵਾਂ ਧੋਖਾ ਸਾਬਤ ਹੋਵੇਗਾ।

ਦੂਜੇ ਪਾਸੇ ਬੇਲਟ ਐਂਡ ਰੋਡ ਪਹਿਲਕਦਮੀ ਦਾ ਫਾਇਦਾ ਚੁੱਕਣ ਵਾਲੇ ਯੂਰਪੀਅਨ ਦੇਸ਼ ਇਸ ਵਿਸ਼ਵ ਵਿਆਪੀ ਮਹਾਂਮਾਰੀ ਨਾਲ ਦੋ ਹੱਥ ਹੋ ਰਹੇ ਹਨ। ਸਥਿਤੀ ਬਹੁਤ ਭਿਆਨਕ ਬਣੀ ਹੋਈ ਹੈ।

ਦਿਲਚਸਪ ਗੱਲ ਇਹ ਹੈ ਕਿ ਜਿਹੜੇ ਦੇਸ਼ ਲਗਾਤਾਰ ਇਸ ਘਾਤਕ ਮਹਾਂਮਾਰੀ ਦਾ ਡੱਟ ਕੇ ਸਾਹਮਣਾ ਕਰ ਰਹੇ ਹਨ, ਉਨ੍ਹਾਂ 'ਚ ਵਧੇਰੇ ਏਸ਼ੀਆਈ ਲੋਕਤੰਤਰ ਰਾਜ ਹਨ। ਦੱਖਣੀ ਕੋਰੀਆ ਇਸ ਮਹਾਂਮਾਰੀ ਨਾਲ ਬਹੁਤ ਹੀ ਬਾਖੂਬੀ ਨਾਲ ਨਜਿੱਠ ਰਿਹਾ ਹੈ।

ਦੱਖਣੀ ਕੋਰੀਆ ਛੇ ਗੁਣਾ ਵੱਧ ਆਬਾਦੀ ਵਾਲੇ ਅਮਰੀਕਾ ਦੇ ਮੁਕਾਬਲੇ ਵਧੇਰੇ ਟੈਸਟ ਕਰ ਰਿਹਾ ਹੈ। ਸਿੰਗਾਪੁਰ ਨੇ ਟੈਸਟਿੰਗ ਰਾਹੀਂ ਇਸ ਮਹਾਂਮਾਰੀ 'ਤੇ ਕਾਬੂ ਪਾਉਣ 'ਚ ਸਫਲਤਾ ਹਾਸਲ ਕੀਤੀ ਹੈ।

ਹਾਂਗਕਾਂਗ ਅਤੇ ਤਾਈਵਾਨ ਨੇ ਸਾਰਸ ਵਾਇਰਸ ਤੋਂ ਹਾਸਲ ਹੋਏ ਤਜ਼ਰਬਿਆਂ ਤੋਂ ਸਬਕ ਲੈਂਦਿਆਂ ਕੋਰੋਨਾ ਵਾਇਰਸ ਦੀ ਲਾਗ 'ਤੇ ਕਾਬੂ ਪਾਉਣ ਲਈ ਸਮਾਂ ਰਹਿੰਦਿਆਂ ਠੋਸ ਕਦਮ ਚੁੱਕੇ ਹਨ।

ਬਿਹਤਰ ਸੰਘਰਸ਼ ਦੀ ਉਮੀਦ?

ਦੂਜੇ ਪਾਸੇ ਭਾਰਤ ਨੇ ਇਸ ਵਿਸ਼ਵ ਵਿਆਪੀ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਕਾਰਵਾਈ ਕਰਦਿਆਂ ਵਿਸ਼ਵ ਦੇ ਦੂਜੇ ਦੇਸ਼ਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬਾਈ ਸਰਕਾਰਾਂ ਨਾਲ ਮਿਲ ਕੇ ਦੇਸ਼ ਭਰ 'ਚ ਲੌਕਡਾਊਨ ਅਤੇ ਸਮਾਜਿਕ ਦੂਰੀ ਕਾਇਮ ਕਰਨ ਵਰਗੀਆਂ ਵਿਵਸਥਾਵਾਂ ਲਾਗੂ ਕਰਨ 'ਚ ਕਾਮਯਾਬ ਰਹੇ ਹਨ। ਪੀਐਮ ਮੋਦੀ ਬਹੁਤ ਹੀ ਸੂਝ ਨਾਲ ਇਸ ਮੁਸ਼ਕਲ ਦੀ ਘੜੀ 'ਚ ਦੇਸ਼ ਦੀ ਅਗਵਾਈ ਕਰ ਰਹੇ ਹਨ।

ਆਮ ਲੋਕਾਂ ਵੱਲੋਂ ਵੀ ਉਨ੍ਹਾਂ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ। 1.3 ਅਰਬ ਦੀ ਵੱਸੋਂ ਵਾਲੇ ਦੇਸ਼ 'ਚ ਹੁਣ ਤੱਕ 21 ਹਜ਼ਾਰ ਤੋਂ ਵੱਧ ਲੋਕ ਕੋਵਿਡ-19 ਨਾਲ ਸੰਕ੍ਰਮਿਤ ਹਨ।

ਬਤੌਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸੇ ਵੀ ਤਰ੍ਹਾਂ ਦੀ ਮਨਮਾਨੀ ਜਾਂ ਇੱਕ ਪੱਖੀ ਫ਼ੈਸਲਾ ਨਹੀਂ ਕੀਤਾ ਹੈ।

ਹਾਲਾਂਕਿ ਇਸਲਾਮੋਫੋਬੀਆ ਵਰਗੀਆਂ ਕਈ ਭੜਕਾਊ ਅਤੇ ਗਲਤ ਅਫ਼ਵਾਹਾਂ ਫੈਲਾਉਣ ਦੇ ਯਤਨ ਵੀ ਹੋਏ ਹਨ।

ਪਰ ਪੀਐਮ ਮੋਦੀ ਨੇ ਅਜਿਹੀ ਸਥਿਤੀ ਦਾ ਬਹੁਤ ਹੀ ਗੰਭੀਰਤਾ ਤੇ ਸੂਝ ਨਾਲ ਸਾਹਮਣਾ ਕੀਤਾ ਹੈ।

ਉਨ੍ਹਾਂ ਨੇ ਭਾਰਤੀ ਨਾਗਰਿਕਾਂ ਨੂੰ ਇੱਕ ਆਸ ਦੀ ਕਿਰਨ ਵਿਖਾਈ ਹੈ। ਉਨ੍ਹਾਂ ਨੇ ਸਾਬਤ ਕੀਤਾ ਹੈ ਕਿ ਦੂਰਦਰਸ਼ੀ ਅਗਵਾਈ ਵਾਲੇ ਲੋਕਤੰਤਰੀ ਰਾਜ ਉਦਾਰਵਾਦੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਿਆਂ ਬਿਨ੍ਹਾਂ ਹੀ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੁੰਦੇ ਹਨ।

ਇਸ ਸਮੇਂ ਵਿਸ਼ਵ ਵਿਆਪੀ ਪ੍ਰਣਾਲੀ ਜੋ ਨਵਾਂ ਰੂਪ ਧਾਰਨ ਕਰ ਰਹੀ ਹੈ, ਉਸ 'ਚ ਅਮਰੀਕਾ ਅਤੇ ਜਰਮਨੀ ਵਰਗੇ ਦੇਸ਼ਾਂ ਨਾਲ ਮਿਲ ਕੇ ਭਾਰਤ ਪੀਐਮ ਮੋਦੀ ਵੱਲੋਂ ਸੁਝਾਏ ਮਨੁੱਖੀ ਸਰੋਤਾਂ ਨੂੰ ਕੇਂਦਰ 'ਚ ਰੱਖ ਕੇ ਕੀਤੇ ਜਾਣ ਵਾਲੇ ਵਿਕਾਸ ਸਹਿਯੋਗ ਦੇ ਅਧਾਰ 'ਤੇ ਇੱਕ ਨਵੀਂ ਦੁਨੀਆਂ ਦੀ ਸਿਰਜਣਾ 'ਚ ਅਹਿਮ ਭੂਮਿਕਾ ਨਿਭਾ ਸਕਦਾ ਹੈ।

ਇਹ ਸਮਾਂ ਨਵੇਂ ਐਂਟਲਾਂਟਿਕ ਚਾਰਟਰ ਦਾ ਹੈ। ਵਾਤਾਵਰਣ, ਸਿਹਤ ਸੇਵਾਵਾਂ, ਤਕਨੀਕ ਅਤੇ ਲੋਕਤੰਤਰੀ ਉਦਾਰਵਾਦ ਇਸ ਨਵੇਂ ਐਂਟਲਾਂਟਿਕ ਚਾਰਟਰ ਦੇ ਅਧਾਰ ਬਿੰਦੂ ਹੋ ਸਕਦੇ ਹਨ।

ਅੱਜ ਚੀਨ ਅੱਗੇ ਵੀ ਇੱਕ ਮੌਕਾ ਹੈ। ਦੁਨੀਆਂ ਭਰ 'ਚ ਚੀਨ ਦੀ ਆਲੋਚਨਾ ਹੋ ਰਹੀ ਹੈ ਅਤੇ ਦੇਸ਼ ਅੰਦਰ ਵੀ ਅਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ। ਸ਼ੀ ਜਿਨਪਿੰਗ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੁਣ ਸਮਾਂ ਆ ਗਿਆ ਹੈ ਜਦੋਂ ਚੀਨੀ ਲੀਡਰਸ਼ਿਪ ਨੂੰ ਡੇਂਗ ਦੇ ਉਸ ਹੁਕਮ ਵੱਲ ਮੁੜਨ ਦੀ ਲੋੜ ਹੈ, ਜਿਸ 'ਚ ਉਨ੍ਹਾਂ ਨੇ ਨਦੀ ਨੂੰ ਪਾਰ ਕਰਨ ਲੱਗਿਆ ਪੱਥਰਾਂ ਨੂੰ ਮਹਿਸੂਸ ਕਰਨ ਦੀ ਗੱਲ ਕਹੀ ਸੀ।

ਚੀਨ ਦੀ ਕਮਿਊਨਿਸਟ ਪਾਰਟੀ 'ਚ ਇੱਕ ਮੁਹਾਵਰਾ ਹੈ- ਲਕਸ਼ਿਅਨ ਦੂਜੈਂਗ ਭਾਵ ਕਿ ਲਾਈਨ ਸੰਘਰਸ਼।ਕੁੱਝ ਲੋਕਾਂ ਲਈ ਇਹ ਸੱਤਾ ਇਕ ਸੰਘਰਸ਼ ਹੀ ਹੈ। ਪਰ ਨਵੀਂ ਪਾਰਟੀ ਲਾਈਨ ਲਈ ਇਹ ਸੰਘਰਸ਼ ਨੂੰ ਵੀ ਦਰਸਾਉਂਦਾ ਹੈ।ਅਤੀਤ 'ਚ ਅਜਿਹੇ ਕਈ ਸੰਘਰਸ਼ ਹੋਏ ਵੀ ਹਨ। ਪਰ ਇੱਥੇ ਸਵਾਲ ਇਹ ਹੈ ਕਿ ਕੀ ਇਸ ਵਾਰ ਦੁਨੀਆ ਨੂੰ ਕਿਸੇ ਬਿਹਤਰ ਸੰਘਰਸ਼ ਦੀ ਉਮੀਦ ਕਰਨੀ ਚਾਹੀਦੀ ਹੈ?

(ਲੇਖਕ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਹਨ।ਇਸ ਲੇਖ 'ਚ ਜੋ ਕੁੱਝ ਵੀ ਵਿਚਾਰ ਰੱਖੇ ਗਏ ਹਨ, ਉਹ ਸਾਰੇ ਨਿੱਜੀ ਹਨ।)

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)