ਨਨਕਾਣਾ ਸਾਹਿਬ 'ਤੇ ਪਥਰਾਅ ਦੀ ਘਟਨਾ: ਸਿੱਖਾਂ ਖ਼ਿਲਾਫ਼ ਹਜੂਮ ਦੇ ਆਗੂ ਇਮਰਾਨ ਚਿਸ਼ਤੀ ਨੇ ਮੰਗੀ ਮੁਆਫ਼ੀ, ਮੁਸਲਿਮ ਧਾਰਮਿਕ ਆਗੂ ਸਿੱਖਾਂ ਦੇ ਹੱਕ 'ਚ ਨਿੱਤਰੇ

ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿੱਚ ਸ਼ੁੱਕਰਵਾਰ ਦੀ ਘਟਨਾ ਤੋਂ ਬਾਅਦ ਘੱਟਗਿਣਤੀਆਂ ਦੇ ਆਗੂਆਂ ਦਾ ਇਕੱਠ ਹੋਇਆ। ਇਸ ਮੌਕੇ ਪਾਕ ਵਿੱਚ ਸਿੱਖ ਆਗੂ, ਜ਼ਿਲ੍ਹੇ ਦੇ ਡੀਸੀ, ਡੀਪੀਓ, ਵਿਧਾਇਕ ਤੇ ਮੁਸਲਿਮ ਧਾਰਮਿਕ ਨੇਤਾ ਵੀ ਮੌਜੂਦ ਰਹੇ।

ਮੁਸਲਿਮ ਧਾਰਮਿਕ ਨੇਤਾ ਮੁਹਬਲ ਨਬੀ ਤਾਹਿਰ ਨੇ ਕਿਹਾ, ''ਪਾਕਿਸਤਾਨ ਵਾਹਿਦ ਮੁਲਕ ਹੈ ਜਿੱਥੇ ਤਮਾਮ ਇਬਾਦਤਗਾਹਾਂ ਤੇ ਮਜ਼ਹਬੀ ਹਲਕੇ ਹਨ। ਨਨਕਾਣੇ ਨੇ ਪਹਿਲਾਂ ਵੀ ਇਸ ਗੱਲ ਦਾ ਸਬੂਤ ਦਿੱਤਾ ਸੀ ਅਤੇ ਕਿਆਮਤ ਤੱਕ ਇਸ ਗੱਲ ਦਾ ਸਬੂਤ ਦਿੰਦੇ ਰਹਾਂਗੇ, ਇੱਥੇ ਸਿੱਖ-ਮੁਸਲਮਾਨਾਂ ਦੀ ਦੋਸਤੀ ਦਾ ਪੁਖਤਾ ਸਬੂਤ ਹੈ। ਸਾਡੇ ਲਈ ਗੁਰਦੁਆਰਾ, ਚਰਚ, ਇਹ ਸਾਰੇ ਸਾਡੇ ਲਈ ਮੁਕੱਦਸ ਹਨ।"

ਸਿੱਖ ਆਗੂ ਗੋਪਾਲ ਸਿੰਘ ਨੇ ਇਸ ਮੌਕੇ ਆਪਣੀ ਮੰਗ ਰੱਖਦਿਆਂ ਕਿਹਾ, ''ਇਸ ਨੂੰ ਸਿੱਖ-ਮੁਸਲਿਮ ਫਸਾਦ ਦਾ ਦਰਜਾ ਨਾ ਦਿੱਤਾ ਜਾਵੇ। ਇਹ ਇੱਕ ਪਰਿਵਾਰ ਦਾ ਮਸਲਾ ਹੈ ਅਤੇ ਕਾਰਵਾਈ ਸਿਰਫ਼ ਮੁਲਜ਼ਮਾਂ ਖਿਲਾਫ਼ ਹੀ ਹੋਵੇ।''

'ਅਸੀਂ ਸਿੱਖਾਂ ਨਾਲ ਦੀਵਾਰ ਵਾਂਗ ਖੜ੍ਹੇ ਹਾਂ'

