ਕੈਪਟਨ ਨੇ ਕਿਹਾ, 'ਅਕਾਲੀ ਪਾਕਿਸਤਾਨ ਵਿੱਚ ਸਿੱਖਾਂ 'ਤੇ ਹਮਲੇ ਦਾ ਹਵਾਲਾ ਦੇ ਕੇ ਸੀਏਏ ਦੀ ਵਕਾਲਤ ਕਰ ਰਹੇ' - 5 ਅਹਿਮ ਖ਼ਬਰਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਉਹ ਪਾਕਿਸਤਾਨ ਵਿੱਚ ਹੋਏ ਸਿੱਖ ਨੌਜਵਾਨ ਦੇ ਕਤਲ ਅਤੇ ਨਨਕਾਣਾ ਸਾਹਿਬ 'ਤੇ ਹਮਲੇ ਨੂੰ ਕਾਂਗਰਸ ਨਾਲ ਆਪਣੀ ਸਿਆਸੀ ਲੜਾਈ ਲਈ ਵਰਤਣਾ ਚਾਹੁੰਦੇ ਹਨ।

ਦਿ ਹਿੰਦੂ ਦੀ ਖ਼ਬਰ ਮੁਤਾਬਕ, ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਕੌਰ ਬਾਦਲ ਦੇ ਟਵੀਟ ਦਾ ਹਵਾਲਾ ਦਿੰਦਿਆਂ ਕਿਹਾ, "ਉਹ ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਹੁੰਦੇ ਅੱਤਿਆਚਾਰ ਦੇ ਸੰਦਰਭ 'ਚ ਭਾਰਤ 'ਚ ਸੀਏਏ ਦੀ ਵਕਾਲਤ ਕਰ ਰਹੇ ਹਨ।"

ਇਹ ਵੀ ਪੜ੍ਹੋ-

JNU ਹਿੰਸਾ ਅਤੇ ਸਟੂਡੈਂਟ ਯੂਨੀਅਨ ਦੀ ਪ੍ਰਧਾਨ ਦੀ ਹੱਡਬੀਤੀ

ਸਟੂਡੈਂਟ ਯੂਨੀਅਨ ਦੀ ਪ੍ਰਧਾਨ ਆਈਸ਼ੀ ਘੋਸ਼ ਨੇ ਇਲਜ਼ਾਮ ਲਾਇਆ ਕਿ ਹਿੰਸਾ ਦੀ ਤਿਆਰੀ ਕੁਝ ਦਿਨ ਪਹਿਲਾਂ ਤੋਂ ਹੀ ਹੋ ਗਈ ਸੀ।

ਆਈਸ਼ੀ ਨੇ ਕਿਹਾ, "ਚਾਰ-ਪੰਜ ਦਿਨ ਤੋਂ ਕੈਂਪਸ ਦੇ ਅੰਦਰ ਹਿੰਸਾ ਨੂੰ ਵਧਾਵਾ ਦਿੱਤਾ ਜਾ ਰਿਹਾ ਸੀ, ਕੁਝ ਆਰਐੱਸਐੱਸ ਨਾਲ ਸਬੰਧਤ ਪ੍ਰੋਫੈਸਰਾਂ ਵੱਲੋਂ ਅਤੇ ਏਬੀਵੀਪੀ ਦੇ ਲੋਕਾਂ ਵੱਲੋਂ। ਇਹ ਸਾਫ਼ ਤੌਰ 'ਤੇ ਇੱਕ ਸੋਚ ਸਮਝੀ ਸਾਜਿਸ਼ ਦੇ ਤਹਿਤ ਕੀਤਾ ਗਿਆ।"

ਐਤਵਾਰ ਸ਼ਾਮ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਕੈਂਪਸ ਵਿੱਚ ਹਿੰਸਾ ਕਾਰਨ ਕਈ ਵਿਦਿਆਰਥੀ ਅਤੇ ਟੀਚਰ ਜ਼ਖਮੀ ਹੋ ਗਏ।

