ਨਨਕਾਣਾ ਸਾਹਿਬ : ਭਾਰਤੀ ਮੁਸਲਮਾਨਾਂ ਦੀ ਛੱਡ ਪਾਕਿਸਤਾਨੀ ਸਿੱਖਾਂ ਦੀ ਚਿੰਤਾ ਕਰਨ ਇਮਰਾਨ : ਓਵੈਸੀ - 5 ਅਹਿਮ ਖ਼ਬਰਾਂ

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਰੱਦ ਕੀਤਾ ਜਿੰਨ੍ਹਾਂ ਚ ਦਾਅਵਾ ਕੀਤਾ ਗਿਆ ਸੀ ਕਿ ਸ਼ੁੱਕਰਵਾਰ ਨੂੰ ਭੜਕੀ ਭੀੜ ਦੇ ਹਮਲੇ ਚ ਗੁਰਦੁਆਰੇ ਨਨਕਾਣਾ ਸਾਹਿਬ ਨੂੰ ਨੁਕਸਾਨ ਪਹੁੰਚਿਆ ਹੈ।

ਪਾਕਸਿਤਾਨੀ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਬਿਲਕੁੱਲ ਸੁਰੱਖਿਆ ਰਹੀ। ਇਮਾਰਤ ਨੂੰ 'ਨਾ ਕਿਸੇ ਨੇ ਛੂਹਿਆ ਅਤੇ ਨਾ ਕੋਈ ਨੁਕਸਾਨ' ਹੋਇਆ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਦਾਅਵੇ ਮੁਤਾਬਕ ਲਹਿੰਦੇ ਪੰਜਾਬ ਦੀ ਸੂਬਾ ਸਰਕਾਰ ਦੇ ਹਵਾਲੇ ਨਾਲ ਦੱਸਿਆ, 'ਇਹ ਅਸਲ ਵਿਚ ਦੋ ਮੁਸਲਿਮ ਗੁੱਟਾਂ ਨਿੱਜੀ ਲੜਾਈ ਸੀ। ਵਿਵਾਦ ਦੀ ਜੜ੍ਹ ਚਾਹ ਦੀ ਦੁਕਾਨ ਉੱਤੇ ਹੋਇਆ ਇੱਕ ਝਗੜਾ ਸੀ ਅਤੇ ਪ੍ਰਸ਼ਾਸਨ ਨੇ ਮੌਕੇ ਸਿਰ ਦਖ਼ਲ ਦੇ ਕੇ ਹਾਲਾਤ ਨੂੰ ਤੁਰੰਤ ਕਾਬੂ ਕਰ ਲਿਆ ਸੀ।

ਪਾਕਿਸਤਾਨੀ ਸਿੱਖਾਂ ਦੀ ਫ਼ਿਕਰ ਕਰਨ ਇਮਰਾਨ

ਇਸੇ ਦੌਰਾਨ ਭਾਰਤ ਦੇ ਮੁਸਲਿਮ ਆਗੂ ਅਸਦੁਦੀਨ ਓਵੈਸੀ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਿਹਾ ਹੈ ਕਿ ਉਹ ਭਾਰਤੀ ਮੁਸਲਮਾਨਾਂ ਦੀ ਫ਼ਿਕਰ ਨਾ ਕਰਨ ਤੇ ਆਪਣਾ ਮੁਲਕ ਸੰਭਾਲਣ।

ਓਵੈਸੀ ਨੇ ਕਿਹਾ, "ਸਾਨੂੰ ਭਾਰਤੀ ਮੁਸਲਮਾਨ ਹੋਣ ਤੇ ਫਖ਼ਰ ਹੈ ਤੇ ਅੱਗੇ ਵੀ ਰਹੇਗਾ। ਅਸੀਂ ਜਿਨਾਹ ਦੇ ਗਲਤ ਸਿਧਾਂਤ ਨੂੰ ਇਸੇ ਲਈ ਰੱਦ ਕੀਤਾ ਸੀ।

ਉਨ੍ਹਾਂ ਨੇ ਇਹ ਪ੍ਰਤੀਕਿਰਿਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਬੰਗਲਾਦੇਸ਼ ਦੀ ਇੱਕ ਵੀਡੀਓ ਨੂੰ ਉੱਤਰ ਪ੍ਰਦੇਸ਼ ਦੀ ਦੱਸੇ ਜਾਣ ’ਤੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਮਰਾਨ ਨੂੰ ਭਾਰਤੀ ਮੁਸਲਮਾਨਾਂ ਦੀ ਫ਼ਿਕਰ ਦੀ ਥਾਂ ਪਾਕਿਸਤਾਨ ਦੇ ਸਿੱਖਾਂ ਤੇ ਗੁਰਦੁਆਰੇ ਉੱਤੇ ਹੋ ਰਹੇ ਹਮਲਿਆਂ ਨੂੰ ਰੋਕਣਾ ਚਾਹੀਦਾ ਹੈ।

