ਨਨਕਾਣਾ ਸਾਹਿਬ ਘਟਨਾ ਤੇ ਸਿੱਖ ਨੌਜਵਾਨ ਦੇ ਕਤਲ ਬਾਰੇ ਬੋਲੇ ਜਥੇਦਾਰ- 'ਸਾਨੂੰ ਤਾਂ ਕਿਸੇ ਤੋਂ ਵੀ ਉਮੀਦ ਨਹੀਂ ਲਗਦੀ ਕਿ ਸਾਨੂੰ ਕੋਈ ਇਨਸਾਫ਼ ਦੁਆਏਗਾ'

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ

"ਸੁਰੱਖਿਆ ਸਿੱਖਾਂ ਦੀ ਤਾਂ ਮੈਨੂੰ ਕਿਤੇ ਵੀ ਨਹੀਂ ਲਗਦੀ, ਹਿੰਦੁਸਤਾਨ 'ਚ ਮੱਧ ਪ੍ਰਦੇਸ਼ 'ਚ ਉਜਾੜਾ ਪੈ ਰਿਹਾ, ਸ਼ਿਲਾਂਗ ਵਿੱਚ ਉਜਾੜੇ ਦੀ ਤਲਵਾਰ ਲਮਕ ਰਹੀ ਹੈ। ਪਾਕਿਸਤਾਨ 'ਚ ਵੀ ਕਤਲ ਅਤੇ ਨਨਕਾਣਾ ਸਾਹਿਬ ਦੀ ਘਟਨਾ ਤੋਂ ਬਾਅਦ ਸਿੱਖਾਂ ਅੰਦਰ ਇੱਕ ਡਰ ਤਾਂ ਹੈ।"

ਇਸਦਾ ਪ੍ਰਗਟਾਵਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਵਿੱਚ ਸਿੱਖ ਨੌਜਵਾਨ ਦੇ ਕਤਲ ਅਤੇ ਨਨਕਾਣਾ ਸਾਹਿਬ ਦੀ ਘਟਨਾ ਬਾਰੇ ਆਪਣੀ ਪ੍ਰਤੀਕਿਰਿਆ ਵਜੋਂ ਕੀਤਾ।

ਉਨ੍ਹਾਂ ਨੇ ਅੱਗੇ ਕਿਹਾ, "ਸਾਨੂੰ ਤਾਂ ਕਿਸੇ ਤੋਂ ਵੀ ਉਮੀਦ ਨਹੀਂ ਲਗਦੀ ਕਿ ਸਾਨੂੰ ਕੋਈ ਇਨਸਾਫ਼ ਦੁਆਏਗਾ।"

ਇਹ ਵੀ ਪੜ੍ਹੋ-

ਦਰਅਸਲ ਬੀਤੇ ਸ਼ੁੱਕਰਵਾਰ ਪਾਕਿਸਤਾਨ ਦੇ ਨਨਕਾਣਾ ਸਾਹਿਬ ਗੁਰਦੁਆਰੇ 'ਤੇ ਪਥਰਾਅ ਦੀ ਘਟਨਾ ਤੋਂ ਬਾਅਦ ਪੇਸ਼ਾਵਰ 'ਚ ਇੱਕ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।

ਮ੍ਰਿਤਕ ਪਰਵਿੰਦਰ ਸਿੰਘ ਪਾਕਿਸਤਾਨ ਦੇ ਸਿੱਖ ਪੱਤਰਕਾਰ ਹਰਮੀਤ ਸਿੰਘ ਦਾ ਭਰਾ ਸੀ।

ਪਰਵਿੰਦਰ ਸਿੰਘ ਖ਼ੈਬਰ ਪਖ਼ਤੂਨਖਵਾ ਇਲਾਕੇ ਦੇ ਸ਼ਾਂਗਲਾ ਤੋਂ ਆ ਰਿਹਾ ਸੀ। ਉਸਨੂੰ ਗੋਲੀ ਮਾਰੀ ਗਈ ਅਤੇ ਪੇਸ਼ਾਵਰ ਦੇ ਚਮਕਾਨੀ ਇਲਾਕੇ 'ਚ ਜੀਟੀ ਰੋਡ 'ਤੇ ਲਾਸ਼ ਨੂੰ ਸੁੱਟ ਦਿੱਤਾ ਗਿਆ।

ਜਥੇਦਾਰ ਨੇ ਕਿਹਾ ਕਿ ਉਸ ਨੌਜਵਾਨ ਦੇ ਭਰਾ ਨਾਲ ਉਨ੍ਹਾਂ ਦੀ ਗੱਲ ਹੋਈ ਸੀ ਤੇ ਉਨ੍ਹਾਂ ਸਾਰੀ ਗੱਲਬਾਤ ਦੱਸੀ ਕਿ ਕਿਵੇਂ ਨਿਸ਼ਾਨਾ ਬਣਾ ਕੇ ਕਤਲ ਕੀਤਾ ਗਿਆ।

ਉਨ੍ਹਾਂ ਨੇ ਕਿਹਾ, "ਇਸ ਤਰ੍ਹਾਂ ਦੀਆਂ ਜੋ ਘਟਨਾਵਾਂ ਵਾਪਰਦੀਆਂ ਹਨ ਤਾਂ ਸਹਿਮ ਜਿਹੜਾ ਹੋਰ ਵੱਧ ਜਾਂਦਾ। ਪਾਕਸਿਤਾਨ ਨੂੰ ਚਾਹੀਦਾ ਹੈ ਜਲਦ ਤੋਂ ਜਲਦ ਇਸ ਕਤਲ ਕਾਂਡ ਦੇ ਦੋਸ਼ੀਆਂ ਨੂੰ ਬੇਨਿਕਾਬ ਕੀਤਾ ਜਾਵੇ।"

'ਅਸੀਂ ਸਾਰੇ ਇਕਜੁੱਟ ਹੋਈਏ'

ਉਨ੍ਹਾਂ ਨੇ ਕਿਹਾ ਕਿ ਮਾੜੀ ਹੈ ਗੱਲ ਹੈ ਪਾਕਿਸਤਾਨ ਵਿੱਚ ਸਿੱਖਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾਣਾ, ਗੁਰਦੁਆਰੇ ਬਾਰੇ ਅਭਦਰ ਟਿੱਪਣੀਆਂ ਕਰਨੀਆਂ। ਇਹ ਬੇਹੱਦ ਨਿੰਦਣਯੋਗ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਨੇ ਕਿਹਾ, "ਭਾਰਤ ਸਰਕਾਰ ਨੂੰ ਵੀ ਅਸੀਂ ਕਹਿੰਦੇ ਹਾਂ ਕਿ ਉਹ ਪਾਕਿਸਤਾਨ ਸਰਕਾਰ 'ਤੇ ਦਬਾਅ ਬਣਾਇਆ ਜਾਵੇ। ਅਸੀਂ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੂੰ ਕਿਹਾ ਹੈ ਭਾਰਤ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਪਾਕਿਸਤਾਨ ਸਰਕਾਰ 'ਤੇ ਬਣਾਇਆ ਜਾਵੇ।"

ਇਸ ਵੇਲੇ ਉਨ੍ਹਾਂ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ, "ਅਸੀਂ ਸਾਰੇ ਇਕਜੁੱਟ ਹੋਈਏ, ਇਕਮੁੱਠ ਹੋਈਏ। ਫਿਰ ਹੀ ਅਸੀਂ ਇਨ੍ਹਾਂ ਹਮਲਿਆਂ ਨੂੰ ਕਿਸੇ ਹਦ ਤੱਕ ਠੱਲ੍ਹ ਪਾ ਸਕਾਂਗੇ।"

ਸੁਖਬੀਰ ਬਾਦਲ ਦੀ ਪ੍ਰਤੀਕਿਰਿਆ

ਨਨਕਾਣਾ ਸਾਹਿਬ ਦੀ ਘਟਨਾ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਨੇ ਕਿਹਾ, "ਨਨਕਾਣਾ ਸਾਹਿਬ ਸਿੱਖਾਂ ਦਾ ਧਾਰਮਿਕ ਸਥਾਨ ਹੈ, ਲੋਕਾਂ ਨੇ ਉਸ 'ਤੇ ਹਮਲਾ ਕੀਤਾ, ਇਸ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਗੁੱਸਾ ਪਾਕਿਸਤਾਨ ਦੇ ਖ਼ਿਲਾਫ਼ ਹੈ। ਇਸ ਦੇ ਨਾਲ ਉੱਥੇ ਰਹਿ ਰਹੇ ਸਿੱਖਾਂ ਵਿੱਚ ਅਸੁਰੱਖਿਆ ਦੀ ਭਾਵਨਾ ਆ ਗਈ ਹੈ।"

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵਿਦੇਸ਼ ਮੰਤਰਾਲੇ ਨੂੰ ਉਨ੍ਹਾਂ ਅਪੀਲ ਕੀਤੀ ਹੈ ਕਿ ਇਹ ਮੁੱਦਾ ਯੂਐੱਨ 'ਚ ਲੈ ਕੇ ਜਾਣਾ ਚਾਹੀਦਾ ਹੈ।

ਇਹ ਵੀ ਦੇਖੋ-

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)