ਅਮਰੀਕੀ ਟਿਕਾਣਿਆਂ ’ਤੇ ਈਰਾਨੀ ਹਮਲੇ ਤੋਂ ਬਾਅਦ ਟਰੰਪ ਦੀਆਂ 5 ਮੁੱਖ ਗੱਲ੍ਹਾਂ ਤੇ ਈਰਾਨ ਦਾ ਜਵਾਬ - ਪੰਜ ਅਹਿਮ ਖ਼ਬਰਾਂ

ਇਰਾਕ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਤੇ ਈਰਾਨੀ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੇਸ਼ ਨੂੰ ਸੰਬੋਧਨ ਕੀਤਾ। ਦਸ ਤੋਂ ਵੀ ਘੱਟ ਮਿੰਟਾਂ ਵਿੱਚ ਈਰਾਨ, ਜਨਰਲ, ਸੁਲੇਮਾਨੀ, ਪ੍ਰਮਾਣੂ ਕਰਾਰ ਆਦਿ ਦਾ ਜ਼ਿਕਰ ਕੀਤਾ।

ਟਰੰਪ ਨੇ ਈਰਾਨ ਨੂੰ ਸੰਬੋਧਨ ਕਰਦਿਆਂ ਕਿਹਾ, "ਈਰਾਨ ਨੂੰ ਆਪਣੀ ਪ੍ਰਮਾਣੂ ਇੱਛਾ ਤੇ ਅੱਤਵਾਦੀਆਂ ਲਈ ਹਮਾਇਤ ਨੂੰ ਖ਼ਤਮ ਕਰਨਾ ਪਵੇਗਾ।"

ਟਰੰਪ ਨੇ ਰੂਸ, ਚੀਨ, ਫਰਾਂਸ ਤੇ ਜਰਮਨੀ ਨੂੰ ਆਪੀਲ ਕੀਤੀ ਕਿ ਉਹ ਈਰਾਨ ਦੇ ਨਾਲ ਪ੍ਰਮਾਣੂ ਸਮਝੌਤਾ ਖ਼ਤਮ ਕਰ ਦੇਣ। ਉਨ੍ਹਾਂ ਕਿਹਾ ਕਿ ਅਮਰੀਕਾ ਪੱਛਮੀ ਏਸ਼ੀਆ ਵਿੱਚ ਤੇਲ ਦੇ ਪਿੱਛੇ ਨਹੀਂ ਹੈ। ਟਰੰਪ ਨੇ ਕਿਹਾ, "ਅਮਰੀਕਾ ਆਪ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਤੇਲ ਉਤਪਾਦਨ ਕਰਨ ਵਾਲਾ ਦੇਸ਼ ਹੈ। ਅਮਰੀਕਾ ਆਰਥਿਕ ਤੇ ਫ਼ੌਜੀ ਪੱਖੋਂ ਸਥਿਰ ਹੈ।"

ਟਰੰਪ ਨੇ ਫ਼ੌਜੀ ਤਾਕਤ ਦੀ ਵਰਤੋਂ ਨੂੰ ਰੱਦ ਕਰਦਿਆਂ ਕਿਹਾ, "ਅਮਰੀਕਾ ਦੁਨੀਆਂ ਦੀ ਸਭ ਤੋਂ ਵੱਡੀ ਫ਼ੌਜੀ ਤਾਕਤ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਉਨ੍ਹਾਂ ਨੂੰ ਵਰਤੀਏ। ਅਸੀਂ ਉਨ੍ਹਾਂ ਨੂੰ ਵਰਤਣਾ ਨਹੀਂ ਚਾਹੁੰਦੇ।"

ਇਹ ਵੀ ਪੜ੍ਹੋ:

