You’re viewing a text-only version of this website that uses less data. View the main version of the website including all images and videos.
ਜੇ ਤੁਹਾਡਾ ਸ਼ਹਿਰ ਟ੍ਰੈਫ਼ਿਕ ਮੁਕਤ ਹੋਵੇ ਤਾਂ...ਪੜ੍ਹੋ ਬਾਰਸੀਲੋਨਾ ਦਾ ਤਜਰਬਾ
ਸ਼ੋਰ-ਸ਼ਰਾਬੇ ਭਰੇ ਸਪੇਨ ਦੇ ਬਾਰਸੀਲੋਨਾ 'ਚ ਇੱਕ ਅਨੋਖੀ ਜਿਹੀ ਸ਼ਾਂਤੀ ਹੈ। ਇੱਥੇ ਅੱਜਕੱਲ੍ਹ ਸਿਰਫ਼ ਖੇਡਦੇ ਬੱਚਿਆਂ ਤੇ ਪੰਛੀਆਂ ਦੇ ਚਹਿਕਣ ਦੀ ਆਵਾਜ਼ ਹੀ ਸੁਣਦੀ ਹੈ।
ਇੱਥੇ ਕੋਈ ਟ੍ਰੈਫ਼ਿਕ ਵੀ ਨਹੀਂ ਹੈ ਤੇ ਪਾਰਕਿੰਗ ਵਾਲੀਆਂ ਥਾਵਾਂ 'ਤੇ ਰੁੱਖ ਲਗਾਏ ਹਨ ਤੇ ਖੇਡਣ ਲਈ ਜਗ੍ਹਾ ਬਣੀ ਹੋਈ ਹੈ। ਹੋਰ ਤੇ ਹੋਰ, ਇੱਥੇ ਭੱਜਣ ਲਈ ਟਰੈਕ ਵੀ ਬਣਾਏ ਗਏ ਹਨ।
'ਸੁਪਰਬਲਾਕ' ਨਾਂ ਦੀ ਇਹ ਤਰਕੀਬ ਸ਼ਹਿਰ ਦੀਆਂ ਸੜਕਾਂ ਨੂੰ ਸ਼ੋਰ ਤੇ ਟ੍ਰੈਫ਼ਿਕ ਦੇ ਪ੍ਰਦੂਸ਼ਣ ਤੋਂ ਬਚਾਉਣ ਲਈ ਬਣਾਈ ਗਈ ਹੈ। ਇਸ ਨੀਤੀ ਨਾਲ ਕਈ ਲੋਕਾਂ ਦੀ ਜਾਨ ਬਚੀ ਹੈ, ਜੋ ਨਹੀਂ ਤਾਂ, ਪ੍ਰਦੂਸ਼ਣ ਕਰਕੇ ਆਪਣੀ ਜਾਨ ਗਵਾ ਦਿੰਦੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੀਤੀ ਨੂੰ ਹੋਰ ਸ਼ਹਿਰ ਵੀ ਅਪਣਾਉਣਗੇ।
ਇਹ ਵੀ ਪੜ੍ਹੋ
ਬਾਰਸੀਲੋਨਾ ਵਿੱਚ ਅਜੇ ਤੱਕ ਛੇ ਸੁਪਰਬਲਾਕ ਹੀ ਬਣੇ ਹਨ ਤੇ ਕਈ ਸੌ ਹੋਰ ਬਣਾਉਣ ਦਾ ਵਿਚਾਰ ਹੈ। ਇਨ੍ਹਾਂ ਬਲਾਕਾਂ ਵਿੱਚ ਕੋਈ ਵੀ ਵਾਹਨ ਦਾ ਆਉਣਾ-ਜਾਣਾ ਮਨ੍ਹਾ ਹੈ।
ਸਿਰਫ਼ ਉਹ ਜ਼ਰੂਰੀ ਵਾਹਨ ਇੱਥੇ ਲਿਆਉਣ ਦੀ ਇਜ਼ਾਜਤ ਹੈ ਜੋ 10 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚਲਦੇ ਹਨ। ਸਥਾਨਕ ਲੋਕਾਂ ਦੇ ਵਾਹਨਾਂ ਲਈ ਪਾਰਕਿੰਗ ਅੰਡਰ-ਗਰਾਊਂਡ ਹੈ।
ਕਿਉਂ ਸਥਾਨਕ ਲੋਕਾਂ ਨੂੰ ਹੈ ਇਤਰਾਜ਼?
ਕੁਝ ਸਥਾਨਕ ਲੋਕ ਇਸ ਨੀਤੀ ਦੇ ਵਿਰੁੱਧ ਹਨ। ਉਹ ਆਪਣੀਆਂ ਕਾਰਾਂ ਘਰਾਂ ਦੇ ਬਾਹਰ ਖੜ੍ਹੀਆਂ ਕਰਨਾ ਚਾਹੁੰਦੇ ਹਨ। ਸ਼ਹਿਰ ਵਿੱਚ ਕਾਰੋਬਾਰ ਕਰਨ ਵਾਲਿਆਂ ਨੂੰ ਲੱਗਦਾ ਹੈ ਕਿ ਇਸ ਕਰਕੇ ਉਨ੍ਹਾਂ ਦੇ ਵਪਾਰ ਨੂੰ ਨੁਕਸਾਨ ਪਹੁੰਚ ਰਿਹਾ ਹੈ।
ਦੂਜੇ ਪਾਸੇ ਇਹ ਤਰਕੀਬ ਸਿਐਟਲ ਵਰਗੇ ਸ਼ਹਿਰ ਅਪਣਾਉਣ ਦੀ ਸੋਚ ਰਹੇ ਹਨ।
ਬਾਰਸੀਲੋਨਾ ਦੇ ਡਿਪਟੀ ਮੇਅਰ ਜੇਨਟ ਸਾਨਜ਼ ਨੇ ਬੀਬੀਸੀ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ, "ਕਾਰਾਂ ਸ਼ਹਿਰ ਵਿੱਚ ਲੋਕਾਂ ਲਈ ਬਣੀ 60% ਥਾਂ ਘੇਰ ਲੈਂਦੀਆਂ ਹਨ। ਜਦੋਂ ਤੁਸੀਂ ਥਾਂ ਨੂੰ ਮੁੜ ਤੋਂ ਵੰਡਦੇ ਹੋ ਤਾਂ ਤੁਸੀਂ ਉਨ੍ਹਾਂ ਲੋਕਾਂ ਲਈ ਵੀ ਥਾਂ ਬਣਾ ਲੈਂਦੇ ਹੋ, ਜਿਨਾਂ ਕੋਲ ਕੋਈ ਥਾਂ ਨਹੀਂ ਹੁੰਦੀ।"
ਟ੍ਰੈਫ਼ਿਕ ਹੀ ਨਹੀਂ, ਡਾਟਾ 'ਤੇ ਵੀ ਕੰਟਰੋਲ
ਬਾਰਸੀਲੋਨਾ ਸਿਰਫ਼ ਟ੍ਰੈਫ਼ਿਕ ਹੀ ਨਹੀਂ ਸਗੋਂ ਨਾਗਰਿਕਾਂ ਦੇ ਡਾਟਾ ਦੀ ਸੰਭਾਲ ਬਾਰੇ ਵੀ ਸੋਚ ਰਿਹਾ ਹੈ ਜੋ ਸੈਂਸਰਾਂ, ਸੀਸੀਟੀਵੀ ਕੈਮਰਿਆਂ ਤੇ ਟੈਲੀਕਾਮ ਨੈਟਵਰਕਾਂ ਦੁਆਰਾ ਇੱਕਠਾ ਕੀਤਾ ਜਾਂਦਾ ਹੈ।
ਏਡੀਨਬਰਗ, ਫਲੋਰੈਂਸ, ਮੈਨਚੇਸਟਰ ਤੇ ਬਾਰਸੀਲੋਨਾ ਦੁਆਰਾ ਸ਼ੁਰੂ ਕੀਤੇ ਪਲਾਨ ਦੇ ਮੁਤਾਬਕ ਨਾਗਰਿਕਾਂ ਦਾ ਡਾਟਾ, ਚਾਹੇ ਨਿਜੀ ਹੋਵੇ ਜਾਂ ਨਹੀਂ, ਸਮਾਜਿਕ ਤੇ ਨੀਜੀ ਤੌਰ 'ਤੇ ਜ਼ਰੂਰੀ ਮੰਨਿਆ ਜਾਣਾ ਚਾਹੀਦਾ ਹੈ। ਇਸ ਦੀ ਵਰਤੋਂ ਸਿਰਫ਼ ਸਮਾਜ ਦੇ ਭਲੇ ਲਈ ਹੋਣੀ ਚਾਹੀਦੀ ਹੈ।
ਸ਼ਹਿਰ ਦੇ ਡਿਜ਼ੀਟਲ ਇਨੋਵੇਸ਼ਨ ਦੇ ਕਮਿਸ਼ਨਰ ਮਾਇਕਲ ਡੋਨਲਡਸਨ ਨੇ ਕਿਹਾ, "ਅਸੀਂ ਮੰਨਦੇ ਹਾਂ ਕਿ ਟੈਕਨੋਲੌਜੀ ਦੀ ਵਰਤੋਂ ਸਿਰਫ਼ ਲੋਕਾਂ ਦੀ ਜ਼ਿੰਦਗੀ ਸੁਧਾਰਨ ਲਈ ਕੀਤੀ ਜਾਣੀ ਚਾਹੀਦੀ ਹੈ।"
ਉਨ੍ਹਾਂ ਅੱਗੇ ਕਿਹਾ, "ਹੁਸ਼ਿਆਰੀ ਸਿਰਫ਼ ਟੈਕਨੋਲੌਜੀ ਦੀ ਵਰਤੋਂ ਨਾਲ ਨਹੀਂ, ਸਗੋਂ ਨਾਗਰਿਕਾਂ ਦੇ ਤਜ਼ਰਬੇ ਤੇ ਜਾਣਕਾਰੀ ਨਾਲ ਆਉਂਦੀ ਹੈ। ਇਸ ਦੀ ਵਰਤੋਂ ਨਾਲ ਵਧੀਆ ਸਮਾਜਿਕ ਫੈਸਲੇ ਲਏ ਜਾ ਸਕਦੇ ਹਨ।"
ਉਨ੍ਹਾਂ ਕਿਹਾ,"ਸਾਨੂੰ ਦੱਸਣ ਦੀ ਜ਼ਰੂਰਤ ਹੈ ਕਿ ਅਸੀਂ ਕਿਵੇਂ ਤੇ ਕੀ ਡਾਟਾ ਇੱਕਠਾ ਕਰਦੇ ਹਾਂ ਤੇ ਉਸ ਦੀ ਵਰਤੋਂ ਕਿਵੇਂ ਕਰਦੇ ਹਾਂ।"
ਬਾਰਸੀਲੋਨਾ ਦੇ ਬਜ਼ੁਰਗ ਵੀ ਹੋਣਗੇ 'ਹਾਈ-ਟੈੱਕ'
ਬਾਰਸੀਲੋਨਾ ਦੀ ਕੌਂਸਲ ਆਉਣ ਵਾਲੇ ਸਾਲ ਵਿੱਚ ਸੜਕਾਂ ਤੋਂ ਊਰਜਾ ਉਤਪਨ ਕਰਨ ਤੇ ਟੈਕਨੋਲੌਜੀ ਦੀ ਬਜ਼ੁਰਗਾਂ ਲਈ ਵਰਤੋਂ ਉੱਤੇ ਕੰਮ ਕਰੇਗੀ।
ਮਾਸਕਊਸੈਟਸ ਇੰਸਟੀਟਿਉਟ ਆਫ਼ ਟੈਕਨੋਲੌਜੀ ਦੇ ਅਸੀਸਟੈਂਟ ਪ੍ਰੋਫੈਸਰ ਕੈਥਰੀਨ ਡੀ' ਲਿਗਨਾਜ਼ਿਓ ਨੇ ਕਿਹਾ, "ਸ਼ਹਿਰ ਦੇ ਸਾਰੇ ਨਾਗਰਿਕਾਂ ਨੂੰ ਸ਼ਾਮਲ ਕਰਨ ਲਈ, ਜ਼ਰੂਰੀ ਹੈ ਕਿ ਜਿਹੜਾ ਡਾਟਾ ਇੱਕਠਾ ਕੀਤਾ ਜਾਂਦਾ ਹੈ, ਉਸ ਵਿੱਚ ਉਨ੍ਹਾਂ ਲੋਕਾਂ ਨੂੰ ਵੀ ਜੋੜਿਆ ਜਾਵੇ ਜੋ ਪਹਿਲਾਂ ਨਜ਼ਰਅੰਦਾਜ਼ ਕੀਤੇ ਜਾਂਦੇ ਸਨ ਜਿਵੇਂ ਔਰਤਾਂ ਜਾਂ ਅਪਾਹਜ ਲੋਕ।"
ਉਨ੍ਹਾਂ ਕਿਹਾ,"ਅਸੀਂ ਉਹ ਸ਼ਹਿਰ ਬਣਾ ਰਹੇ ਹਾਂ ਜੋ ਸਿਰਫ਼ ਗੋਰੇ ਮਰਦਾਂ ਲਈ ਹਨ ਤੇ ਬਾਕੀਆਂ ਲਈ ਨਹੀਂ। ਅਸੀਂ ਭੇਦ-ਭਾਵ ਨਾ ਕਰਨ ਦੇ ਚੱਕਰ ਵਿੱਚ ਕਈ ਚੀਜ਼ਾਂ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਪਰ ਕੋਈ ਵੀ ਸਮੱਸਿਆ ਦਾ ਹੱਲ ਉਸ ਨੂੰ ਨਜ਼ਰਅੰਦਾਜ਼ ਕਰਕੇ ਨਹੀਂ ਨਿਕਲਦਾ।"