ਹਲਕੇ ਦੇ ਵਿਧਾਇਕ ਮੁਹੰਮਦ ਆਤਿਫ਼ ਨੇ ਇਸ ਮੌਕੇ ਗੱਲ ਕਰਦਿਆਂ ਕਿਹਾ ਉਹ ਇਸ ਘਟਨਾ ਨਾਲ ਬੇਹੱਦ ਸ਼ਰਮਿੰਦਾ ਮਹਿਸੂਸ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ, "ਮੈਂ ਤਾਂ ਅੱਜ ਤੱਕ ਇਹ ਮਿਸਾਲ ਦਿੰਦਾ ਹੁੰਦਾ ਸੀ ਕਿ ਸਾਡੇ ਜ਼ਿਲ੍ਹੇ ਨਨਕਾਣੇ ਨੂੰ ਅਜੇ ਤੱਕ ਕਿਸੇ ਵੀ ਕਿਸਮ ਦਾ ਕੋਈ ਮਸਲਾ ਦਰਪੇਸ਼ ਨਹੀਂ ਆਇਆ ਕਿ ਕਿਸੇ ਵੀ ਭਾਈਚਾਰੇ ਦੀ ਇਬਾਦਤਗਾਹ ਨੂੰ ਨੁਕਸਾਨ ਪਹੁੰਚਾਇਆ ਗਿਆ ਹੋਵੇ।"

ਉਨ੍ਹਾਂ ਨੇ ਸਿੱਖਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨਾਲ ਦੀਵਾਰ ਬਣ ਕੇ ਖੜ੍ਹੇ ਹਨ। "ਸਾਡੀ ਸਰਕਾਰ ਤੇ ਪੂਰਾ ਪਾਕਿਸਤਾਨ ਸਿੱਖ ਬਿਰਾਦਰੀ ਦੇ ਨਾਲ ਹੈ।"

ਆਤਿਫ਼ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਜ਼ਿਲ੍ਹੇ ਦੀ ਸਿੱਖਾਂ ਦੀ ਕਰਕੇ ਪੂਰੀ ਦੁਨੀਆਂ ਵਿੱਚ ਮਸ਼ਹੂਰੀ ਹੈ। ਜੇਕਰ ਇਹ ਮਸਲਾ ਨਿੱਜੀ ਸੀ ਤਾਂ ਅਸੀਂ ਸਾਰੇ ਪਾਕਿਸਤਾਨ ਜਾਂ ਸਾਰੇ ਮੁਸਲਮਾਨਾਂ ਨੂੰ ਦੋਸ਼ ਨਹੀਂ ਦਿਆਂਗੇ।

ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਾਂਗੇ। ਨਨਕਾਣਾ ਵਿੱਚ ਅਮਨ ਪਹਿਲਾਂ ਵੀ ਸੀ ਤੇ ਕਿਆਮਤ ਅਮਨ ਬਰਕਰਾਰ ਰਹੇਗਾ।

ਨਨਕਾਣਾ ਦੇ ਡੀਸੀ ਰਾਜਾ ਮੰਸੂਰ ਨੇ ਕਿਹਾ ਕਿ ਨਨਕਾਣਾ ਸਾਹਿਬ ਸ਼ਹਿਰ ਵਿੱਚ ਪਹਿਲਾਂ ਤੋਂ ਤੈਅ ਜਲੂਸਾਂ ਤੋਂ ਇਲਾਵਾ ਕਿਸੇ ਵੀ ਇਕੱਠ 'ਤੇ ਰੋਕ ਲੱਗੇਗੀ।

ਸ਼ੁੱਕਰਵਾਰ ਨੂੰ ਭੜਕੀ ਹੋਈ ਭੀੜ ਨੇ ਨਨਕਾਣਾ ਸਾਹਿਬ ਵਿੱਚ ਸਥਿਤ ਗੁਰਦੁਆਰਾ ਜਨਮ ਅਸਥਾਨ ਨੂੰ ਘੇਰ ਲਿਆ ਸੀ ਤੇ ਪਥਰਾਅ ਕੀਤਾ ਸੀ।

ਗੁਰਦੁਆਰਾ ਜਨਮ ਅਸਥਾਨ ਉਹ ਥਾਂ ਹੈ ਜਿੱਥੇ 1469 ਈਸਵੀ ਵਿੱਚ ਗੁਰੂ ਨਾਨਕ ਦੇਵ ਦਾ ਜਨਮ ਹੋਇਆ ਸੀ।

ਪਾਕਿਸਤਾਨ ਸਰਕਾਰ ਦਾ ਕੀ ਕਹਿਣਾ ਹੈ

ਪਾਕਿਸਤਾਨ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਨਕਾਣਾ ਸਾਹਿਬ ਦੀ ਘਟਨਾ ਸਿਰਫ਼ ਦੋ ਮੁਸਲਿਮ ਧਿਰਾਂ ਵਿਚਾਲੇ ਬਹਿਸਬਾਜ਼ੀ ਸੀ।

