You’re viewing a text-only version of this website that uses less data. View the main version of the website including all images and videos.
2024 ਤੋਂ ਪਹਿਲਾਂ ਘੁਸਪੈਠੀਆਂ ਨੂੰ ਚੁਣ-ਚੁਣ ਕੇ ਬਾਹਰ ਕੱਢਾਂਗੇ: ਅਮਿਤ ਸ਼ਾਹ - 5 ਅਹਿਮ ਖ਼ਬਰਾਂ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ 'ਚੋਂ ਘੁਸਪੈਠੀਆਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ।
ਉਨ੍ਹਾਂ ਕੈਥਲ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, "2024 ਵਿੱਚ ਤੁਹਾਡੇ ਕੋਲ ਵੋਟਾਂ ਮੰਗਣ ਆਉਣ ਤੋਂ ਪਹਿਲਾਂ ਅਸੀਂ ਦੇਸ 'ਚੋਂ ਘੁਸਪੈਠੀਆਂ ਨੂੰ ਚੁਣ-ਚੁਣ ਕੇ ਕੱਢ ਦੇਵਾਂਗੇ।"
"ਇਹ ਘੁਸਪੈਠੀਏ ਦੇਸ ਅੰਦਰ ਵੜ ਕੇ ਸਾਡੀ ਸੁਰੱਖਿਆ 'ਤੇ ਵੱਡਾ ਸਵਾਲ ਬਣ ਰਹੇ ਹਨ। ਭਾਜਪਾ ਤੇ ਮੋਦੀ ਸਰਕਾਰ ਦਾ ਸੰਕਲਪ ਹੈ ਕਿ ਘੁਸਪੈਠੀਆਂ ਨੂੰ ਐਨਆਰਸੀ ਲਾਗੂ ਕਰਕੇ ਦੇਸ ’ਚੋਂ ਬਾਹਰ ਕੱਢ ਦਿੱਤਾ ਜਾਵੇਗਾ।"
ਨਸ਼ਾ ਤਸਕਰ ਨੂੰ ਫੜ੍ਹਨ ਗਈ ਪੰਜਾਬ ਪੁਲਿਸ ਦੀ ਟੀਮ ਨਾਲ ਝੜਪ
ਬਠਿੰਡਾ ਨੇੜੇ ਹਰਿਆਣਾ ਦੇ ਡੱਬਵਾਲੀ ਦੇ ਪਿੰਡ ਦੇਸੂ ਜੋਧਾ ਵਿੱਚ ਪੁਲਿਸ ਅਤੇ ਨਸ਼ੇ ਤਸਕਰਾਂ ਵਿਚਾਲੇ ਝੜਪ ਹੋ ਗਈ।
ਪੁਲਿਸ ਮੁਤਾਬਕ ਇਸ ਪਿੰਡ ਵਿੱਚ ਕਥਿਤ ਤੌਰ 'ਤੇ ਨਸ਼ੇ ਦੀਆਂ ਗੋਲੀਆਂ ਵੇਚਣ ਵਾਲੇ ਸ਼ਖਸ ਕੁਲਵਿੰਦਰ ਨੂੰ ਫੜ੍ਹਨ ਲਈ ਪੁਲਿਸ ਦੀ ਇੱਕ ਟੀਮ ਪਿੱਛਾ ਕਰਦੀ ਪਹੁੰਚੀ ਸੀ।
ਇਹ ਵੀ ਪੜ੍ਹੋ:
ਪਿੰਡ ਵਿੱਚੋਂ ਇਸ ਘਟਨਾ ਦੀ ਵਾਇਰਲ ਵੀਡੀਓ ਮੁਤਾਬਕ ਕਥਿਤ ਤੌਰ 'ਤੇ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਗੋਲੀਬਾਰੀ ਕਰਦਾ ਦਿਖਾਈ ਦੇ ਰਿਹਾ ਹੈ।
ਜਿਹੜੇ ਸ਼ਖਸ ਕੁਲਵਿੰਦਰ ਨੂੰ ਪੰਜਾਬ ਪੁਲਿਸ ਫੜਨ ਲਈ ਪਹੁੰਚੀ ਉਸ ਦੇ ਭਰਾ ਭਿੰਦਰ ਨੇ ਇਹ ਵੀਡੀਓ ਬਣਾਉਣ ਦਾ ਦਾਅਵਾ ਕੀਤਾ ਹੈ।
ਇਸ ਗੋਲੀਬਾਰੀ ਵਿੱਚ ਪਿੰਡ ਦੇ ਇੱਕ ਸ਼ਖਸ ਦੀ ਮੌਤ ਹੋ ਗਈ। ਗੋਲੀ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਵੀ ਲੱਗੀ ਹੈ।
ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਭੜਕੇ ਪਿੰਡ ਵਾਲਿਆਂ ਨੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਘੇਰ ਲਿਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਇਨ੍ਹਾਂ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਉੱਥੋਂ ਕੱਢਿਆ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਸੀਰੀਅਲ ਕਿਲਰ ਜਿਸ ਨੇ 93 ਕਤਲ ਕੀਤੇ
ਅਮਰੀਕਾ ਦੀ ਜਾਂਚ ਏਜੰਸੀ ਐਫ਼ਬੀਆਈ ਨੇ ਇੱਕ ਸਜ਼ਾ ਯਾਫ਼ਤਾ ਕਾਤਲ ਬਾਰੇ ਦੱਸਿਆ ਹੈ ਕਿ ਜਿਸ ਨੇ ਚਾਰ ਦਹਾਕਿਆਂ ਦੌਰਾਨ 93 ਕਤਲ ਕਰਨ ਦੀ ਗੱਲ ਕਬੂਲੀ ਹੈ। ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਧ ਕਤਲ ਕਰਨ ਵਾਲਾ ਸੀਰੀਅਲ ਕਿਲਰ ਹੈ।
ਪੁਲਿਸ ਨੇ 79 ਸਾਲਾ ਸੈਮੁਅਲ ਲਿਟਲ ਦਾ 1970 ਤੋਂ 2005 ਵਿਚਾਲੇ 50 ਕੇਸਾਂ ਨਾਲ ਸਬੰਧ ਦੱਸਿਆ।
ਉਹ ਤਿੰਨ ਔਰਤਾਂ ਦੇ ਕਤਲ ਕੇਸ ਵਿੱਚ 2012 ਤੋਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਅਧਿਕਾਰੀਆਂ ਮੁਤਾਬਕ ਉਹ ਜ਼ਿਆਦਾਤਰ ਕਮਜ਼ੋਰ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਜਿਸ ਵਿੱਚ ਖਾਸ ਕਰਕੇ ਕਾਲੇ ਰੰਗ ਦੀਆਂ ਔਰਤਾਂ ਸਨ ਜੋ ਕਿ ਜ਼ਿਆਦਾਤਰ ਸੈਕਸ ਵਰਕਰ ਜਾਂ ਨਸ਼ੇ ਦੀਆਂ ਆਦੀ ਸਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਪਾਕਿਸਤਾਨ ਦੀਆਂ ਕੁੜੀਆਂ ਨੇ ਸ਼ੁਰੂ ਕੀਤਾ 'ਲੇਡੀ ਟੀਵੀ'
ਅੱਤਵਾਦ ਤੇ ਹਿੰਸਾ ਨਾਲ ਪੀੜਤ ਖ਼ੈਬਰ ਪਖ਼ਤੂਨਵਾ ਦਾ ਸ਼ਹਿਰ ਡੇਰਾ ਇਸਮਾਇਲ ਖ਼ਾਨ ਅਜੇ ਵੀ ਔਰਤਾਂ ਦੇ ਮਾਮਲੇ ਵਿੱਚ ਪਛੜਿਆ ਹੋਇਆ ਹੈ। ਇੱਥੋਂ ਦੀਆਂ ਚਾਰ ਕੁੜੀਆਂ ਮਿਲ ਕੇ 'ਲੇਡੀ ਟੀਵੀ'ਨਾਂ ਦਾ ਆਨਲਾਈਨ ਚੈਨਲ ਚਲਾ ਰਹੀਆਂ ਹਨ।
ਪੱਤਰਕਾਰ ਸ਼ਫ਼ਾਕ ਸ਼ਿਰਾਜ਼ੀ ਦਾ ਕਹਿਣਾ ਹੈ, "ਲੋਕ ਕੁੜੀਆਂ ਦਾ ਬਾਹਰ ਨਿਕਲਣਾ ਚੰਗਾ ਨਹੀਂ ਸਮਝਦੇ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਉਹ ਬਾਹਰ ਨਿਕਲਣਗੀਆਂ ਤਾਂ ਉਨ੍ਹਾਂ ਦਾ ਰਿਸ਼ਤਾ ਹੀ ਸੰਭਵ ਨਹੀਂ ਹੋ ਸਕੇਗਾ।"
ਖ਼ੈਬਰ ਪਖ਼ਤੂਨਵਾ ਵਿੱਚ ਚੱਲਣ ਵਾਲੇ ਚਾਰ ਆਨਲਾਈਨ ਚੈਨਲ ਔਰਤਾਂ ਚਲਾਉਂਦੀਆਂ ਹਨ। ਪੂਰਾ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਤੁਰਕੀ ਨੇ ਉੱਤਰੀ ਸੀਰੀਆ ਤੇ ਹਵਾਈ ਹਮਲੇ ਕੀਤੇ
ਤੁਰਕੀ ਦੇ ਲੜਾਕੂ ਜਹਾਜ਼ ਨੇ ਉੱਤਰੀ ਸੀਰੀਆ ਦੇ ਕੁਝ ਹਿੱਸਿਆਂ 'ਤੇ ਬੰਬ ਵਰ੍ਹਾਏ ਹਨ। ਤੁਰਕੀ ਦੇ ਰਾਸ਼ਟਰਪਤੀ ਆਰਦੋਆਨ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਕੁਰਦ ਲੜਾਕਿਆਂ ਨੂੰ ਨਿਸ਼ਾਨਾ ਬਣਾ ਕੇ ਇੱਕ 'ਸੇਫ਼ ਜ਼ੋਨ' ਤਿਆਰ ਕਰ ਰਹੀ ਹੈ।
ਕੁਰਦਾਂ ਦੀ ਅਗਵਾਈ ਵਾਲੀ ਸੀਰੀਅਨ ਡੈਮੋਕਰੇਟਿਕ ਫੋਰਸ ਦਾ ਕਹਿਣਾ ਹੈ ਕਿ ਇਸ ਹਮਲੇ ਵਿੱਚ ਘੱਟੋ-ਘੱਟ ਦੋ ਨਾਗਰਿਕ ਮਾਰੇ ਗਏ ਹਨ।
ਤੁਰਕੀ ਦੇ ਇਸ ਹਮਲੇ ਕਾਰਨ ਕੁਰਦਾਂ ਦੀ ਅਗਵਾਈ ਵਾਲੇ ਅਮਰੀਕੀ ਗਠਜੋੜ ਨਾਲ ਲੜਾਈ ਵੱਧ ਸਕਦੀ ਹੈ।
ਹਾਲਾਂਕਿ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਦਾ ਕਹਿਣਾ ਹੈ ਕਿ ਅਮਰੀਕਾ ਨੇ ਉੱਤਰੀ ਕੋਰੀਆ ਤੇ ਹਮਲੇ ਲਈ ਤੁਰਕੀ ਨੂੰ 'ਹਰੀ ਝੰਡੀ' ਨਹੀਂ ਦਿਖਾਈ।
ਇਹ ਵੀਡੀਓ ਵੀ ਦੇਖੋ: