You’re viewing a text-only version of this website that uses less data. View the main version of the website including all images and videos.
ਗਰੇਟਾ ਥਨਬਰਗ: ਮੌਸਮੀ ਤਬਦੀਲੀ ਬਾਰੇ ਲੱਖਾਂ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਕੁੜੀ ਦੇ ਪਿਤਾ ਦੀ ਕੀ ਹੈ ਚਿੰਤਾ
ਗਰੇਟਾ ਥਨਬਰਗ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਮੌਸਮੀ ਤਬਦੀਲੀ ਖ਼ਿਲਾਫ਼ ਆਪਣੀ ਧੀ ਨੂੰ 'ਅੱਗੇ ਲੈ ਕੇ ਆਉਣ ਦਾ' ਉਨ੍ਹਾਂ ਦਾ 'ਵਿਚਾਰ ਚੰਗਾ ਨਹੀਂ ਸੀ'।
ਵਾਤਾਵਰਨ ਬਾਰੇ ਜਾਗਰੂਕਤਾ ਫੈਲਾਉਣ ਵਾਲੀ 16 ਸਾਲਾ ਗਰੇਟਾ ਤੋਂ ਲੱਖਾਂ ਹੀ ਲੋਕ ਪ੍ਰੇਰਿਤ ਹੋਏ ਹਨ।
ਪਰ ਉਨ੍ਹਾਂ ਦੇ ਪਿਤਾ ਸਵੈਂਟੇ ਥਨਬਰਗ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਮੌਸਮੀ ਤਬਦੀਲੀ ਬਾਰੇ ਲੜਾਈ ਲੜਨ ਲਈ ਗਰੇਟਾ ਦੇ ਸਕੂਲ ਛੱਡਣ ਦੇ ਹੱਕ ਵਿੱਚ ਨਹੀਂ ਹਨ।
ਉਨ੍ਹਾਂ ਨੇ ਕਿਹਾ ਕਿ ਗਰੇਟਾ ਜਦੋਂ ਦੀ ਕਾਰਕੁਨ ਬਣੀ ਹੈ ਉਹ ਬੇਹੱਦ ਖੁਸ਼ ਹੈ ਪਰ ਉਹ ਗਰੇਟਾ ਨੂੰ ਮਿਲ ਰਹੀ 'ਨਫਰਤ' ਤੋਂ ਚਿੰਤਤ ਹਨ।
ਇਹ ਵੀ ਪੜ੍ਹੋ-
ਬ੍ਰੋਡਕਾਸਟਰ ਅਤੇ ਪ੍ਰਕ੍ਰਿਤੀਵਾਦੀ ਸਰ ਡੇਵਿਡ ਐਟਿਨਬਰੋ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਗਰੇਟਾ ਨੇ 'ਦੁਨੀਆਂ ਨੂੰ ਮੌਸਮੀ ਤਬਦੀਲੀਆਂ' ਬਾਰੇ ਜਗਾਇਆ ਹੈ।
