ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ: ਕੇਜਰੀਵਾਲ ਸਾਹਮਣੇ ਭਾਜਪਾ ਆਪਣਾ ਉਮੀਦਵਾਰ ਉਤਾਰਨ ਬਾਰੇ ਕੀ ਬੋਲੀ

ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਵੋਟਾਂ 8 ਫਰਵਰੀ ਨੂੰ ਪੈਣਗੀਆਂ, ਜਦਕਿ ਨਤੀਜੇ 11 ਫਰਵਰੀ 2020 ਨੂੰ ਆਉਣਗੇ।

ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਤਰੀਕਾਂ ਦਾ ਐਲਾਨ ਕੀਤਾ।

ਚੋਣ ਨੋਟੀਫਿਕੇਸ਼ਨ 14 ਜਨਵਰੀ ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀ ਪੱਤਰ 21 ਜਨਵਰੀ ਤੱਕ ਦਾਖਲ ਕੀਤੇ ਜਾ ਸਕਦੇ ਹਨ।

ਤਰੀਕਾਂ ਦੀ ਘੋਸ਼ਣਾ ਦੇ ਨਾਲ ਹੀ ਚੋਣ ਜ਼ਾਬਤਾ ਦਿੱਲੀ ਵਿੱਚ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।

ਇਸ ਸਮੇਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਸ ਦੀ ਅਗਵਾਈ ਅਰਵਿੰਦ ਕੇਜਰੀਵਾਲ ਕਰ ਰਹੇ ਹਨ।

ਇਹ ਵੀ ਪੜ੍ਹੋ

ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਬੀਜੇਪੀ 'ਭੰਬਲਭੂਸੇ' ਵਿੱਚ

ਦਿੱਲੀ ਦੀ ਸੱਤਾ ਤੋਂ ਬਾਹਰ ਭਾਜਪਾ ਇਸ ਸਮੇਂ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਭੰਬਲਭੂਸੇ ਵਿੱਚ ਹੈ।

ਭਾਜਪਾ ਕਿਸੇ ਨਤੀਜੇ 'ਤੇ ਨਹੀਂ ਪਹੁੰਚੀ ਹੈ ਕਿ ਉਹ ਇੱਕ ਚਿਹਰੇ ਦੀ ਬਜਾਏ ਸਮੂਹਿਕ ਅਗਵਾਈ ਵਿੱਚ ਚੋਣ ਲੜੇ ਜਾਂ ਅਰਵਿੰਦ ਕੇਜਰੀਵਾਲ ਨੂੰ ਸਖ਼ਤ ਟੱਕਰ ਦੇਣੀ ਹੈ ਤਾਂ ਇਸ ਦੇ ਲਈ ਸਿਰਫ਼ ਇੱਕ ਚਿਹਰਾ ਸਾਹਮਣੇ ਲਿਆਉਣਾ ਪਵੇਗਾ।

ਪਾਰਟੀ 'ਚ ਮੁੱਖ ਮੰਤਰੀ ਦੇ ਚਿਹਰੇ 'ਤੇ ਇਹ ਅਫ਼ਵਾਹ ਸ਼ੁਰੂ ਹੋਈ ਜਦੋਂ ਅਮਿਤ ਸ਼ਾਹ ਨੇ ਖ਼ੁਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਕਿ ਉਹ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨਾਲ ਬਹਿਸ ਕਰਨ।

ਇਸ ਤੋਂ ਬਾਅਦ ਹੀ ਇਹ ਮੰਨਿਆ ਜਾ ਰਿਹਾ ਸੀ ਕਿ ਵਰਮਾ ਨੂੰ ਕੁਝ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਸ਼ਾਹ ਵਲੋਂ ਵਰਮਾ ਦੇ ਜ਼ਿਕਰ ਕਰਨ ਦਾ ਇਰਾਦਾ ਕੀ ਸੀ।

ਦਿੱਲੀ ਵਿੱਚ ਭਾਜਪਾ ਦੇ ਕਈ ਹੋਰ ਵੀ ਵੱਡੇ ਚਿਹਰੇ ਹਨ ਜਿਵੇਂ ਕਿ ਡਾ. ਹਰਸ਼ਵਰਧਨ, ਮਨੋਜ ਤਿਵਾਰੀ ਅਤੇ ਵਿਜੈ ਗੋਇਲ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਵੀ ਸੀਐੱਮ ਉਮੀਦਵਾਰ ਦੀ ਰੇਸ ਵਿੱਚ ਹਨ।

