ਅਮਿਤ ਸ਼ਾਹ ਨੇ ਕਿਹਾ, "ਲੋਕ ਹਿੰਸਾ ਕਰਨਗੇ ਤਾਂ ਪੁਲਿਸ ਗੋਲੀ ਚਲਾਵੇਗੀ ਹੀ"- 5 ਅਹਿਮ ਖ਼ਬਰਾਂ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਹੋਏ ਰੋਸ ਮੁਜ਼ਾਹਰਿਆਂ ਦੌਰਾਨ ਪੁਲਿਸ ਕਾਰਵਾਈ ਦੀ ਹਮਾਇਤ ਕੀਤੀ ਹੈ।

ਟੀਵੀ ਚੈਨਲ ਏਬੀਪੀ ਨਿਊਜ਼ ਨੂੰ ਦਿੱਤੇ ਖ਼ਾਸ ਇੰਟਰਵਿਊ ਵਿੱਚ ਅਮਿਤ ਸ਼ਾਹ ਨੇ ਕਿਹਾ, "ਜੋ ਲੋਕ ਸਵਾਲ ਪੁੱਛ ਰਹੇ ਹਨ, ਉਹ ਜ਼ਰਾ ਇੱਕ ਦਿਨ ਪੁਲਿਸ ਦੀ ਵਰਦੀ ਪਾ ਕੇ ਖੜ੍ਹੇ ਹੋ ਜਾਣ।"

"ਕੋਈ ਇਹ ਨਹੀਂ ਪੁੱਛਦਾ ਕਿ ਬਸ ਕਿਉਂ ਸਾੜੀ ਗਈ? ਗੱਡੀਆਂ ਕਿਉਂ ਸਾੜੀਆਂ ਗਈਆਂ? ਲੋਕਾਂ ਨੂੰ ਲਾਹ-ਲਾਹ ਕੇ ਬਸਾਂ ਕਿਉਂ ਸਾੜੀਆਂ ਗਈਆਂ। ਜਦੋਂ ਲੋਕ ਹਿੰਸਾ ਕਰਨਗੇ ਤਾਂ ਪੁਲਿਸ ਗੋਲੀ ਚਲਾਵੇਗੀ ਹੀ।"

"ਪੁਲਿਸ ਨੇ ਆਪਣੀ ਵੀ ਜਾਨ ਬਚਾਉਣੀ ਹੁੰਦੀ ਹੈ ਤੇ ਲੋਕਾਂ ਨੂੰ ਵੀ ਬਚਾਉਣਾ ਹੁੰਦਾ ਹੈ। ਕੋਈ ਇਹ ਪੁੱਛ ਰਿਹਾ ਹੈ ਕਿ ਬਸ ਕਿਉਂ ਸੜੀ? ਬਸ ਨਾ ਸੜਦੀ ਤਾਂ ਡੰਡਾ ਨਾ ਚਲਦਾ।"

ਇਹ ਪੁੱਛੇ ਜਾਣ ਤੇ ਕਿ ਭਾਜਪਾ ਦੀਆਂ ਸਰਕਾਰਾਂ ਵਾਲੇ ਸੂਬਿਆਂ ਵਿੱਚ ਦੰਗੇ ਕਿਉਂ ਹੋਏ ਤਾਂ ਉਨ੍ਹਾਂ ਕਿਹਾ ਕਿ ਇਹ ਵੀ ਤਾਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਕਾਂਗਰਸ ਦੀਆਂ ਸਰਕਾਰਾਂ ਵਾਲੇ ਸੂਬਿਆਂ ਵਿੱਚ ਦੰਗੇ ਕਿਉਂ ਨਹੀਂ ਹੋ ਰਹੇ ਹਨ।

