ਨਨਕਾਣਾ ਸਾਹਿਬ ਘਟਨਾ 'ਤੇ ਪਾਕਿਸਤਾਨ ਨੇ ਕੀ ਕਿਹਾ

ਪਾਕਿਸਤਾਨ 'ਚ ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਸ਼ੁੱਕਰਵਾਰ ਸ਼ਾਮੀਂ ਹੋਈ ਪੱਥਰਬਾਜ਼ੀ ਦੀ ਘਟਨਾ 'ਤੇ ਭਾਰਤ ਨੇ ਨਾਰਾਜ਼ਗੀ ਦਿਖਾਈ ਹੈ ਪਰ ਪਾਕਿਸਤਾਨ ਸਰਕਾਰ ਦਾ ਰੁੱਖ਼ ਇਸ ਤੋਂ ਬਿਲਕੁਲ ਵੱਖ ਹੈ।

ਗੁਰਦੁਆਰਾ ਨਨਕਾਣਾ ਸਾਹਿਬ ਉਹ ਥਾਂ ਹੈ ਜਿੱਥੇ 1469 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਸ਼ੁੱਕਰਵਾਰ ਨੂੰ ਗੁੱਸੇ ਵਿੱਚ ਆਈ ਭੀੜ ਨੇ ਗੁਰਦੁਆਰੇ ਨੂੰ ਘੇਰ ਲਿਆ ਸੀ ਤੇ ਪਥਰਾਅ ਵੀ ਕੀਤਾ ਸੀ।

ਪਾਕਿਸਤਾਨ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਨਕਾਣਾ ਸਾਹਿਬ ਦੀ ਘਟਨਾ ਸਿਰਫ਼ ਦੋ ਮੁਸਲਿਮ ਧਿਰਾਂ ਵਿਚਾਲੇ ਬਹਿਸਬਾਜ਼ੀ ਸੀ।

ਬਿਆਨ ਮੁਤਾਬਕ, ''ਪੰਜਾਬ ਸੂਬੇ ਦੇ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਕਿ ਤਿੰਨ ਜਨਵਰੀ ਨੂੰ ਨਨਕਾਣਾ ਸਾਹਿਬ ਵਿੱਚ ਦੋ ਮੁਸਲਿਮ ਗੁਟਾਂ ਵਿਚਾਲੇ ਹੱਥੋਪਾਈ ਹੋਈ ਸੀ। ਚਾਹ ਦੀ ਦੁਕਾਨ ਉੱਤੇ ਮਾਮੂਲੀ ਜਿਹੀ ਗੱਲ ਕਰਕੇ ਵਿਵਾਦ ਵਧਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕਰਕੇ ਹਿਰਾਸਤ ਵਿੱਚ ਲੈ ਲਿਆ।''

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਸ ਸਾਰੇ ਮੁੱਦੇ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

''ਗੁਰਦੁਆਰੇ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ। ਗੁਰਦੁਆਰੇ ਦੀ ਬੇਅਦਬੀ ਅਤੇ ਨੁਕਸਾਨ ਪਹੁੰਚਾਏ ਦੀ ਗੱਲ੍ਹ ਝੂਠੀ ਹੈ।''

ਇਹ ਵੀ ਪੜ੍ਹੋ:

ਪਾਕਿਸਤਾਨ ਦੇ ਗ੍ਰਹਿ ਮੰਤਰੀ ਏਜਾਜ਼ ਸ਼ਾਹ ਨੇ ਬੀਬੀਸੀ ਪੱਤਰਕਾਰ ਸ਼ਹਿਜ਼ਾਦ ਮਲਿਕ ਨੂੰ ਕਿਹਾ ਹੈ ਕਿ ਇੱਕ ਵਿਅਕਤੀਗਤ ਲੜਾਈ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ।