ਟਰੰਪ ਦੇ ਭਾਸ਼ਣ ਦੀਆਂ 5 ਮੁੱਖ ਗੱਲ੍ਹਾਂ

  • ਇਨ੍ਹਾਂ ਹਮਲਿਆਂ ਵਿੱਚ ਕੋਈ ਵੀ ਅਮਰੀਕੀ ਫ਼ੌਜੀ ਨਹੀਂ ਮਾਰਿਆ ਨਹੀਂ ਗਿਆ। ਤੇ ਨਾ ਹੀ ਕੋਈ ਜ਼ਖ਼ਮੀ ਹੋਇਆ। ਫ਼ੌਜੀ ਅੱਡੇ ਨੂੰ ਮਾਮੂਲੀ ਨੁਕਸਾਨ ਹੋਇਆ ਹੈ।
  • ਟਰੰਪ ਨੇ ਕਿਹਾ ਹੈ ਕਿ ਅਜਿਹਾ ਲੱਗ ਰਿਹਾ ਹੈ ਕਿ ਈਰਾਨ ਪਿੱਛੇ ਹਟ ਰਿਹਾ ਹੈ। ਜੋ ਪੂਰੀ ਦੁਨੀਆਂ ਲਈ ਚੰਗੀ ਗੱਲ ਹੈ।
  • ਅਮਰੀਕਾ ਈਰਾਨ ਤੇ ਸਖ਼ਤ ਪਾਬੰਦੀਆਂ ਲਾ ਰਿਹਾ ਹੈ।
  • ਟਰੰਪ ਨੇ ਕਿਹਾ ਕਿ ਜਦੋਂ ਤੱਕ ਉਹ ਅਮਰੀਕਾ ਦੇ ਰਾਸ਼ਟਰਪਤੀ ਹਨ ਈਰਨ ਕਦੇ ਵੀ ਪ੍ਰਮਾਣੂ ਸ਼ਕਤੀ ਵਾਲਾ ਦੇਸ਼ ਨਹੀਂ ਬਣ ਸਕਦਾ।
  • ਟਰੰਪ ਨੇ ਬ੍ਰਿਟੇਨ, ਫਰਾਂਸ ਜਰਮਨੀ, ਰੂਸ ਤੇ ਚੀਨ ਨੂੰ ਅਪੀਲ ਕੀਤੀ ਕਿ ਉਹ ਈਰਾਨ ਨਾਲ 2015 ਵਿੱਚ ਹੋਏ ਸਮਝੌਤੇ ਤੋਂ ਵੱਖ ਹੋ ਜਾਣ।

ਅਮਰੀਕੀਆਂ ਦੇ ਮੁੰਹ 'ਤੇ ਥੱਪੜ: ਖ਼ੋਮਿਨੀ

ਈਰਾਨ ਦੇ ਸਰਬਉੱਚ ਆਗੂ ਅਇਤੋਉੱਲ੍ਹਾ ਅਲੀ ਖ਼ੋਮਿਨੀ ਅਮਰੀਕੀ ਫ਼ੌਜੀ ਟਿਕਾਣਿਆਂ ਤੇ ਈਰਾਨੀ ਹਮਲੇ ਨੂੰ ਅਮਰੀਕੀਆਂ ਦੀ ਗੱਲ ਤੇ ਥੱਪੜ ਦੱਸਿਆ ਹੈ। ਖ਼ੋਮਿਨੀ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਅਮਰੀਕੀ ਫ਼ੌਜੀਆਂ ਨੂੰ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ

ਭਾਰਤ ਬੰਦ ਦਾ ਰਿਹਾ ਵਿਆਪਕ ਅਸਰ

ਕੇਂਦਰ ਸਰਕਾਰ ਦੀਆਂ 'ਮਜਦੂਰ ਵਿਰੋਧੀ ਨੀਤੀਆਂ' ਖ਼ਿਲਾਫ਼ ਬੁੱਧਵਾਰ (8 ਜਨਵਰੀ) ਨੂੰ ਮਜਦੂਰ ਯੂਨੀਅਨਾਂ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ। ਦਾਅਵਾ ਹੈ ਕਿ ਇਸ ਹੜਤਾਲ ਵਿੱਚ ਲਗਭਗ 25 ਕਰੋੜ ਲੋਕ ਹਿੱਸਾ ਲਿਆ।

ਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ, ਸੰਗਰੂਰ, ਬਰਨਾਲਾ, ਚੰਡੀਗੜ੍ਹ ਸਣੇ ਮੁਹਾਲੀ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਟ੍ਰੇਡ ਯੂਨੀਅਨਾਂ ਦੇ ਲੋਕ ਅਜੇ ਤੱਕ ਪੰਜਾਬ ਵਿੱਚ ਕਈ ਥਾਵਾਂ 'ਤੇ ਸੜਕਾਂ ਉੱਤੇ ਹਨ।

ਮਜਦੂਰ ਯੂਨੀਅਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਕਾਨੂੰਨ 'ਚ ਬਦਲਾਅ ਕਰਕੇ ਉਨ੍ਹਾਂ ਦੇ ਹੱਕਾਂ 'ਤੇ ਸੱਟ ਮਾਰ ਰਹੀ ਹੈ ਅਤੇ ਲੇਬਰ ਕੋਡ ਦੇ ਨਾਮ 'ਤੇ ਮੌਜੂਦਾ ਵਿਵਸਥਾ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਰਿਹਾ ਹੈ। ਪੜ੍ਹੋ ਪੂਰੀ ਖ਼ਬਰ।

ਇਹ ਵੀ ਪੜ੍ਹੋ

ਜੱਥੇਦਾਰ ਮੁਤਾਬਕ ਸਿੱਖਾਂ ਦਾ ਭਲਾ ਕਿਉਂ ਨਹੀਂ ਹੋ ਸਕਦਾ?

ਅਕਾਲ ਤਖ਼ਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਾਊਥਹਾਲ ਵਿਖੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਪਹੁੰਚੇ। ਉਹ ਪੰਜ ਦਿਨਾਂ ਬ੍ਰਿਟੇਨ ਦੌਰੇ 'ਤੇ ਹਨ। ਇਸ ਮੌਕੇ ਬੀਬੀਸੀ ਸਹਿਯੋਗੀ ਕਮਲਪ੍ਰੀਤ ਕੌਰ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।

ਉਨ੍ਹਾਂ ਕਿਹਾ ਕਿ 1947 ਤੋਂ ਹੀ ਸਿੱਖਾਂ ਨੂੰ ਦੇਸ਼ ਲਈ ਖ਼ਤਰਾ ਮੰਨ ਕੇ ਅਜਿਹੀਆਂ ਨੀਤੀਆਂ ਬਣਾ ਦਿੱਤੀਆਂ ਗਈਆਂ ਹਨ ਕਿ ਜੇ ਸਿਮਰਨਜੀਤ ਸਿੰਘ ਮਾਨ ਨੂੰ ਵੀ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ ਤਾਂ ਵੀ ਸਿੱਖਾਂ ਦਾ ਭਲਾ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਵੀ ਜੱਥੇਦਾਰ ਨੇ ਵੱਖ-ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਰੱਖੇ। ਪੜ੍ਹੋ ਪੂਰੀ ਗੱਲਬਾਤ।

ਕਿਸੇ ਲਈ ਦੀਪਿਕਾ ਹੀਰੋ, ਕੋਈ ਕਰ ਰਿਹਾ ਬਾਈਕਾਟ

ਦੇਸ਼ ਦੇ ਗੰਭੀਰ ਮੁੱਦਿਆਂ 'ਤੇ ਬਾਲੀਵੁੱਡ ਫ਼ਿਲਮੀ ਸਿਤਾਰਿਆਂ ਦੀ ਚੁੱਪੀ ਕਦੇ ਸਭ ਨੂੰ ਖਟਕਦੀ ਹੈ, ਪਰ ਉਨ੍ਹਾਂ ਦਾ ਬੋਲਣਾ ਵੀ ਵਿਵਾਦਾਂ 'ਚ ਘਿਰ ਜਾਂਦਾ ਹੈ।

ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਨਕਾਬਪੋਸ਼ਾਂ ਦੇ ਹਮਲੇ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪ੍ਰਦਰਸ਼ਨ ਚੱਲ ਰਹੇ ਹਨ।

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਇਸ ਪ੍ਰਦਰਸ਼ਨ ਦਾ ਹਿੱਸਾ ਬਣ ਕੇ ਸਭ ਨੂੰ ਹੈਰਾਨ ਕਰ ਦਿੱਤਾ।

ਜਿੱਥੇ ਕੁਝ ਲੋਕ ਦੀਪਿਕਾ ਦੀ ਬਹਾਦਰੀ ਦੇ ਕਸੀਦੇ ਪੜ੍ਹ ਰਹੇ ਨੇ, ਉੱਥੇ ਹੀ ਕੁਝ ਲੋਕ ਇਸ ਨੂੰ ਦੀਪਿਕਾ ਦਾ ਪਬਲਿਕ ਸਟੰਟ ਆਖ਼ ਕੇ #BoycottChappak ਵਰਗੀ ਮੁਹਿੰਮ ਚਲਾ ਰਹੇ ਹਨ। ਪੜ੍ਹੋ ਪੂਰੀ ਖ਼ਬਰ।

ਸਰਕਾਰ ਵੱਲੋਂ ਘਾਟੀ ਵਿੱਚ ਕੂਟਨੀਤਿਕਾਂ ਦਾ ਇੱਕ ਹੋਰ ਵਫ਼ਦ ਭੇਜਣ ਦੀ ਤਿਆਰੀ

ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਖ਼ਤਮ ਕਰਕੇ ਸੂਬੇ ਦਾ ਦੋ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚ ਪੁਨਰਗਠਨ ਕਰਨ ਤੋਂ 5 ਮਹੀਨਿਆਂ ਬਾਅਦ ਭਾਰਤ ਸਰਕਾਰ ਨੇ ਦਿੱਲੀ ਰਹਿ ਰਹੇ ਕੂਟਨੀਤਿਕਾਂ ਨੂੰ ਕਸ਼ਮੀਰ ਜਾ ਕੇ ਸਿਥਿਤੀ ਦਾ ਜਾਇਜ਼ਾ ਲੈਣ ਦਾ ਸੱਦਾ ਦਿੱਤਾ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਪਿਛਲੀ ਯੂਰਪੀ ਸੰਸਦ ਮੈਂਬਰਾਂ ਦੇ ਵਫ਼ਦ ਦੀ ਫ਼ੇਰੀ ਦੇ ਉਲਟ ਜਿਸ ਦਾ ਸਾਰਾ ਬੰਦੋਬਸਤ ਇੱਕ ਭਾਰਤੀ ਮੂਲ ਦੀ ਬ੍ਰਿਟਿਸ਼ ਕਾਰੋਬਾਰੀ ਨੇ ਕੀਤਾ ਸੀ। ਇਸ ਫ਼ੇਰੀ ਦੇ ਸਾਰੇ ਇੰਤਜ਼ਾਮ ਭਾਰਤ ਸਰਕਾਰ ਆਪ ਕਰ ਰਹੀ ਹੈ। ਇਸ ਵਿੱਚ ਵਿਦੇਸ਼ ਮੰਤਰਾਲਾ, ਗ੍ਰਹਿ ਮੰਤਰਾਲਾ ਤੇ ਰੱਖਿਆ ਮੰਤਰਾਲਾ ਸ਼ਾਮਲ ਹਨ।

ਅਖ਼ਬਰਾ ਦੇ ਦਿੱਲੀ ਤੇ ਕਸ਼ਮੀਰ ਦੇ ਸੂਤਰਾਂ ਮੁਤਾਬਕ ਵਫ਼ਦ ਦੀ ਰਹਾਇਸ਼ ਤੇ ਘੁੰਮਣ-ਫਿਰਨ ਦੇ ਸਾਰੇ ਇੰਤਜ਼ਾਮ ਕੀਤੇ ਜਾ ਚੁੱਕੇ ਹਨ ਤੇ ਸਰਕਾਰ ਸੱਦੇ ਬਾਰੇ ਇਨ੍ਹਾਂ ਲੋਕਾਂ ਦੇ ਹੁੰਗਾਰੇ ਦੀ ਉਡੀਕ ਕਰ ਰਹੀ ਹੈ। ਇਹ ਦੌਰਾ ਅਗਲੇ ਹਫ਼ਤੇ ਹੋ ਸਕਦਾ ਹੈ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)