ਈਰਾਨ ਤੇ ਅਮਰੀਕਾ ਦੀ ਦੁਸ਼ਮਣੀ ਦਾ ਇਤਿਹਾਸ ਕੀ ਹੈ

ਅਮਰੀਕਾ ਤੇ ਈਰਾਨ ਵਿੱਚ ਤਣਾਅ ਲਗਾਤਾਰ ਵਧ ਰਿਹਾ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕਿਸੇ ਅਮਰੀਕੀ ਟਿਕਾਣੇ ਜਾਂ ਅਮਰੀਕੀ ਜਾਇਦਾਦ 'ਤੇ ਹਮਲਾ ਕੀਤਾ ਗਿਆ ਤਾਂ ਅਮਰੀਕਾ 52 ਈਰਾਨੀ ਸ਼ਹਿਰਾਂ ਨੂੰ 'ਨਿਸ਼ਾਨਾ' ਬਣਾਵੇਗਾ। ਟਰੰਪ ਦਾ ਇਹ ਵੀ ਕਹਿਣਾ ਸੀ ਇਹ ਹਮਲਾ 'ਤੇਜ਼ੀ ਨਾਲ ਅਤੇ ਬਹੁਤ ਜ਼ੋਰ ਨਾਲ' ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਇੱਕ ਰਾਕੇਟ ਅਮਰੀਕੀ ਅੰਬੈਸੀ ਦੇ ਗ੍ਰੀਨ ਜ਼ੋਨ ਕੋਲ ਡਿੱਗਿਆ ਜਦਕਿ ਦੋ ਹੋਰ ਬਗਦਾਦ ਦੇ ਬਲਾਦ ਏਅਰਬੇਸ 'ਤੇ ਦਾਗੇ ਗਏ ਜੋ ਅਮਰੀਕੀ ਫੌਜਾਂ ਦਾ ਟਿਕਾਣਾ ਹੈ।

ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ ਪਰ ਈਰਾਨ ਦੀ ਮਦਦ ਵਾਲੇ ਇਰਾਕੀ ਲੜਾਕਿਆਂ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ।

ਅਮਰੀਕਾ ਤੇ ਈਰਾਨ ਦੇ ਵਧਦੇ ਤਣਾਅ ਬਾਰੇ ਮਿਲੀ- ਜੁਲੀ ਕੌਮਾਂਤਰੀ ਪ੍ਰਤੀਕਿਰਿਆ ਆ ਰਹੀ ਹੈ, ਹਾਲਾਂਕਿ ਪੱਛਮੀਂ ਏਸ਼ੀਆ ਵਿੱਚ ਮੰਡਰਾ ਰਹੇ ਜੰਗ ਦੇ ਬੱਦਲਾਂ ਤੋਂ ਕੋਈ ਮਨ੍ਹਾਂ ਨਹੀਂ ਕਰ ਰਿਹਾ।

ਇਹ ਵੀ ਪੜ੍ਹੋ:

ਜਿੱਥੇ ਇਜ਼ਰਾਈਲ ਨੇ ਅਮਰੀਕਾ ਵੱਲੋਂ ਈਰਾਨੀ ਜਨਰਲ ਨੂੰ ਮਾਰਨ ਦਾ ਸਵਾਗਤ ਕੀਤਾ ਹੈ ਤੇ ਇਸ ਨੂੰ ਅਮਰੀਕਾ ਦੀ ਆਤਮ-ਰੱਖਿਆ ਵਜੋਂ ਕੀਤੀ ਕਾਰਵਾਈ ਕਿਹਾ ਹੈ। ਉੱਥੇ ਹੀ ਰੂਸ ਦੇ ਰਾਸ਼ਟਰਪਤੀ ਵਾਲਾਦੀਮੀਰ ਪੂਤਿਨ ਨੇ ਕਿਹਾ ਕਿ ਅਮਰੀਕੀ ਹਮਲੇ ਨਾਲ ਖਿੱਤੇ ਵਿੱਚ ਹਾਲਾਤ ਹੋਰ ਖ਼ਰਾਬ ਹੋਣਗੇ।

ਇਹ ਸੰਕਟ ਪੂਰਨ ਹਾਲਤ ਰਾਤੋ-ਰਾਤ ਪੈਦਾ ਨਹੀਂ ਹੋ ਗਏ ਸਗੋਂ ਇਸ ਪਿੱਛੇ ਅਮਰੀਕਾ ਤੇ ਈਰਾਨ ਦੇ ਲੰਬੇ ਤਣਾਅਪੂਰਨ ਰਿਸ਼ਤਿਆਂ ਦਾ ਇਤਿਹਾਸ ਹੈ। ਜਿਸ ਬਾਰੇ ਜਾਨਣਾ ਮੌਜੂਦਾ ਸਥਿਤੀ ਨੂੰ ਸਮਝਣ ਲਈ ਜ਼ਰੂਰੀ ਹੈ।

ਹਾਲਾਂਕਿ ਅਮਰੀਕੀ ‘ਰਾਸ਼ਟਰਪਤੀ ਦੀਆਂ ਹਦਾਇਤਾਂ ’ਤੇ’ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਇਸ ਤਣਾਅ ਦਾ ਤਤਕਾਲੀ ਕਾਰਣ ਕਿਹਾ ਜਾ ਸਕਦਾ ਹੈ।

ਅਮਰੀਕਾ ਨੇ ਈਰਨ ਦੇ ਫ਼ੌਜੀ ਜਨਰਲ ਨੂੰ ਮਾਰਿਆ

ਪੈਂਟਾਗਨ ਮੁਤਾਬਕ ਈਰਾਨ ਦੀਆਂ ਕੁਦਸ ਫੋਰਸ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ ਨੂੰ "ਰਾਸ਼ਟਰਪਤੀ ਦੀਆਂ ਹਦਾਇਤਾਂ 'ਤੇ" ਮਾਰਿਆ ਗਿਆ ਸੀ।

ਰੈਵਲੂਸ਼ਨਰੀ ਗਾਰਡਜ਼ ਮੁਤਾਬਕ ਇਸ ਦੌਰਾਨ ਇਰਾਕੀ ਲੜਾਕਿਆਂ ਦੇ ਆਗੂ ਅਬੂ ਮਾਹਿਦ ਅਲ-ਮੁਹਾਨਦਿਸ ਦੀ ਵੀ ਮੌਤ ਹੋ ਗਈ ਹੈ।

ਅਮਰੀਕਾ ਦੀ ਇਸ ਕਾਰਵਾਈ ਤੋਂ ਇੱਕ ਦਿਨ ਪਹਿਲਾਂ ਬਗ਼ਦਾਦ ਵਿੱਚ ਮੁਜ਼ਾਹਰਾਕਾਰੀਆਂ ਨੇ ਯੂਐੱਸ ਅੰਬੈਸੀ ਨੂੰ ਘੇਰਿਆ ਸੀ ਤੇ ਮੌਕੇ ਤੇ ਮੌਜੂਦ ਫ਼ੌਜੀਆਂ ਨਾਲ ਟਕਰਾਅ ਵੀ ਹੋਇਆ ਸੀ।

ਅਮਰੀਕਾ ਇਸ ਘਿਰਾਓ ਤੇ ਹਿੰਸਾ ਲਈ ਈਰਾਨ ਨੂੰ ਕਸੂਰਵਾਰ ਦੱਸ ਰਿਹਾ ਸੀ।

ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦੀ ਪੁਸ਼ਟੀ ਸਮੇਂ ਪੈਂਟਾਗਨ ਦੇ ਬੁਲਾਰੇ ਨੇ ਕਿਹਾ, "ਅਮਰੀਕਾ ਆਪਣੇ ਲੋਕਾਂ ਤੇ ਹਿੱਤਾਂ ਦੀ ਰਾਖੀ ਲਈ, ਭਾਵੇਂ ਉਹ ਦੁਨੀਆਂ ਵਿੱਚ ਕਿਤੇ ਵੀ ਹੋਣ, ਸਾਰੇ ਜ਼ਰੂਰੀ ਕੰਮ ਕਰਦਾ ਰਹੇਗਾ।"

ਇਹ ਵੀ ਪੜ੍ਹੋ:

ਈਰਾਨ ਨੇ ਇਸ ਨੂੰ ਕੌਮਾਂਤਰੀ ਅਪਰਾਧਿਕ ਕਾਰਵਾਈ ਦੱਸਿਆ। ਦੇਸ਼ ਪ੍ਰਮੁੱਖ ਅਇਤੋਉੱਲ੍ਹਾ ਅਲੀ ਖ਼ੁਮੇਨੀ ਨੇ ਕਿਹਾ, ਹਮਲੇ ਪਿਛਲੇ ਦੇ "ਮੁਲਜ਼ਮਾਂ ਨੂੰ ਇੱਕ ਗੰਭੀਰ ਬਦਲਾ ਉਡੀਕ ਕਰ ਰਿਹਾ ਹੈ।" ਈਰਾਨ ਦੇ ਵਿਦੇਸ਼ ਮੰਤਰੀ ਨੇ ਇਸ ਨੂੰ "ਕੌਮਾਂਤਰੀ ਦਹਿਸ਼ਤਗਰਦੀ ਦਾ ਕੰਮ" ਦੱਸਿਆ।

ਅਮਰੀਕਾ ਲਗਾਤਾਰ ਈਰਨ ਨੂੰ ਦੱਬਣ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2018 ਦੀ ਸ਼ੁਰੂਆਤ ਵਿੱਚ ਈਰਾਨ ਸਣੇ ਛੇ ਦੇਸਾਂ ਦੇ ਪਰਮਾਣੂ ਸਮਝੌਤੇ ਵਿੱਚੋਂ ਬਾਹਰ ਕੱਢ ਲਿਆ ਸੀ।

ਅਮਰੀਕਾ ਦੀ ਈਰਾਨ ਤੋਂ ਇਹ ਨਾਖ਼ੁਸ਼ੀ ਈਰਾਨ ਦੀ ਇਸਲਾਮਿਕ ਕ੍ਰਾਂਤੀ ਦੇ ਸਮੇਂ ਤੋਂ ਚੱਲੀ ਆ ਰਹੀ ਹੈ।

ਅਮਰੀਕਾ ਨੇ ਪਰਮਾਣੂ ਸਮਝੌਤੇ ਵਿੱਚੋਂ ਹੱਥ ਖਿੱਚਿਆ

ਅਮਰੀਕਾ ਨੇ ਆਪਣੇ ਆਪ ਨੂੰ ਸਾਲ 2018 ਦੀ ਸ਼ੁਰੂਆਤ ਵਿੱਚ ਈਰਾਨ ਸਣੇ ਛੇ ਦੇਸਾਂ ਦੇ ਪਰਮਾਣੂ ਸਮਝੌਤੇ ਵਿੱਚੋਂ ਬਾਹਰ ਕੱਢ ਲਿਆ ਸੀ।

ਉਸ ਤੋਂ ਬਾਅਦ ਰਾਸ਼ਟਰਪਤੀ ਡੌਨਲਡ ਟਰੰਪ ਨੇ ਯੂਐੱਨ ਮਹਾਂਸਭਾ ਦੇ ਇੱਕ ਸੰਬੋਧਨ ਵਿੱਚ ਕਿਹਾ ਸੀ ਕਿ ਦੁਨੀਆ ਦੇ ਸਾਰੇ ਦੇਸ ਈਰਾਨ ਨਾਲ ਸਬੰਧ ਤੋੜ ਦੇਣ।

ਇਸ ਮਗਰੋਂ ਅਮਰੀਕਾ ਨੇ ਸਾਰੇ ਦੇਸਾਂ 'ਤੇ ਈਰਾਨ ਨਾਲ ਸਬੰਧ ਤੋੜਨ ਦਾ ਦਬਾਅ ਵਧਾ ਦਿੱਤਾ। ਭਾਰਤ ਵੀ ਇਸ ਦਾ ਕੋਈ ਅਪਵਾਦ ਨਹੀਂ ਸੀ। ਫਿਰ ਵੀ ਭਾਰਤ ਨੇ ਸੰਕੇਤ ਦਿੱਤੇ ਕਿ ਈਰਾਨ ਰਿਸ਼ਤੇ ਬਰਕਰਾਰ ਰਹਿਣਗੇ

ਭਾਰਤ ਅਤੇ ਈਰਾਨ ਦੇ ਸਬੰਧ ਇਤਿਹਾਸਕ ਹਨ। ਭਾਰਤ ਈਰਾਨੀ ਤੇਲ ਦਾ ਚੀਨ ਤੋਂ ਬਾਅਦ ਸਭ ਤੋਂ ਵੱਡਾ ਖਰੀਦਾਰ ਹੈ। ਈਰਾਨੀ ਤੇਲ ਭਾਰਤ ਦੇ ਵਿਕਾਸ ਲਈ ਕਾਫੀ ਜ਼ਰੂਰੀ ਹੈ।

ਅਮਰੀਕਾ ਨੂੰ ਇਹ ਉਮੀਦ ਸੀ ਕਿ ਇਸ ਦਬਾਅ ਦੇ ਕਾਰਨ ਈਰਾਨ ਪਰਮਾਣੂ ਸਮਝੌਤੇ 'ਤੇ ਮੁੜ ਤੋਂ ਗੱਲਬਾਤ ਕਰਨ ਲਈ ਤਿਆਰ ਹੋ ਜਾਵੇਗਾ।

ਇਹ ਸਭ ਇਸ ਲਈ ਹੋ ਰਿਹਾ ਸੀ ਕਿਉਂਕਿ ਰਾਸ਼ਟਰਪਤੀ ਟਰੰਪ 2015 ਵਿੱਚ ਬਰਾਕ ਓਬਾਮਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਇਸ ਪਰਮਾਣੂ ਸਮਝੌਤੇ ਤੋਂ ਉਹ ਖੁਸ਼ ਨਹੀਂ ਸਨ।

ਈਰਾਨ ਇਸ ਸਮਝੌਤੇ ਦੀਆਂ ਸ਼ਰਤਾਂ ਦਾ ਪਾਲਣ ਕਰ ਰਿਹਾ ਸੀ। ਫਿਰ ਵੀ ਟਰੰਪ ਇਸ ਤੋਂ ਬਾਹਰ ਹੋ ਗਏ ਤੇ ਈਰਾਨ 'ਤੇ ਪਾਬੰਦੀਆਂ ਲਾ ਦਿੱਤੀਆਂ। ਆਖ਼ਰ ਕਿਉਂ? ਇਸ ਦੀਆਂ ਜੜਾਂ ਈਰਾਨ ਤੇ ਅਮਰੀਕਾ ਦੇ ਰਿਸ਼ਤਿਆਂ ਦੇ ਇਤਿਹਾਸ ਵਿੱਚ ਪਈਆਂ ਹਨ।

ਈਰਾਨ ਦੇ ਇਤਿਹਾਸ ਦੀਆਂ ਦੋ ਵੱਡੀਆਂ ਘਟਨਾਵਾਂ

ਪਹਿਲੀ ਘਟਨਾ: ਸਾਲ 1953 ਵਿੱਚ ਈਰਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਮੁਸਦੀਕ ਦਾ ਤਖਤਾ ਪਲਟਣ ਵਿੱਚ ਮਦਦ ਤੋਂ ਬਾਅਦ ਅਮਰੀਕਾ ਨੇ ਮੁਹੰਮਦ ਰਜ਼ਾ ਸ਼ਾਹ ਪਹਿਲਵੀ ਨੂੰ ਸੱਤਾ 'ਤੇ ਬਹਾਲ ਕਰ ਦਿੱਤਾ।

ਬਗਾਵਤ ਵਿੱਚ ਆਪਣੇ ਹੱਥ ਨੂੰ ਅਮਰੀਕਾ ਨੇ 2013 ਵਿੱਚ ਜਾ ਕੇ ਮਨਜ਼ੂਰ ਕੀਤਾ। ਈਰਾਨ ਦੇ ਪਹਿਲਵੀ ਸ਼ਾਹੀ ਪਰਿਵਾਰ ਦੇ ਦੌਰ ਵਿੱਚ ਅਮਰੀਕਾ ਦੇ ਨਾਲ ਡੂੰਘੇ ਸਬੰਧ ਸਨ।

ਉਸ ਵੇਲੇ ਈਰਾਨੀ ਤੇਲ ਦਾ ਵਪਾਰ ਅਮਰੀਕੀ ਅਤੇ ਬਰਤਾਨਵੀ ਕੰਪਨੀਆਂ ਦੇ ਹੱਥ ਵਿੱਚ ਸੀ ਜਿਸ ਨੂੰ ਪ੍ਰਧਾਨ ਮੰਤਰੀ ਮੁਸੱਦੀਕ ਨੇ ਚੁਣੌਤੀ ਦਿੱਤੀ ਸੀ।

ਸ਼ਾਹੀ ਪਰਿਵਾਰ ਅਮਰੀਕਾ ਦੇ ਨਾਲ ਸੀ। ਇਸ ਲਈ ਅਮਰੀਕਾ ਅਤੇ ਸ਼ਾਹ ਦੋਵੇਂ ਆਮ ਲੋਕਾਂ ਵਿੱਚ ਕਾਫੀ ਬਦਨਾਮ ਸਨ।

ਦੂਜੀ ਵੱਡੀ ਘਟਨਾ ਸੀ ਈਰਾਨਵਿੱਚ 1979 ਦੀ ਇਸਲਾਮਿਕ ਕ੍ਰਾਂਤੀ।

ਇਹ ਕ੍ਰਾਂਤੀ ਜਿੰਨੀ ਮੁਹੰਮਦ ਰਜ਼ਾ ਪਹਿਲਵੀ ਦੇ ਖਿਲਾਫ਼ ਬਗਾਵਤ ਸੀ ਉਨੀਂ ਹੀ ਅਮਰੀਕਾ ਦੇ ਖਿਲਾਫ਼ ਗੁੱਸੇ ਦਾ ਇਜ਼ਹਾਰ।

ਇਸ ਕ੍ਰਾਂਤੀ ਦੇ ਦੌਰਾਨ ਇਰਾਨੀ ਵਿਦਿਆਰਥੀਆਂ ਨੇ 444 ਦਿਨਾਂ ਤੱਕ 52 ਅਮਰੀਕੀ ਰਾਜਦੂਤਾਂ ਅਤੇ ਨਾਗਰਿਕਾਂ ਨੂੰ ਤੇਹਰਾਨ ਦੇ ਅਮਰੀਕੀ ਦੂਤਾਵਾਸ ਵਿੱਚ ਬੰਦੀ ਬਣਾ ਕੇ ਰੱਖਿਆ ਸੀ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸ਼ਨਿੱਚਰਵਾਰ ਨੂੰ ਈਰਾਨ ਦੇ 52 ਸ਼ਹਿਰਾਂ ਦੇ ਅਮਰੀਕੀ ਨਿਸ਼ਾਨੇ ਤੇ ਹੋਣ ਵਾਲੀ ਗੱਲ ਵਿੱਚ ਇਸੇ ਘਟਨਾ ਦਾ ਜ਼ਿਕਰ ਕੀਤਾ ਹੈ।

ਇਸ ਘਟਨਾ ਦੇ ਅਮਰੀਕਾ ਨੇ ਜਵਾਬ ਵਿੱਚ ਈਰਾਨ ਦੀ 12 ਅਰਬ ਡਾਲਰ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਸੀ। ਇਸ ਘਟਨਾ ਦੇ ਬਾਅਦ ਤੋਂ ਈਰਾਨ ਅਤੇ ਅਮਰੀਕਾ ਵਿਚਾਲੇ ਰਿਸ਼ਤੇ ਕਦੇ ਆਮ ਨਹੀਂ ਹੋ ਸਕੇ ਹਨ।

ਇਸਲਾਮੀ ਕ੍ਰਾਂਤੀ ਇੱਕ ਅਜਿਹੇ ਵੇਲੇ ਵਿੱਚ ਆਈ ਜਦੋਂ ਅਮਰੀਕਾ/ਪੱਛਮੀ ਦੇਸਾਂ ਅਤੇ ਸੋਵੀਅਤ ਯੂਨੀਅਨ ਦਰਮਿਆਨ ਦਹਾਕਿਆਂ ਤੋਂ ਚੱਲੀ ਆ ਰਹੀ ਠੰਢੀ ਜੰਗ ਦਾ ਅੰਤ ਨੇੜੇ ਸੀ ਅਤੇ ਦੁਨੀਆ ਵਿੱਚ ਸ਼ਾਂਤੀ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸੀ।

ਈਰਾਨ ਦੀ ਕ੍ਰਾਂਤੀ ਦਾ ਘਟਨਾਕ੍ਰਮ

ਪੱਛਮੀ ਦੇਸਾਂ ਵਿੱਚ ਹਲਚਲ ਉਸ ਵੇਲੇ ਹੋਈ ਜਦੋਂ ਇਸਲਾਮੀ ਕ੍ਰਾਂਤੀ ਨੇ ਨਾ ਸਿਰਫ਼ ਈਰਾਨ ਵਿੱਚ ਮਜ਼ਬੂਤੀ ਫੜ੍ਹੀ ਸਗੋਂ ਕ੍ਰਾਂਤੀ ਦੇ ਰੂਹਾਨੀ ਆਗੂ ਅਯਾਤੁੱਲਾ ਖੁਮੈਨੀ ਨੇ ਇਸ ਕ੍ਰਾਂਤੀ ਨੂੰ ਦੁਨੀਆ ਦੇ ਦੂਜੇ ਦੇਸਾਂ ਵਿੱਚ ਬਰਾਮਦ ਕਰਨ ਦਾ ਵੀ ਐਲਾਨ ਕੀਤਾ।

ਇਸਲਾਮੀ ਹਕੂਮਤ ਦੇ ਸੰਵਿਧਾਨ ਦੇ ਆਰਟੀਕਲ 10 ਅਨੁਸਾਰ, "ਦੁਨੀਆ ਦੇ ਸਾਰੇ ਮੁਸਲਮਾਨ ਇੱਕ ਦੇਸ ਹਨ।" ਇੱਕ "ਉਮਾ" ਦੀ ਧਾਰਨਾ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਨੇ ਮੁਸਲਮਾਨ ਸਮਾਜ ਵਿੱਚ ਕਾਫੀ ਜੋਸ਼ ਪੈਦਾ ਕੀਤਾ।

ਦੇਖਦਿਆਂ-ਦੇਖਦਿਆਂ ਈਰਾਨ ਦੀ ਇਸਲਾਮੀ ਕ੍ਰਾਂਤੀ ਦਾ ਅਸਰ 49 ਮੁਸਲਮਾਨ ਦੇਸਾਂ ਵਿੱਚ ਮਹਿਸੂਸ ਕੀਤਾ ਜਾਣ ਲੱਗਾ। ਸੁੰਨੀ ਦੇਸ ਸਾਊਦੀ ਅਰਬ ਸ਼ੀਆ ਇਸਲਾਮ ਤੋਂ ਤੰਗ ਹੋ ਕੇ ਅਮਰੀਕਾ ਦੀ ਗੋਦੀ ਵਿੱਚ ਜਾ ਡਿੱਗਿਆ।"

10 ਸਾਲ ਬਾਅਦ ਇਸਲਾਮੀ ਕ੍ਰਾਂਤੀ ਦਾ ਅਸਰ ਦੁਨੀਆ ਭਰ ਵਿੱਚ ਉਸ ਵੇਲੇ ਮਹਿਸੂਸ ਕੀਤਾ ਗਿਆ ਜਦੋਂ ਇਮਾਮ ਖੁਮੈਨੀ ਨੇ "ਸੈਟੇਨਿਕ ਵਰਸੇਜ਼" ਨਾਮੀ ਨਾਵਲ ਦੇ ਲੇਖਕ ਸਲਮਾਨ ਰੁਸ਼ਦੀ ਨੂੰ ਜਾਨ ਤੋਂ ਮਾਰਨ ਦਾ ਫਤਵਾ ਜਾਰੀ ਕੀਤਾ।

ਭਾਰਤ ਸਮੇਤ ਕਈ ਦੇਸਾਂ ਨੇ ਕਿਤਾਬ ਉੱਤੇ ਪਾਬੰਦੀ ਲਗਾ ਦਿੱਤੀ। ਮੁਸਲਮਾਨ ਦੁਨੀਆ ਵਿੱਚ ਰੁਸ਼ਦੀ ਇੱਕ ਵਿਲੀਨ ਬਣ ਗਿਆ।

ਪੱਛਮੀ ਦੇਸਾਂ ਦੇ ਸਭ ਤੋਂ ਵੱਡੇ ਸਾਨੀ ਦੇ ਰੂਪ ਵਿੱਚ ਇਸਲਾਮਿਕ ਕ੍ਰਾਂਤੀ ਨੇ ਸੋਵੀਅਤ ਯੂਨੀਅਨ ਦੀ ਥਾਂ ਲੈ ਲਈ।

ਈਰਾਨ ਦੀ ਇਸਲਾਮੀ ਸਰਕਾਰ ਨੇ ਇਜ਼ਰਾਈਲ ਦੀ ਮਾਨਤਾ ਨੂੰ ਖਾਰਿਜ ਕਰ ਦਿੱਤਾ ਅਤੇ ਇਸ ਨੂੰ ਖਤਮ ਕਰਨਾ ਇਰਾਦਾ ਬਣਾਇਆ। ਅਮਰੀਕਾ ਇਸ ਤੋਂ ਕਾਫੀ ਪਰੇਸ਼ਾਨ ਹੋਇਆ।

ਮਰੀਕਾ ਅਤੇ ਪੱਛਮੀ ਦੇਸਾਂ ਨੇ 10 ਸਾਲ ਤੱਕ ਚੱਲਣ ਵਾਲੀ ਈਰਾਨ-ਇਰਾਕ ਜੰਗ ਵਿੱਚ ਖੁਲ੍ਹ ਕੇ ਸੱਦਾਮ ਹੁਸੈਨ ਦਾ ਸਾਥ ਦਿੱਤਾ, ਹਥਿਆਰ ਦਿੱਤੇ ਪਰ ਈਰਾਨ ਨੂੰ ਹਰਾ ਨਾ ਸਕੇ।

ਅਮਰੀਕਾ ਨੇ ਇਸ ਤੋਂ ਬਾਅਦ ਈਰਾਨ ਦੇ ਖ਼ਿਲਾਫ਼ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)