ਉਨ੍ਹਾਂ ਨੇ ਗਰੇਟਾ ਨਾਲ ਸਕਾਈਪ 'ਤੇ ਗੱਲ ਕਰਦਿਆਂ ਕਿਹਾ ਕਿ ਉਹ, ਉਸ ਦੀਆਂ ਕਾਰਗੁਜਾਰੀਆਂ ਤੋਂ ਪ੍ਰੇਰਿਤ ਹਨ। ਉਨ੍ਹਾਂ ਕਿਹਾ, "ਉਸ ਨੇ ਉਹ ਸਾਰੀਆਂ ਚੀਜ਼ਾਂ ਹਾਸਿਲ ਕਰ ਲਈਆਂ ਹਨ, ਜੋ ਸਾਡੇ 'ਚੋਂ ਕਈ ਲੋਕ ਮੁੱਦਿਆਂ 'ਤੇ 20 ਸਾਲਾਂ ਤੋਂ ਕੰਮ ਕਰਕੇ ਵੀ ਹਾਸਿਲ ਨਹੀਂ ਕਰ ਸਕੇ।"
ਉਨ੍ਹਾਂ ਨੇ ਅੱਗੇ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਬਰਤਾਨੀਆ ਚੋਣਾਂ ਵਿੱਚ ਮੌਸਮੀ ਤਬਦੀਲੀਆਂ ਦਾ ਇੱਕ ਮੁੱਖ ਮੁੱਦਾ ਬਣਨ ਦਾ ਕਾਰਨ ਸਿਰਫ਼ 16 ਸਾਲ ਦੀ ਉਮਰ ਹੀ ਸੀ।
ਨੋਬਲ ਸ਼ਾਂਤੀ ਪੁਰਸਕਾਰ
ਵਿਸ਼ਵ ਦੇ ਨੇਤਾਵਾਂ ਕੋਲੋਂ ਮੌਸਮੀ ਤਬਦੀਲੀਆਂ ਬਾਰੇ ਕਾਰਵਾਈ ਕਰਨ ਦੀ ਮੰਗ ਵਾਲੇ ਗਲੋਬਲ ਅੰਦੋਲਨ ਦੀ ਅਗਵਾਈ ਕਰਨ ਤੋਂ ਬਾਅਦ ਗਰੇਟਾ ਦਾ ਨਾਮ ਇਸ ਸਾਲ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਵੀ ਕੀਤਾ ਗਿਆ ਸੀ। ਇਸ ਨਾਲ ਹੀ ਪੂਰੀ ਦੁਨੀਆਂ ਵਿੱਚ ਸਕੂਲਾਂ ਦੀ ਹੜਤਾਲ ਦਾ ਤਾਲਮੇਲ ਹੋਇਆ।
ਬੀਬੀਸੀ ਨੇ ਗਰੇਟਾ ਅਤੇ ਉਸ ਦੇ ਪਿਤਾ ਦੇ ਇੰਟਰਵਿਊ ਲਈ ਬੀਬੀਸੀ ਪ੍ਰਿਜ਼ੈਨਟਰ ਮਿਸ਼ਾਲ ਹੁਸੈਨ ਨੂੰ ਸਵੀਡਨ ਭੇਜਿਆ ਗਿਆ।
ਤਣਾਅ ਨਾਲ ਸੰਘਰਸ਼
ਇਸੇ ਸ਼ੋਅ ਦੇ ਹਿੱਸੇ ਵਜੋਂ ਗਰੇਟਾ ਦੇ ਪਿਤਾ ਨੇ ਕਿਹਾ ਕਿ ਸਕੂਲੀ ਹੜਤਾਲ ਤੋਂ ਪਹਿਲਾਂ ਉਨ੍ਹਾਂ ਦੀ ਬੇਟੀ ਨੇ '3-4 ਸਾਲ' ਤਣਾਅ ਨਾਲ ਸੰਘਰਸ਼ ਕੀਤਾ ਹੈ।
ਉਨ੍ਹਾਂ ਨੇ ਕਿਹਾ, "ਉਸ ਨੇ ਗੱਲ ਕਰਨੀ ਬੰਦ ਕਰ ਦਿੱਤੀ ਸੀ, ਸਕੂਲ ਜਾਣਾ ਬੰਦ ਕਰ ਦਿੱਤਾ ਸੀ।"
ਉਨ੍ਹਾਂ ਨੇ ਦੱਸਿਆ ਕਿ ਗਰੇਟਾ ਨੇ ਜਦੋਂ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ ਤਾਂ ਮਾਪੇ ਹੋਣ ਕਰਕੇ ਇਹ ਸਾਡੇ ਲਈ ਬੇਹੱਦ ਦੁਖਦਾਈ ਸੀ।
ਗਰੇਟਾ ਨੂੰ ਬਿਹਤਰ ਕਰਨ ਲਈ ਉਨ੍ਹਾਂ ਦੇ ਪਿਤਾ ਗਰੇਟਾ ਅਤੇ ਉਸ ਦੀ ਛੋਟੀ ਭੈਣ ਬਿਆਟਾ ਨਾਲ ਸਵੀਡਨ ਵਾਲੇ ਘਰ ਵਿੱਚ ਹੀ ਵੱਧ ਸਮਾਂ ਬਿਤਾਉਂਦੇ ਸਨ।
ਗਰੇਟਾ ਦੀ ਮਾਂ ਮਲੇਨਾ ਅਰਨਮੈਨ, ਇੱਕ ਓਪੇਰਾ ਗਾਇਕਾ ਅਤੇ ਯੂਰੋਵਿਜ਼ਨ ਸੌਂਗ ਮੁਕਾਬਲੇ ਦੀ ਸਾਬਕਾ ਪ੍ਰਤੀਭਾਗੀ ਹੈ। ਉਨ੍ਹਾਂ ਨੇਸਾਰੇ ਇਕਰਾਰਨਾਮੇ ਰੱਦ ਕਰ ਦਿੱਤੇ ਤਾਂ ਜੋ ਪੂਰਾ ਪਰਿਵਾਰ ਇਕੱਠੇ ਰਹਿਣ ਸਕਣ।
ਸਵੈਂਟੇ ਥਨਬਰਗ ਮੁਤਾਬਕ ਪਰਿਵਾਰ ਨੇ ਡਾਕਟਰ ਦੀ ਮਦਦ ਵੀ ਲਈ ਸੀ। ਗਰੇਟਾ ਐਸਪਰਜਰ (ਆਟੀਇਜ਼ਮ ਦਾ ਇੱਕ ਪ੍ਰਕਾਰ) ਨਾਮ ਦੀ ਬਿਮਾਰੀ ਨਾਲ ਪੀੜਤ ਸੀ।
ਅਗਲੇ ਕੁਝ ਸਾਲਾਂ ਵਿੱਚ ਉਨ੍ਹਾਂ ਮੌਸਮੀ ਤਬਦੀਲੀਆਂ ਬਾਰੇ ਚਰਚਾ ਅਤੇ ਖੋਜ ਕਰਨੀ ਸ਼ੁਰੂ ਕਰ ਦਿੱਤੀ। ਜਿਸ ਨਾਲ ਗਰੇਟਾ ਮੁੱਦਿਆਂ ਨਾਲ ਨਜਿੱਠਣ ਲਈ ਤੇਜ਼ੀ ਨਾਲ ਉਤਸ਼ਾਹਿਤ ਹੋ ਗਈ।
ਸਵੈਂਟੇ ਦਾ ਕਹਿਣਾ ਹੈ ਕਿ 'ਬੇਹੱਦ ਸਰਗਰਮ ਮਨੁੱਖੀ ਅਧਿਕਾਰਾਂ ਦੀ ਵਕਾਲਤ' ਕਰਦਿਆਂ ਗਰੇਟਾ ਨੇ ਆਪਣੇ ਮਾਪਿਆਂ 'ਤੇ 'ਵੱਡੇ ਪਾਖੰਡੀ' ਹੋਣ ਦਾ ਇਲਜ਼ਾਮ ਲਗਾਇਆ।"
ਉਨ੍ਹਾਂ ਨੇ ਦੱਸਿਆ, "ਗਰੇਟਾ ਨੇ ਕਿਹਾ, ਤੁਸੀਂ ਕਿਹੜੇ ਮਨੁੱਖੀ ਅਧਿਕਾਰਾਂ ਲਈ ਖੜ੍ਹੇ ਹੋ? ਕਿਉਂਕਿ ਅਸੀਂ ਅਜੇ ਤੱਕ ਮੌਸਮੀ ਤਬਦੀਲੀਆਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ।"
ਉਨ੍ਹਾਂ ਨੇ ਦੱਸਿਆ ਕਿ ਗਰੇਟਾ ਨੇ ਵਾਤਾਵਰਨ ਪ੍ਰੇਮੀ ਬਣਨ ਲਈ ਆਪਣੇ ਮਾਪਿਆਂ ਕੋਲੋਂ 'ਊਰਜਾ' ਮਿਲੀ, ਜਿਵੇਂ ਉਨ੍ਹਾਂ ਦੀ ਮਾਂ ਨੇ ਹਵਾਈ ਜਹਾਜ਼ 'ਤੇ ਯਾਤਰਾ ਕਰਨੀ ਬੰਦ ਕਰ ਦਿੱਤੀ ਅਤੇ ਉਨ੍ਹਾਂ ਦੇ ਪਿਤਾ ਵੀਗਨ ਬਣ ਗਏ ਸਨ।
ਇਹ ਵੀ ਪੜ੍ਹੋ-
'ਧੀ ਨੂੰ ਬਚਾਉਣ ਲਈ'
ਗਰੇਟਾ ਨੇ ਪਿਤਾ ਵੀ ਉਨ੍ਹਾਂ ਨਾਲ ਨਿਊਯਾਰਕ ਅਤੇ ਮੈਡਰਿਡ ਵਿਚਲੇ ਸੰਯੁਕਤ ਰਾਸ਼ਟਰ ਜਲਵਾਯੂ ਸਿਖਰ ਸੰਮੇਲਨ ਲਈ ਆਪਣੀ ਬੇੜੀ ਮੁਹਿੰਮ ਰਾਹੀਂ ਪਹੁੰਚੇ।
ਗਰੇਟਾ ਦੇ ਪਿਤਾ ਨੇ ਦੱਸਿਆ, "ਮੈਂ ਇਹ ਸਾਰੀਆਂ ਚੀਜ਼ਾਂ ਕੀਤੀਆਂ, ਮੈਨੂੰ ਪਤਾ ਸੀ ਕਿ ਉਹ ਕਰਨ ਲਈ ਬਿਲਕੁਲ ਸਹੀ ਸਨ ਪਰ ਮੈਂ ਇਹ ਸਭ ਮੌਸਮੀ ਤਬਦੀਲੀਆਂ ਨੂੰ ਬਚਾਉਣ ਲਈ ਨਹੀਂ ਕੀਤਾ ਬਲਕਿ ਆਪਣੀ ਧੀ ਨੂੰ ਬਚਾਉਣ ਲਈ ਕੀਤਾ।"
"ਮੇਰੀਆਂ ਦੋ ਧੀਆਂ ਹਨ ਅਤੇ ਸੱਚ ਦੱਸਾ ਤਾਂ ਇਹੀ ਮੇਰੇ ਲਈ ਸਭ ਕੁਝ ਹਨ। ਮੈਂ ਉਨ੍ਹਾਂ ਸਿਰਫ਼ ਖੁਸ਼ ਦੇਖਣਾ ਚਾਹੁੰਦਾ ਹਾਂ।"
ਸਵੈਂਟੇ ਥਨਬਰਗ ਨੇ ਕਿਹਾ ਕਿ ਆਪਣੀਆਂ ਕਾਰਗੁਜਾਰੀਆਂ ਕਰਕੇ ਗਰੇਟਾ ਬਦਲ ਗਈ ਅਤੇ ਬੇਹੱਦ ਖੁਸ਼ ਹੈ।
ਉਹ ਦੱਸਦੇ ਹਨ, "ਤੁਸੀਂ ਸੋਚਦੇ ਹੋ ਕਿ ਹੁਣ ਉਹ ਆਮ ਨਹੀਂ ਰਹੀ ਕਿਉਂਕਿ ਉਹ ਖ਼ਾਸ ਬਣ ਗਈ ਹੈ ਅਤੇ ਬਹੁਤ ਮਸ਼ਹੂਰ ਹੋ ਗਈ ਹੈ। ਪਰ ਮੇਰੇ ਲਈ ਹੁਣ ਵੀ ਉਹ ਇੱਕ ਆਮ ਬੱਚੀ ਹੈ, ਉਹ ਵੀ ਦੂਜੇ ਲੋਕਾਂ ਵਾਂਗ ਸਭ ਕੁਝ ਕਰ ਸਕਦੀ ਹੈ।"
"ਉਹ ਨੱਚਦੀ ਹੈ, ਬਹੁਤ ਹੱਸਦੀ ਹੈ, ਅਸੀਂ ਬੇਹੱਦ ਮਜ਼ੇ ਕਰਦੇ ਹਾਂ ਅਤੇ ਉਹ ਇੱਕ ਵਧੀਆ ਥਾਂ 'ਤੇ ਹੈ।"
ਗਰੇਟਾ ਦੇ ਪਿਤਾ ਦਾ ਕਹਿਣਾ ਹੈ ਕਿ ਜਦੋਂ ਦੀ ਗਰੇਟਾ ਦੀ ਸਕੂਲ ਹੜਤਾਲ ਵਾਲੀ ਗੱਲ ਵਾਈਰਲ ਹੋਈ ਹੈ, ਉਦੋਂ ਦਾ ਗਰੇਟਾ ਨੂੰ ਉਨ੍ਹਾਂ ਲੋਕਾਂ ਦੇ ਮਾੜੇ ਵਤੀਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਮੌਸਮੀ ਤਬਦੀਲੀਆਂ ਲਈ ਆਪਣੀ ਜੀਵਨ ਸ਼ੈਲੀ ਨਹੀਂ ਬਦਲਣਾ ਚਾਹੁੰਦੇ।
