ਭਾਰਤ ਬੰਦ: ਪੰਜਾਬ ਸਣੇ ਦੇਸ ਭਰ ਚ ਸੜ੍ਹਕਾਂ ਉੱਤੇ ਉਤਰੇ ਲੋਕ, ਕਈ ਥਾਂ ਕਾਰੋਬਾਰ ਠੱਪ

ਕੇਂਦਰ ਸਰਕਾਰ ਦੀਆਂ 'ਮਜਦੂਰ ਵਿਰੋਧੀ ਨੀਤੀਆਂ' ਖ਼ਿਲਾਫ਼ ਬੁੱਧਵਾਰ (8 ਜਨਵਰੀ) ਨੂੰ ਮਜਦੂਰ ਯੂਨੀਅਨਾਂ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ। ਦਾਅਵਾ ਹੈ ਕਿ ਇਸ ਹੜਤਾਲ ਵਿੱਚ ਲਗਭਗ 25 ਕਰੋੜ ਲੋਕ ਹਿੱਸਾ ਲੈਣਗੇ।

ਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ, ਸੰਗਰੂਰ, ਬਰਨਾਲਾ, ਚੰਡੀਗੜ੍ਹ ਸਣੇ ਮੁਹਾਲੀ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਟ੍ਰੇਡ ਯੂਨੀਅਨਾਂ ਦੇ ਲੋਕ ਅਜੇ ਤੱਕ ਪੰਜਾਬ ਵਿੱਚ ਕਈ ਥਾਵਾਂ 'ਤੇ ਸੜਕਾਂ ਉੱਤੇ ਹਨ।

ਮਜਦੂਰ ਯੂਨੀਅਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਕਾਨੂੰਨ 'ਚ ਬਦਲਾਅ ਕਰਕੇ ਉਨ੍ਹਾਂ ਦੇ ਹੱਕਾਂ 'ਤੇ ਸੱਟ ਮਾਰ ਰਹੀ ਹੈ ਅਤੇ ਲੇਬਰ ਕੋਡ ਦੇ ਨਾਮ 'ਤੇ ਮੌਜੂਦਾ ਵਿਵਸਥਾ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਟ੍ਰੇਡ ਯੂਨੀਅਨਾਂ ਦੀਆਂ ਮੁੱਖ ਮੰਗਾਂ 'ਚ ਬੇਰੁਜ਼ਗਾਰੀ, ਘੱਟੋ-ਘੱਟ ਮਜਦੂਰੀ ਤੈਅ ਕਰਨਾ ਅਤੇ ਸਮਾਜਿਕ ਸੁਰੱਖਿਆ ਤੈਅ ਕਰਨਾ ਸ਼ਾਮਿਲ ਹੈ। ਯੂਨੀਅਨ ਸਾਰੇ ਮਜਦੂਰਾਂ ਲਈ ਘੱਟੋ-ਘੱਟ ਮਜਦੂਰੀ 21 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੈਅ ਕਰਨ ਦੀ ਮੰਗ ਕਰ ਰਹੀ ਹੈ।

ਟ੍ਰੇਡ ਯੂਨੀਅਨ ਨਵੇਂ ਇੰਡਸਟ੍ਰੀਅਲ ਰਿਲੇਸ਼ਨਜ਼ ਕੋਡ ਬਿੱਲ ਨੂੰ 'ਮਾਲਕਾਂ ਦੇ ਪੱਖ 'ਚ ਅਤੇ ਮਜਦੂਰਾਂ ਖ਼ਿਲਾਫ਼' ਦੱਸ ਰਹੀਆਂ ਹਨ।

ਬੀਬੀਸੀ ਪੱਤਰਕਾਰ ਮਾਨਸੀ ਦਾਸ਼ ਨਾਲ ਗੱਲਬਾਤ 'ਚ ਟ੍ਰੇਡ ਯੂਨੀਅਨਾਂ ਦੀ ਫ਼ੇਡਰੇਸ਼ਨ ਸੀਟੂ ਦੇ ਜਨਰਲ ਸਕੱਤਰ ਤਪਨ ਸੇਨ ਨੇ ਕਿਹਾ, 'ਸਾਡੀਆਂ ਮੰਗਾਂ 'ਚ ਘੱਟੋ-ਘੱਟ 21 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਜਦੂਰੀ, ਸਮਾਜਿਕ ਸੁਰੱਖਿਆ, ਕੰਮ ਦੇ ਹਿਸਾਬ ਨਾਲ ਤਨਖ਼ਾਹ ਮਿਲੇ, ਠੇਕੇ 'ਤੇ ਮਜਦੂਰਾਂ ਨੂੰ ਇੱਕੋ ਜਿਹਾ ਕੰਮ ਮਿਲੇ ਸ਼ਾਮਿਲ ਹੈ।

ਉਨ੍ਹਾਂ ਨੇ ਕਿਹਾ ਕਿ ਮਹਿੰਗਾਈ ਨੂੰ ਕਾਬੂ ਕੀਤਾ ਜਾਵੇ ਅਤੇ ਜ਼ਰੂਰੀ ਚੀਜ਼ਾਂ 'ਤੇ ਵਧਦੀਆਂ ਕੀਮਤਾਂ 'ਤੇ ਸਰਕਾਰ ਨੂੰ ਰੋਕ ਲਗਾਉਣੀ ਚਾਹੀਦੀ ਹੈ। ਇਹ ਹੜਤਾਲ ਰੇਲਵੇ, ਪੈਟ੍ਰੋਲੀਅਮ, ਡਿਫੈਂਸ, ਇੰਨਸ਼ੋਰੇਂਸ ਸੈਕਟਰ ਦੇ ਨਿੱਜੀਕਰਨ ਖ਼ਿਲਾਫ਼ ਵੀ ਹੈ।

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)