ਈਰਾਨ ਹਮਲਾ: ਸਾਡਾ ਕੋਈ ਬੰਦਾ ਨਹੀਂ ਮਰਿਆ, ਈਰਾਨ 'ਤੇ ਹੋਰ ਸਖ਼ਤ ਪਾਬੰਦੀਆਂ- ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ, ''ਕੱਲ ਰਾਤ ਜੋ ਹਮਲਾ ਹੋਇਆ ਉਸ ਵਿਚ ਸਾਡੇ ਕਿਸੇ ਵੀ ਵਿਅਕਤੀ ਦੀ ਜਾਨ ਨਹੀਂ ਗਈ ਹੈ, ਜੋ ਨੁਕਸਾਨ ਹੋਇਆ ਸਿਰਫ਼ ਏਅਰਬੇਸ ਦਾ ਹੋਇਆ ਹੈ। ਅਮਰੀਕੀ ਫੌਜ ਤਿਆਰ ਹੈ ਅਤੇ ਮੈਂ ਉਸ ਨੂੰ ਸਲਾਮ ਕਰਦਾ ਹਾਂ।''

''ਕਿਸੇ ਵੀ ਅਮਰੀਕੀ ਜਾਂ ਇਰਾਕੀ ਵਿਅਕਤੀ ਦਾ ਨੁਕਸਾਨ ਨਹੀਂ ਹੋਇਆ ਹੈ। ਇਰਾਨੀ ਹਮਲੇ ਵਿਚ ਸਾਡੇ ਨਾਗਰਿਕ ਸੁਰੱਖਿਅਤ ਹਨ।''

ਟਰੰਪਨ ਨੇ ਕਿਹਾ ਕਿ ਈਰਾਨ ਦੀਆਂ ਸੱਭਿਅਕ ਸਮਾਜ ਨੂੰ ਹਮੇਸ਼ਾ ਨੁਕਸਾਨ ਪਹੁੰਚਾਉਣ ਦੀਆਂ ਨੀਤੀਆ ਖ਼ਿਲਾਫ਼ ਅਸੀਂ ਪਿਛਲੇ ਹਫ਼ਤੇ ਕਾਰਵਾਈ ਕੀਤੀ ਹੈ ਅਤੇ ਅਸੀਂ ਕਾਸਿਮ ਸੁਲੇਮਾਨੀ ਨੂੰ ਮਾਰਿਆ ।

ਟਰੰਪ ਨੇ ਕਿਹਾ, ''ਕਾਸਿਮ ਸੁਲੇਮਾਨੀ ਇੱਕ ਅੱਤਵਾਦੀ ਉਹ ਇਰਾਕ ਵਿਚ ਬਗਦਾਦ ਧਮਾਕੇ ਸਣੇ ਕਈ ਬਹੁਤ ਸਾਰੀਆਂ ਹਿੰਸਕ ਵਾਰਦਾਤਾਂ ਲ਼ਈ ਜ਼ਿੰਮੇਵਾਰ ਸੀ।''

ਇਹ ਵੀ ਪੜ੍ਹੋ:

ਟਰੰਪ ਨੇ ਨਾਟੋ ਨੂੰ ਵੀ ਮਿਡਲ ਈਸਟ ਦੇ ਸੰਕਟ ਲਈ ਹੋਰ ਵਧੇਰੇ ਸਰਗਰਮੀ ਦਿਖਾਉਣ ਲਈ ਕਿਹਾ , ਟਰੰਪ ਨੇ ਅੱਗੇ ਕਿਹਾ, ''ਜਦੋਂ ਤੱਕ ਮੈਂ ਰਾਸ਼ਟਰਪਤੀ ਹਾਂ ਅਮਰੀਕਾ ਈਰਾਨ ਨੂੰ ਪਰਮਾਣੂ ਹਥਿਆਰ ਨਹੀਂ ਰੱਖਣ ਦੇਵੇਗਾ।''

ਟਰੰਪ ਨੇ ਕਿਹਾ ਕਿ ''ਈਰਾਨ ਅੱਤਵਾਦ ਦਾ ਸਮਰਥਕ'' ਹੈ ਸੁਲੇਮਾਨੀ ਦੁਨੀਆਂ ਦਾ ''ਪ੍ਰਮੁੱਖ ਅੱਤਵਾਦੀ'' ਸੀ ਜਿਸ ਦੇ ''ਹੱਥ ਖ਼ੂਨ ਨਾਲ਼ ਲਿੱਬੜੇ'' ਹੋਏ ਹਨ।

ਟਰੰਪ ਨੇ ਆਖ਼ਰ ਵਿਚ ਈਰਾਨ ਨੂੰ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਸਾਨੂੰ ਤੁਹਾਡੇ ਤੇਲ ਦੀ ਲੋੜ ਨਹੀਂ, ਜੇਕਰ ਤੁਸੀਂ ਆਪਣੀਆਂ ਹਮਲਾਵਰ ਨੀਤੀਆਂ ਨਹੀਂ ਬਦਲਦੇ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ।

22 ਮਿਜ਼ਾਇਲਾਂ ਦਾਗੀਆਂ ਸਨ

ਇਰਾਕੀ ਫੌਜ ਦੇ ਮੁਤਾਬਕ ਈਰਾਨ ਨੇ ਇਰਾਕ ਵਿੱਚ ਅਮਰੀਕੀ ਫੌਜੀ ਠਿਕਾਣਿਆਂ 'ਤੇ ਕੁੱਲ 22 ਮਿਜ਼ਾਈਲਾਂ ਦਾਗੀਆਂ ਸਨ। ਇਰਾਕੀ ਫੌਜ ਦਾ ਕਹਿਣਾ ਹੈ ਕਿ ਇਸ ਹਮਲੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਰਾਕ ਦਾ ਇਹ ਬਿਆਨ ਈਰਾਨ ਦੇ ਹਮਲੇ ਦੀ ਪੁਸ਼ਟੀ ਤੋਂ ਕੁਝ ਘੰਟਿਆਂ ਬਾਅਦ ਆਇਆ ਹੈ।

ਇਸ ਤੋਂ ਪਹਿਲਾ ਅਮਰੀਕਾ ਵਲੋਂ ਮਾਰੇ ਗਏ ਆਪਣੇ ਪ੍ਰਮੁੱਖ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਲਈ ਈਰਾਨ ਨੇ ਇਰਾਕ ਵਿਚ ਅਮਰੀਕੀ ਫੌਜ ਦੇ ਟਿਕਾਣਿਆ ਵਾਲੇ ਦੋ ਏਅਰ ਬੇਸਿਸ ਉੱਤੇ ਮਿਜ਼ਾਇਲ ਨਾਲ ਹਮਲਾ ਕਰਨ ਦਾ ਦਾਅਵਾ ਕੀਤਾ ਸੀ।

ਈਰਾਨ ਦੇ ਦਾਅਵੇ ਤੋਂ ਬਾਅਦ ਅਮਰੀਕਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਸੀ, ''ਪੱਛਮੀ ਬਗਦਾਦ ਦੇ ਇਰਬਿਲ ਤੇ ਅਲ ਅਸਦ ਦੇ ਦੋ ਹਵਾਈ ਟਿਕਾਣਿਆਂ ਉੱਤੇ ਦਰਜਨਾਂ ਮਿਜ਼ਾਈਲਾਂ ਦਾਗੀਆਂ।ਇਨ੍ਹਾਂ ਹਮਲਿਆਂ ਵਿਚ ਕਿੰਨੇ ਲੋਕ ਮਾਰੇ ਗਏ ਹਨ''।

ਰਾਸ਼ਟਰਪਤੀ ਟਰੰਪ ਨੇ ਟਵੀਟ ਕਰਕੇ ਸਿਰਫ਼ ਇੰਨਾ ਕਿਹਾ ਸੀ , 'ਆਲ ਇੰਜ ਵੈੱਲ', ਨੁਕਸਾਨ ਦਾ ਪਤਾ ਲਗਾਇਆ ਜਾ ਰਿਹਾ ਹੈ। ਪਰ ਹੁਣ ਇਰਾਕੀ ਫ਼ੌਜ ਨੇ ਕਿਹਾ ਹੈ ਕਿ ਹਮਲੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ:

ਦੁਨੀਆਂ ਦਾ ਪ੍ਰਤੀਕਰਮ

ਈਰਾਨ ਦੇ ਇਰਾਕ ਵਿੱਚ ਅਮਰੀਕੀ ਸੈਨਿਕ ਠਿਕਾਣਿਆਂ 'ਤੇ ਮਿਜ਼ਾਈਲ ਦੇ ਹਮਲੇ ਉੱਤੇ ਵਿਸ਼ਵਵਿਆਪੀ ਪ੍ਰਤੀਕਰਮ ਆਇਆ ਹੈ। ਯੂਰਪੀਅਨ ਯੂਨੀਅਨ ਨੇ ਕਿਹਾ ਹੈ ਕਿ ਮਿਡਲ ਈਸਟ ਵਿੱਚ ਹਥਿਆਰਾਂ ਦੀ ਵਰਤੋਂ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ।

ਯੂਰਪੀਅਨ ਯੂਨੀਅਨ ਨੇ ਕਿਹਾ ਕਿ ਅਮਰੀਕਾ ਅਤੇ ਈਰਾਨ ਦੋਵੇਂ ਗੱਲਬਾਤ ਸ਼ੁਰੂ ਕਰਦੇ ਹਨ ਅਤੇ ਟਕਰਾਅ ਨੂੰ ਖਤਮ ਕਰਦੇ ਹਨ। ਯੂਰਪੀਅਨ ਯੂਨੀਅਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੀਨ ਨੇ ਕਿਹਾ ਕਿ ਉਹ ਇਸ ਮੁੱਦੇ 'ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨਗੇ।

ਦੁਬਾਰਾ ਹਮਲਾ ਨਾ ਕਰੇ ਈਰਾਨ- ਬ੍ਰਿਟੇਨ

ਬ੍ਰਿਟੇਨ ਨੇ ਇਰਾਕ ਵਿਚ ਈਰਾਨ ਦੇ ਅਮਰੀਕੀ ਸੈਨਿਕ ਠਿਕਾਣਿਆਂ 'ਤੇ ਮਿਜ਼ਾਈਲ ਹਮਲੇ ਦੀ ਨਿੰਦਾ ਕੀਤੀ ਹੈ। ਇਰਾਕ ਵਿੱਚ ਬ੍ਰਿਟਿਸ਼ ਸੈਨਿਕ ਵੀ ਮੌਜੂਦ ਹਨ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਕਿਹਾ, "ਈਰਾਨ ਦਾ ਗੱਠਜੋੜ ਫੌਜ ਦੇ ਠਿਕਾਣਿਆਂ' ਤੇ ਹਮਲਾ ਸਹਿਨ ਨਹੀਂ ਹੈ। ਅਸੀਂ ਈਰਾਨ ਨੂੰ ਅਪੀਲ ਕਰਦੇ ਹਾਂ ਕਿ ਉਹ ਦੁਬਾਰਾ ਅਜਿਹਾ ਹਮਲਾ ਨਾ ਕਰੇ।

ਜਪਾਨ ਨੇ ਕੀ ਕਿਹਾ

ਜਾਪਾਨ ਨੇ ਵੀ ਦੋਵਾਂ ਦੇਸ਼ਾਂ ਨੂੰ ਤਣਾਅ ਘੱਟ ਕਰਨ ਦੀ ਅਪੀਲ ਕੀਤੀ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਇਸ ਮਹੀਨੇ ਸਾਊਦੀ ਅਰਬ, ਯੂਏਈ ਅਤੇ ਓਮਾਨ ਦਾ ਦੌਰਾ ਕਰਨ ਵਾਲੇ ਸਨ, ਪਰ ਕਿਹਾ ਜਾ ਰਿਹਾ ਹੈ ਕਿ ਉਹ ਤਿੰਨਾਂ ਦੇਸ਼ਾਂ ਦੀ ਯਾਤਰਾ ਮੁਲਤਵੀ ਕਰ ਸਕਦੇ ਹਨ। ਜਪਾਨ ਦੀ ਕੈਬਨਿਟ ਦੇ ਬੁਲਾਰੇ ਯੋਸ਼ੀਹਿਦ ਸੁਗਾ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਮਾਮਲੇ ਵਿਚ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰੇਗੀ। ਜਾਪਾਨ ਨੇ ਇਹ ਵੀ ਕਿਹਾ ਕਿ ਕੂਟਨੀਤਕ ਕੋਸ਼ਿਸ਼ਾਂ ਨਾਲ ਤਣਾਅ ਘੱਟ ਹੋਣਾ ਚਾਹੀਦਾ ਹੈ। ਜਾਪਾਨੀ ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਾਪਾਨ ਹੁਣ ਖਾੜੀ ਨੂੰ ਸਮੁੰਦਰੀ ਜਹਾਜ਼ ਭੇਜ ਰਿਹਾ ਹੈ।

ਆਸਟ੍ਰੇਲੀਆ ਦਾ ਪ੍ਰਤੀਕਰਮ

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਕਿ ਉਨ੍ਹਾਂ ਦੀਆਂ ਫੌਜਾਂ ਅਤੇ ਡਿਪਲੋਮੈਟ ਪੂਰੀ ਤਰ੍ਹਾਂ ਸੁਰੱਖਿਅਤ ਹਨ। ਆਸਟਰੇਲੀਆ ਤੋਂ ਲਗਭਗ 300 ਸੁਰੱਖਿਆ ਕਰਮਚਾਰੀ ਇਰਾਕ ਵਿੱਚ ਹਨ। ਮੌਰਿਸਨ ਨੇ ਕਿਹਾ ਕਿ ਉਸ ਨੇ ਸੰਯੁਕਤ ਰਾਜ ਅਤੇ ਈਰਾਨ ਨਾਲ ਸਾਰੀ ਸਥਿਤੀ ਬਾਰੇ ਵਿਚਾਰ ਵਟਾਂਦਰੇ ਕੀਤੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਰਿਸਨ ਨੇ ਕਿਹਾ, "ਅਮਰੀਕਾ ਨੇ ਖੁਫੀਆ ਜਾਣਕਾਰੀ ਦੇ ਅਧਾਰ 'ਤੇ ਕਾਰਵਾਈ ਕੀਤੀ ਸੀ।"

ਭਾਰਤ ਨੇ ਦਿੱਤੀ ਨਾਗਰਿਕਾਂ ਨੂੰ ਚਿਤਾਵਨੀ

ਭਾਰਤ ਨੇ ਆਪਣੇ ਨਾਗਰਿਕਾਂ ਨੂੰ ਈਰਾਨ ਅਤੇ ਇਰਾਕ ਦੀ ਗੈਰ-ਜ਼ਰੂਰੀ ਯਾਤਰਾ ਮੁਲਤਵੀ ਕਰਨ ਅਤੇ ਅਗਲੇ ਨੋਟਿਸਾਂ ਦਾ ਇੰਤਜ਼ਾਰ ਕਰਨ ਲਈ ਕਿਹਾ ਹੈ। ਜਿਹੜੇ ਪਹਿਲਾਂ ਹੀ ਦੋਵਾਂ ਦੇਸ਼ਾਂ ਵਿਚ ਹਨ, ਉਨ੍ਹਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ।

ਪਾਕਿਸਤਾਨ ਨੇ ਕੀ ਬੋਲਿਆ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਬੁੱਧਵਾਰ ਨੂੰ ਕਿਹਾ ਕਿ ਮਿਡਲ ਈਸਟ ਵਿੱਚ ਵੱਧ ਰਹੇ ਤਣਾਅ ਦਾ ਕਿਸੇ ਨੂੰ ਕੋਈ ਲਾਭ ਨਹੀਂ ਹੋਵੇਗਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਯੁੱਧ ਕਿਸੇ ਦੇ ਹੱਕ ਵਿੱਚ ਨਹੀਂ ਹੈ।

ਕੁਰੈਸ਼ੀ ਨੇ ਕਿਹਾ ਕਿ ਜੇ ਲੜਾਈ ਹੁੰਦੀ ਤਾਂ ਆਲਮੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਕੁਰੈਸ਼ੀ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਖੇਤਰੀ ਟਕਰਾਅ ਵਿਚ ਪਾਕਿਸਤਾਨ ਇਕ ਧਿਰ ਨਹੀਂ ਬਣੇਗੀ।

ਉਸ ਨੇ ਕਿਹਾ, "ਕਾਸੀਮ ਸੁਲੇਮਾਨੀ ਦੀ ਹੱਤਿਆ ਦਾ ਪ੍ਰਭਾਵ ਓਸਾਮਾ ਬਿਨ ਲਾਦੇਨ ਅਤੇ ਇਸਲਾਮਿਕ ਸਟੇਟ ਦੇ ਮੁਖੀ ਅਬੂ ਬਕਰ ਅਲ-ਬਗਦਾਦੀ ਦੀ ਮੌਤ ਤੋਂ ਵੱਧ ਹੋਵੇਗਾ। ਪਾਕਿਸਤਾਨ ਕਿਸੇ ਇਕਪਾਸੜ ਕਾਰਵਾਈ ਦਾ ਸਮਰਥਨ ਨਹੀਂ ਕਰੇਗਾ। ਮਿਡਲ ਈਸਟ ਤਣਾਅ ਬਹੁਤ ਗੰਭੀਰ ਹੈ.

ਕੁਰੈਸ਼ੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਚਾਰਟਰ ਅਨੁਸਾਰ ਕਿਸੇ ਵੀ ਦੇਸ਼ ਦੀ ਪ੍ਰਭੂਸੱਤਾ ਦਾ ਸਨਮਾਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, "ਪਾਕਿਸਤਾਨ ਆਪਣੀ ਜ਼ਮੀਨ ਦੀ ਵਰਤੋਂ ਨਹੀਂ ਕਰਨ ਦੇਵੇਗਾ। ਅਸੀਂ ਇਸ ਮਾਮਲੇ ਵਿਚ ਇਕ ਧਿਰ ਨਹੀਂ ਹੋਵਾਂਗੇ.

ਪਾਕਿਸਤਾਨ ਨੇ ਵੀ ਈਰਾਨ ਦੀ ਫੌਜੀ ਕਾਰਵਾਈ ਬਾਰੇ ਬਿਆਨ ਜਾਰੀ ਕੀਤਾ ਹੈ। ਪਾਕਿਸਤਾਨ ਨੇ ਕਿਹਾ, "ਅਸੀਂ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਦਿੰਦੇ ਹਾਂ ਕਿ ਜੇ ਉਹ ਈਰਾਨ ਅਤੇ ਇਰਾਕ ਜਾਣ ਦੀ ਯੋਜਨਾ ਬਣਾ ਰਹੇ ਹਨ ਤਾਂ ਪੂਰੀ ਤਰ੍ਹਾਂ ਸੁਚੇਤ ਰਹਿਣ। ਜਿਹੜੇ ਪਹਿਲਾਂ ਹੀ ਇਰਾਕ ਵਿੱਚ ਹਨ, ਬਗਦਾਦ ਵਿੱਚ ਪਾਕਿਸਤਾਨੀ ਦੂਤਾਵਾਸ ਨਾਲ ਸੰਪਰਕ ਵਿੱਚ ਰਹਿਣ। ''

ਅਮਰੀਕਾ ਨੇ ਕੀ ਕਿਹਾ ਸੀ

ਇਸ ਤੋਂ ਪਹਿਲਾਂ ਪੈਂਟਾਗਨ ਦਾ ਕਹਿਣਾ ਹੈ ਕਿ ਉਸਦੇ ਘੱਟੋ-ਘੱਟ ਦੋ ਟਿਕਾਣਿਆਂ, ਇਰਬਿਲ ਤੇ ਅੱਲ-ਅਸੱਦ 'ਤੇ ਹਮਲਾ ਹੋਇਆ।

ਜਨਰਲ ਸੁਲੇਮਾਨੀ ਨੂੰ ਪੈਂਟਾਗਨ ਮੁਤਾਬਕ ਅਮਰੀਕਾ ਨੇ ਰਾਸ਼ਟਰਪਤੀ ਟਰੰਪ ਦੇ ਹੁਕਮਾਂ ਮੁਤਾਬਕ ਬਗ਼ਦਾਦ ਵਿੱਚ ਡਰੋਨ ਹਮਲੇ ਰਾਹੀਂ ਮਾਰ ਦਿੱਤਾ ਗਿਆ ਸੀ।

ਵ੍ਹਾਈਟ ਹਾਊਸ ਦੀ ਬੁਲਾਰੀ ਸਟੈਫ਼ਨੀ ਗਰੀਸ਼ਮ ਨੇ ਦੱਸਿਆ, "ਅਸੀਂ ਇਰਾਕ ਵਿੱਚ ਅਮਰੀਕੀ ਟਿਕਾਣਿਆਂ ਤੇ ਹਮਲੇ ਦੀਆਂ ਰਿਪੋਰਟਾਂ ਤੋਂ ਜਾਣੂ ਹਾਂ। ਰਾਸ਼ਟਰਪਤੀ ਨੂੰ ਦੱਸ ਦਿੱਤਾ ਗਿਆ ਹੈ ਤੇ ਉਹ ਸਥਿਤੀ ਤੇ ਨੇੜਿਓਂ ਨਿਗ੍ਹਾ ਰੱਖ ਰਹੇ ਹਨ ਤੇ ਆਪਣੀ ਕੌਮੀ ਰੱਖਿਆ ਟੀਮ ਨਾਲ ਮਸ਼ਵਰੇ ਵਿੱਚ ਹਨ।"

ਰੈਵਲੂਸ਼ਨਰੀ ਗਾਰਡ ਨੇ ਕਿਹਾ ਹੈ ਕਿ ਇਹ ਹਮਲਾ ਸ਼ੁੱਕਰਵਾਰ ਨੂੰ ਹੋਈ ਜਨਰਲ ਸੁਲੇਮਾਨੀ ਦੀ ਮੌਤ ਦੇ ਬਦਲੇ ਵਜੋਂ ਕੀਤੀ ਗਿਆ।

ਈਰਾਨ ਦੀ ਸਰਕਾਰੀ ਖ਼ਬਰ ਏਜੰਸੀ ਇਰਨਾ ਰਾਹੀਂ ਜਾਰੀ ਬਿਆਨ ਵਿੱਚ ਕਿਹਾ ਗਿਆ, "ਅਸੀਂ ਅਮਰੀਕਾ ਦੇ ਸਾਰੇ ਸਹਿਯੋਗੀਆਂ ਨੂੰ ਜਿਨ੍ਹਾਂ ਨੇ ਇਸ ਦੀ ਦਹਿਸ਼ਤਗ਼ਰਦ ਫੌਜ ਨੂੰ ਟਿਕਾਣੇ ਦਿੱਤੇ ਹੋਏ ਹਨ, ਚੇਤਾਵਨੀ ਦੇ ਰਹੇ ਹਾਂ ਕਿ ਈਰਾਨ ਖ਼ਿਲਾਫ਼ ਹੋਣ ਵਾਲੇ ਹਮਲੇ ਜਿੱਥੋਂ ਵੀ ਕੀਤੇ ਜਾਣਗੇ, ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।"

ਹਮਲਿਆਂ ਤੋਂ ਬਾਅਦ ਅਮਰੀਕਾ ਤੇ ਈਰਾਨ ਨੇ ਕੀ ਕਿਹਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਟਵੀਟ ਕਰਕੇ ਦੱਸਿਆ ਕਿ ਸਭ ਕੁਝ ਠੀਕ ਹੈ ਤੇ ਉਹ ਭਲਕੇ ਇਸ ਬਾਰੇ ਬਿਆਨ ਦੇਣਗੇ।

ਟਰੰਪ ਨੇ ਇਸ ਟਵੀਟ ਵਿੱਚ ਕਿਹਾ, "ਸਭ ਠੀਕ ਹੈ, ਈਰਾਨ ਨੇ ਇਰਾਕ ਵਿੱਚ ਦੋ ਫ਼ੌਜੀ ਅੱਡਿਆਂ 'ਤੇ ਹਮਲੇ ਕੀਤੇ ਹਨ। ਜ਼ਖ਼ਮੀਆਂ ਤੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਹਾਲੇ ਤੱਕ ਸਭ ਠੀਕ ਹੈ। ਸਾਡੇ ਕੋਲ ਦੁਨੀਆਂ ਦੀ ਸਭ ਤੋਂ ਤਾਕਤਵਰ ਫ਼ੌਜ ਹੈ। ਮੈਂ ਸਵੇਰੇ ਆਪਣਾ ਬਿਆਨ ਜਾਰੀ ਕਰਾਂਗਾ।"

ਦੂਜੇ ਪਾਸੇ ਈਰਨ ਦੇ ਵਿਦੇਸ਼ ਮੰਤਰੀ ਜਵਾਦ ਜ਼ਰੀਫ਼ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਹ ਹਮਲਾ ਆਤਮ ਰੱਖਿਆ ਵਿੱਚ ਕੀਤਾ ਹੈ।

ਉਨ੍ਹਾਂ ਲਿਖਿਆ, "ਈਰਾਨ ਨੇ ਯੂਐੱਨ ਚਾਰਟਰ ਦੀ ਧਾਰਾ-52 ਤਹਿਤ ਆਤਮ ਰੱਖਿਆ ਵਿੱਚ ਅਜਿਹੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ ਜਿੱਥੋਂ ਕਾਇਰਾਨਾ ਤਰੀਕੇ ਨਾਲ ਸਾਡੇ ਨਾਗਰਿਕਾਂ ਤੇ ਸੀਨੀਅਰ ਅਫ਼ਸਰਾਂ ਖ਼ਿਲਾਫ਼ ਹਮਲੇ ਕੀਤੇ ਗਏ। ਅਸੀਂ ਲੜਾਈ ਨਹੀਂ ਵਧਾਉਣਾ ਚਾਹੁੰਦੇ ਪਰ ਅਸੀਂ ਹੋਏ ਹਮਲਿਆਂ ਤੋਂ ਆਪਣਾ ਬਚਾਅ ਕਰਾਂਗੇ।"

ਭਾਰਤੀ ਵਿਦੇਸ਼ ਮੰਤਰਾਲੇ ਦਾ ਬਿਆਨ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤੀ ਯਾਤਰੀ ਅਗਲੀ ਸੂਚੀ ਤੱਕ ਇਰਾਕ ਵਿੱਚ ਗੈਰ-ਜ਼ਰੂਰੀ ਯਾਤਰਾ ਨਾ ਕਰਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਰਾਕ ਵਿੱਚ ਰਹਿ ਰਹੇ ਯਾਤਰੀ ਸਤਰਕ ਰਹਿਣ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)