You’re viewing a text-only version of this website that uses less data. View the main version of the website including all images and videos.
ਨਨਕਾਣਾ ਸਾਹਿਬ 'ਤੇ ਪਥਰਾਅ ਤੇ ਸਿੱਖ ਨੌਜਵਾਨ ਦੇ ਕਤਲ ਮਾਮਲੇ 'ਚ ਭਾਰਤ ਦਾ ਪ੍ਰਚਾਰ ''ਸਟੇਟ ਅੱਤਵਾਦ'' ਤੋਂ ਧਿਆਨ ਭਟਕਾਉਣ ਲਈ -ਪਾਕਿਸਤਾਨ
- ਲੇਖਕ, ਅਜ਼ੀਜ਼ ਉੱਲ੍ਹਾ ਖ਼ਾਨ
- ਰੋਲ, ਬੀਬੀਸੀ ਪੱਤਰਕਾਰ, ਪੇਸ਼ਾਵਰ
ਪਾਕਿਸਤਾਨ ਦੇ ਪੇਸ਼ਾਵਰ ਵਿੱਚ ਕਤਲ ਹੋਏ ਪਰਵਿੰਦਰ ਸਿੰਘ ਦੇ ਮਾਮਲੇ ਦੀ ਜਾਂਚ ਸਥਾਨਕ ਪੁਲਿਸ ਵੱਲੋਂ ਜਾਰੀ ਹੈ।
ਪਾਕਿਸਤਾਨ ਦੇ ਸਿੱਖ ਪੱਤਰਕਾਰ ਹਰਮੀਤ ਸਿੰਘ ਦੇ ਭਰਾ ਪਰਵਿੰਦਰ 5 ਜਨਵਰੀ ਨੂੰ ਖ਼ੈਬਰ ਪਖ਼ਤੂਨਖਵਾ ਇਲਾਕੇ ਦੇ ਸ਼ਾਂਗਲਾ ਤੋਂ ਆ ਰਹੇ ਸਨ। ਪਰਵਿੰਦਰ ਨੂੰ ਗੋਲੀ ਮਾਰੀ ਗਈ ਅਤੇ ਪੇਸ਼ਾਵਰ ਦੇ ਚਮਕਾਨੀ ਇਲਾਕੇ 'ਚ ਜੀਟੀ ਰੋਡ 'ਤੇ ਲਾਸ਼ ਨੂੰ ਸੁੱਟ ਦਿੱਤਾ ਗਿਆ ਸੀ।
ਇਸ ਕਤਲ ਕੇਸ ਵਿੱਚ ਪੇਸ਼ਾਵਰ ਪੁਲਿਸ ਮੌਜੂਦ ਜਾਣਕਾਰੀ, ਮੋਬਾਈਲ ਫ਼ੋਨ ਦਾ ਡਾਟਾ ਅਤੇ ਸੀਸੀਟੀਵੀ ਫੁਟੇਜ ਦੀ ਪੜਤਾਲ ਕਰਕੇ ਕਾਤਲਾਂ ਨੂੰ ਫੜਨ ਲਈ ਜਾਂਚ ਕਰ ਰਹੀ ਹੈ।
ਇਸ ਮਾਮਲੇ ਅਤੇ ਨਨਕਾਣਾ ਸਾਹਿਬ ਉੱਤੇ ਭਾਰਤ ਸਰਕਾਰ ਵਲੋਂ ਕੀਤੇ ਜਾ ਰਹੇ ਪ੍ਰਚਾਰ ਤੋਂ ਗੁੱਸੇ ਵਿਚ ਆਏ ਪਾਕਿਸਤਾਨ ਨੇ ਨਰਾਜ਼ਗੀ ਪ੍ਰਗਟਾਉਣ ਲਈ ਭਾਰਤੀ ਦੂਤਾਵਾਸ ਦੇ ਅਧਿਕਾਰੀ ਨੂੰ ਤਲਬ ਕੀਤਾ ਹੈ।
ਇਹ ਵੀ ਪੜ੍ਹੋ:
ਪਰਵਿੰਦਰ ਸਿੰਘ ਨੌਜਵਾਨ ਗਾਇਕ ਸਨ, ਜਿਨ੍ਹਾਂ ਦਾ ਕਤਲ ਸ਼ਨੀਵਾਰ (5 ਜਨਵਰੀ, 2020) ਨੂੰ ਹੋਇਆ ਸੀ। ਪਰਵਿੰਦਰ ਸਿੰਘ ਕੁਝ ਦਿਨ ਪਹਿਲਾਂ ਹੀ ਮਲੇਸ਼ੀਆ ਤੋਂ ਪਰਤੇ ਸਨ ਅਤੇ ਆਪਣੇ ਵਿਆਹ ਦੀ ਤਿਆਰੀ ਲਈ ਸ਼ਾਂਗਲਾ ਜਿਲ੍ਹੇ ਵਿੱਚ ਗਏ ਹੋਏ ਸਨ।
ਕਤਲ ਤੋਂ ਪਹਿਲਾਂ 3 ਜਨਵਰੀ ਨੂੰ ਪਰਵਿੰਦਰ ਆਪਣੇ ਇੱਕ ਜਾਣਕਾਰ ਦੇ ਸਸਕਾਰ ਵਿੱਚ ਸ਼ਾਮਿਲ ਹੋਣ ਲਈ ਸ਼ਾਂਗਲਾ ਵਿੱਚ ਮੌਜੂਦ ਸਨ ਅਤੇ ਇਸ ਤੋਂ ਬਾਅਦ ਉਹ ਆਪਣੇ ਭਰਾ ਹਰਮੀਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਪੇਸ਼ਾਵਰ ਲਈ ਨਿਕਲੇ ਸਨ।
ਪੱਤਰਕਾਰ ਤੇ ਟੀਵੀ ਐਂਕਰ ਹਰਮੀਤ ਸਿੰਘ ਨੇ ਆਪਣੇ ਭਰਾ ਦੇ ਕਤਲ ਮਾਮਲੇ 'ਚ ਬੀਬੀਸੀ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਪਰਵਿੰਦਰ ਦੇ ਹੀ ਮੋਬਾਈਲ ਫ਼ੋਨ ਤੋਂ ਕਿਸੇ ਅਣਪਛਾਤੇ ਵਿਅਕਤੀ ਦੀ ਕਾਲ ਆਈ ਸੀ ਕਿ ਉਨ੍ਹਾਂ ਨੇ ਪਰਵਿੰਦਰ ਨੂੰ ਮਾਰ ਦਿੱਤਾ ਹੈ ਅਤੇ ਲਾਸ਼ ਪੇਸ਼ਾਵਰ ਦੇ ਚਮਕਾਨੀ ਇਲਾਕੇ 'ਚ ਪਈ ਹੈ।
ਹਰਮੀਤ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਹਰਮੀਤ ਮੁਤਾਬਕ ਪਰਵਿੰਦਰ ਸਿੰਘ ਪੇਸ਼ਾਵਰ ਖ਼ਰੀਦਾਰੀ ਲਈ ਗਏ ਸਨ ਕਿਉਂਕਿ ਉਨ੍ਹਾਂ ਦਾ ਵਿਆਹ ਫ਼ਰਵਰੀ ਵਿੱਚ ਹੋਣਾ ਤੈਅ ਹੋਇਆ ਸੀ।
ਪੁਲਿਸ ਅਫ਼ਸਰ ਮੁਹੰਮਦ ਰਿਆਜ਼ ਨੇ ਕਿਹਾ ਕਿ ਉਨ੍ਹਾਂ ਨੇ ਪੜਤਾਲ ਸ਼ੂਰੁ ਕਰ ਦਿੱਤੀ ਹੈ ਅਤੇ ਸਥਾਨਕ ਇਲਾਕੇ ਤੋਂ ਕੁਝ ਜਾਣਕਾਰੀ ਵੀ ਜੁਟਾ ਲਈ ਹੈ।
ਉਨ੍ਹਾਂ ਅੱਗੇ ਕਿਹਾ, ''ਇਸ ਮਾਮਲੇ 'ਚ ਮੋਬਾਈਲ ਫ਼ੋਨ ਦਾ ਡਾਟਾ ਅਤੇ ਸੀਸੀਟੀਵੀ ਫੁਟੇਜ ਵੀ ਕਾਤਲਾਂ ਤੱਕ ਪਹੁੰਚਣ ਲਈ ਇਕੱਠੀ ਕੀਤੀ ਗਈ ਹੈ।''
ਮੁੰਹਮਦ ਰਿਆਜ਼ ਨੇ ਕਿਹਾ ਕਿ ਕਤਲ ਪਿੱਛੇ ਕੋਈ ਵਜ੍ਹਾ ਨਜ਼ਰ ਨਹੀਂ ਆ ਰਹੀ ਪਰ ਨਾਲ ਹੀ ਉਨ੍ਹਾਂ ਕਿਸੇ ਧਾਰਮਿਕ ਗਰੁੱਪ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ।
ਕਤਲ ਹੋਏ ਸਿੱਖ ਨੌਜਵਾਨ ਪਰਵਿੰਦਰ ਸਿੰਘ ਦੀ ਉਮਰ 30 ਸਾਲ ਦੇ ਕਰੀਬ ਸੀ ਅਤੇ ਪਰਵਿੰਦਰ ਨੇ ਪਸ਼ਤੋ ਟੀਵੀ ਅਤੇ ਯੂ-ਟਿਊਬ ਚੈਨਲ ਲਈ ਕੁਝ ਗੀਤ ਵੀ ਗਾਏ ਸਨ। ਪਰਵਿੰਦਰ ਮਲੇਸ਼ੀਆ ਕੰਮ ਕਾਜ ਦੇ ਸਿਲਸਿਲੇ ਚ ਗਏ ਸਨ ਕੁਝ ਦਿਨ ਪਹਿਲਾਂ ਹੀ ਉੱਥੋਂ ਪਰਤੇ ਸਨ।
ਪਾਕਿਸਤਾਨੀ ਦੀ ਨਰਾਜ਼ਗੀ
ਬੀਬੀਸੀ ਪੱਤਰਕਾਰ ਸ਼ੁਮਾਇਲਾ ਜ਼ਾਫ਼ਰੀ ਪਾਕਿਸਤਾਨ ਪਰਵਿੰਦਰ ਸਿੰਘ ਦੇ ਕਤਲ ਅਤੇ ਨਨਕਾਣਾ ਸਾਹਿਬ ਉੱਤੇ ਪਥਰਾਅ ਦੇ ਮਾਮਲੇ ਵਿਚ ਭਾਰਤ ਵਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਅਧਾਰਹੀਣ ਕਰਾਰ ਦੇ ਰਿਹਾ ਹੈ।
ਪਾਕਿਸਤਾਨ ਦੇ ਦੱਖਣੀ ਏਸ਼ੀਆ ਤੇ ਸਾਰਕ ਮਾਮਲਿਆਂ ਦੇ ਡਾਇਰੈਕਟਰ ਜ਼ਾਹਿਦ ਹਾਫ਼ਿ਼ਜ ਚੌਧਰੀ ਨੇ ਭਾਰਤੀ ਚਾਰਜ ਅਫੇਰਜ਼ ਗੌਰਵ ਆਹਲੂਵਾਲੀਆਂ ਨੂੰ ਤਲਬ ਕੀਤਾ ਹੈ। ਪਾਕਿਸਤਾਨ ਨੇ ਭਾਰਤੀ ਇਲਜ਼ਾਮਾਂ ਨੂੰ ਤੱਥਹੀਣ ਕਰਾਰ ਦਿੱਤਾ।
ਪਾਕਿਸਤਾਨ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਨਨਕਾਣਾ ਸਾਹਿਬ ਦੀ ਘਟਨਾ ਅਤੇ ਸਿੱਖ ਨੌਜਵਾਨ ਦੇ ਕਤਲ ਮਾਮਲੇ ਉੱਤੇ ਭਾਰਤ ਤੱਥਹੀਣ ਦੋਸ਼ ਲਗਾ ਕੇ ਭਾਰਤ ਸ਼ਾਸ਼ਿਤ ਕਸ਼ਮੀਰ ਵਿਚ ਕੀਤੇ ਜਾ ਰਹੇ ਆਪਣੇ ''ਸਰਕਾਰੀ ਅੱਤਵਾਦ'' ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀਡੀਓਜ਼ ਵੀ ਵੇਖੋ