ਬਿਆਨ ਮੁਤਾਬਕ, ''ਪੰਜਾਬ ਸੂਬੇ ਦੇ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਕਿ ਤਿੰਨ ਜਨਵਰੀ ਨੂੰ ਨਨਕਾਣਾ ਸਾਹਿਬ ਵਿੱਚ ਦੋ ਮੁਸਲਿਮ ਗੁਟਾਂ ਵਿਚਾਲੇ ਹੱਥੋਪਾਈ ਹੋਈ ਸੀ। ਚਾਹ ਦੀ ਦੁਕਾਨ ਉੱਤੇ ਮਾਮੂਲੀ ਜਿਹੀ ਗੱਲ ਕਰਕੇ ਵਿਵਾਦ ਵਧਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕਰਕੇ ਹਿਰਾਸਤ ਵਿੱਚ ਲੈ ਲਿਆ।''

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਸ ਸਾਰੇ ਮੁੱਦੇ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

''ਗੁਰਦੁਆਰੇ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ। ਗੁਰਦੁਆਰੇ ਦੀ ਬੇਅਦਬੀ ਅਤੇ ਨੁਕਸਾਨ ਪਹੁੰਚਾਏ ਦੀ ਗੱਲ੍ਹ ਝੂਠੀ ਹੈ।''

ਨਨਕਾਣਾ ਸਾਹਿਬ ਗੁਰਦੁਆਰੇ ਬਾਹਰ ਪ੍ਰਦਰਸ਼ਨ ਕਰਨ ਵਾਲੇ ਨੇ ਮੰਗੀ ਮੁਆਫ਼ੀ

ਤਿੰਨ ਜਨਵਰੀ ਨੂੰ ਗੁਰਦੁਆਰੇ ਬਾਹਰ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਇਮਰਾਨ ਅਲੀ ਚਿਸ਼ਤੀ ਨੇ ਵੀਡੀਓ ਜਾਰੀ ਕਰਕੇ ਉਸ ਘਟਨਾ ਬਾਰੇ ਮੁਆਫ਼ੀ ਮੰਗੀ ਹੈ।

ਚਿਸ਼ਤੀ ਨੇ ਕਿਹਾ, "ਜਿਵੇਂ ਤੁਸੀਂ ਕੱਲ੍ਹ ਦੇਖਿਆ ਕਿ ਮੈਂ ਜਜ਼ਬਾਤ 'ਚ ਕਈ ਸਾਰੀਆਂ ਗੱਲਾਂ ਕਰ ਗਿਆ। ਜਿਸ ਵਿੱਚ ਗੁਰਦੁਆਰੇ ਬਾਰੇ ਵੀ ਸੀ ਤੇ ਸਿੱਖਾਂ ਬਾਰੇ ਵੀ ਸੀ। ਸਾਡਾ ਗੁਰਦੁਆਰੇ ਦਾ ਘਿਰਾਓ ਕਰਨ ਅਤੇ ਪੱਥਰਬਾਜ਼ੀ ਕਰਨ ਦਾ ਕੋਈ ਇਰਾਦਾ ਨਹੀਂ ਸੀ। ਅਜਿਹਾ ਅਸੀਂ ਕੀਤਾ ਨਹੀਂ ਹੈ ਨਾ ਹੀ ਕਰਾਂਗੇ।"

