ਨਨਕਾਣਾ ਸਾਹਿਬ ਘਟਨਾ 'ਤੇ ਪਾਕਿਸਤਾਨ ਦੇ ਪੀਐੱਮ ਇਮਰਾਨ ਖ਼ਾਨ ਬੋਲੇ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਨਕਾਣਾ ਸਾਹਿਬ ਵਿੱਚ ਗੁਰਦੁਆਰਾ ਜਨਮ ਅਸਥਾਨ ’ਤੇ ਹਿੰਸਕ ਭੀੜ ਵੱਲੋਂ ਕੀਤੇ ਪਥਰਾਅ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਮ ਖ਼ਾਨ ਨੇ ਐਤਵਾਰ ਨੂੰ ਪਹਿਲੀ ਵਾਰ ਨਨਕਾਣਾ ਸਾਹਿਬ ਦੀ ਘਟਨਾ ਬਾਰੇ ਟਵੀਟ ਕੀਤਾ।

ਉਨ੍ਹਾਂ ਲਿਖਿਆ, "ਨਨਕਾਣਾ ਸਾਹਿਬ ਦੀ ਨਿੰਦਣਯੋਗ ਘਟਨਾ ਤੇ ਮੁਸਲਮਾਨਾਂ ਤੇ ਹੋਰ ਘੱਟ ਗਿਣਤੀਆਂ 'ਤੇ ਹੋ ਰਹੇ ਹਮਲਿਆਂ ਵਿੱਚ ਵੱਡਾ ਫ਼ਰਕ ਇਹ ਹੈ ਕਿ: ਨਨਕਾਣਾ ਸਾਹਿਬ ਦੀ ਘਟਨਾ ਮੇਰੀ ਫਿਲਾਸਫ਼ੀ ਦੇ ਖ਼ਿਲਾਫ਼ ਹੈ ਤੇ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਸ਼ਹਿ ਮਿਲੇਗੀ ਨਾ ਤਾਂ ਸਰਕਾਰ ਵੱਲੋਂ ਤੇ ਨਾ ਹੀ ਪੁਲਿਸ ਤੇ ਅਦਾਲਤ ਵੱਲੋਂ।”

ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆਂ ਦੂਜੇ ਟਵੀਟ ਵਿੱਚ ਲਿਖਿਆ,"ਜਦਕਿ ਮੋਦੀ ਦੀ ਆਰਐੱਸਐੱਸ ਫਿਲਾਸਫ਼ੀ ਘੱਟ ਗਿਣਤੀਆਂ ਦੇ ਦਮਨ ਦੀ ਹਮਾਇਤ ਕਰਦੀ ਹੈ ਤੇ ਮੁਸਲਮਾਨਾਂ 'ਤੇ ਕੀਤੇ ਜਾ ਰਹੇ ਹਮਲੇ ਇਸ ਏਜੰਡੇ ਦਾ ਹਿੱਸਾ ਹਨ। ਆਰਐੱਸਐੱਸ ਦੇ ਗੁੰਡੇ ਜਨਤਕ ਤੌਰ 'ਤੇ ਲੋਕਾਂ ਨੂੰ ਮਾਰ ਰਹੇ ਹਨ। ਮੁਸਲਮਾਨਾਂ ਖ਼ਿਲਾਫ਼ ਹਿੰਸਕ ਭੀੜ ਦੇ ਹਮਲਿਆਂ ਨੂੰ ਨਾ ਸਿਰਫ਼ ਮੋਦੀ ਦੀ ਹਮਾਇਤ ਹੈ ਸਗੋਂ ਭਾਰਤੀ ਪੁਲਿਸ ਮੁਸਲਿਮ ਵਿਰੋਧੀ ਹਮਲਿਆਂ ਦੀ ਅਗਵਾਈ ਕਰ ਰਹੀ ਹੈ।"

ਸ਼ਨਿੱਚਰਵਾਰ ਨੂੰ ਅਸਦੁਦੀਨ ਓਵੈਸੀ ਨੇ ਹੈਦਰਾਬਾਦ ਵਿੱਚ ਇੱਕ ਜਲਸੇ ਦੌਰਾਨ ਇਮਰਾਨ ਖ਼ਾਨ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਉਹ ਭਾਰਤੀ ਮੁਸਲਮਾਨਾਂ ਦੀ ਫ਼ਿਕਰ ਛੱਡ ਕੇ ਆਪਣੇ ਮੁਲਕ ਦੀ ਫ਼ਿਕਰ ਕਰਨ।

ਇਹ ਵੀ ਪੜ੍ਹੋ:

ਇਸ ਤੋਂ ਪਹਿਲਾਂ...

