You’re viewing a text-only version of this website that uses less data. View the main version of the website including all images and videos.
'ਸਿਮਰਨਜੀਤ ਮਾਨ ਨੂੰ PM ਵੀ ਬਣਾ ਦਿੱਤਾ ਜਾਵੇ ਤਾਂ ਵੀ ਸਿੱਖਾਂ ਦਾ ਭਲਾ ਨਹੀਂ ਹੋ ਸਕਦਾ'
- ਲੇਖਕ, ਕਮਲ ਪ੍ਰੀਤ ਕੌਰ
- ਰੋਲ, ਸਾਊਥਹਾਲ ਤੋਂ ਬੀਬੀਸੀ ਪੰਜਾਬੀ ਲਈ
'ਜੇ ਸਿਮਰਨਜੀਤ ਸਿੰਘ ਮਾਨ ਨੂੰ ਪ੍ਰਧਾਨ ਮੰਤਰੀ ਵੀ ਬਣਾ ਦਿੱਤਾ ਜਾਵੇ ਤਾਂ ਵੀ ਸਿੱਖਾਂ ਦਾ ਭਲਾ ਨਹੀਂ ਹੋ ਸਕਦਾ'
ਇਹ ਕਹਿਣਾ ਹੈ ਅਕਾਲ ਤਖ਼ਤ ਜਥੇਦਾਰ ਹਰਪ੍ਰੀਤ ਸਿੰਘ ਦਾ। ਗਿਆਨੀ ਹਰਪ੍ਰੀਤ ਸਿੰਘ ਸਾਊਥਹਾਲ ਵਿਖੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਪਹੁੰਚੇ ਸਨ।
ਜਥੇਦਾਰ ਹਰਪ੍ਰੀਤ ਸਿੰਘ ਪੰਜ ਦਿਨਾਂ ਦੇ ਬਰਤਾਨੀਆ ਦੌਰੇ 'ਤੇ ਹਨ।
ਅਕਾਲ ਤਖ਼ਤ ਜਥੇਦਾਰ ਨੇ ਕਿਹਾ, ''ਜਵਾਹਰ ਲਾਲ ਨਹਿਰੂ ਅਤੇ ਵਲਭ ਭਾਈ ਪਟੇਲ ਮੁਤਾਬਕ ਭਾਰਤ ਦੀ ਅਖੰਡਤਾ ਲਈ ਸਿੱਖਾਂ ਨੂੰ ਖਤਰਾ ਮੰਨਣ ਕਰਕੇ 1947 ਵਿਚ ਅਜਿਹੀਆਂ ਨੀਤੀਆਂ ਬਣਾਈਆਂ ਗਈਆਂ ਕਿ ਜੇ ਸਿਮਰਨਜੀਤ ਸਿੰਘ ਮਾਨ ਨੂੰ ਵੀ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿਤਾ ਜਾਏ ਫਿਰ ਵੀ ਸਿੱਖਾਂ ਦਾ ਭਲਾ ਨਹੀ ਹੋ ਸਕਦਾ।''
ਇਹ ਵੀ ਪੜ੍ਹੋ:
ਅਕਾਲ ਤਖ਼ਤ ਜਥੇਦਾਰ ਦਾ ਹੀਥਰੋ ਹਵਾਈ ਅੱਡੇ ਪਹੁੰਚਣ 'ਤੇ ਸਾਊਥਹਾਲ ਗੁਰਦੁਆਰੇ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਅਤੇ ਸਾਥੀਆਂ ਨੇ ਸਵਾਗਤ ਕੀਤਾ।
ਸਾਊਥਾਲ ਅਤੇ ਨੇੜਲੇ ਇਲਾਕਿਆਂ ਤੋ ਗੁਰਦੁਆਰੇ ਅਤੇ ਹੋਰ ਸਿੱਖ ਸੰਸਥਾਨਾਂ ਦੇ ਮੁਖੀਆਂ ਨਾਲ ਕੀਤੀ ਗਈ ਬੈਠਕ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਥ 'ਚ ਜੋ ਧਾਰਮਿਕ ਵਾਦ-ਵਿਵਾਦ ਬੰਦ ਕਮਰੇ ਵਿੱਚ ਬੈਠ ਕੇ ਵਿਚਾਰਵਾਨਾਂ ਵੱਲੋ ਸੁਲਝਾਏ ਜਾਣੇ ਚਾਹੀਦੇ ਸਨ। ਉਨਾਂ ਨੂੰ ਕਿਸੇ ਸਾਜ਼ਿਸ਼ ਅਧੀਨ ਪਬਲਿਕ ਵਿੱਚ ਲਿਆਂਦਾ ਗਿਆ ਹੈ, ਜਿਸ ਨਾਲ ਪੰਥ ਵਿਚ ਪਾੜਾ ਪੈ ਜਾਏ।
ਰਣਜੀਤ ਸਿੰਘ ਢੱਡਰੀਆਂਵਾਲੇ ਬਾਬਤ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਥ ਵਿੱਚੋ ਕਿਸੇ ਨੁੰ ਛੇਕਣਾ ਮਸਲੇ ਦਾ ਹੱਲ ਨਹੀਂ ਹੈ।
ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਜਲਾਸ ਵਿੱਚ ਵਿਦੇਸ਼ੀ ਸਿੱਖਾਂ ਨੂੰ ਮਹਿਮਾਨਾਂ ਵਜੋ ਨੁਮਾਇੰਦਗੀ ਦਿੱਤੇ ਜਾਣ ਦਾ ਮਤਾ ਇਸ ਵਾਰ ਜਨਰਲ ਇਜਲਾਸ ਵਿਚ ਪਾਸ ਕੀਤਾ ਗਿਆ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖਤ ਸਾਹਿਬ ਨੂੰ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਲਈ ਧੁਰਾ ਦੱਸਿਆ ਅਤੇ ਕਿਹਾ ਕਿ ਜੇ ਸਮੂਹ ਜਗਤ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਿਆਂ ਅਤੇ ਸੰਪਰਦਾਵਾਂ ਦੀ ਢਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੁਆਲੇ ਹੋ ਜਾਏ ਤਾਂ ਇਹ ਰਾਜਨੀਤੀ ਦੇ ਪ੍ਰਭਾਵ ਤੋਂ ਬਚ ਸਕਦਾ ਹੈ ਅਤੇ ਜਥੇਦਾਰ ਵੀ ਨਿਧੜਕ ਫੈਸਲਾ ਲੈ ਸਕਦੇ ਹਨ।
ਇਹ ਵੀਡੀਓਜ਼ ਵੀ ਵੇਖੋ