ਪਾਕਿਸਤਾਨ ਦੇ ਸਿੱਖ ਪੱਤਰਕਾਰ ਹਰਮੀਤ ਸਿੰਘ ਦੇ ਭਰਾ ਦਾ ਪੇਸ਼ਾਵਰ ’ਚ ਕਤਲ

ਪਾਕਿਸਤਾਨ ਦੇ ਨਨਕਾਣਾ ਸਾਹਿਬ ਗੁਰਦੁਆਰੇ 'ਚ ਹੋਏ ਹਮਲੇ ਤੋਂ ਬਾਅਦ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਪੇਸ਼ਾਵਰ 'ਚ ਇੱਕ ਸਿੱਖ ਨੌਜਵਾਨ ਦਾ ਕਤਲ ਹੋਇਆ ਹੈ।

ਮ੍ਰਿਤਕ ਪਰਵਿੰਦਰ ਸਿੰਘ ਪਾਕਿਸਤਾਨ ਦੇ ਸਿੱਖ ਪੱਤਰਕਾਰ ਹਰਮੀਤ ਸਿੰਘ ਦਾ ਭਰਾ ਸੀ।

ਪੇਸ਼ਾਵਰ ਤੋਂ ਬੀਬੀਸੀ ਪੱਤਰਕਾਰ ਅਜ਼ੀਜ਼ ਉੱਲਾਹ ਮੁਤਾਬਕ ਪੁਲਿਸ ਨੇ ਦੱਸਿਆ, "ਰਵਿੰਦਰ ਸਿੰਘ ਖ਼ੈਬਰ ਪਖ਼ਤੂਨਖਵਾ ਇਲਾਕੇ ਦੇ ਸ਼ਾਂਗਲਾ ਤੋਂ ਆ ਰਿਹਾ ਸੀ। ਉਸਨੂੰ ਗੋਲੀ ਮਾਰੀ ਗਈ ਅਤੇ ਪੇਸ਼ਾਵਰ ਦੇ ਚਮਕਾਨੀ ਇਲਾਕੇ 'ਚ ਜੀਟੀ ਰੋਡ 'ਤੇ ਲਾਸ਼ ਨੂੰ ਸੁੱਟ ਦਿੱਤਾ ਗਿਆ।"

ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਹੀ ਮੋਬਾਇਲ ਤੋਂ ਉਸਦੇ ਭਰਾ ਨੂੰ ਫ਼ੋਨ ਕੀਤਾ ਗਿਆ ਕਿ ਉਸਦੀ ਲਾਸ਼ ਜੀਟੀ ਰੋਡ 'ਤੇ ਪਈ ਹੈ। ਲਾਸ਼ ਨੂੰ ਇੱਕ ਚੱਦਰ 'ਚ ਲਪੇਟਿਆ ਗਿਆ ਸੀ।

ਉਨ੍ਹਾਂ ਅੱਗੇ ਦੱਸਿਆ, "ਪਰਵਿੰਦਰ ਮਲੇਸ਼ਿਆ 'ਚ ਬਿਜ਼ਨੇਸ ਕਰਦਾ ਸੀ। ਉਸ ਦਾ ਵਿਆਹ ਹੋਣ ਵਾਲਾ ਸੀ।"

ਮ੍ਰਿਤਕ ਦੇ ਭਰਾ ਹਰਮੀਤ ਸਿੰਘ ਮੁਤਾਬ਼ਕ ਪਰਵਿੰਦਰ ਦੀ ਕਿਸੀ ਨਾਲ ਕੋਈ ਦੁਸ਼ਮਣੀ ਨਹੀਂ ਸੀ।

ਇਹ ਵੀ ਪੜ੍ਹੋ

ਚੈਨ ਨਾਲ ਨਹੀ ਬੈਠਾਂਗੇ- ਹਰਮੀਤ ਸਿੰਘ

ਮ੍ਰਿਤਕ ਦੇ ਭਰਾ ਹਰਮੀਤ ਸਿੰਘ ਦੀ ਵੀ ਇੱਕ ਵੀਡਿਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਉਹ ਰੌਂਦੇ ਹੋਇ ਇਨਸਾਫ਼ ਦੀ ਮੰਗ ਕਰ ਰਿਹਾ ਹੈ।

ਹਰਮੀਤ ਸਿੰਘ ਨੇ ਕਿਹਾ, "ਘੱਟ ਗਿਣਤੀ ਕਿਸੇ ਵੀ ਮੁਲਕ ਦੀ ਖ਼ੂਬਸੂਰਤੀ ਹੁੰਦੀ ਹੈ ਤੇ ਕਰੋੜਾਂ ਦੇ ਫੰਡ ਇਨ੍ਹਾਂ ਦੀ ਸੁਰੱਖਿਆਂ ਅਤੇ ਵਿਕਾਸ ਲਈ ਰੱਖੇ ਜਾਂਦੇ ਹਨ। ਪਰ ਹਰ ਸਾਲ ਸਾਨੂੰ ਲਾਸ਼ਾਂ ਉਠਾਉਣੀਆਂ ਪੈਂਦੀਆਂ ਹਨ।"

ਉਨ੍ਹਾਂ ਅੱਗੇ ਕਿਹਾ ਕਿ ਜੱਦੋਂ ਤੱਕ ਉਨ੍ਹਾਂ ਦੇ ਭਰਾ ਦੇ ਕਾਤਿਲਾਂ ਨੂੰ ਨਹੀਂ ਫੜਿਆ ਜਾਂਦਾ, ਉਹ ਚੈਨ ਨਾਲ ਨਹੀਂ ਬੈਠਣਗੇ।

ਵਿਦੇਸ਼ ਮੰਤਰਾਲੇ ਨੇ ਕੀਤੀ ਘਟਨਾ ਦੀ ਨਿਖ਼ੇਧੀ

ਵਿਦੇਸ਼ ਮੰਤਰਾਲੇ ਨੇ ਰਵਿੰਦਰ ਸਿੰਘ ਦੀ ਮੌਤ ਦੀ ਘਟਨਾ ਦੀ ਸਖ਼ਤ ਨਿਖ਼ੇਧੀ ਕੀਤੀ ਹੈ।

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਇਹ ਮੁੱਦਾ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨਾਲ ਚੁੱਕਣ ਲਈ ਕਿਹਾ।

ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਘਟਨਾ ਬਾਰੇ ਟਵੀਟ ਕੀਤਾ ਹੈ।

ਉਨ੍ਹਾਂ ਟਵੀਟ ਕਰਕੇ ਕਿਹਾ, ਪਾਕਿਸਤਾਨ ਸਰਕਾਰ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਵੇ। ਇਮਰਾਨ ਖ਼ਾਨ ਲਈ ਸਮਾਂ ਆ ਗਿਆ ਹੈ ਕਿ ਜੋ ਉਹ ਕਹਿੰਦੇ ਹਨ ਉਸ 'ਤੇ ਅਮਲ ਕਰਨ।''

ਦਿੱਲੀ ਕਮੇਟੀ ਦੇ ਮੁਖੀ ਨੇ ਕੀ ਕਿਹਾ?

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਕਿਹਾ ਕਿ ਪਾਕਿਸਤਾਨ ਦੇ ਸਿੱਖ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਤੋਂ ਅਜੇ ਉਭਰੇ ਨਹੀਂ ਸੀ ਕਿ ਪੇਸ਼ਾਵਰ 'ਚ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।

ਸਿਰਸਾ ਨੇ ਅੱਗੇ ਕਿਹਾ, "ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖ਼ਾਨ ਦੀ ਚੁੱਪੀ ਕਾਰਨ ਹੀ ਇਹ ਸਭ ਹੋ ਰਿਹਾ ਹੈ। ਪਾਕਿਸਤਾਨ 'ਚ ਘੱਟ ਗਿਣਤੀ ਸੁਰੱਖਿਅਤ ਨਹੀਂ ਹਨ।"

ਇਹ ਵੀ ਪੜ੍ਹੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)