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਰੱਦ ਕੀਤਾ ਜਿੰਨ੍ਹਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਸ਼ੁੱਕਰਵਾਰ ਨੂੰ ਭੜਕੀ ਭੀੜ ਦੇ ਹਮਲੇ ਚ ਗੁਰਦੁਆਰੇ ਨਨਕਾਣਾ ਸਾਹਿਬ ਨੂੰ ਨੁਕਸਾਨ ਪਹੁੰਚਿਆ ਹੈ।

ਪਾਕਸਿਤਾਨੀ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਬਿਲਕੁੱਲ ਸੁਰੱਖਿਅਤ ਰਹੀ। ਇਮਾਰਤ ਨੂੰ 'ਨਾ ਕਿਸੇ ਨੇ ਛੂਹਿਆ ਅਤੇ ਨਾ ਕੋਈ ਨੁਕਸਾਨ' ਹੋਇਆ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਦਾਅਵੇ ਮੁਤਾਬਕ ਪਾਕਿਸਤਾਨੀ ਪੰਜਾਬ ਦੀ ਸਰਕਾਰ ਦੇ ਹਵਾਲੇ ਨਾਲ ਦੱਸਿਆ, ''ਇਹ ਅਸਲ ਵਿਚ ਦੋ ਮੁਸਲਿਮ ਗੁੱਟਾਂ ਨਿੱਜੀ ਲੜਾਈ ਸੀ। ਵਿਵਾਦ ਦੀ ਜੜ੍ਹ ਚਾਹ ਦੀ ਦੁਕਾਨ ਉੱਤੇ ਹੋਇਆ ਇੱਕ ਝਗੜਾ ਸੀ ਅਤੇ ਪ੍ਰਸ਼ਾਸਨ ਨੇ ਮੌਕੇ ਸਿਰ ਦਖ਼ਲ ਦੇ ਕੇ ਹਾਲਾਤ ਨੂੰ ਤੁਰੰਤ ਕਾਬੂ ਕਰ ਲਿਆ ਸੀ।

ਪਾਕਿਸਤਾਨੀ ਸਿੱਖਾਂ ਦੀ ਫ਼ਿਕਰ ਕਰਨ ਇਮਰਾਨ-ਓਵੈਸੀ

ਇਸੇ ਦੌਰਾਨ ਭਾਰਤ ਦੇ ਮੁਸਲਿਮ ਆਗੂ ਅਸਦੁਦੀਨ ਓਵੈਸੀ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਿਹਾ ਹੈ ਕਿ ਉਹ ਭਾਰਤੀ ਮੁਸਲਮਾਨਾਂ ਦੀ ਫ਼ਿਕਰ ਨਾ ਕਰਨ ਤੇ ਆਪਣਾ ਮੁਲਕ ਸੰਭਾਲਣ।

ਓਵੈਸੀ ਨੇ ਕਿਹਾ, "ਸਾਨੂੰ ਭਾਰਤੀ ਮੁਸਲਮਾਨ ਹੋਣ 'ਤੇ ਫਖ਼ਰ ਹੈ ਤੇ ਅੱਗੇ ਵੀ ਰਹੇਗਾ। ਅਸੀਂ ਜਿਨਾਹ ਦੇ ਗਲਤ ਸਿਧਾਂਤ ਨੂੰ ਇਸੇ ਲਈ ਰੱਦ ਕੀਤਾ ਸੀ।

ਉਨ੍ਹਾਂ ਨੇ ਇਹ ਪ੍ਰਤੀਕਿਰਿਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਬੰਗਲਾਦੇਸ਼ ਦੀ ਇੱਕ ਵੀਡੀਓ ਨੂੰ ਉੱਤਰ ਪ੍ਰਦੇਸ਼ ਦੀ ਦੱਸੇ ਜਾਣ 'ਤੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਮਰਾਨ ਨੂੰ ਭਾਰਤੀ ਮੁਸਲਮਾਨਾਂ ਦੀ ਫ਼ਿਕਰ ਦੀ ਥਾਂ ਪਾਕਿਸਤਾਨ ਦੇ ਸਿੱਖਾਂ ਤੇ ਗੁਰਦੁਆਰੇ ਉੱਤੇ ਹੋ ਰਹੇ ਹਮਲਿਆਂ ਨੂੰ ਰੋਕਣਾ ਚਾਹੀਦਾ ਹੈ।

ਤੇਲੰਗਾਨਾ ਦੇ ਸੰਗਾਰੇਡੀ ਵਿੱਚ ਇੱਕ ਜਲਸੇ ਨੂੰ ਸੰਬੋਧਨ ਕਰਦਿਆਂ ਓਵੈਸੀ ਨੇ ਕਿਹਾ "ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਤੁਸੀਂ ਹਿੰਦੁਸਤਾਨ ਦੀ ਫ਼ਿਕਰ ਕਰਨਾ ਛੱਡ ਦਿਓ, ਸਾਡੇ ਲਈ ਅੱਲ੍ਹਾ ਕਾਫ਼ੀ ਹੈ। ਮਿਸਟਰ ਇਮਰਾਨ ਖ਼ਾਨ ਆਪਣੇ ਦੇਸ਼ ਦੀ ਫ਼ਿਕਰ ਕਰੋ, ਸਾਡੀ ਨਹੀਂ।"

ਉਨ੍ਹਾਂ ਨੇ ਕਿਹਾ, "ਧਰਤੀ ਦੀ ਕੋਈ ਤਾਕਤ ਸਾਥੋਂ ਸਾਡੀ ਭਾਰਤੀਅਤਾ ਤੇ ਸਾਡੀ ਧਾਰਮਿਕ ਪਛਾਣ ਖੋਹ ਨਹੀਂ ਸਕਦੀ ਕਿਉਂਕਿ ਭਾਰਤੀ ਸੰਵਿਧਾਨ ਨੇ ਸਾਨੂੰ ਇਸਦੀ ਗਰੰਟੀ ਦਿੱਤੀ ਹੈ।"

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)