You’re viewing a text-only version of this website that uses less data. View the main version of the website including all images and videos.
ਦੋ ਮੁਲਕਾਂ ਦੀਆਂ ਗੋਲੀਆਂ ਤੋਂ ਬਚਦੇ ਕਸ਼ਮੀਰ ਦੇ ਇਹ ਪਿੰਡ ਵਾਲੇ
ਭਾਰਤ ਸ਼ਾਸਤ ਕਸ਼ਮੀਰ ਦੀ ਸਰਹੱਦ 'ਤੇ ਰਹਿਣ ਵਾਲੇ 50 ਸਾਲਾ ਮੁਹੰਮਦ ਯਾਕੂਬ ਨੇ ਆਪਣੇ ਘਰ ਵਿੱਚ ਵੱਜਣ ਵਾਲੀਆਂ ਗੋਲੀਆਂ 'ਚੋਂ ਮਸਾਂ ਜਾਨ ਬਚਾਈ।
22 ਫਰਵਰੀ ਨੂੰ ਭਾਰਤ-ਪਾਕਿਸਤਾਨ ਵੱਲੋਂ ਹੋ ਰਹੀ ਭਾਰੀ ਗੋਲੀਬਾਰੀ ਦੌਰਾਨ ਯਾਕੂਬ ਅਤੇ ਉਸ ਦਾ ਪਰਿਵਾਰ ਸੈਂਕੜੇ ਹੀ ਪਿੰਡ ਵਾਸੀਆਂ ਸਣੇ ਆਪਣਾ ਘਰ ਛੱਡ ਕੇ ਭੱਜੇ ਸਨ।
ਇਸ ਦੇ ਨਾਲ ਹੀ ਉਸ ਨੂੰ ਦੋਵਾਂ ਦੇਸਾਂ ਵਿਚਾਲੇ ਵਧ ਰਹੀ ਤਲਖ਼ੀ ਵਜੋਂ ਦੇਖਿਆ ਜਾ ਰਿਹਾ ਹੈ।
ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਪੂਰੇ ਕਸ਼ਮੀਰ 'ਤੇ ਆਪਣਾ ਦਾਅਵਾ ਪੇਸ਼ ਕਰਦੇ ਹਨ ਪਰ ਇਸ ਦੇ ਕੁਝ ਹਿੱਸੇ ਹੀ ਇਨ੍ਹਾਂ ਦੇ ਪ੍ਰਸ਼ਾਸਨ ਹੇਠ ਹਨ।
ਇਸ ਵਿਵਾਦ ਨੇ ਦੋ ਜੰਗਾਂ ਅਤੇ ਪਰਮਾਣੂ ਹਥਿਆਰਬੰਦ ਗੁਆਂਢੀਆਂ ਵਿਚਾਲੇ ਸੀਮਤ ਸੰਘਰਸ਼ ਛੇੜ ਦਿੱਤਾ ਹੈ।
2003 ਤੱਕ 776 ਕਿਲੋਮੀਟਰ (482 ਮੀਲ) ਦੀ ਸੀਮਾ ਰੇਖਾ (LoC) ਦੇ ਨਾਲ ਲਗਦੀ ਪੱਟੀ ਵਿੱਚ ਗੋਲਬਾਰੀ ਆਮ ਗੱਲ ਸੀ ਅਤੇ ਇਸ ਤੋਂ ਬਾਅਦ ਇੱਥੇ ਦੋਵਾਂ ਦੇਸਾਂ ਵਿਚਾਲੇ ਜੰਗਬੰਦੀ 'ਤੇ ਸਹਿਮਤੀ ਹੋ ਗਈ ਸੀ।
ਪਰ ਸਾਲ 2013 ਤੋਂ ਬਾਅਦ ਜੰਗਬੰਦੀ ਦੀ ਉਲੰਘਣਾ ਵਿੱਚ ਤੇਜ਼ੀ ਦੇਖੀ ਗਈ।
ਸਥਾਨਕ ਸਰਕਾਰ ਵੱਲੋਂ ਉਰੀ ਜ਼ਿਲ੍ਹੇ ਦੇ ਇੱਕ ਸਕੂਲ ਵਿੱਚ ਲਗਾਏ ਗਏ ਰਾਹਤ ਕੈਂਪ ਵਿੱਚ ਰਹਿ ਰਹੇ ਯਾਕੂਬ ਦਾ ਕਹਿਣਾ ਹੈ, "ਇੱਥੇ ਹਰ ਕੋਈ ਖੌਫ਼ਜ਼ਦਾ ਅਤੇ ਸਾਰੇ ਹੀ ਸਹਿਮ ਦੇ ਸਾਏ ਹੇਠ ਰਹਿ ਰਹੇ ਹਨ।"
ਪੰਜ ਸਰਹੱਦੀ ਪਿੰਡਾਂ ਦੇ ਲੋਕ ਆਪਣੇ ਘਰ ਛੱਡਣ ਲਈ ਅਤੇ ਤਿੰਨ ਪਾਸਿਆਂ ਤੋਂ ਲੱਗਦੀ ਸਰਹੱਦ ਵਾਲੇ ਸ਼ਹਿਰ ਵਿੱਚ ਸ਼ਰਨ ਲੈਣ ਲਈ ਮਜਬੂਰ ਹੋ ਰਹੇ ਹਨ।
ਸਰਕਾਰੀ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗੋਲੀਬਾਰੀ ਹੈ ਅਤੇ ਇਸ ਨਾਲ ਕਰੀਬ 7 ਹਜ਼ਾਰ ਲੋਕਾਂ ਦਾ ਨੁਕਸਾਨ ਹੋਇਆ ਹੈ।
ਕੁਝ ਪਿੰਡ ਵਾਸੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਸਾਲ 2003 ਤੋਂ ਬਾਅਦ ਇਹ ਸਭ ਤੋਂ ਖਤਰਨਾਕ ਗੋਲੀਬਾਰੀ ਹੈ।
ਇਸ ਦੌਰਾਨ ਸਿਲੀਕੋਟ ਪਿੰਡ ਦੀ ਇੱਕ ਔਰਤ ਨੂੰ ਕਸ਼ਮੀਰੀ ਰਵਾਇਤੀ ਪਹਿਰਾਵੇ "ਫਿਰਨ" ਵਿੱਚ 10 ਦਿਨਾਂ ਦੇ ਬੱਚੇ ਨਾਲ ਭੱਜਦੇ ਦੇਖਿਆ ਗਿਆ।
ਉਹ ਇੱਕ ਗੱਡੀ ਵੱਲ ਭੱਜ ਰਹੀ ਸੀ, ਜੋ ਲੋਕਾਂ ਦੇ ਬਚਾਅ ਲਈ ਉਨ੍ਹਾਂ ਨੂੰ ਪਿੰਡ ਤੋਂ ਰਾਹਤ ਕੈਂਪ ਤੱਕ ਲਿਜਾ ਰਹੀ ਸੀ।
ਸਰਕਾਰੀ ਅਧਿਕਾਰੀਆਂ ਮੁਤਾਬਕ 3 ਸਰਹੱਦੀ ਪਿੰਡਾਂ ਦੇ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਉੱਥੇ ਪਹੁੰਚਾਇਆ ਗਿਆ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਔਰਤਾਂ ਅਤੇ ਬੱਚਿਆਂ ਲਈ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਕੈਂਪ ਵਿੱਚ ਮੌਜੂਦ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਪੂਰਾ ਪਿੰਡ ਖਾਲੀ ਕਰਵਾ ਲਿਆ ਗਿਆ ਹੈ, ਸਾਰੇ ਬਾਹਰ ਨਿਕਲ ਆਏ ਹਨ। ਅਜੇ ਇਹ ਨਹੀਂ ਪਤਾ ਕਿ ਕਿੰਨੇ ਪਿੰਡਵਾਸੀ ਇਸ ਵਿੱਚ ਮਾਰੇ ਗਏ ਜਾਂ ਜ਼ਖ਼ਮੀ ਹੋਏ ਹਨ।
ਉਹ ਆਪਣੇ ਘਰ, ਜਾਨਵਰ ਅਤੇ ਹੋਰ ਕੀਮਤੀ ਚੀਜ਼ਾਂ ਜਿਨ੍ਹਾਂ ਨੂੰ ਉਹ ਪਿੱਛੇ ਛੱਡਣ ਲਈ ਮਜ਼ਬੂਰ ਹੋਏ ਉਨ੍ਹਾਂ ਬਾਰੇ ਵੀ ਚਿੰਤਤ ਹਨ।
ਕੁਝ ਪੀੜਤਾਂ ਦਾ ਕਹਿਣਾ ਹੈ ਕਿ ਉਹ ਪਹਿਨੇ ਹੋਏ ਕੱਪੜਿਆਂ ਤੋਂ ਇਲਾਵਾ ਹੋਰ ਕੁਝ ਵੀ ਨਾਲ ਲੈ ਕੇ ਨਹੀਂ ਆਏ।
ਉਰੀ ਦੇ ਨਿਵਾਸੀ ਲਾਲਦੀਨ ਦਾ ਕਹਿਣਾ ਹੈ, "ਅਸੀਂ ਜੰਗ ਵਰਗੀ ਹਾਲਤ 'ਚ ਰਹਿਣ ਲਈ ਮਜਬੂਰ ਹਾਂ। ਦੋਵੇਂ ਪਾਸੇ ਐੱਲਓਸੀ ਨਾਲ ਰਹਿੰਦੇ ਲੋਕਾਂ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਜੰਗਬੰਦੀ ਲਈ ਸਹਿਮਤੀ ਬਣਾਉਣੀ ਚਾਹੀਦੀ ਹੈ।"