You’re viewing a text-only version of this website that uses less data. View the main version of the website including all images and videos.
ਮੈਨੂੰ ਚੁੱਪ ਕਰਾਉਣ ਲਈ ਮੇਰੇ ਸਾਥੀਆਂ ਦੇ ਕਤਲ ਹੋ ਰਹੇ -ਬਿਕਰਮ ਮਜੀਠੀਆ ਦਾ ਇਲਜ਼ਾਮ
ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸਮਰਥਕ ਅਕਾਲੀ ਆਗੂ ਗੁਰਦੀਪ ਸਿੰਘ ਦੇ ਕਤਲ ਨੂੰ ਸਿਆਸੀ ਕਤਲ ਕਰਾਰ ਦਿੱਤਾ ਹੈ।
ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ, 'ਜਦੋਂ ਤੋਂ ਮੈਂ ਸੁੱਖੀ ਤੇ ਜੱਗੂ ਭਗਵਾਨਪੁਰੀਆਂ ਗਠਜੋੜ ਦਾ ਖੁਲਾਸ ਕੀਤਾ ਹੈ, ਉਸ ਦਿਨ ਤੋਂ ਬਾਅਦ ਮੈਨੂੰ ਵੀ ਧਮਕੀਆਂ ਆ ਰਹੀਆਂ ਹਨ ਤੇ ਮੇਰੇ ਸਾਥੀਆਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ।
ਮਜੀਠੀਆ ਨੇ ਪਿੰਡ ਉਮਰਪੁਰੇ ਦੇ ਅਕਾਲੀ ਆਗੂ ਗੁਰਦੀਪ ਸਿੰਘ ਦੇ ਕਤਲ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ
ਮਜੀਠੀਆ ਨੇ ਇਲਜ਼ਾਮ ਲਾਇਆ ਕਿ ਉਹ ਜ਼ਿਲ੍ਹੇ ਦੇ ਐੱਸਐੱਸਪੀ ਤੋਂ ਲੈ ਤੇ ਡੀਜੀਪੀ ਤੱਕ ਨੂੰ ਲਿਖਤੀ ਜਾਣਕਾਰੀ ਦੇ ਚੁੱਕੇ ਹਨ ਪਰ ਉਹ ਮਜਬੂਰੀ ਵੱਸ ਕਬੂਤਰ ਵਾਂਗ ਅੱਖਾਂ ਮੀਟੀ ਬੈਠੇ ਹਨ ਤੇ ਲਗਾਤਾਰ ਕਲੀਨਚਿੱਟਾਂ ਦੇ ਰਹੇ ਹਨ।
ਕਾਂਗਰਸ ਉੱਤੇ ਲਾਏ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੀਡੀਆ ਨੂੰ ਦੱਸਿਆ ਕਿ ਮੁਲਜ਼ਮਾਂ ਦੀ ਖ਼ਿਲਾਫ਼ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਦੋਸ਼ੀ ਬਖ਼ਸ਼ੇ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਇਹ ਕਤਲ ਨਿੱਜੀ ਰੰਜ਼ਿਸ ਤੇ ਪੁਰਾਣੀ ਲੜਾਈ ਦਾ ਨਤੀਜਾ ਦੱਸਿਆ ਜਾ ਰਿਹਾ ਹੈ
ਇਹ ਵੀ ਪੜ੍ਹੋ :
ਉੱਧਰ ਪੁਲਿਸ ਦਾ ਕਹਿਣਾ ਹੈ ਕਿ ਗੁਰਦੀਪ ਸਿੰਘ ਉੱਤੇ ਪਿਸਤੌਲ ਨਾਲ ਫਾਇਰਿੰਗ ਕੀਤੀ ਗਈ ਤੇ ਉਸ ਦੀ ਮ੍ਰਿਤਕ ਦੇਹ ਵਿਚੋਂ 8 ਗੋਲੀਆਂ ਲੱਗਣ ਦੇ ਨਿਸ਼ਾਨ ਮਿਲੇ ਹਨ।
ਪੁਲਿਸ ਦਾ ਕਹਿਣ ਹੈ ਕਿ ਹਰਮਨਜੀਤ ਸਿੰਘ ਉਸਦੇ ਪਿਤਾ ਨਿਰਮਲ ਸਿੰਘ ਅਤੇ ਤਿੰਨ ਅਣਪਛਾਤੇ ਬੰਦਿਆਂ ਉੱਤੇ ਪਰਚਾ ਦਰਜ ਕੀਤਾ ਗਿਆ ਹੈ।
ਮੁਲਜ਼ਮਾਂ ਖ਼ਿਲਾਫ਼ ਕਤਲ ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀਆਂ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਮੈਨੂੰ ਚੁੱਪ ਕਰਾਉਣ ਲਈ ਹੋ ਰਹੇ ਕਤਲ
ਬਿਕਰਮ ਸਿੰਘ ਮਜੀਠੀਆ ਨੇ ਦੱਸਿਆ, 'ਮੇਰੇ ਸਾਥੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਅੱਜ ਗੁਰਪੁਰਬ ਦੇ ਸਮਾਗਮਾਂ ਲਈ ਤਿਆਰੀਆਂ ਕਰਵਾ ਦੇ ਗੁਰਦੁਆਰਾ ਸਾਹਿਬ ਤੋਂ ਪਰਤ ਰਹੇ ਸਨ'।