ਉਨ੍ਹਾਂ ਨੇ ਦੱਸਿਆ ਕਿ ਉਹ ਗਾਲ੍ਹਾਂ ਕੱਢ ਰਹੇ ਸਨ ਅਤੇ ਕਹਿ ਰਹੇ ਸਨ ਕਿ ਅੱਜ ਇਨ੍ਹਾਂ ਨੂੰ ਇੱਥੇ ਹੀ ਵੱਢ ਦਿਆਂਗੇ। ਆਈਸ਼ੀ ਨੇ ਦੱਸਿਆ, "ਕੁਝ ਲੋਕਾਂ ਨੇ ਸਾਨੂੰ ਪਛਾਣ ਲਿਆ ਅਤੇ ਕਿਹਾ ਕਿ ਇੱਥੋਂ ਭੱਜੋ ਇਨ੍ਹਾਂ ਨੂੰ ਨਹੀਂ ਮਾਰਨਾ ਸੀ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ

ਦਿੱਲੀ ਦੀ ਸੱਤਾ ਤੋਂ ਬਾਹਰ ਭਾਜਪਾ ਇਸ ਸਮੇਂ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਭੰਬਲਭੂਸੇ ਵਿੱਚ

ਭਾਜਪਾ ਹਾਲੇ ਤੱਕ ਕਿਸੇ ਨਤੀਜੇ 'ਤੇ ਨਹੀਂ ਪਹੁੰਚੀ ਹੈ ਕਿ ਉਹ ਇੱਕ ਚਿਹਰੇ ਦੀ ਬਜਾਏ ਸਮੂਹਿਕ ਅਗਵਾਈ ਵਿੱਚ ਚੋਣ ਲੜੇ ਜਾਂ ਅਰਵਿੰਦ ਕੇਜਰੀਵਾਲ ਨੂੰ ਸਖ਼ਤ ਟੱਕਰ ਦੇਣੀ ਹੈ ਤਾਂ ਇਸ ਦੇ ਲਈ ਸਿਰਫ਼ ਇੱਕ ਚਿਹਰਾ ਸਾਹਮਣੇ ਲਿਆਉਣਾ ਪਵੇਗਾ।

ਪਾਰਟੀ 'ਚ ਮੁੱਖ ਮੰਤਰੀ ਦੇ ਚਿਹਰੇ 'ਤੇ ਇਹ ਅਫ਼ਵਾਹ ਸ਼ੁਰੂ ਹੋਈ ਜਦੋਂ ਅਮਿਤ ਸ਼ਾਹ ਨੇ ਖ਼ੁਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਕਿ ਉਹ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨਾਲ ਬਹਿਸ ਕਰਨ।

ਇਸ ਤੋਂ ਬਾਅਦ ਹੀ ਇਹ ਮੰਨਿਆ ਜਾ ਰਿਹਾ ਸੀ ਕਿ ਵਰਮਾ ਨੂੰ ਕੁਝ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਸ਼ਾਹ ਵਲੋਂ ਵਰਮਾ ਦੇ ਜ਼ਿਕਰ ਕਰਨ ਦਾ ਇਰਾਦਾ ਕੀ ਸੀ।

ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਵੋਟਾਂ 8 ਫਰਵਰੀ ਨੂੰ ਪੈਣਗੀਆਂ, ਜਦਕਿ ਨਤੀਜੇ 11 ਫਰਵਰੀ 2020 ਨੂੰ ਆਉਣਗੇ। ਪੂਰੀ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੋ।

ਨਨਕਾਣਾ ਸਾਹਿਬ ਪੱਥਰਬਾਜ਼ੀ ਘਟਨਾ ਦੇ ਚਸ਼ਮਦੀਦ ਨਾਲ ਗੱਲਬਾਤ

ਬੀਤੇ ਸ਼ੁਕਰਵਾਰ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਜਨਮ ਅਸਥਾਨ 'ਤੇ ਮੁਜ਼ਾਹਰੇ ਦੌਰਾਨ ਪੱਥਰਬਾਜ਼ੀ ਹੋਈ, ਜਿਸ ਵਿੱਚ ਸਥਾਨਕ ਪ੍ਰਸਾਸ਼ਨ ਦੇ ਨਾਲ-ਨਾਲ ਸਿੱਖਾਂ ਖ਼ਿਲਾਫ਼ ਨਾਅਰੇਬਾਜ਼ੀ ਹੋਈ।

