ਮਿਲੋ, ਕਸ਼ਮੀਰ ਦੀ 'ਕਰਾਟੇ ਗਰਲ' ਨੂੰ

ਦੁੱਖ ਅਤੇ ਤਕਲੀਫ਼ਾਂ ਦਾ ਸੈਲਾਬ 20 ਸਾਲਾ ਆਬਿਦਾ ਬਾਬਾ ਦੇ ਸਫ਼ਰ ਵਿੱਚ ਆਉਂਦਾ ਰਿਹਾ, ਪਰ ਉਨ੍ਹਾਂ ਦੇ ਹੌਸਲੇ ਦਾ ਦਰਿਆ ਵਹਿੰਦਾ ਰਿਹਾ। ਭਾਰਤ-ਪ੍ਰਸ਼ਾਸਿਤ ਕਸ਼ਮੀਰ ਦੀ ਰਹਿਣ ਵਾਲੀ ਆਬਿਦਾ ਪਿਛਲੇ 17 ਸਾਲਾਂ ਤੋਂ ਮਾਰਸ਼ਲ ਆਰਟ ਖੇਡ ਰਹੀ ਹੈ।

ਆਬਿਦਾ ਉਸ ਵੇਲੇ 6 ਸਾਲ ਦੀ ਸੀ ਜਦੋਂ ਉਨ੍ਹਾਂ ਨੇ ਮਾਰਸ਼ਲ ਆਰਟ ਦੇ ਮੈਦਾਨ ਵਿੱਚ ਆਪਣੀ ਦਿਲਚਸਪੀਆਂ ਜ਼ਾਹਰ ਕਰਨੀਆਂ ਸ਼ੁਰੂ ਕੀਤੀਆਂ।

ਭਾਰਤ-ਪ੍ਰਸ਼ਾਸਿਤ ਕਸ਼ਮੀਰ ਦੇ ਪੰਪੋਰ ਦੀ ਰਹਿਣ ਵਾਲੀ ਆਬਿਦਾ ਪਿਛਲੇ 17 ਸਾਲਾਂ ਤੋਂ ਮਾਰਸ਼ਲ ਆਰਟਸ ਖੇਡ ਰਹੀ ਹੈ।

ਮਾਰਸ਼ਲ ਆਰਟਸ ਵਿੱਚ ਆਬਿਦਾ ਦਾ ਮੈਦਾਨ ''ਤੰਗ ਸੂ ਦੋ'' ਹੈ। ਇਸ ਆਰਟ ਨੂੰ ''ਕੋਰਿਅਨ ਕਰਾਟੇ'' ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸਦਾ ਖਾਸ ਮਕਸਦ ਆਤਮ ਰੱਖਿਆ ਹੁੰਦਾ ਹੈ।

ਖਿਡਾਰੀ ਹੋਣ ਦੇ ਨਾਲ-ਨਾਲ ਆਬਿਦਾ ਖ਼ੁਦ ਕੋਚ ਵੀ ਹੈ ਅਤੇ ਦਰਜਨਾਂ ਬੱਚਿਆਂ ਨੂੰ ਵੀ ਸਿਖਾ ਰਹੀ ਹੈ।

ਆਪਣੇ 17 ਸਾਲਾਂ ਦੇ ਕਰਿਅਰ ਵਿੱਚ ਆਬਿਦਾ ਨੇ ਸੂਬਾ ਪੱਧਰੀ, ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਖੇਡ ਕੇ 20 ਤੋਂ ਵੱਧ ਤਮਗੇ ਜਿੱਤੇ ਹਨ।

17 ਸਾਲ ਦਾ ਕਰੀਅਰ, 13 ਗੋਲਡ ਮੈਡਲ

ਸਾਲ 2011 ਵਿੱਚ ਨੇਪਾਲ, ਸਾਲ 2012 ਵਿੱਚ ਬੰਗਲਾਦੇਸ਼, ਸਾਲ 2012 ਵਿੱਚ ਬੁਟਾਨ 'ਚ ਕੌਮਾਂਤਰੀ ਪੱਧਰ 'ਤੇ ਖੇਡ ਕੇ ਤਿੰਨ ਗੋਲਡ ਮੈਡਲ ਜਿੱਤੇ ਜਦਕਿ ਕੌਮਾਂਤਰੀ ਪੱਧਰ 'ਤੇ 10 ਗੋਲਡ ਮੈਡਲ ਹਾਸਲ ਕੀਤੇ ਹਨ।

ਸਾਲ 1999 ਵਿੱਚ ਭਾਰਤ ਦੇ ਸੂਬੇ ਹਰਿਆਣਾ ਵਿੱਚ ਪਹਿਲਾ ਕੌਮਾਂਤਰੀ ਮੈਚ ਖੇਡਿਆ।

ਇਸ ਤੋਂ ਬਾਅਦ ਭਾਰਤ ਦੇ ਦੂਜੇ ਸੂਬਿਆਂ ਵਿੱਚ ਲਗਾਤਾਰ ਆਬਿਦਾ ਨੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਹਰ ਥਾਂ ਗੋਲਡ ਮੈਡਲ ਜਿੱਤ ਕੇ ਕਾਮਯਾਬੀ ਹਾਸਲ ਕਰਦੀ ਰਹੀ।

ਸੱਤ ਸਾਲ ਪਹਿਲਾਂ ਪਿਤਾ ਦੀ ਮੌਤ ਤੋਂ ਬਾਅਦ ਆਬਿਦਾ ਨੂੰ ਕਈ ਸਾਰੀ ਮੁਸ਼ਕਿਲਾਂ ਨਾਲ ਜੂਝਣਾ ਪਿਆ, ਪਰ ਮੁਸ਼ਕਿਲਾਂ ਦੇ ਅੱਗੇ ਝੁਕੀ ਨਹੀਂ।

ਪਰਿਵਾਰ ਦੀ ਹਿੰਮਤ ਨਾਲ ਮੈਦਾਨ ਵਿੱਚ ਆਈ

ਉਹ ਕਹਿੰਦੀ ਹੈ, ''ਜਦੋਂ ਮੈਂ ਇਸ ਮੈਦਾਨ ਵਿੱਚ ਪੈਰ ਰੱਖਿਆ, ਤਾਂ ਕਈ ਲੋਕ ਕਹਿੰਦੇ ਸੀ ਕੀ ਕਰੇਗੀ, ਕੁੜੀ ਹੈ। ਫਿਰ ਕੁਝ ਸਾਲ ਬਾਅਦ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਅਤੇ ਮੈਂ ਇਕੱਲੀ ਰਹਿ ਗਈ। ਮੇਰੇ ਪਰਿਵਾਰ ਨੇ ਮੈਨੂੰ ਹਿੰਮਤ ਦਿੱਤੀ ਤੇ ਮੈਂ ਮੈਦਾਨ ਵਿੱਚ ਆ ਗਈ।''

ਘਰ ਵਿੱਚ ਕਮਾਈ ਦਾ ਜ਼ਰੀਆ ਆਬਿਦਾ ਅਤੇ ਉਸਦਾ ਭਰਾ ਹੈ। ਅਜੇ ਚਾਰ ਭੈਣਾਂ ਦੇ ਵਿਆਹ ਦਾ ਬੋਝ ਵੀ ਸਿਰ 'ਤੇ ਹੈ।

ਸਰਕਾਰ ਤੋਂ ਅੱਜ ਤੱਕ ਕੋਈ ਮਦਦ ਨਾ ਮਿਲਣ 'ਤੇ ਉਹ ਕਹਿੰਦੀ ਹੈ, ''ਸਰਕਾਰੀ ਪੱਧਰ 'ਤੇ ਮੇਰੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ। ਜੋ ਕੁਝ ਵੀ ਕੀਤਾ ਮੈਂ ਖ਼ੁਦ ਕੀਤਾ। ਮੇਰੇ ਕੋਚ ਅਤੇ ਘਰਵਾਲਿਆਂ ਨੇ ਮਦਦ ਕੀਤੀ। ਮੇਰੇ ਪਰਿਵਾਰ ਨੇ ਕਦੀ ਮੈਨੂੰ ਖੇਡਣ ਤੋਂ ਨਹੀਂ ਰੋਕਿਆ। ਸਾਡੇ ਲਈ ਅੱਜ ਤੱਕ ਇੱਥੇ ਕਲੱਬ ਨਹੀਂ ਬਣਾਇਆ ਗਿਆ। ਅਸੀਂ ਜੋਗਗੇਰ ਵਿੱਚ ਪ੍ਰੈਕਟਿਸ ਕਰਦੇ ਹਾਂ।''

ਉਸਨੇ ਦੱਸਿਆ ਪਿਛਲੇ ਸਾਲ ਉਸਨੇ ਅਮਰੀਕਾ ਜਾਣਾ ਸੀ, ਪਰ ਪੈਸੇ ਨਾ ਹੋਣ ਕਾਰਨ ਨਹੀਂ ਜਾ ਸਕੀ।

ਮੁੰਡਿਆਂ ਨੂੰ ਟ੍ਰੇਨਿੰਗ ਦੇਣਾ ਔਖਾ ਲੱਗਦਾ ਸੀ

ਆਬਿਦਾ ਦੇ 18 ਸਾਲਾ ਭਰਾ ਆਦਿਲ ਬਾਬਾ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੀ ਭੈਣ ਲਈ ਅੱਗੇ ਵਧਣ ਦੇ ਰਸਤੇ ਹਮੇਸ਼ਾ ਖੁੱਲ੍ਹੇ ਰੱਖੇ।

ਉਨ੍ਹਾਂ ਕਿਹਾ, ''ਮੈਂ ਆਪਣੀ ਭੈਣ ਨੂੰ ਪਿਛਲੇ 17 ਸਾਲਾ ਤੋਂ ਖੇਡਦਾ ਦੇਖ ਰਿਹਾ ਹਾਂ। ਅਸੀਂ ਆਪਣੀ ਭੈਣ ਨੂੰ ਖੇਡਣ ਤੋਂ ਕਦੀ ਨਹੀਂ ਰੋਕਿਆ। ਅਸੀਂ ਜਾਣਦੇ ਸੀ ਕਿ ਉਹ ਆਪਣਾ ਭਵਿੱਖ ਬਣਾ ਰਹੀ ਹੈ ਅਤੇ ਆਪਣੇ ਸੂਬੇ ਅਤੇ ਇੱਥੋਂ ਦੇ ਬੱਚਆਂ ਲਈ ਕੁਝ ਕਰਨਾ ਚਾਹੁੰਦੀ ਹੈ।''

ਮੁੰਡਿਆਂ ਨੂੰ ਟ੍ਰੇਨਿੰਗ ਦੇਣਾ ਵੀ ਆਬਿਦਾ ਲਈ ਇੱਕ ਮੁਸ਼ਕਿਲ ਸਫ਼ਰ ਰਿਹਾ ਹੈ।

ਉਨ੍ਹਾਂ ਨੇ ਕਿਹਾ, ''ਮੇਰੇ ਲਈ ਇਹ ਪਹਿਲਾਂ ਬਹੁਤ ਮੁਸ਼ਕਿਲ ਸੀ ਇੱਕ ਕੁੜੀ ਹੋ ਕੇ ਮੁੰਡਿਆਂ ਨੂੰ ਟ੍ਰੇਨਿੰਗ ਦੇਣਾ, ਉਨ੍ਹਾਂ ਨਾਲ ਗੱਲ ਕਰਨਾ। ਪਰ ਜਿਨ੍ਹਾਂ ਬੱਚਿਆਂ ਨੂੰ ਮੈਂ ਸਿਖਾਉਂਦੀ ਹਾਂ ਉਹ ਬੜੇ ਸ਼ੌਕ ਨਾਲ ਸਿੱਖਦੇ ਹਨ। ਤੁਸੀਂ ਦੇਖਿਆ ਹੋਵੇਗਾ ਕਿ ਇੱਥੇ ਕੁੜੀਆਂ ਘੱਟ ਹਨ ਅਤੇ ਮੁੰਡੇ ਜ਼ਿਆਦਾ।''

ਉਹ ਅੱਗੇ ਕਹਿੰਦੀ ਹੈ, ''ਮੈਂ ਹਰ ਮਾਂ-ਬਾਪ ਨੂੰ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਬੱਚਿਆਂ ਨੂੰ ਮੈਦਾਨ ਵਿੱਚ ਆਉਣ ਦਿਓ। ਚਾਹੇ ਉਹ ਕੋਈ ਵੀ ਖੇਡ ਹੋਵੇ। ਕੁੜੀਆਂ ਆਪਣੀ ਆਤਮ ਰੱਖਿਆ ਦੇ ਗੁਰ ਸਿੱਖ ਸਕਦੀਆਂ ਹਨ। ਮੈਂ ਲੋਕਾਂ ਦੀ ਸੋਚ ਨੂੰ ਬਦਲਣਾ ਚਾਹੁੰਦੀ ਹਾਂ।''

ਆਬਿਦਾ ਕਹਿੰਦੀ ਹੈ, ''ਕਸ਼ਮੀਰ ਦੇ ਹਾਲਾਤਾਂ ਕਰਕੇ ਵੀ ਮਾਂ-ਬਾਪ ਆਪਣੇ ਬੱਚਿਆਂ ਨੂੰ ਖੇਡਣ ਦੀ ਇਜਾਜ਼ਤ ਨਹੀਂ ਦਿੰਦੇ।

ਆਮਿਰ ਫਿਆਜ਼ ਜਿਨ੍ਹਾਂ ਨੇ ਮਾਰਸ਼ਲ ਆਰਟਸ ਵਿੱਚ ਕੌਮੀ ਪੱਧਰ 'ਤੇ ਇੱਕ ਗੋਲਡ ਮੈਡਲ ਵੀ ਜਿੱਤਿਆ ਹੈ ਕਹਿੰਦੇ ਹਨ, ''ਮੈਂ ਪਿਛਲੇ 2 ਸਾਲਾਂ ਤੋਂ ਆਬਿਦਾ ਤੋਂ ਸਿਖ ਰਿਹਾ ਹਾਂ।"

ਉਹ ਕਹਿੰਦੇ ਹਨ, "ਸਾਨੂੰ ਇਸ ਗੱਲ 'ਤੇ ਮਾਣ ਹੈ ਕਿ ਇੱਕ ਕੁੜੀ ਸਾਨੂੰ ਸਿਖਾ ਰਹੀ ਹੈ, ਜਿਸ ਨੇ ਖ਼ੁਦ ਕੌਮਾਂਤਰੀ ਮੁਕਾਬਲਿਆਂ ਵਿੱਚ ਜਿੱਤ ਹਾਸਲ ਕੀਤੀ। ਸਾਨੂੰ ਪਤਾ ਨਹੀਂ ਸੀ ਕਿ ਇੱਕ ਕੁੜੀ ਸਾਨੂੰ ਸਿਖਾਏਗੀ, ਪਰ ਜਦੋਂ ਅਸੀਂ ਉਨ੍ਹਾਂ ਨਾਲ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਤਾਂ ਅਸੀਂ ਬਹੁਤ ਕੁਝ ਸਿੱਖਿਆ।''

ਅਬਿਦਾ ਦੇ ਕੋਚ ਦਵਿੰਦਰ ਗੌਰ ਕਹਿੰਦੇ ਹਨ, ''ਆਬਿਦਾ ਨੇ ਉਨ੍ਹਾਂ ਦੀ ਨਿਗਰਾਨੀ ਵਿੱਚ ਤਿੰਨ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਜਿੱਥੇ ਉਸਨੇ ਗੋਲਡ ਮੈਡਲ ਜਿੱਤੇ।''

ਗੌਰ ਤੋਂ ਪਹਿਲਾਂ ਸ਼੍ਰੀਨਗਰ ਦੇ ਨਜ਼ੀਰ ਅਹਿਮਦ ਆਬਿਦਾ ਦੇ ਕੋਚ ਸੀ।

ਉਹ ਕਹਿੰਦੇ ਹਨ, ''ਆਬਿਦਾ ਨਾ ਸਿਰਫ਼ ਇੱਕ ਖਿਡਾਰੀ ਹੈ, ਬਲਕਿ ਉਸਦੇ ਅੰਦਰ ਇੱਕ ਲੀਡਰ ਵੀ ਹੈ, ਜੋ ਹੋਰ ਵੀ ਬੱਚਿਆਂ ਨੂੰ ਅੱਗੇ ਲਿਆਉਣ ਦਾ ਹੁਨਰ ਰੱਖਦੀ ਹੈ।''

ਜਦੋਂ ਜੰਮੂ-ਕਸ਼ਮੀਰ ਸਟੇਟ ਸਪੋਰਟਸ ਕੌਂਸਿਲ ਦੇ ਸੈਕਟਰੀ ਵਹੀਦ ਪਾਰਾ ਨੂੰ ਪੁੱਛਿਆ ਗਿਆ ਕਿ ਸਰਕਾਰ ਨੇ ਅਜਿਹੇ ਖਿਡਾਰੀਆਂ ਦੀ ਅੱਜ ਤੱਕ ਕੋਈ ਮਦਦ ਕਿਉਂ ਨਹੀਂ ਕੀਤੀ ਤਾਂ ਉਨ੍ਹਾਂ ਦਾ ਜਵਾਬ ਸੀ ਉਹ ਉਨ੍ਹਾਂ ਦੀ ਕਾਮਯਾਬੀਆਂ ਦੇ ਸਰਟੀਫਿਕੇਟਸ ਜਾਂਚ ਕਰਨ ਤੋਂ ਬਾਅਦ ਮਦਦ ਜ਼ਰੂਰ ਕਰਨਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)