Kashmir: ਸਿਰਫ਼ BSNL ਨੰਬਰਾਂ 'ਤੇ ਹੀ SMS ਸੇਵਾ ਹੋਈ ਬਹਾਲ

    • ਲੇਖਕ, ਮਾਜਿਦ ਜਹਾਂਗੀਰ
    • ਰੋਲ, ਬੀਬੀਸੀ ਪੱਤਰਕਾਰ, ਸ੍ਰੀਨਗਰ

''ਅੱਧੀ ਰਾਤ ਤੋਂ ਮੈਨੂੰ ਆਪਣੇ ਜੀਓ ਨੰਬਰ 'ਤੇ ਕੋਈ SMS ਨਹੀਂ ਮਿਲਿਆ, ਸਰਕਾਰ ਨੇ ਇਸ ਬਾਰੇ 31 ਦਸਬੰਰ ਨੂੰ ਐਲਾਨ ਕੀਤਾ ਸੀ ਕਿ ਮੋਬਾਈਲ 'ਤੇ SMS ਸੇਵਾ ਬਹਾਲ ਹੋ ਗਈ ਹੈ।''

ਇਹ ਕਹਿਣਾ ਹੈ ਸ੍ਰੀਨਗਰ ਦੇ ਸੀਡੀ ਹਸਪਤਾਲ ਆਏ ਜ਼ਫ਼ਰ ਅਹਿਮਦ ਦਾ।

ਉਹ ਅੱਗੇ ਕਹਿੰਦੇ ਹਨ, ''ਮੈਨੂੰ ਲੱਗਿਆ ਕਿ SMS ਰਾਹੀਂ ਨਵੇਂ ਸਾਲ ਦੀਆਂ ਵਧਾਈਆਂ ਆਉਣਗੀਆਂ ਪਰ ਇੰਝ ਨਹੀਂ ਹੋਇਆ। ਅੱਜ ਸਵੇਰੇ ਬੈਂਕ ਗਿਆ ਅਤੇ ਉਨ੍ਹਾਂ ਮੈਨੂੰ ਦੱਸਿਆ ਕਿ ਸਿਰਫ਼ BSNL (ਭਾਰਤ ਸੰਚਾਰ ਨਿਗਮ ਲਿਮਟਿਡ) ਤੋਂ BSNL ਹੀ ਸੇਵਾ ਬਹਾਲ ਹੋਈ ਹੈ।

''ਮੈਂ ਇਸ ਗੱਲ ਤੋਂ ਬਹੁਤ ਨਿਰਾਸ਼ ਹਾਂ, ਇਹ ਸਰਕਾਰ ਵੱਲੋਂ ਬੋਲਿਆ ਗਿਆ ਝੂਠ ਹੈ। ਜੇ ਇਹ ਸੁਨੇਹੇ ਵਾਲੀ ਸੇਵਾ ਬਹਾਲ ਹੁੰਦੀ ਤਾਂ ਮੈਨੂੰ ਸੁੱਖ ਦਾ ਸਾਹ ਆਉਂਦਾ। ਸਾਨੂੰ ਉਮੀਦ ਸੀ ਕਿ ਘੱਟੋ-ਘੱਟ SMS ਸੇਵਾ ਹੀ ਬਹਾਲ ਹੋ ਜਾਵੇਗੀ ਪਰ ਜ਼ਮੀਨੀ ਪੱਧਰ 'ਤੇ ਅਜਿਹਾ ਕੁਝ ਨਹੀਂ ਹੋਇਆ।''

31 ਦਸੰਬਰ 2019 ਨੂੰ ਕਸ਼ਮੀਰ ਵਿੱਚ ਸਰਕਾਰੀ ਬੁਲਾਰੇ ਰੋਹਿਤ ਕਾਂਸਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਮੋਬਾਈਲ 'ਤੇ SMS ਸੇਵਾ ਅੱਧੀ ਰਾਤ ਤੋਂ ਬਹਾਲ ਹੋ ਜਾਵੇਗੀ ਅਤੇ ਇਸ ਦੇ ਨਾਲ ਹੀ ਸਰਕਾਰੀ ਹਸਪਤਾਲਾਂ ਵਿੱਚ ਬਰੌਡਬੈਂਡ ਇੰਟਰਨੈੱਟ ਚਾਲੂ ਹੋ ਜਾਵੇਗਾ।

ਇਹ ਵੀ ਪੜ੍ਹੋ:

ਦੱਸ ਦਈਏ ਕਿ ਭਾਰਤ ਸਰਕਾਰ ਵੱਲੋਂ ਲੰਘੇ ਸਾਲ 5 ਅਗਸਤ ਨੂੰ ਜੰਮੂ-ਕਸ਼ਮੀਰ 'ਚੋਂ ਧਾਰਾ 370 ਖ਼ਤਮ ਕਰ ਦਿੱਤੀ ਗਈ ਸੀ। ਧਾਰਾ 370 ਨਾਲ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਹਾਸਿਲ ਸੀ।

5 ਅਗਸਤ 2019 ਨੂੰ ਸੂਬੇ ਦਾ ਵਿਸ਼ੇਸ਼ ਦਰਜਾ ਖ਼ਤਮ ਹੁੰਦੇ ਹੀ ਇੰਟਰਨੈੱਟ, ਮੋਬਾਈਲ ਅਤੇ ਲੈਂਡਲਾਈਨ ਟੈਲੀਫ਼ੋਨ ਸੇਵਾਵਾਂ ਬੰਦ ਹੋ ਗਈਆਂ ਸਨ। ਕੁਝ ਸਮੇਂ ਬਾਅਦ ਸਰਕਾਰ ਵੱਲੋਂ ਪਹਿਲਾਂ ਲੈਂਡਲਾਈਨ ਸੇਵਾਵਾਂ ਅਤੇ ਫ਼ਿਰ ਪੋਸਟ-ਪੇਡ ਮੋਬਾਈਲ ਸੇਵਾਵਾਂ ਬਹਾਲ ਕੀਤੀਆਂ ਗਈਆਂ।

ਸੀਡੀ ਹਸਪਤਾਲ, ਸ੍ਰੀਨਗਰ ਵਿੱਚ ਛਾਤੀ ਰੋਗਾਂ ਦੇ ਮਾਹਿਰ ਅਤੇ ਵਿਭਾਗ ਮੁਖੀ ਡਾ. ਨਵੀਦ ਨੇ ਕਿਹਾ ਕਿ ਇੰਟਰਨੈੱਟ ਬੰਦ ਹੋਣ ਕਾਰਨ ਅਕਾਦਮਿਕ ਅਤੇ ਪ੍ਰਸ਼ਾਸਨਿਕ ਪੱਧਰ 'ਤੇ ਕਈ ਮੁਸ਼ਕਿਲਾਂ ਆਈਆਂ।

ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ''ਕੋਈ ਸ਼ੱਕ ਨਹੀਂ ਕਿ ਅਸੀਂ 5 ਅਗਸਤ ਤੋਂ ਕਿਸੇ ਤਰੀਕੇ ਨਾਲ ਹਸਪਤਾਲ ਨੂੰ ਚਲਾ ਰਹੇ ਹਾਂ ਪਰ ਇੰਟਰਨੈੱਟ ਦਾ ਬਹੁਤ ਅਹਿਮ ਰੋਲ ਹੈ। ਇੰਟਰਨੈੱਟ ਨਾ ਹੋਣ ਕਰਕੇ ਸਾਨੂੰ ਅਕਾਦਮਿਕ ਅਤੇ ਪ੍ਰਸ਼ਾਸਨਿਕ ਪੱਧਰ 'ਤੇ ਨੁਕਸਾਨ ਹੋਇਆ।''

''ਇੰਟਰਨੈੱਟ ਰਾਹੀਂ ਹੀ ਅਸੀਂ ਦਵਾਈਆਂ ਆਨਲਾਈਨ ਖ਼ਰੀਦਦੇ ਹਾਂ। ਹੁਣ ਸਰਕਾਰ ਨੇ ਸਰਕਾਰੀ ਹਸਪਤਾਲਾਂ ਵਿੱਚ ਬਰੌਡਬੈਂਡ ਇੰਟਰਨੈੱਟ ਦੀ ਬਹਾਲੀ ਦਾ ਐਲਾਨ ਕੀਤਾ ਹੈ ਪਰ ਮੇਰੇ ਵਿਭਾਗ ਵਿੱਚ ਅਜੇ ਇੰਟਰਨੈੱਟ ਬਹਾਲ ਹੋਣਾ ਬਾਕੀ ਹੈ। ਅਸੀਂ ਇਸ ਦੇ ਲਈ ਨੰਬਰ ਵੀ ਦਿੱਤਾ ਹੈ ਪਰ ਅਜੇ ਤੱਕ ਸਾਨੂੰ ਹਸਪਤਾਲ 'ਚ ਇੰਟਰਨੈੱਟ ਨਹੀਂ ਮਿਲਿਆ। ਉਮੀਦ ਹੈ ਕਿ ਇੰਟਰਨੈੱਟ ਦੀ ਸੁਵਿਧਾ ਜਲਦੀ ਮਿਲੇਗੀ।''

ਜੀਓ ਨੰਬਰ ਦੀ ਵਰਤੋਂ ਕਰਨ ਵਾਲੇ ਪਰਵੇਜ਼ ਅਹਿਮਦ ਕਹਿੰਦੇ ਹਨ ਕਿ ਉਹ ਨਾ ਤਾਂ SMS ਭੇਜ ਸਕਦੇ ਹਨ ਅਤੇ ਨਾ ਕਿਸੇ ਤੋਂ ਉਨ੍ਹਾਂ ਨੂੰ ਕੋਈ SMS ਆ ਰਿਹਾ ਹੈ। ਪਰਵੇਜ਼ ਨੇ ਸਰਕਾਰ ਦੇ SMS ਬਹਾਲੀ ਦੇ ਐਲਾਨ ਨੂੰ ਮਜ਼ਾਕ ਕਰਾਰ ਦਿੱਤਾ।

ਪਰਵੇਜ਼ ਨੇ ਬੀਬੀਸੀ ਨੂੰ ਕਿਹਾ, ''ਇਹ ਕਿਸ ਤਰ੍ਹਾਂ ਦੀ ਸਰਕਾਰ ਹੈ? ਇਹ ਸਰਕਾਰ ਸਿਰਫ਼ ਝੂਠ ਬੋਲਦੀ ਹੈ। ਜੇ ਉਨ੍ਹਾਂ ਇਹ ਸੇਵਾ ਬਹਾਲ ਕੀਤੀ ਹੁੰਦੀ ਤਾਂ ਸਭ ਨੂੰ ਪਤਾ ਹੁੰਦਾ ਕਿ SMS ਸੇਵਾ ਬਹਾਲ ਹੋ ਗਈ ਹੈ। ਸਰਕਾਰ ਕਹਿੰਦੀ ਹੈ ਕਿ ਹਸਪਤਾਲਾਂ ਵਿੱਚ ਇੰਟਰਨੈੱਟ ਬਹਾਲ ਹੋਵੇਗਾ ਪਰ ਹੋਇਆ ਨਹੀਂ। ਮੈਂ ਇੱਕ ਸਰਕਾਰੀ ਹਸਪਤਾਲ ਦਾ ਮੁਲਾਜ਼ਮ ਹਾਂ, ਮੈਂ ਸਵੇਰ ਤੋਂ ਇੰਟਰਨੈੱਟ ਚੱਲਦਾ ਨਹੀਂ ਦੇਖਿਆ।''