ਉਨ੍ਹਾਂ ਨੇ ਦੱਸਿਆ ਹੈ ਕਿ ਵੀਡੀਓ ਵਿੱਚ ਨਾਅਰੇ ਲਗਵਾਉਂਦੇ ਦਿਖਾਈ ਦੇ ਰਹੇ ਲੋਕ ਧਾਰਮਿਕ ਰੁਝਾਨ ਰੱਖਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਤੱਕ ਇਸ ਮਾਮਲੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਉੱਥੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸੂਚਨਾ ਮੰਤਰੀ ਫ਼ੈਯਾਜ ਉਲ ਹਸਨ ਚੌਹਾਨ ਨੇ ਬੀਬੀਸੀ ਨੂੰ ਕਿਹਾ, "ਭਾਰਤ ਅਤੇ ਭਾਰਤੀ ਮੀਡੀਆ ਇਸ ਮਾਮਲੇ ਨੂੰ ਗ਼ਲਤ ਰੰਗ ਦੇ ਕੇ ਨਾਗਰਿਕਤਾ ਸੋਧ ਕਾਨੂੰਨ ਅਤੇ ਕਸ਼ਮੀਰ ਤੋਂ ਧਿਆਨ ਹਟਾਉਣਾ ਚਾਹੁੰਦਾ ਹੈ।"

ਸੂਚਨਾ ਮੰਤਰੀ ਚੌਹਾਨ ਦਾ ਕਹਿਣਾ ਹੈ ਕਿ ਇਹ ਇੱਕ ਵਿਅਕਤੀਗਤ ਲੜਾਈ ਦਾ ਮਾਮਲਾ ਸੀ ਅਤੇ ਘਟਨਾ ਦੇ ਕੁਝ ਘੰਟਿਆਂ ਬਾਅਦ ਹੀ ਹਾਲਾਤ ਨੂੰ ਕਾਬੂ ਕਰ ਲਿਆ ਗਿਆ ਸੀ।

ਨਨਕਾਣਾ ਸਾਹਿਬ ਗੁਰਦੁਆਰੇ ਬਾਹਰ ਪ੍ਰਦਰਸ਼ਨ ਕਰਨ ਵਾਲੇ ਨੇ ਮੰਗੀ ਮੁਆਫ਼ੀ

ਤਿੰਨ ਜਨਵਰੀ ਨੂੰ ਗੁਰਦੁਆਰੇ ਬਾਹਰ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਇਮਰਾਨ ਅਲੀ ਚਿਸ਼ਤੀ ਨੇ ਵੀਡੀਓ ਜਾਰੀ ਕਰਕੇ ਉਸ ਘਟਨਾ ਬਾਰੇ ਮੁਆਫ਼ੀ ਮੰਗੀ ਹੈ।

ਚਿਸ਼ਤੀ ਨੇ ਕਿਹਾ, "ਜਿਵੇਂ ਤੁਸੀਂ ਕੱਲ੍ਹ ਦੇਖਿਆ ਕਿ ਮੈਂ ਜਜ਼ਬਾਤ 'ਚ ਕਈ ਸਾਰੀਆਂ ਗੱਲਾਂ ਕਰ ਗਿਆ। ਜਿਸ ਵਿੱਚ ਗੁਰਦੁਆਰੇ ਬਾਰੇ ਵੀ ਸੀ ਤੇ ਸਿੱਖਾਂ ਬਾਰੇ ਵੀ ਸੀ। ਸਾਡਾ ਗੁਰਦੁਆਰੇ ਦਾ ਘਿਰਾਓ ਕਰਨ ਅਤੇ ਪੱਥਰਬਾਜ਼ੀ ਕਰਨ ਦਾ ਕੋਈ ਇਰਾਦਾ ਨਹੀਂ ਸੀ। ਅਜਿਹਾ ਅਸੀਂ ਕੀਤਾ ਨਹੀਂ ਹੈ ਨਾ ਹੀ ਕਰਾਂਗੇ।"