ਮੈਂ ਜਜ਼ਬਾਤ 'ਚ ਕਈ ਗੱਲਾਂ ਬੋਲੀਆਂ, ਜੇ ਕਿਸੇ ਦਾ ਦਿਲ ਦੁਖਾਇਆ ਹੋਵੇ, ਭਾਵੇਂ ਉਹ ਕਿਤੇ ਵੀ ਹੋਵੇ ਤਾਂ ਮੈਂ ਮੁਆਫ਼ੀ ਚਾਹੁੰਦਾ ਹਾਂ। ਸਿੱਖ ਸਾਡੇ ਭਰਾ ਸਨ, ਭਰਾ ਹੈ ਅਤੇ ਭਰਾ ਰਹਿਣਗੇ। ਜਿਵੇਂ ਅਸੀਂ ਪਹਿਲਾਂ ਇਨ੍ਹਾਂ ਇੱਜ਼ਤ ਕਰਦੇ ਸੀ, ਉਵੇਂ ਕੀ ਕਰਾਂਗੇ। ਜਿਵੇਂ ਪਹਿਲਾਂ ਅਸੀਂ ਇਨ੍ਹਾਂ ਧਾਰਮਿਕ ਥਾਵਾਂ ਦੀ ਇੱਜ਼ਤ ਕਰਦੇ ਸੀ, ਉਸੇ ਤਰ੍ਹਾਂ ਦੀ ਕਰਦੇ ਰਹਾਂਗੇ।"

ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਪਥਰਾਅ ਦੌਰਾਨ ਚਿਸ਼ਤੀ ਇਹ ਕਹਿੰਦਾ ਸੁਣਾਈ ਦੇ ਰਿਹਾ ਸੀ, "ਅਸੀਂ ਤੁਹਾਡੀ ਇੱਟ ਨਾਲ ਇੱਟ ਵਜਾ ਦਿਆਂਗੇ, ਅਸੀਂ ਇੱਕ ਸਿੱਖ ਨਹੀਂ ਇੱਥੇ ਰਹਿਣ ਦੇਣਾ, ਇੰਸ਼ਾ ਅੱਲ੍ਹਾ ਤਾਲਾ, ਇਹ ਨਨਕਾਣੇ ਦਾ ਨਾਮ ਬਦਲ ਕੇ ਅਸੀਂ ਗ਼ੁਲਾਮ-ਏ-ਮੁਸਤਫਾ ਸ਼ਹਿਰ ਦਾ ਨਾਮ ਰੱਖਾਂਗੇ।"

ਸ਼੍ਰੋਮਣੀ ਕਮੇਟੀ ਭੇਜੇਗੀ ਵਫ਼ਦ

ਗੁਰਦੁਆਰਾ ਨਨਕਾਣਾ ਸਾਹਿਬ ਦੀ ਪਥਰਾਅ ਦੀ ਘਟਨਾ ਤੋਂ ਬਾਅਦ ਸ਼ਨਿੱਚਰਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਵਿੱਚ ਰੋਸ ਮੁਜ਼ਹਰਾ ਕੀਤਾ ਗਿਆ।

ਜਿਸ ਦੌਰਾਨ ਡੀਐੱਸਜੀਐੱਮਸੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਸੈਂਕੜੇ ਲੋਕਾਂ ਦੀ ਭੀੜ ਨੇ ਚਾਣੱਕਿਆਪੁਰੀ ਥਾਣੇ ਦੇ ਬਾਹਰ ਮੁਜ਼ਾਹਰਾ ਕੀਤਾ।

ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਮੈਮੋਰੰਡਮ ਪਾਕਿਸਤਾਨ ਹਾਈ ਕਮਿਸ਼ਨ ਨੂੰ ਵੀ ਸੌਂਪਿਆ।

ਉਨ੍ਹਾਂ ਨੇ ਕਿਹਾ, "ਪਾਕਿਸਤਾਨ ਨੇ ਜੋ ਕੀਤਾ ਉਹ ਬੇਹੱਦ ਨਿੰਦਣਯੋਗ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਮੂੰਹ ਬੰਦ ਰਹਿਣਾ ਨਿੰਦਣਯੋਗ ਹੈ।"

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਹੈ ਕਿ ਜੋ ਪਾਕਿਸਤਾਨ ਵਿੱਚ ਮਾੜੀ ਘਟਨਾ ਵਾਪਰੀ ਹੈ ਉਹ ਬਹੁਤ ਨਿੰਦਣਯੋਗ ਹੈ। ਇਸ ਨਾਲ ਸਿੱਖ ਕੌਮ ਨੂੰ ਠੇਸ ਪਹੁੰਚੀ ਹੈ।

ਇਸ ਲਈ ਸ਼੍ਰੋਮਣੀ ਕਮੇਟੀ ਵੱਲੋਂ 4 ਮੈਂਬਰੀ ਵਫ਼ਦ ਪਾਕਿਸਤਾਨ ਜਾਵੇਗਾ ਅਤੇ ਉੱਥੋਂ ਦੇ ਸਿੱਖਾਂ ਨੂੰ ਮਿਲੇਗਾ। ਘਟਨਾ ਸਥਾਨ ਦਾ ਪੂਰਾ ਜਾਇਜ਼ਾ ਲਵੇਗਾ ਅਤੇ ਪੰਜਾਬ (ਪਾਕਿਸਤਾਨ) ਦੇ ਮੁੱਖ ਮੰਤਰੀ, ਗਵਰਨਰ ਤੇ ਹੋਰ ਅਧਿਕਾਰੀਆਂ ਨੂੰ ਵੀ ਮਿਲੇਗਾ।

ਮਾਮਲਾ ਕੀ ਹੈ?

ਕੁਝ ਸਮਾਂ ਪਹਿਲਾਂ ਸਿੱਖ ਲੜਕੀ ਜਗਜੀਤ ਕੌਰ ਦਾ ਕਥਿਤ ਤੌਰ ਉੱਤੇ ਜ਼ਬਰੀ ਧਰਮ ਪਰਿਵਰਤਨ ਕਰਵਾਉਣ ਵਾਲੇ ਮੁਸਲਿਮ ਲੜਕੇ ਮੁਹੰਮਦ ਹਸਨ ਦੇ ਪਰਿਵਾਰ ਦੀ ਅਗਵਾਈ ਵਿਚ ਸੈਂਕੜੇ ਮੁਜ਼ਾਹਰਾਕਾਰੀਆਂ ਨੇ ਇਤਿਹਾਸਕ ਗੁਰਦੁਆਰਾ ਜਨਮ ਅਸਥਾਨ ਸਾਹਿਬ ਉੱਤੇ ਪੱਥਰਬਾਜ਼ੀ ਕੀਤੀ।

ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਮੁਜ਼ਾਹਰਾਕਾਰੀਆਂ ਦੀ ਭੀੜ ਗੁਰਦੁਆਰੇ ਅੱਗੇ ਇਕੱਠੀ ਹੋ ਗਈ ਅਤੇ ਸਥਾਨਕ ਪ੍ਰਸਾਸ਼ਨ ਦੇ ਨਾਲ-ਨਾਲ ਸਿੱਖਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੀ।

ਮੁਜ਼ਾਹਰਕਾਰੀ ਮੰਗ ਕਰ ਰਹੇ ਹਨ ਕਿ ਜਗਜੀਤ ਕੌਰ ਨੇ ਕਿਉਂਕਿ ਧਰਮ ਬਦਲ ਲਿਆ ਹੈ ਅਤੇ ਉਸਦਾ ਹਸਨ ਨਾਲ ਵਿਆਹ ਹੋ ਚੁੱਕਾ ਹੈ ਇਸ ਲਈ ਲੜਕੀ ਉਨ੍ਹਾਂ ਨੂੰ ਸੌਂਪੀ ਜਾਵੇ।

ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈਆਂ ਵੀਡੀਓਜ਼ ਵਿਚ ਭੜਕੇ ਹੋਏ ਲੋਕ ਸਿੱਖ ਭਾਈਚਾਰੇ ਨੂੰ ਧਮਕੀਆਂ ਦਿੰਦੇ ਦਿਖ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਹ ਸਰਕਾਰ ਨੂੰ ਨਨਕਾਣਾ ਸਾਹਿਬ ਦਾ ਨਾਂ ਬਦਲ ਕੇ ਗੁਲਾਮ-ਏ-ਮੁਸਤਫ਼ਾ ਰੱਖਣ ਲਈ ਮਜ਼ਬੂਰ ਕਰਨਗੇ।

ਦਰਜਨਾਂ ਸਿੱਖ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨਾਲ ਸਬੰਧਤ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਆਏ ਸਨ, ਉਹ ਗੁਰਦੁਆਰੇ ਦੇ ਅੰਦਰ ਨਹੀਂ ਜਾ ਸਕੇ ਅਤੇ ਜੋ ਅੰਦਰ ਸਨ ਉਹ ਉਦੋਂ ਬਾਹਰ ਨਹੀਂ ਆ ਸਕੇ ਜਦੋਂ ਤੱਕ ਪੁਲਿਸ ਨੇ ਪਹੁੰਚ ਕੇ ਦਖ਼ਲ ਨਹੀਂ ਦਿੱਤਾ।