ਬਸ਼ੀਰ ਅਹਿਮਦ (ਬਦਲਿਆ ਹੋਇਆ ਨਾਮ) ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, ''ਅੱਜ (1 ਜਨਵਰੀ 2020) ਮੈਂ ਆਪਣੇ ਦੋਸਤ ਅਤੇ ਪਤਨੀ ਨੂੰ SMS ਭੇਜੇ ਪਰ ਨਿਰਾਸ਼ ਹੋਇਆ ਕਿਉਂਕਿ ਉਨ੍ਹਾਂ ਨੂੰ ਮੈਸੇਜ ਮਿਲੇ ਹੀ ਨਹੀਂ। ਇਸ ਦਾ ਮਤਲਬ ਹੈ ਸਰਕਾਰ ਝੂਠ ਬੋਲ ਰਹੀ ਸੀ।''

ਜ਼ੁਹੂਰ ਅਹਿਮਦ ਨਾਮ ਦੇ ਮਜ਼ਦੂਰ ਨੇ ਸਾਨੂੰ ਆਪਣਾ ਮੋਬਾਈਲ ਇਹ ਕਹਿੰਦੇ ਹੋਏ ਦਿਖਾਇਆ ਕਿ ਉਸ ਵੱਲੋਂ ਭੇਜੇ ਗਏ ਸਾਰੇ ਮੈਸੇਜ ਫੇਲ੍ਹ ਹੋ ਗਏ ਹਨ।

ਜ਼ੁਹੂਰ ਨੇ ਕਿਹਾ, ''ਮੈਂ ਹੋਰ ਵੀ ਮੋਬਾਈਲ ਨੰਬਰ ਤੋਂ ਮੈਸੇਜ ਭੇਜਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਫੇਲ੍ਹ ਹੋ ਗਏ।''

ਇੱਕ BSNL ਉਪਭੋਗਤਾ ਨੇ ਨਾਮ ਨਾ ਛਾਪੇ ਜਾਣ ਦੀ ਸ਼ਰਤ 'ਤੇ ਦੱਸਿਆ ਕਿ ਉਨ੍ਹਾਂ ਨੂੰ ਨਵੇਂ ਸਾਲ ਨਾਲ ਜੁੜਿਆ ਇੱਕ SMS ਮਿਲਿਆ ਹੈ।

ਉਨ੍ਹਾਂ ਕਿਹਾ, ''ਇਹ ਹੈਰਾਨੀਜਨਕ ਸੀ ਕਿ ਪੰਜ ਮਹੀਨਿਆਂ ਬਾਅਦ ਮੈਨੂੰ ਮੋਬਾਈਲ 'ਤੇ SMS ਮਿਲਿਆ। ਇਹ ਇੱਕ ਚੰਗਾ ਤਜਰਬਾ ਸੀ। ਜਦੋਂ ਮੈਂ ਸਵੇਰੇ ਉੱਠਿਆ ਤਾਂ ਦੋਸਤ ਵੱਲੋਂ ਆਇਆ ਮੈਸੇਜ ਦੇਖਿਆ। ਦੂਜੇ ਪਾਸੇ ਮੇਰੇ ਜੀਓ ਨੰਬਰ 'ਤੇ ਕੋਈ ਮੈਸੇਜ ਨਹੀਂ ਆਇਆ।''

ਬੀਬੀਸੀ ਨੇ ਇਹ ਜਾਣਨ ਲਈ ਸਰਕਾਰੀ ਬੁਲਾਰੇ ਰੋਹਿਤ ਕਾਂਸਲ ਨੂੰ ਕਾਲ ਕੀਤੀ ਕਿ ਸਿਰਫ਼ BSNL ਦੇ ਨੰਬਰਾਂ 'ਤੇ ਹੀ SMS ਸੇਵਾ ਬਹਾਲ ਹੋਈ ਹੈ ਤੇ ਹੋਰਾਂ 'ਤੇ ਕਿਉਂ ਨਹੀਂ ਤਾਂ ਉਨ੍ਹਾਂ ਕਾਲ ਨਹੀਂ ਚੁੱਕੀ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)