ਮੈਂ ਜਜ਼ਬਾਤ 'ਚ ਕਈ ਗੱਲਾਂ ਬੋਲੀਆਂ, ਜੇ ਕਿਸੇ ਦਾ ਦਿਲ ਦੁਖਾਇਆ ਹੋਵੇ, ਭਾਵੇਂ ਉਹ ਕਿਤੇ ਵੀ ਹੋਵੇ ਤਾਂ ਮੈਂ ਮੁਆਫ਼ੀ ਚਾਹੁੰਦਾ ਹਾਂ। ਸਿੱਖ ਸਾਡੇ ਭਰਾ ਸਨ, ਭਰਾ ਹੈ ਅਤੇ ਭਰਾ ਰਹਿਣਗੇ। ਜਿਵੇਂ ਅਸੀਂ ਪਹਿਲਾਂ ਇਨ੍ਹਾਂ ਇੱਜ਼ਤ ਕਰਦੇ ਸੀ, ਉਵੇਂ ਕੀ ਕਰਾਂਗੇ। ਜਿਵੇਂ ਪਹਿਲਾਂ ਅਸੀਂ ਇਨ੍ਹਾਂ ਧਾਰਮਿਕ ਥਾਵਾਂ ਦੀ ਇੱਜ਼ਤ ਕਰਦੇ ਸੀ, ਉਸੇ ਤਰ੍ਹਾਂ ਦੀ ਕਰਦੇ ਰਹਾਂਗੇ।"

ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਪਥਰਾਅ ਦੌਰਾਨ ਚਿਸ਼ਤੀ ਇਹ ਕਹਿੰਦਾ ਸੁਣਾਈ ਦੇ ਰਿਹਾ ਸੀ, "ਅਸੀਂ ਤੁਹਾਡੀ ਇੱਟ ਨਾਲ ਇੱਟ ਵਜਾ ਦਿਆਂਗੇ, ਅਸੀਂ ਇੱਕ ਸਿੱਖ ਨਹੀਂ ਇੱਥੇ ਰਹਿਣ ਦੇਣਾ, ਇੰਸ਼ਾ ਅੱਲ੍ਹਾ ਤਾਲਾ, ਇਹ ਨਨਕਾਣੇ ਦਾ ਨਾਮ ਬਦਲ ਕੇ ਅਸੀਂ ਗ਼ੁਲਾਮ-ਏ-ਮੁਸਤਫਾ ਸ਼ਹਿਰ ਦਾ ਨਾਮ ਰੱਖਾਂਗੇ।"

ਕਿਸ ਨੇ ਕੀ ਕਿਹਾ?

ਉਸ ਸਮੇਂ ਗੁਰਦੁਆਰੇ ਦੇ ਅੰਦਰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾਉਣ ਪਹੁੰਚੀ ਸਿੱਖ ਸੰਗਤ ਵੀ ਸੀ। ਬਾਅਦ ਵਿੱਚ ਸੁਰੱਖਿਆ ਦਸਤਿਆਂ ਨੇ ਭੀੜ ਨੂੰ ਖਿੰਡਾਇਆ।

ਭਾਰਤੀ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸਿੱਧਾ ਦਖ਼ਲ ਦੇ ਕੇ ਉੱਥੇ ਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਸੀ।

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਨਨਕਾਣਾ ਸਾਹਿਬ ਗੁਰਦੁਆਰੇ ਤੇ ਪਥਰਾਅ ਦੀ ਘਟਨਾ ਦੀ ਨਿਖੇਧੀ ਕੀਤੀ ਹੈ।

ਕਾਂਗਰਸ ਪਾਰਟੀ ਨੇ ਉਨ੍ਹਾਂ ਦਾ ਬਿਆਨ ਟਵੀਟ ਕੀਤਾ। ਬਿਆਨ ਮੁਤਾਬਕ ਸੋਨੀਆ ਗਾਂਧੀ ਨੇ ਇਸ ਘਟਨਾ ਬਾਰੇ ਦੁਖ ਜ਼ਾਹਿਰ ਕਰਦਿਆਂ ਭਾਰਤ ਸਰਕਾਰ ਤੋਂ ਇਸ ਮਸਲੇ ਬਾਰੇ ਪਾਕਿਸਤਾਨ ਨਾਲ ਗੱਲ੍ਹਬਾਤ ਕਰਨ ਦੀ ਮੰਗ ਚੁੱਕੀ ਹੈ ਅਤੇ ਸਿੱਖ ਸ਼ਰਧਾਲੂਆਂ ਤੇ ਗੁਰਦੁਆਰੇ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ ਹੈ।

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਸੰਬੰਧ ਵਿੱਚ ਦੋ ਟਵੀਟ ਕੀਤੇ।

ਉਨ੍ਹਾਂ ਲਿਖਿਆ, "ਪਾਕਿਸਤਾਨ ਵਿੱਚ ਘੱਟ-ਗਿਣਤੀਆਂ 'ਤੇ ਅੱਤਿਆਚਾਰ ਸਚਾਈ ਹੈ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਅੱਜ ਦੇ ਹਮਲੇ ਨੇ ਇਸ ਦਾ ਭਿਆਨਕ ਚਿਹਰਾ ਦਿਖਾਇਆ ਹੈ। ਮੈਂ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਜਿਹੀਆਂ ਘੱਟ ਗਿਣਤੀਆਂ ਨੂੰ ਹੱਕ ਦੇਣ ਦੇ ਇਨਸਾਨੀਅਤ ਵਾਲੇ ਕਦਮ ਦਾ ਕਿਵੇਂ ਵਿਰੋਧ ਕਰ ਸਕਦੇ ਹਨ!"

ਅਗਲੇ ਟਵੀਟ ਵਿੱਚ ਉਨ੍ਹਾਂ ਲਿਖਿਆ, "ਪਾਕਿਸਤਾਨ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ! ਪਹਿਲਾਂ ਇੱਕ ਸਿੱਖ ਕੁੜੀ ਨੂੰ ਅਗਵਾ ਕੀਤਾ ਗਿਆ ਤੇ ਜ਼ਬਰਨ ਵਿਆਹ ਕਰਵਾਇਆ ਗਿਆ। ਹੁਣ ਅਗਵਾ ਕਰਨ ਵਾਲੇ ਪੀੜਤ ਦੇ ਪਰਿਵਾਰ ਤੇ ਪਵਿੱਤਰ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਤੇ ਹਮਲਾ ਕਰ ਰਹੇ ਹਨ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਜੈ ਸ਼ੰਕਰ ਪ੍ਰਰਸਾਦ ਨੂੰ ਬੇਨਤੀ ਕਰਦੀ ਹਾਂ ਕਿ ਉਹ ਯਕੀਨੀ ਬਣਾਉਣ ਕਿ ਪਾਕਿਸਤਾਨ ਇਸ ਜ਼ੁਲਮ ਨੂੰ ਬੰਦ ਕਰੇ ਤੇ ਪਾਕਿਸਤਾਨ ਵਿੱਚ ਸਿਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਵੇ।"

ਬ੍ਰਿਟੇਨ ਵਿੱਚ ਲੇਬਰ ਐੱਮਪੀ ਪ੍ਰੀਤ ਕੌਰ ਗਿੱਲ ਨੇ ਵੀ ਨਨਕਾਣਾ ਸਾਹਿਬ ਦੀ ਵੀਡੀਓ ਟਵੀਟ ਕਰਦਿਆਂ ਫ਼ਿਕਰ ਜ਼ਾਹਰ ਕੀਤਾ ਕਿ ਪਾਕਿਸਤਾਨ ਵਿੱਚ ਸਿੱਖਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ?

ਅਦਾਕਾਰ ਤੋਂ ਸਿਆਸਤਦਾਨ ਬਣੇ ਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਰਾਜ ਬੱਬਰ ਨੇ ਵੀ ਇਸ ਬਾਰੇ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ, " ਸਤਿਕਾਰਯੋਗ ਨਨਕਾਣਾ ਸਾਹਿਬ ਤੋਂ ਪ੍ਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਆ ਰਹੀਆਂ ਹਨ। ਸਿੱਖ ਕੁੜੀ ਨੂੰ ਅਗਵਾ ਕਰਕੇ ਧਰਮ ਬਦਲੀ ਕਰਵਾਉਣ ਤੋਂ ਬਾਅਦ ਹੁਣ ਇਹ। ਮੈਂ ਕੈਪਟਨ ਅਮਰਿੰਦਰ ਸਿੰਘ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਕੁੜੀ ਤੇ ਕੁੜੀ ਦੇ ਪਰਿਵਾਰ ਤੇ ਪਵਿੱਤਰ ਸਥਾਨ ਦੀ ਸੁਰੱਖਿਆ ਯਕੀਨੀ ਬਣਾਉਣ।"