"ਜਨਤਾ ਸਮਝ ਰਹੀ ਹੈ ਕਿ ਦੰਗੇ ਕੌਣ ਕਰਾ ਰਿਹਾ ਹੈ। ਜਿੱਥੇ ਕਾਂਗਰਸ ਦੀਆਂ ਸਰਕਾਰਾਂ ਹਨ ਉੱਥੇ ਹਿੰਸਾ ਕਿਉਂ ਨਹੀਂ ਹੋਈ? ਗ਼ਲਤਫਹਿਮੀ ਫੈਲਾਈ ਜਾ ਰਹੀ ਹੈ ਕਿ ਸੀਏਏ ਨਾਲ ਦੇਸ਼ ਦੇ ਘੱਟਗਿਣਤੀਆਂ ਦੀ ਨਾਗਰਿਕਤਾ ਚਲੀ ਜਾਵੇਗੀ। ਲੇਕਿਨ ਵਿਰੋਧੀ ਧਿਰ ਨਾਗਰਿਕਤਾ ਸੋਧ ਕਾਨੂੰਨ ਨੂੰ ਪੜ੍ਹ ਕੇ ਦੱਸ ਦੇਣ ਕਿ ਇੱਥੇ ਕਿਸੇ ਦੀ ਵੀ ਨਾਗਰਿਕਤਾ ਲੈਣ ਦੀ ਵਿਵਸਥਾ ਹੈ?"

ਇਹ ਵੀ ਪੜ੍ਹੋ:

ਸੀਏਏ ਮਾਮਲੇ 'ਚ ਫ਼ੈਜ਼ ਤੇ ਪਾਸ਼ ਦੀ ਚਰਚਾ

ਸੀਏਏ ਖਿਲਾਫ਼ ਹੋ ਰਹੇ ਰੋਸ ਮੁਜ਼ਾਹਰਿਆਂ ਵਿੱਚ ਕਵੀਆਂ ਦੀ ਚਰਚਾ ਹੋ ਰਹੀ ਹੈ। ਆਈਆਈਟੀ ਕਾਨਪੁਰ ਨੇ ਉਰਦੂ ਦੇ ਮਹਾਨ ਕਵੀ ਫੈਜ਼ ਅਹਿਮਦ ਫੈਜ਼ (1911-1984) ਦੀ ਇੱਕ ਮਸ਼ਹੂਰ ਕਵਿਤਾ 'ਹਮ ਦੇਖੇਂਗੇ' 'ਤੇ ਜਾਂਚ ਬਿਠਾ ਦਿੱਤੀ ਹੈ। ਜਾਂਚ ਕਮੇਟੀ ਨੇ ਇਹ ਫੈਸਲਾ ਕਰਨਾ ਹੈ ਕਿ ਉਨ੍ਹਾਂ ਦੀ ਇਹ ਕਵਿਤਾ ਹਿੰਦੂ ਵਿਰੋਧੀ ਹੈ ਜਾਂ ਨਹੀਂ।

ਫ਼ੈਜ਼ ਨੇ ਇਹ ਕਵਿਤਾ ਪਾਕਿਸਤਾਨ ਦੇ ਤਤਕਾਲੀ ਤਾਨਾਸ਼ਾਹ ਜਨਰਲ ਜ਼ਿਆ-ਉਲ-ਹੱਕ ਦੇ ਖਿਲਾਫ਼ ਲਿਖੀ ਸੀ। ਇਸੇ ਤਰ੍ਹਾਂ ਪਾਸ਼ ਦੀ ਕਵਿਤਾ ਸਭ ਤੋਂ ਖ਼ਤਰਨਾਕ ਹੁੰਦਾ ਹੈ ਸੁਫ਼ਨਿਆਂ ਦਾ ਮਰ ਜਾਣਾ ਕਰਕੇ ਚਰਚਾ ਹੋ ਰਹੀ ਹੈ।

ਇਸ ਤੋਂ ਇਲਾਵਾ ਉਹ ਬੁੱਧੀਜੀਵੀ ਜਿੰਨ੍ਹਾਂ ਦੀ ਕਦੇ ਵਿਰੋਧਤਾਂ ਹੁੰਦੀ ਸੀ ਹੁਣ ਉਨ੍ਹਾਂ ਦੀ ਪ੍ਰਸ਼ੰਸ਼ਾ ਹੋ ਰਹੀ ਹੈ, ਜਿਨ੍ਹਾਂ ਵਿੱਚ ਉੱਘੇ ਇਤਿਹਾਸਕਾਰ ਇਰਫ਼ਾਨ ਹਬੀਬ ਵੀ ਸ਼ਾਮਲ ਹਨ। ਪੜ੍ਹੋ ਹੋਰ ਕੀ ਕੀ ਚਰਚਾ ਹੋ ਰਹੀ ਹੈ।

ਬਿਕਰਮ ਮਜੀਠੀਆ ਦਾ ਇਲਜ਼ਾਮ

ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ, "ਜਦੋਂ ਤੋਂ ਮੈਂ ਸੁੱਖੀ ਤੇ ਜੱਗੂ ਭਗਵਾਨਪੁਰੀਆਂ ਗਠਜੋੜ ਦਾ ਖੁਲਾਸ ਕੀਤਾ ਹੈ, ਉਸ ਦਿਨ ਤੋਂ ਬਾਅਦ ਮੈਨੂੰ ਵੀ ਧਮਕੀਆਂ ਆ ਰਹੀਆਂ ਹਨ ਤੇ ਮੇਰੇ ਸਾਥੀਆਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ।"

ਮਜੀਠੀਆ ਨੇ ਪਿੰਡ ਉਮਰਪੁਰੇ ਦੇ ਅਕਾਲੀ ਆਗੂ ਗੁਰਦੀਪ ਸਿੰਘ ਦੇ ਕਤਲ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੰਦਿਆਂ ਇਹ ਕਿਹਾ।

ਮਜੀਠੀਆ ਨੇ ਇਲਜ਼ਾਮ ਲਾਇਆ ਕਿ ਉਹ ਜ਼ਿਲ੍ਹੇ ਦੇ ਐੱਸਐੱਸਪੀ ਤੋਂ ਲੈ ਤੇ ਡੀਜੀਪੀ ਤੱਕ ਨੂੰ ਲਿਖਤੀ ਜਾਣਕਾਰੀ ਦੇ ਚੁੱਕੇ ਹਨ ਪਰ ਉਹ ਮਜਬੂਰੀ ਵੱਸ ਕਬੂਤਰ ਵਾਂਗ ਅੱਖਾਂ ਮੀਟੀ ਬੈਠੇ ਹਨ ਤੇ ਲਗਾਤਾਰ ਕਲੀਨ ਚਿੱਟਾਂ ਦੇ ਰਹੇ ਹਨ। ਪੜ੍ਹੋ ਕੀ ਹੈ ਪੂਰਾ ਵਿਵਾਦ।

ਸਾਇਰਸ ਮਿਸਤਰੀ ਨਾਲ ਟਾਟਾ ਦੀ ਕਿਵੇਂ ਵਿਗੜੀ?

ਟਾਟਾ ਸੰਨਜ਼ ਨੇ ਸਾਇਰਸ ਮਿਸਤਰੀ ਨੂੰ ਕੰਪਨੀ ਦੇ ਐਗਜ਼ੈਕਟਿਵ ਚੇਅਰਮੈਨ ਵਜੋਂ ਬਹਾਲ ਕਰਨ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ।

ਸਾਇਰਸ 2006 ਵਿੱਚ ਟਾਟਾ ਸੰਨਜ਼ ਦੇ ਬੋਰਡ ਵਿੱਚ ਸ਼ਾਮਲ ਹੋਏ। ਸੀਨੀਅਰ ਪੱਤਰਕਾਰ ਐਮ ਕੇ ਵੇਣੂ ਦੇ ਅਨੁਸਾਰ, ਟਾਟਾ ਸੰਨਜ਼ ਦੇ ਜ਼ਿਆਦਾਤਰ ਸ਼ੇਅਰ ਸਾਇਰਸ ਮਿਸਤਰੀ ਦੇ ਪਰਿਵਾਰ ਕੋਲ ਹੀ ਹੈ।

ਸ਼ੁਰੂ ਤੋਂ ਹੀ ਮਿਸਤਰੀ ਰਤਨ ਟਾਟਾ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਸਨ। ਪਰ ਅਜਿਹਾ ਲੱਗਦਾ ਹੈ ਕਿ ਹੁਣ ਉਨ੍ਹਾਂ ਨੇ ਖ਼ੁਦ ਫ਼ੈਸਲੇ ਲੈਣੇ ਸ਼ੁਰੂ ਕਰ ਦਿੱਤੇ।

ਪੜ੍ਹੋ ਸਾਇਰਸ ਮਿਸਤਰੀ ਤੇ ਰਤਨ ਟਾਟਾ ਦੇ ਰਿਸ਼ਤਿਆਂ ਬਾਰੇ ਤੇ ਟਾਟਾ ਸੰਨਜ਼ ਵਿੱਚ ਸਾਇਰਸ ਮਿਸਤਰੀ ਦੀ ਸਮੇਂ ਨਾਲ ਬਦਲੀ ਭੂਮਿਕਾ ਬਾਰੇ।

ਸਾਜਿੰਦਿਆਂ ਨਾਲ ਪੇਟੀ 'ਚ ਬਹਿ ਕੇ ਇੰਝ ਭੱਜਿਆ ਮੁਲਜ਼ਮ ਕਾਰੋਬਾਰੀ

ਨਿਸਾਨ ਕਾਰ ਕੰਪਨੀ ਦੇ ਸਾਬਕਾ ਮੁਖੀ ਕਾਰਲੋਸ ਗੋਨ ਪਿਛਲੇ ਕੁਝ ਮਹੀਨਿਆਂ ਤੋਂ ਵਿੱਤੀ ਬੇਨਿਯਮੀਆਂ ਦੇ ਮਾਮਲੇ ਵਿੱਚ ਆਪਣੇ ਖ਼ਿਲਾਫ ਹੋਣ ਵਾਲੀ ਸੁਣਵਾਈ ਦੀ ਤਿਆਰੀ ਕਰ ਰਹੇ ਸਨ।

ਉਨ੍ਹਾਂ ਦੇ ਘਰ 'ਤੇ ਚੱਤੋ ਪਹਿਰ ਕੈਮਰਿਆਂ ਦੀ ਨਿਗਰਾਨੀ ਰੱਖੀ ਜਾ ਰਹੀ ਸੀ। ਉਨ੍ਹਾਂ ਦੇ ਤਕਨੀਕ ਵਰਤਣ 'ਤੇ ਬੰਦਿਸ਼ਾਂ ਸਨ। ਮੁਲਕ ਛੱਡਣ 'ਤੇ ਪਾਬੰਦੀ ਸੀ।

ਇਸ ਦੇ ਬਾਵਜੂਦ ਉਹ ਜਪਾਨ ਦੀਆਂ ਏਜੰਸੀਆਂ ਦੇ ਅੱਖੀਂ ਘੱਟਾ ਪਾ ਕੇ ਨਵੇਂ ਸਾਲ ਮੌਕੇ ਲਿਬਨਾਨ 'ਚ ਨਜ਼ਰ ਆਏ। ਨਮੋਸ਼ੀ ਵਿੱਚ ਜਪਾਨ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਇਸ ਬਾਰੇ ਕੀ ਕਰੇ। ਪੜ੍ਹੋ ਉਨ੍ਹਾਂ ਦੇ ਫਰਾਰ ਹੋਣ ਦਾ ਕਿੱਸਾ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)