ਤੇਲੰਗਾਨਾ ਦੇ ਸੰਗਾਰੇਡੀ ਵਿੱਚ ਇੱਕ ਜਲਸੇ ਨੂੰ ਸੰਬੋਧਨ ਕਰਦਿਆਂ ਓਵੈਸੀ ਨੇ ਕਿਹਾ "ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਤੁਸੀਂ ਹਿੰਦੁਸਤਾਨ ਦੀ ਫ਼ਿਕਰ ਕਰਨਾ ਛੱਡ ਦਿਓ, ਸਾਡੇ ਲਈ ਅੱਲ੍ਹਾ ਕਾਫ਼ੀ ਹੈ। ਮਿਸਟਰ ਇਮਰਾਨ ਖ਼ਾਨ ਆਪਣੇ ਦੇਸ਼ ਦੀ ਫ਼ਿਕਰ ਕਰੋ, ਸਾਡੀ ਨਹੀਂ।"

ਉਨ੍ਹਾਂ ਨੇ ਕਿਹਾ, "ਧਰਤੀ ਦੀ ਕੋਈ ਤਾਕਤ ਸਾਥੋਂ ਸਾਡੀ ਭਾਰਤੀਅਤਾ ਤੇ ਸਾਡੀ ਧਾਰਮਿਕ ਪਛਾਣ ਖੋਹ ਨਹੀਂ ਸਕਦੀ ਕਿਉਂਕਿ ਭਾਰਤੀ ਸੰਵਿਧਾਨ ਨੇ ਸਾਨੂੰ ਇਸਦੀ ਗਰੰਟੀ ਦਿੱਤੀ ਹੈ।"

ਇਹ ਵੀ ਪੜ੍ਹੋ:

‘ਸਿੱਖ-ਮੁਸਲਮਾਨਾਂ ਦੀ ਦੋਸਤੀ ਦਾ ਪੁਖਤਾ ਸਬੂਤ’

ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿੱਚ ਸ਼ੁੱਕਰਵਾਰ ਦੀ ਘਟਨਾ ਤੋਂ ਬਾਅਦ ਘੱਟਗਿਣਤੀਆਂ ਦੇ ਆਗੂਆਂ ਦਾ ਇਕੱਠ ਹੋਇਆ। ਇਸ ਮੌਕੇ ਪਾਕ ਵਿੱਚ ਸਿੱਖ ਆਗੂ, ਜ਼ਿਲ੍ਹੇ ਦੇ ਡੀਸੀ, ਡੀਪੀਓ, ਵਿਧਾਇਕ ਤੇ ਮੁਸਲਿਮ ਧਾਰਮਿਕ ਨੇਤਾ ਵੀ ਮੌਜੂਦ ਰਹੇ।

ਸਿੱਖ ਆਗੂ ਗੋਪਾਲ ਸਿੰਘ ਨੇ ਇਸ ਮੌਕੇ ਆਪਣੀ ਮੰਗ ਰੱਖਦਿਆਂ ਕਿਹਾ, ''ਇਸ ਨੂੰ ਸਿੱਖ-ਮੁਸਲਿਮ ਫਸਾਦ ਦਾ ਦਰਜਾ ਨਾ ਦਿੱਤਾ ਜਾਵੇ। ਇਹ ਇੱਕ ਪਰਿਵਾਰ ਦਾ ਮਸਲਾ ਹੈ ਅਤੇ ਕਾਰਵਾਈ ਸਿਰਫ਼ ਮੁਲਜ਼ਮਾਂ ਖਿਲਾਫ਼ ਹੀ ਹੋਵੇ।'' ਪੂਰੀ ਖ਼ਬਰ ਪੜ੍ਹੋ

ਕਰਤਾਰਪੁਰ ਸਾਹਿਬ ਕੰਪਲੈਕਸ ਅੰਦਰ ਕਿਹੋ ਜਿਹਾ ਹੈ ਮਾਹੌਲ

ਨਨਕਾਣਾ ਸਾਹਿਬ 'ਤੇ ਪਥਰਾਅ ਤੋਂ ਬਾਅਦ ਕਰਤਾਰਪੁਰ ਸਾਹਿਬ ਕੰਪਲੈਕਸ ਅੰਦਰ ਕਿਹੋ ਜਿਹਾ ਹੈ ਮਾਹੌਲ। ਕਰਤਾਰਪੁਰ ਸ਼ਰਧਾਲੂਆਂ ਨੇ ਦੱਸਿਆ ਉੱਥੇ ਉਨ੍ਹਾਂ ਨਾਲ ਕਿਹੋ ਜਿਹਾ ਵਤੀਰਾ ਹੋਇਆ। ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨੇ ਕਰਤਾਰਪੁਰ ਸਾਹਿਬ ਦਰਸ਼ਨ ਕਰਕੇ ਪਰਤੇ ਕੁਝ ਸ਼ਰਧਾਲੂਆਂ ਤੋਂ ਉੱਥੋਂ ਦੇ ਹਾਲਾਤ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ।

ਈਰਾਨ ਨੂੰ ਟਰੰਪ ਦੀ ਧਮਕੀ

ਸ਼ੁੱਕਰਵਾਰ ਨੂੰ ਬਗਦਾਦ ਹਵਾਈ ਅੱਡੇ ’ਤੇ ਅਮਰੀਕੀ ਕਾਰਵਾਈ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕਿਸੇ ਅਮਰੀਕੀ ਟਿਕਾਣੇ ਜਾਂ ਅਮਰੀਕੀ ਜਾਇਦਾਦ 'ਤੇ ਹਮਲਾ ਕੀਤਾ ਗਿਆ ਤਾਂ ਅਮਰੀਕਾ 52 ਈਰਾਨੀ ਸ਼ਹਿਰਾਂ ਨੂੰ 'ਨਿਸ਼ਾਨਾ' ਬਣਾਵੇਗਾ।

ਟਰੰਪ ਦਾ ਇਹ ਵੀ ਕਹਿਣਾ ਸੀ ਇਹ ਹਮਲਾ 'ਤੇਜ਼ੀ ਨਾਲ ਅਤੇ ਬਹੁਤ ਜ਼ੋਰ ਨਾਲ' ਕੀਤਾ ਜਾਵੇਗਾ।

ਬਗਦਾਦ ਹਵਾਈ ਅੱਡੇ ਦੇ ਬਾਹਰ ਸ਼ੁੱਕਰਵਾਰ ਨੂੰ ਈਰਾਨ ਦੇ ਫੌਜੀ ਕਮਾਂਡਰ ਜਨਰਲ ਕਾਮਿਸ ਸੁਲੇਮਾਨੀ ਅਮਰੀਕਾ ਦੇ ਹਵਾਈ ਹਮਲੇ ਵਿਚ ਮਾਰੇ ਗਏ ਸਨ। ਈਰਾਨ ਨੇ ਕਿਹਾ ਸੀ ਕਿ ਉਹ ਇਸ ਦਾ ਬਦਲਾ ਜ਼ਰੂਰ ਲਵੇਗਾ। ਪੂਰੀ ਖ਼ਬਰ ਪੜ੍ਹੋ

ਇਰਾਕ ਵਿੱਚ ਅਮਰੀਕੀ ਅੰਬੈਸੀ ਨੇੜੇ ਰਾਕਟ ਹਮਲਾ

ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਰਾਕੇਟ ਦਾਗੇ ਜਾਣ ਦੀ ਖ਼ਬਰ ਹੈ। ਸੁਰੱਖਿਆ ਸੂਤਰਾਂ ਮੁਤਾਬਕ ਇੱਕ ਰਾਕੇਟ ਅਮਰੀਕੀ ਅੰਬੈਸੀ ਦੇ ਗ੍ਰੀਨ ਜ਼ੋਨ ਕੋਲ ਡਿੱਗਿਆ ਜਦਕਿ ਦੋ ਹੋਰ ਬਗਦਾਦ ਦੇ ਬਲਾਦ ਏਅਰਬੇਸ 'ਤੇ ਦਾਗੇ ਗਏ। ਇੱਥੇ ਅਮਰੀਕੀ ਫੌਜਾਂ ਦਾ ਟਿਕਾਣਾ ਹੈ।

ਇਰਾਕ ਦੀ ਪੁਲਿਸ ਮੁਤਾਬਕ ਬਗਦਾਦ ਦੇ ਜਦਰੀਆ ਇਲਾਕੇ ਵਿੱਚ ਮਿਜ਼ਾਈਲ ਹਮਲੇ ਵਿੱਚ ਘੱਟੋ-ਘੱਟ ਪੰਜ ਲੋਕ ਜ਼ਖਮੀ ਹੋਏ ਹਨ। ਪੂਰੀ ਖ਼ਬਰ ਪੜ੍ਹੋ

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)