ਪਾਕਿਸਤਾਨੀ ਪੰਜਾਬ ਦੇ ਗਵਰਨਰ ਦੇ ਲੋਕ ਸੰਪਰਕ ਅਫ਼ਸਰ ਪਵਨ ਸਿੰਘ ਅਰੋੜਾ ਨੇ ਆਪਣੇ ਟਵੀਟ ਵਿੱਚ ਵੀਡੀਓ ਪੋਸਟ ਕਰਦਿਆਂ ਲਿਖਿਆ ਕਿ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ 'ਤੇ ਹਮਲਾ ਹੋ ਰਿਹਾ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੂੰ ਮਾਮਲੇ ਦਾ ਨੋਟਿਸ ਲੈਣ ਦੀ ਬੇਨਤੀ ਕੀਤੀ।

ਇਸ ਤੋਂ ਬਾਅਦ ਸ਼ੁੱਕਰਵਾਰ ਰਾਤ ਤੱਕ ਪਾਕਿਸਤਾਨ ਤੋਂ ਲੋਕਾਂ ਨੇ ਅਜਿਹੇ ਟਵੀਟ ਕਰਨੇ ਸ਼ੁਰੂ ਕੀਤੇ ਕਿ ਹਲਾਤ ਠੀਕ ਹਨ ਤੇ ਦੋਵਾਂ ਪਰਿਵਾਰਾਂ ਦਾ ਸਮਝੌਤਾ ਪ੍ਰਸ਼ਾਸ਼ਨ ਨੇ ਕਰਵਾ ਦਿੱਤਾ ਹੈ।

ਇਸ ਦੇ ਨਾਲ ਹੀ ਭਾਰਤ ਤੋਂ ਸੱਜੇ ਪੱਖੀ ਝੁਕਾਅ ਵਾਲੇ ਬਹੁਤ ਸਾਰੇ ਲੋਕ ਇਸ ਘਟਨਾ ਦੇ ਹਵਾਲੇ ਨਾਲ ਨਾਗਿਰਕਤਾ ਸੋਧ ਕਾਨੂੰਨ ਦੀ ਹਮਾਇਤ ਕਰ ਰਹੇ ਸਨ। ਉਹ ਸੀਏਏ ਵਿੱਚ ਮੁਸਲਮਾਨਾਂ ਨੂੰ ਬਾਹਰ ਰੱਖੇ ਜਾਣ ਦੀ ਵੀ ਹਮਾਇਤ ਕਰ ਰਹੇ ਸਨ।

ਕੁਝ ਲੋਕਾਂ ਨੇ ਇਸ ਮਾਮਲੇ ਦੇ ਹਵਾਲੇ ਨਾਲ ਕਰਤਾਰਪੁਰ ਦੇ ਲਾਂਘੇ ਬਾਰੇ ਵੀ ਟਿੱਪਣੀਆਂ ਕੀਤੀਆਂ।

ਲੋਕਾਂ ਨੇ ਇਸ ਮੌਕੇ ਸਿੱਧੂ ਨੂੰ ਵੀ ਲਪੇਟੇ ਵਿੱਚ ਲਿਆ ਕਿ ਇਮਰਾਨ ਖ਼ਾਨ ਉਨ੍ਹਾਂ ਦੇ ਜਿਗਰੀ ਦੋਸਤ ਹਨ ਇਸ ਲਈ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਸਿੱਖਾਂ ਦੀ ਸੁਰੱਖਿਆ ਲਈ ਇਮਰਾਨ ਨੂੰ ਕਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)