ਮਜੀਠੀਆ ਦਾ ਕਹਿਣਾ ਸੀ, ''ਉਹ ਸੋਸ਼ਲ ਮੀਡੀਆ ਤੇ ਸਿਆਸੀ ਹਲਕਿਆ ਦਾ ਸਰਗਰਮ ਆਗੂ ਤੇ ਮੇਰਾ ਸਮਰਥਕ ਸੀ। ਮੇਰਾ ਇਹ ਮੰਨਣਾ ਹੈ ਕਿ ਮੇਰੇ ਸਾਥੀਆਂ ਨੂੰ ਨਿਸ਼ਾਨਾਂ ਬਣਾ ਕੇ ਮੈਨੂੰ ਮੈਸੇਜ ਭੇਜਿਆ ਜਾ ਰਿਹਾ ਹੈ ਕਿ ਜੇਕਰ ਤੂੰ ਚੁੱਪ ਨਾ ਕੀਤਾ ਤੇ ਮੈਨੂੰ ਜੱਗੂ ਭਗਵਾਨ ਪੁਰੀਏ ਦੇ ਮੈਸੇਜ ਆ ਰਹੇ ਹਨ ਕਿ ਇਸ ਨੂੰ ਚੁੱਪ ਕਰਵਾ ਦਿਓ ਵਰਨਾ ਇਸ ਦਾ ਅੰਜ਼ਾਮ ਬੁਰਾ ਹੋਵੇਗਾ।''
ਅੰਦੋਲਨ ਦੀ ਚੇਤਾਵਨੀ
ਮਜੀਠੀਆ ਨੇ ਕਿਹਾ, ''ਜਦੋਂ ਦਾ ਅਸੀਂ ਇੰਨ੍ਹਾਂ ਗੈਂਗਸਟਰ-ਮੰਤਰੀ ਗਠਜੋੜ ਦੇ ਵਿਰੁੱਧ ਆਵਾਜ਼ ਉਠਾਈ ਹੈ ਉਦੋਂ ਤੋਂ ਗੈਂਗਸਟਰਾਂ ਵੱਲੋਂ ਮੈਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਮੇਰੇ ਸਾਥੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
''ਸਾਡੀ ਮੰਗ ਹੈ ਕਿ ਇਸ ਕਤਲ ਮਾਮਲੇ ਦੀ ਸੀ.ਬੀ.ਆਈ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।''
ਉਨ੍ਹਾਂ ਕਿਹਾ , ''ਜੇਕਰ ਕਿਸੇ ਸੂਰਤ ਵਿੱਚ ਸਰਕਾਰ ਇਸ ਪ੍ਰਤੀ ਗੰਭੀਰ ਨੋਟਿਸ ਲੈਂਦਿਆਂ ਕੋਈ ਸਖ਼ਤ ਕਾਰਵਾਈ ਨਹੀਂ ਕਰਦੀ ਤਾਂ ਸ਼੍ਰੋਮਣੀ ਅਕਾਲੀ ਦਲ ਇਸਦੇ ਖਿਲਾਫ਼ ਵੱਡਾ ਅੰਦੋਲਨ ਕਰੇਗਾ।''
ਡੇਢ ਮਹੀਨੇ 'ਚ ਦੂਜੇ ਅਕਾਲੀ ਆਗੂ ਦਾ ਕਤਲ
ਪੁਲਿਸ ਮੁਤਾਬਕ ਮਜੀਠੇ ਹਲਕੇ ਦੇ ਉਮਰਪੁਰਾ ਪਿੰਡ ਵਿਚ ਤਿੰਨ ਮੋਟਰ ਸਾਇਕਲ ਸਵਾਰਾਂ ਨੇ ਬਾਬਾ ਗੁਰਦੀਪ ਸਿੰਘ ਨਾਂ ਦੇ ਅਕਾਲੀ ਆਗੂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ।
ਜਾਣਕਾਰੀ ਮੁਤਾਬਕ ਬੁੱਧਵਾਰ ਰਾਤੀ ਜਦੋਂ ਗੁਰਦੀਪ ਸਿੰਘ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਰਾਹ ਵਿਚ ਘੇਰ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ।
ਗੁਰਦੀਪ ਸਿੰਘ ਦੀ ਪਤਨੀ ਪਿੰਡ ਦੀ ਸਰਪੰਚ ਹੈ ਅਤੇ ਉਹ ਖੁਦ ਵੀ ਪਿੰਡ ਦਾ ਸਰਪੰਚ ਰਿਹਾ ਸੀ।
ਸਥਾਨਕ ਪੁਲਿਸ ਥਾਣੇ ਦੇ ਐਸਐਚਓ ਤਰਸੇਮ ਸਿੰਘ ਮੁਤਾਬਕ ਇਸ ਮਾਮਲੇ ਵਿਚ ਪੰਜ ਜਣਿਆ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਵਿਚ ਹਰਮਨਜੀਤ ਸਿੰਘ ਤੇ ਉਸਦੇ ਪਿਤਾ ਨਿਰਮਲ ਸਿੰਘ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਹਰਮਨਜੀਤ ਦਾ ਮੁਜਮਰਾਨਾ ਰਿਕਾਰਡ ਹੈ ਅਤੇ ਉਹ ਕਈ ਕੇਸਾਂ ਵਿਚ ਪੁਲਿਸ ਨੂੰ ਲੋੜੀਂਦਾ ਹੈ।
ਗੌਰਤਲਬ ਹੈ ਕਿ ਪਿਛਲੇ ਸਾਲ ਨਵੰਬਰ ਵਿਚ ਗੁਰਦਾਸਪੁਰ ਦੇ ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦੇ ਕਤਲ ਤੋਂ ਬਾਅਦ ਡੇਢ ਮਹੀਨੇ ਵਿਚ ਇਹ ਦੂਜੇ ਅਕਾਲੀ ਵਰਕਰ ਦਾ ਕਤਲ ਹੈ।