ਦੇਰ ਸ਼ਾਮ ਪੁਲਿਸ ਨੇ ਦਖ਼ਲ ਦੇ ਕੇ ਘੇਰਾਬੰਦੀ ਖ਼ਤਮ ਕਰਵਾਈ ਅਤੇ ਮੁਜ਼ਾਹਰਾਕਾਰੀਆਂ ਨੂੰ ਖਦੇੜ ਦਿੱਤਾ।

ਭਾਰਤ ਵਿੱਚ ਸਿਆਸਤ

ਭੀੜ ਵੱਲੋਂ ਪਾਕਿਸਤਾਨ ਵਿੱਚ ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ ਨੂੰ ਘੇਰੇ ਜਾਣ ਤੇ ਪਥਰਾਅ ਤੋਂ ਬਾਅਦ ਭਾਰਤ ਵਿੱਚ ਸਿਆਸਤ ਤੇਜ਼ ਹੋ ਗਈ ਹੈ।

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਨਨਕਾਣਾ ਸਾਹਿਬ ਗੁਰਦੁਆਰੇ ਤੇ ਪਥਰਾਅ ਦੀ ਘਟਨਾ ਦੀ ਨਿਖੇਧੀ ਕੀਤੀ ਹੈ।

ਕਾਂਗਰਸ ਪਾਰਟੀ ਨੇ ਉਨ੍ਹਾਂ ਦਾ ਬਿਆਨ ਟਵੀਟ ਕੀਤਾ। ਬਿਆਨ ਮੁਤਾਬਕ ਸੋਨੀਆ ਗਾਂਧੀ ਨੇ ਇਸ ਘਟਨਾ ਬਾਰੇ ਦੁਖ ਜ਼ਾਹਿਰ ਕਰਦਿਆਂ ਭਾਰਤ ਸਰਕਾਰ ਤੋਂ ਇਸ ਮਸਲੇ ਬਾਰੇ ਪਾਕਿਸਤਾਨ ਨਾਲ ਗੱਲ੍ਹਬਾਤ ਕਰਨ ਦੀ ਮੰਗ ਚੁੱਕੀ ਹੈ ਅਤੇ ਸਿੱਖ ਸ਼ਰਧਾਲੂਆਂ ਤੇ ਗੁਰਦੁਆਰੇ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ ਹੈ।

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਸੰਬੰਧ ਵਿੱਚ ਟਵੀਟ ਕੀਤਾ।

ਉਨ੍ਹਾਂ ਲਿਖਿਆ, "ਪਾਕਿਸਤਾਨ ਵਿੱਚ ਘੱਟ-ਗਿਣਤੀਆਂ 'ਤੇ ਅੱਤਿਆਚਾਰ ਸਚਾਈ ਹੈ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਅੱਜ ਦੇ ਹਮਲੇ ਨੇ ਇਸ ਦਾ ਭਿਆਨਕ ਚਿਹਰਾ ਦਿਖਾਇਆ ਹੈ। ਮੈਂ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਜਿਹੀਆਂ ਘੱਟ ਗਿਣਤੀਆਂ ਨੂੰ ਹੱਕ ਦੇਣ ਦੇ ਇਨਸਾਨੀਅਤ ਵਾਲੇ ਕਦਮ ਦਾ ਕਿਵੇਂ ਵਿਰੋਧ ਕਰ ਸਕਦੇ ਹਨ!"

ਬ੍ਰਿਟੇਨ ਵਿੱਚ ਲੇਬਰ ਐੱਮਪੀ ਪ੍ਰੀਤ ਕੌਰ ਗਿੱਲ ਨੇ ਵੀ ਨਨਕਾਣਾ ਸਾਹਿਬ ਦੀ ਵੀਡੀਓ ਟਵੀਟ ਕਰਦਿਆਂ ਫ਼ਿਕਰ ਜ਼ਾਹਰ ਕੀਤਾ ਕਿ ਪਾਕਿਸਤਾਨ ਵਿੱਚ ਸਿੱਖਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ?

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)