ਘਟਨਾ ਵੇਲੇ ਗੁਰਦੁਆਰੇ ਅੰਦਰ ਮੌਜੂਦ ਹਰਮੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਸਮਝ ਨਹੀਂ ਆਇਆ ਕਿ ਹੋ ਕੀ ਰਿਹਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਜਿਨ੍ਹਾਂ ਨੂੰ ਜਿੱਥੇ ਥਾਂ ਮਿਲੀ ਉਹ ਬੈਠੇ ਰਹੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੁਝ ਜਾਣਕਾਰ ਗੁਰਦੁਆਰੇ ਦੀ ਇਮਾਰਤ ਇੱਕ ਪਾਸੇ ਛੱਡ 'ਤੇ ਬੈਠੇ ਸਨ ਤੇ ਉਹ 4 ਘੰਟੇ ਤੱਕ ਉੱਥੇ ਹੀ ਬੈਠੇ ਰਹੇ।

ਹਰਮੀਤ ਕਹਿੰਦੇ ਹਨ, "ਇੱਕ ਪਾਸੇ ਸਾਨੂੰ ਖ਼ੌਫ਼ ਸੀ ਤੇ ਦੂਜਾ ਉਹ ਸਾਡੇ ਧਰਮ ਬਾਰੇ ਵੀ ਨਫ਼ਰਤ ਭਰੀਆਂ ਟਿੱਪਣੀਆਂ ਕਰ ਰਹੇ ਸਨ ਤਾਂ ਸਾਨੂੰ ਸਾਡੇ ਮਜ਼੍ਹਬ ਤੇ ਕੌਮ ਵਾਸਤੇ ਵੀ ਜਜ਼ਬਾਤ ਸੀ।"

ਉਹ ਕਹਿੰਦੇ ਹਨ, "ਇਸ ਵਿੱਚ ਚੰਗੇ ਲੋਕ ਵੀ ਸਨ, ਜਿਨ੍ਹਾਂ ਨੇ ਸਾਡੀ ਮਦਦ ਵੀ ਕੀਤੀ।" ਹਰਮੀਤ ਦੀ ਪੂਰੀ ਗੱਲਬਾਤ ਸੁਣਨ ਲਈ ਇੱਥੇ ਕਲਿੱਕ ਕਰੋ।

ਕਾਸਿਮ ਸੁਲੇਮਾਨੀ : ਈਰਾਨ ਦੀ ਫ਼ੌਜ ਕਿੰਨੀ ਤਾਕਤਵਰ ਹੈ?

ਬਗ਼ਦਾਦ ਹਵਾਈ ਅੱਡੇ 'ਤੇ ਅਮਰੀਕੀ ਡਰੋਨ ਹਮਲੇ ਵਿੱਚ ਆਪਣੇ ਸਭ ਤੋਂ ਸ਼ਕਤੀਸ਼ਾਲੀ ਸੈਨਾ ਕਮਾਂਡਰ ਦੇ ਮਾਰੇ ਜਾਣ ਤੋਂ ਬਾਅਦ ਈਰਾਨ ਨੇ ਬਦਲਾ ਲੈਣ ਦੀ ਸਹੁੰ ਖਾਧੀ ਹੈ, ਪਰ ਕੀ ਈਰਾਨ ਫੌਜ ਕੋਲ ਇੰਨੀ ਤਾਕਤ ਹੈ।

ਯੂਕੇ ਆਧਾਰਿਤ ਥਿੰਕ ਟੈਂਕ ਇੰਟਰਨੈਸ਼ਨਲ ਇੰਸਟੀਚਿਊਟ ਆਫ ਸਟ੍ਰੈਟੇਜਿਕ ਸਟੱਡੀਜ਼ ਅਨੁਸਾਰ ਈਰਾਨ ਦੀਆਂ ਫ਼ੌਜੀ ਭੂਮਿਕਾਵਾਂ ਨਿਭਾਉਣ ਲਈ ਲਗਭਗ 5,23,000 ਸਰਗਰਮ ਕਰਮਚਾਰੀ ਹਨ।

ਇਸ ਵਿੱਚ 3,50,000 ਆਮ ਫ਼ੌਜੀ ਅਤੇ ਘੱਟ ਤੋਂ ਘੱਟ 1,50,000 ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰਪਸ (ਆਈਆਰਜੀਸੀ) ਹਨ।

ਅਮਰੀਕੀ ਰੱਖਿਆ ਵਿਭਾਗ ਦੀ ਇੱਕ ਰਿਪੋਰਟ ਵਿੱਚ ਈਰਾਨ ਦੀ ਮਿਜ਼ਾਇਲ ਤਾਕਤ ਮੱਧ ਪੂਰਬ ਵਿੱਚ ਸਭ ਤੋਂ ਮਜ਼ਬੂਤ ਹੈ। ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਦੇਖੋ-

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)