ਗਰੇਟਾ ਨੇ ਪਹਿਲਾਂ ਵੀ ਕਿਹਾ ਹੈ ਕਿ ਲੋਕ ਉਸਦੇ ਕੱਪੜੇ, ਉਸ ਦੀ ਦਿੱਖ, ਵਤੀਰੇ ਅਤੇ ਵਖਰੇਵਿਆਂ ਕਾਰਨ ਉਸ ਨੂੰ ਬੁਰਾ-ਭਲਾ ਕਹਿੰਦੇ ਹਨ।
ਉਨ੍ਹਾਂ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਫੇਕ ਖ਼ਬਰਾਂ ਕਰਕੇ ਪਰੇਸ਼ਾਨ ਹਨ,ਜੋ ਚੀਜ਼ਾਂ ਲੋਕ ਉਸ 'ਤੇ ਮੜਨ ਦੀ ਕੋਸ਼ਿਸ਼ ਕਰਦੇ ਹਨ, ਉਹ ਨਫ਼ਰਤ ਪੈਦਾ ਕਰਦੀਆਂ ਹਨ।
ਪਰ ਉਹ ਕਹਿੰਦੇ ਹਨ ਉਨ੍ਹਾਂ ਦੀ ਧੀ ਆਲੋਚਨਾਵਾਂ ਨਾਲ 'ਸ਼ਾਨਦਾਰ ਢੰਗ' ਨਾਲ ਨਜਿੱਠ ਰਹੀ ਹੈ।
ਉਹ ਕਹਿੰਦੇ ਹਨ, "ਮੈਂ ਨਹੀਂ ਜਾਣਦਾ ਕਿ ਉਹ ਇਹ ਸਭ ਕਿਵੇਂ ਕਰਦੀ ਹੈ ਪਰ ਜ਼ਿਆਦਾਤਰ ਹੱਸਦੀ ਰਹਿੰਦੀ ਹੈ। ਉਹ ਇਸ ਨੂੰ ਹਾਸੋਹੀਣੀ ਲਗਦੀਆਂ ਹਨ।"
ਗਰੇਟਾ ਦੇ ਪਿਤਾ ਸਵੈਂਟੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਸ ਹੈ ਕਿ ਭਵਿੱਖ ਵਿੱਚ ਉਨ੍ਹਾਂ ਦੇ ਪਰਿਵਾਰ ਲਈ ਇਹ ਸਭ ਚੀਜ਼ਾਂ ਫਿੱਕੀਆਂ ਪੈਂਦੀਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ 'ਗਰੇਟਾ ਸੱਚਮੁੱਚ ਸਕੂਲ ਜਾਣਾ ਚਾਹੁੰਦੀ ਹੈ।'
ਉਹ ਕਹਿੰਦੇ ਹਨ ਗਰੇਟਾ 17 ਸਾਲ ਦੀ ਹੋ ਗਈ ਹੈ ਅਤੇ ਹੁਣ ਉਸ ਨੂੰ ਯਾਤਰਾ ਦੇ ਜਾਣ ਲਈ ਕਿਸੇ ਦੀ ਲੋੜ ਨਹੀਂ ਹੋਵੇਗੀ।
ਉਹ ਕਹਿੰਦੇ ਹਨ, "ਜੇਕਰ ਉਸ ਨੂੰ ਫਿਰ ਵੀ ਮੇਰੀ ਲੋੜ ਹੋਵੇਗੀ ਤਾਂ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਪਰ ਮੈਨੂੰ ਲਗਦਾ ਹੈ ਕਿ ਉਹ ਵੱਧ ਤੋਂ ਵੱਧ ਖ਼ੁਦ ਹੀ ਕਰੇਗੀ, ਜੋ ਕਿ ਵਧੀਆ ਵੀ ਹੈ।"