6 ਜਨਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਬੀਜੇਪੀ ਦੇ ਪ੍ਰਕਾਸ਼ ਜਾਵਡੇਕਰ ਅਤੇ ਮਨੋਜ ਤਿਵਾਰੀ ਨੇ ਪ੍ਰੈਸ ਕਾਨਫਰੰਸ ਕੀਤੀ।

ਜਦੋਂ ਸਵਾਲ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਚਿਹਰਾ ਖੜ੍ਹਾ ਕਰਨ 'ਤੇ ਕੀਤਾ ਗਿਆ ਤਾਂ ਉਨ੍ਹਾਂ ਟਾਲਮਟੋਲ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਦਿੱਲੀ ਦੀ ਪੂਰੀ ਜਨਤਾ ਖੜ੍ਹੀ ਹੈ।

ਕੇਜਰੀਵਾਲ ਕੀ ਬੋਲੇ

ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਲੋਕ ਸਾਡੇ ਕੰਮਾਂ ਨੂੰ ਦੇਖ ਕੇ ਵੋਟ ਪਾਉਣਗੇ।

ਕੇਜਰਾਵਾਲ ਨੇ ਕਿਹਾ, ''ਤੁਹਾਨੂੰ ਲੱਗਦਾ ਹੈ ਕਿ ਅਸੀਂ ਕੰਮ ਕੀਤਾ ਹੈ ਤਾਂ ਤੁਸੀਂ ਵੋਟ ਦੇਣਾ ਵਰਨਾ ਨਹੀਂ। ਅਸੀਂ ਦਿੱਲੀ ਵਿੱਚ ਲੋਕਾਂ ਦੇ ਘਰੋਂ ਘਰੀਂ ਜਾਵਾਂਗੇ। ਮੈਂ ਕਾਂਗਰਸ, ਭਾਜਪਾ, ਅਤੇ ਆਪ ਤੋਂ ਉੱਤੇ ਉੱਠ ਕੇ ਕੰਮ ਕੀਤੇ।''

2017 'ਚ ਪੰਜਾਬ ਵਿੱਚ ਕੀ ਹੋਇਆ ਸੀ?

ਦੱਸ ਦੇਇਏ ਕਿ ਜਦੋਂ 2017 'ਚ ਪੰਜਾਬ ਵਿੱਚ ਵਿਧਾਨਸਭਾ ਚੋਣਾਂ ਸਨ, ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦਾ ਕੋਈ ਚਿਹਰਾ ਪੇਸ਼ ਨਹੀਂ ਕੀਤਾ ਸੀ।

ਅਰਵਿੰਦ ਕੇਜਰੀਵਾਲ ਹੀ ਚੋਣ ਪ੍ਰਚਾਰ ਦੀ ਅਗਵਾਈ ਕਰ ਰਹੇ ਸਨ। 2017 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਪੰਜਾਬ 'ਚ ਉਨ੍ਹਾਂ ਪ੍ਰਦਰਸ਼ਨ ਨਹੀਂ ਕਰ ਪਾਈ ਸੀ, ਜਿਨ੍ਹੇਂ ਦੇ ਦਾਅਵੇ ਕੀਤੇ ਜਾ ਰਹੇ ਸਨ। ਪਾਰਟੀ ਸੂਬੇ 'ਚ ਦੂਸਰੇ ਨੰਬਰ 'ਤੇ ਆਈ ਸੀ।

ਸੀਟਾਂ ਦੀ ਵੰਡ ਲਈ ਅਕਾਲੀ ਦਲ ਵੱਲੋਂ ਕਮੇਟੀ ਦਾ ਗਠਨ

ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਐੱਮਪੀ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਨਰੇਸ਼ ਗੁਜਰਾਲ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

ਇਹ ਟੀਮ ਭਾਜਪਾ ਨਾਲ ਸੀਟਾਂ ਦੀ ਵੰਡ ਅਤੇ ਚੋਣ ਪ੍ਰਚਾਰ ਬਾਰੇ ਗੱਲਬਾਤ ਕਰੇਗੀ।

ਇਹ ਵੀ ਪੜ੍ਹੋ

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)