ਹਰਿਆਣਾ ਦੀਆਂ ਮਹਿਲਾ ਮੁੱਕੇਬਾਜ਼ਾਂ ਨੇ ਇਨਾਮੀ ਗਊਆਂ ਕੀਤੀਆਂ ਵਾਪਸ

    • ਲੇਖਕ, ਮਨੋਜ ਢਾਕਾ
    • ਰੋਲ, ਬੀਬੀਸੀ ਪੰਜਾਬੀ ਦੇ ਲਈ

ਹਰਿਆਣਾ ਸਰਕਾਰ ਵੱਲੋਂ ਮੁੱਕੇਬਾਜ਼ ਖਿਡਾਰਨਾਂ ਨੂੰ ਦਿੱਤੀਆਂ ਗਈਆਂ ਗਊਆਂ ਉਨ੍ਹਾਂ ਨੇ ਸਰਕਾਰ ਨੂੰ ਵਾਪਸ ਕਰ ਦਿੱਤੀਆਂ ਹਨ। ਖਿਡਾਰਨਾਂ ਦਾ ਇਲਜ਼ਾਮ ਹੈ ਕਿ ਗਊਆਂ ਉਨ੍ਹਾਂ ਦੇ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੀਆਂ ਹਨ।

ਹਰਿਆਣਾ ਦੀਆਂ ਤਿੰਨ ਮਹਿਲਾਂ ਮੁੱਕੇਬਾਜ਼ ਖਿ਼ਡਾਰਨਾਂ ਨੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਵੱਲੋਂ ਇਨਾਮ ਵਜੋਂ ਦਿੱਤੀਆਂ ਗਊਆਂ ਵਾਪਸ ਕਰ ਦਿੱਤੀਆਂ ਹਨ।

ਹਰਿਆਣਾ ਦੀ ਭਾਜਪਾ ਸਰਕਾਰ ਨੇ ਪਿਛਲੇ ਸਾਲ ਨਵੰਬਰ ਵਿੱਚ ਕੌਮੀ ਚੈਂਪੀਅਨਸ਼ਿਪ ਵਿੱਚ ਮੈਡਲ ਜਿੱਤਣ ਵਾਲੀ ਮਹਿਲਾ ਮੁੱਕੇਬਾਜ਼ਾਂ ਨੂੰ ਇਨਾਮ ਵਜੋਂ ਗਊਆਂ ਦਿੱਤੀਆਂ ਸੀ ਪਰ ਇਹ ਗਊਆਂ ਉਨ੍ਹਾਂ ਦੇ ਪਰਿਵਾਰਾਂ ਲਈ ਆਫ਼ਤ ਬਣ ਗਈਆਂ।

ਗਊਆਂ ਨੇ ਕੀਤਾ ਜ਼ਖ਼ਮੀ

ਇਹ ਮੁਸ਼ਕਿਲ ਐਨੀ ਵੱਧ ਗਈ ਸੀ ਕਿ ਖਿਡਾਰਨਾਂ ਨੇ ਇਹ ਗਊਆਂ ਸੂਬਾ ਸਰਕਾਰ ਨੂੰ ਵਾਪਸ ਕਰ ਦਿੱਤੀਆਂ ਹਨ।

ਪਲਵਲ ਦੀ ਮਹਿਲਾ ਮੁੱਕੇਬਾਜ਼ ਅਨੁਪਮਾ ਨੇ ਦੱਸਿਆ ਕਿ ਜਦੋਂ ਗਾਂ ਸਾਡੇ ਘਰ ਆਈ ਸੀ ਤਾਂ ਅਸੀਂ ਉਸ ਲਈ ਦਸ ਹਜ਼ਾਰ ਰੁਪਏ ਦਾ ਚਾਰਾ ਲਿਆਂਦਾ।

ਉਨ੍ਹਾਂ ਅੱਗੇ ਕਿਹਾ ਕਿ ਗਾਂ ਅਜੇ ਤੱਕ ਰੋਜ਼ਾਨਾ 3 ਕਿੱਲੋ ਦੁੱਧ ਹੀ ਦੇ ਰਹੀ ਹੈ। ਅਸੀਂ ਇਸਨੂੰ ਮੋੜ ਦੇਵਾਂਗੇ।

19 ਤੋਂ 26 ਨਵੰਬਰ ਤੱਕ ਗੁਹਾਟੀ ਵਿੱਚ ਵਰਲਡ ਯੂਥ ਵੂਮਨ ਬੌਕਸਿੰਗ ਚੈਂਪਿਅਨਸ਼ਿਪ ਹੋਈ ਸੀ।

ਇਸ ਮੁਕਾਬਲੇ ਵਿੱਚ ਭਿਵਾਨੀ ਦੇ ਪਿੰਡ ਧਨਾਨਾ ਦੀ ਨੀਤੂ ਨੇ 48 ਕਿੱਲੋਗ੍ਰਾਮ ਜਦਕਿ ਸਾਕਸ਼ੀ ਨੇ 54 ਕਿੱਲੋਗ੍ਰਾਮ, ਰੋਹਤਕ ਦੇ ਰੁੜਕੀ ਦੀ ਜੋਤੀ ਗੁਲਿਆ ਨੇ 51 ਕਿੱਲੋਗ੍ਰਾਮ ਅਤੇ ਹਿਸਾਰ ਦੀ ਸ਼ਸ਼ੀ ਚੋਪੜਾ ਨੇ 57 ਕਿੱਲੋਗ੍ਰਾਮ ਵਰਗ ਵਿੱਚ ਸੋਨ ਤਗਮਾ ਹਾਸਲ ਕੀਤਾ ਸੀ।

ਉੱਥੇ ਹੀ ਪਲਵਲ ਦੀ ਅਨੁਪਮਾ ਨੇ 81 ਕਿੱਲੋਗ੍ਰਾਮ ਅਤੇ ਕੈਥਲ ਦੀ ਨੇਹਾ ਯਾਦਵ ਨੇ 81 ਤੋਂ ਵੱਧ ਕਿੱਲੋਗ੍ਰਾਮ ਵਰਗ ਵਿੱਚ ਤਾਂਬੇ ਦਾ ਮੈਡਲ ਜਿੱਤਿਆ ਸੀ।

ਇਨਾਮ ਵਜੋਂ ਗਾਂ ਹਾਸਲ ਕਰਨ ਵਾਲੀਆਂ ਖਿਡਾਰਨਾਂ ਦਾ ਕਹਿਣਾ ਹੈ ਕਿ ਇਹ ਗਊਆਂ ਦੁੱਧ ਨਹੀਂ ਦਿੰਦੀਆਂ ਬਲਕਿ ਘਰ ਵਾਲਿਆਂ ਨੂੰ ਜ਼ਖ਼ਮੀ ਕਰ ਦਿੰਦੀਆਂ ਹਨ।

ਬੌਕਸਰ ਜੋਤੀ ਗੁਲਿਆ ਨੇ ਕਿਹਾ ਕਿ ਜਦੋਂ ਸਰਕਾਰ ਨੇ ਉਨ੍ਹਾਂ ਨੂੰ ਗਾਂ ਦਿੱਤੀ ਤਾਂ ਪੰਜ ਦਿਨਾਂ ਤੱਕ ਉਨ੍ਹਾਂ ਦੀ ਮਾਂ ਰੋਸ਼ਨੀ ਨੇ ਗਾਂ ਦੀ ਸੇਵਾ ਕੀਤੀ।

ਪਰ ਦੁੱਧ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ, ਗਾਂ ਨੇ ਸਾਡੇ ਪਰਿਵਾਰ ਦੇ ਜੀਆਂ 'ਤੇ ਤਿੰਨ ਵਾਰ ਹਮਲਾ ਕਰ ਦਿੱਤਾ।

ਜੋਤੀ ਗੁਲਿਆ ਦਾ ਕਹਿਣਾ ਹੈ,''ਹਮਲੇ ਵਿੱਚ ਮੇਰੀ ਮਾਂ ਜ਼ਖ਼ਮੀ ਹੋ ਗਈ, ਅਸੀਂ ਤੁਰੰਤ ਗਾਂ ਵਾਪਿਸ ਕਰ ਦਿੱਤੀ। ਅਸੀਂ ਮੱਝ ਦੇ ਨਾਲ ਹੀ ਚੰਗੇ ਹਾਂ।''

ਗੁਵਾਹਾਟੀ ਵਿੱਚ ਮੁਕਾਬਲੇ ਹੋਣ ਤੋਂ ਬਾਅਦ ਜੇਤੂ ਖਿਡਾਰਨਾਂ ਦੇ ਸਨਮਾਨ ਲਈ ਰਾਜੀਵ ਗਾਂਧੀ ਸਟੇਡੀਅਮ ਵਿੱਚ ਸਾਈਂ ਨੈਸ਼ਨਲ ਬੌਕਸਿੰਗ ਅਕੈਡਮੀ ਵੱਲੋਂ 29 ਨਵੰਬਰ ਨੂੰ ਪ੍ਰੋਗ੍ਰਾਮ ਰੱਖਿਆ ਗਿਆ ਸੀ।

ਪ੍ਰੋਗ੍ਰਾਮ ਵਿੱਚ ਖੇਤੀਬਾੜੀ ਮੰਤਰੀ ਓਪੀ ਧਨਖੜ ਨੇ ਸੂਬੇ ਦੀਆਂ ਇਨ੍ਹਾਂ 6 ਮੁੱਕੇਬਾਜ਼ ਖਿਡਾਰਨਾਂ ਨੂੰ ਦੇਸੀ ਗਊਆਂ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਗਊਆਂ ਦੇ ਦੁੱਧ ਨਾਲ ਜਿੱਥੇ ਸੁੰਦਰਤਾ ਆਉਂਦੀ ਹੈ ਉੱਥੇ ਹੀ ਦਿਮਾਗ ਵੀ ਤੇਜ਼ ਹੁੰਦਾ ਹੈ।

ਸਾਰੀਆਂ ਖਿਡਾਰਨਾਂ ਨੂੰ ਗਊਆਂ ਦੇ ਦਿੱਤੀਆਂ ਗਈਆਂ ਪਰ ਕੁਝ ਦਿਨ ਬਾਅਦ ਤਿੰਨ ਬੌਕਸਰਾਂ ਨੀਤੂ, ਜੋਤੀ ਅਤੇ ਸ਼ਸ਼ੀ ਚੋਪੜਾ ਨੇ ਸਰਕਾਰ ਨੂੰ ਗਊਆਂ ਵਾਪਸ ਕਰ ਦਿੱਤੀਆਂ।

ਇਨ੍ਹਾਂ ਦਾ ਕਹਿਣਾ ਹੈ ਕਿ ਗਊਆਂ ਨੇ ਸਿੰਗ ਨਾਲ ਹਮਲਾ ਕਰਕੇ ਸਾਡੇ ਘਰ ਵਾਲਿਆਂ ਨੂੰ ਜ਼ਖ਼ਮੀ ਕਰ ਦਿੱਤਾ।

ਜੋਤੀ ਗੁਲਿਆ ਦੇ ਪਿਤਾ ਮਾਮਨ ਸਿੰਘ ਨੇ ਦੱਸਿਆ,'' ਜਿਵੇਂ ਹੀ ਸਾਡੇ ਘਰ ਕੁਝ ਲੋਕ ਗਾਂ ਲੈ ਕੇ ਪੁੱਜੇ ਤਾਂ ਉਨ੍ਹਾਂ ਨੇ ਕਿਹਾ ਅਸੀਂ ਚੰਡੀਗੜ੍ਹ ਤੋਂ ਆਏ ਹਾਂ। ਹਰਿਆਣਾ ਸਰਕਾਰ ਨੇ ਚੰਡੀਗੜ੍ਹ ਤੋਂ ਗਾਂ ਭੇਜੀ ਹੈ।''

''ਚਾਰ-ਪੰਜ ਦਿਨ ਸੇਵਾ ਕਰਨ ਦੇ ਬਾਅਦ ਵੀ ਗਾਂ ਨੇ ਦੁੱਧ ਨਹੀਂ ਦਿੱਤਾ ਅਤੇ ਜੋਤੀ ਦੀ ਮਾਂ ਦੇ ਹੱਥ 'ਤੇ ਸੱਟ ਲੱਗ ਗਈ।''

''ਫਿਰ ਅਸੀਂ ਉਨ੍ਹਾਂ ਨੂੰ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਗਾਂ ਰੋਹਤਕ ਦੀ ਖੁਰਾਨਾ ਡੇਅਰੀ ਤੋਂ ਆਈ ਹੈ। ਡੇਅਰੀ ਵਾਲਿਆਂ ਨੇ ਕਿਹਾ ਅਸੀਂ ਗਾਂ ਵਾਪਿਸ ਲੈ ਜਾਵਾਂਗੇ।''

ਖੁਰਾਨਾ ਡੇਅਰੀ ਨੂੰ ਚਲਾਉਣ ਵਾਲੇ ਰਾਜੀਵ ਖੁਰਾਨਾ ਨੇ ਇਸ ਬਾਰੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਸਾਡੇ ਤੋਂ 6 ਗਊਆਂ ਖਰੀਦੀਆਂ ਸੀ। ਸਾਡੇ ਪੁੱਛਣ 'ਤੇ ਉਨ੍ਹਾਂ ਨੇ ਦੱਸਿਆ ਕਿ ਗਾਂ ਦੀ ਕੀਮਤ 40,000 ਤੋਂ 50,000 ਰੁਪਏ ਦੇ ਕਰੀਬ ਹੈ।

ਜਦੋਂ ਉਨ੍ਹਾਂ ਨੂੰ ਗਊਆਂ ਦੇ ਦੁੱਧ ਨਾ ਦੇਣ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਨੇ ਕਿਹਾ, "ਅਸੀਂ ਹਰਿਆਣਾ ਸਰਕਾਰ ਨੂੰ ਸਾਰੀਆਂ ਹੀ ਚੰਗੀਆਂ ਨਸਲ ਦੀਆਂ ਗਊਆਂ ਦਿੱਤੀਆਂ ਸੀ।''

"ਸਾਡੇ ਕੋਲ ਸਾਰੀਆਂ ਗਊਆਂ ਚੰਗਾ ਦੁੱਧ ਦੇ ਰਹੀਆਂ ਸੀ। ਇੱਕ ਗਾਂ ਦਾ ਬੱਚਾ ਮਰਨ ਤੋਂ ਬਾਅਦ ਦੁੱਧ ਨਹੀਂ ਦੇ ਰਹੀ ਸੀ। ਫਿਰ ਵੀ ਅਸੀਂ ਤਿੰਨ ਗਊਆਂ ਵਾਪਿਸ ਲੈ ਲਈਆਂ ਹਨ।''

ਉਨ੍ਹਾਂ ਨੇ ਕਿਹਾ ਕਿ ਅਸੀਂ ਖਿਡਾਰਨਾਂ ਨੂੰ ਕਿਹਾ ਕਿ ਉਹ ਡੇਅਰੀ ਆ ਕੇ ਆਪਣੀ ਪਸੰਦ ਦੀਆਂ ਗਊਆਂ ਲੈ ਕੇ ਜਾ ਸਕਦੇ ਹਨ।

ਇਸ ਪੂਰੇ ਮਸਲੇ 'ਤੇ ਖੇਤੀਬਾੜੀ ਮੰਤਰੀ ਓਪੀ ਧਨਖੜ ਨੇ ਕਿਹਾ ਕਿ ਜੇਕਰ ਖਿਡਾਰਨਾਂ ਨੂੰ ਗਊਆਂ ਪਸੰਦ ਨਹੀਂ ਆਈਆਂ ਤਾਂ ਹਰਿਆਣਾ ਦੀ ਦੇਸੀ ਨਸਲ ਦੀ ਗਾਂ ਉਹ ਪੂਰੇ ਹਰਿਆਣਾ ਵਿੱਚੋਂ ਕਿਤੋਂ ਵੀ ਖ਼ਰੀਦ ਸਕਦੇ ਹਨ। ਉਹ ਬਿੱਲ ਸਾਨੂੰ ਭੇਜ ਦੇਣ, ਸਰਕਾਰ ਪੈਸੇ ਭਰੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)