You’re viewing a text-only version of this website that uses less data. View the main version of the website including all images and videos.
ਅਕਾਲ ਤਖ਼ਤ ਦੇ ਜਥੇਦਾਰ: ਸੋਨੇ ਦੀ ਪਾਲਕੀ ਦੀ ਥਾਂ ਬੱਚਿਆਂ ਦੀ ਪੜ੍ਹਾਈ 'ਤੇ ਪੈਸਾ ਖਰਚੋ
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਪੰਜਾਬੀ ਲਈ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਾਕਿਸਤਾਨ ਭੇਜੀ ਜਾਣ ਵਾਲੀ ਸੋਨੇ ਦੀ ਪਾਲਕੀ ਦਾ ਕੰਮ ਫੌਰਨ ਰੋਕਣ ਦਾ ਹੁਕਮ ਦਿੱਤਾ ਹੈ।
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਤਾਰਪੁਰ ਪਾਕਿਸਤਾਨ ਲਈ ਸੋਨੇ ਦੀ ਪਾਲਕੀ ਭੇਜਣ ਦੀ ਤਿਆਰੀ ਸੀ।
ਡੀਐੱਸਜੀਐੱਮਸੀ ਵਲੋਂ ਇਸ ਕਾਰਜ ਲਈ ਦਿੱਲੀ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਵਿੱਚ ਪੈਸਾ ਇਕੱਠਾ ਕਰਨ ਲਈ ਗੋਲਕਾਂ ਲਗਾਈਆਂ ਗਈਆਂ ਹਨ।
ਅਕਾਲ ਤਖਤ ਵੱਲੋਂ ਹੁਣ ਉਨ੍ਹਾਂ ਗੋਲਕਾਂ ਨੂੰ ਵੀ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਅਕਾਲ ਤਖ਼ਤ ਦਾ ਫਰਮਾਨ ਕਬੂਲ ਹੈ ਤੇ ਉਹ ਉਸ ਦੀ ਪਾਲਣਾ ਕਰਨਗੇ।
ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ, "ਡੀਐੱਸਜੀਐੱਮਸੀ ਵੱਲੋਂ ਸੰਗਤਾਂ ਤੋਂ ਸੋਨੇ ਦੀ ਪਾਲਕੀ ਲਈ ਪੈਸੇ ਇਕੱਠੇ ਕਰਨ ਲਈ ਜੋ ਗੋਲਕਾਂ ਰੱਖੀਆਂ ਗਈਆਂ ਹਨ, ਉਨ੍ਹਾਂ ਨੂੰ ਫੌਰਨ ਹਟਾਇਆ ਜਾਵੇ।"
"ਇਸ ਦੇ ਨਾਲ ਹੀ ਜੋ ਪੈਸਾ ਇਕੱਠਾ ਕੀਤਾ ਗਿਆ ਹੈ ਉਸ ਦਾ ਵੀ ਪੂਰਾ ਹਿਸਾਬ ਤਿਆਰ ਕਰਕੇ ਸਿੱਖ ਸੰਗਤਾਂ ਨੂੰ ਫਲੈਕਸਾਂ ਰਾਹੀਂ ਦੱਸਿਆ ਜਾਵੇ ਤੇ ਨਾਲ ਹੀ ਅਕਾਲ ਤਖ਼ਤ ਸਾਹਿਬ ਨੂੰ ਵੀ ਭੇਜਿਆ ਜਾਵੇ।"
ਜਥੇਦਾਰ ਹਰਪ੍ਰੀਤ ਸਿੰਘ ਨੇ ਸੋਨੇ ਦੀ ਪਾਲਕੀ ਨੂੰ ਗ਼ੈਰ ਜ਼ਰੂਰੀ ਦੱਸਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਕਮੇਟੀ ਵੱਲੋਂ ਸੋਨੇ ਦੀ ਪਾਲਕੀ ਗੁਰਦੁਆਰਾ ਨਨਕਾਣਾ ਸਾਹਿਬ, ਪਾਕਿਸਤਾਨ ਵਿੱਚ ਦਿੱਤੀ ਗਈ ਸੀ ਜੋ ਅਜੇ ਤੱਕ ਇਸਤੇਮਾਲ ਵਿੱਚ ਨਹੀਂ ਲਿਆਈ ਗਈ ਹੈ।
ਇਹ ਵੀ ਪੜ੍ਹੋ:
ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ, "ਸੋਨੇ ਦੀ ਪਾਲਕੀ ਲਿਜਾਉਣ ਲਈ ਵੀ ਇਜਾਜ਼ਤ ਦੀ ਲੋੜ ਹੁੰਦੀ ਹੈ ਪਰ ਦਿੱਲੀ ਕਮੇਟੀ ਕੋਲ ਅਜਿਹੀ ਇਜਾਜ਼ਤ ਨਹੀਂ ਹੈ।"
ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ, "ਸੋਨੇ ਦੀ ਪਾਲਕੀ ਦੀ ਥਾਂ ਜੇ ਕਮੇਟੀ ਵੱਲੋਂ ਪਾਕਿਸਤਾਨ ਵਿੱਚ ਰਹਿ ਰਹੇ ਸਿੱਖਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਪੈਸਾ ਇਕੱਠਾ ਕੀਤਾ ਜਾਂਦਾ ਤਾਂ ਇਸ ਨਾਲ ਕੌਮੀ ਭਲਾ ਵੀ ਹੋਣਾ ਸੀ ਤੇ ਨਾਲ ਹੀ ਸੰਗਤਾਂ ਵਿੱਚ ਰੋਸ ਵੀ ਨਹੀਂ ਹੁੰਦਾ।"
"ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਸੋਨੇ ਦੀ ਪਾਲਕੀ ਸੁਸ਼ੋਭਿਤ ਕਰਨ ਬਾਰੇ ਅਕਾਲ ਤਖ਼ਤ ਸਿੱਖ ਚਿੰਤਕਾਂ ਨਾਲ ਸਲਾਹ ਕਰਕੇ ਫੈਸਲਾ ਲਵੇਗਾ।"
'ਇੱਕੋ ਨਗਰ ਕੀਰਤਨ ਪਾਕਿਸਤਾਨ ਜਾਵੇ'
ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਿੱਲੀ ਦੀਆਂ ਸੰਗਤਾਂ ਵੱਲੋਂ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਦਿੱਲੀ ਤੋਂ ਇੱਕੋ ਨਗਰ ਕੀਰਤਨ ਹੀ ਪਾਕਿਸਤਾਨ ਜਾਣਾ ਚਾਹੀਦਾ ਹੈ।
ਜ਼ਿਕਰੇਖਾਸ ਹੈ ਕਿ ਦਿੱਲੀ ਕਮੇਟੀ ਨੂੰ ਅਜੇ ਤੱਕ ਪਾਕਿਸਤਾਨ ਨਗਰ ਕੀਰਤਨ ਲਿਜਾਉਣ ਦੀ ਇਜਾਜ਼ਤ ਨਹੀਂ ਮਿਲੀ ਹੈ।
ਹਰਪ੍ਰੀਤ ਸਿੰਘ ਨੇ ਅੱਗੇ ਕਿਹਾ, "ਪਾਕਿਸਤਾਨ ਵੱਲੋਂ ਇੱਕੋ ਨਗਰ ਕੀਰਤਨ ਨੂੰ ਲਿਜਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਮੰਦਭਾਗਾ ਹੈ ਤੇ ਪਾਕਿਸਤਾਨ ਵੱਲੋਂ ਹਰ ਜਥੇਬੰਦੀ ਨੂੰ ਨਗਰ ਕੀਰਤਨ ਲਿਜਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਸੀ।"
ਇਹ ਵੀ ਪੜ੍ਹੋ:
"ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਹੁਕਮ ਦਿੱਤਾ ਹੈ ਕਿ ਉਨ੍ਹਾਂ ਵੱਲੋਂ 13 ਤਾਰੀਖ ਨੂੰ ਪਾਕਿਸਤਾਨ ਲਿਜਾਇਆ ਜਾ ਰਿਹਾ ਨਗਰ ਕੀਰਤਨ ਮੁਲਤਵੀ ਕੀਤਾ ਜਾਵੇ। ਪੂਰੀ ਇਜਾਜ਼ਤ ਮਿਲਣ 'ਤੇ ਹੀ ਨਗਰ ਕੀਰਤਨ ਲਿਜਾਉਣ ਦੀ ਨਵੀਂ ਤਾਰੀਖ ਦਾ ਐਲਾਨ ਕੀਤਾ ਜਾਵੇ।"
ਇਹ ਵੀਡੀਓ ਵੀ ਦੇਖੋ: