ਨਨਕਾਣਾ ਸਾਹਿਬ: ਪੱਥਰਬਾਜ਼ੀ ਕਰਨ ਤੇ ਸਿੱਖਾਂ ਖਿਲਾਫ਼ ਨਫ਼ਰਤ ਭਰੀ ਤਕਰੀਰ ਕਰਨ ਵਾਲਾ ਗ੍ਰਿਫ਼ਤਾਰ

    • ਲੇਖਕ, ਸ਼ੁਮਾਇਲਾ ਜ਼ਾਫ਼ਰੀ
    • ਰੋਲ, ਬੀਬੀਸੀ ਪੱਤਰਕਾਰ

ਬੀਤੇ ਸ਼ੁੱਕਰਵਾਰ ਨੂੰ ਇਤਿਹਾਸਕ ਗੁਰਦੁਆਰਾ ਨਨਕਾਣਾ ਸਾਹਿਬ ਉੱਤੇ ਮੁਜ਼ਾਹਰੇ ਦੌਰਾਨ ਪੱਥਰਬਾਜ਼ੀ ਕਰਵਾਉਣ ਤੇ ਸਿੱਖਾਂ ਖ਼ਿਲਾਫ਼ ਨਫ਼ਤਰ ਭਰੀ ਤਕਰੀਰ ਕਰਨ ਵਾਲੇ ਇਮਰਾਨ ਚਿਸ਼ਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਮਰਾਨ ਚਿਸ਼ਤੀ ਦੇ ਪਿਤਾ ਨੇ ਬੀਬੀਸੀ ਨਾਲ ਫੋਨ ਉੱਤੇ ਗੱਲ ਕਰਦਿਆਂ ਇਮਰਾਨ ਚਿਸ਼ਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।

ਕੁਝ ਸਮਾਂ ਪਹਿਲਾਂ ਸਿੱਖ ਲੜਕੀ ਜਗਜੀਤ ਕੌਰ ਦਾ ਕਥਿਤ ਤੌਰ ਉੱਤੇ ਜ਼ਬਰੀ ਧਰਮ ਪਰਿਵਰਤਨ ਕਰਵਾਉਣ ਵਾਲੇ ਮੁਸਲਿਮ ਲੜਕੇ ਮੁਹੰਮਦ ਹਸਨ ਦੇ ਪਰਿਵਾਰ ਦੀ ਅਗਵਾਈ ਵਿਚ ਸੈਂਕੜੇ ਮੁਜ਼ਾਹਰਾਕਾਰੀਆਂ ਨੇ ਇਤਿਹਾਸਕ ਗੁਰਦੁਆਰਾ ਨਨਕਾਣਾ ਸਾਹਿਬ ਉੱਤੇ ਇਹ ਪੱਥਰਬਾਜ਼ੀ ਕੀਤੀ ਸੀ।

ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਮੁਜ਼ਾਹਰਾਕਾਰੀਆਂ ਦੀ ਭੀੜ ਗੁਰਦੁਆਰੇ ਅੱਗੇ ਇਕੱਠੀ ਹੋ ਗਈ ਅਤੇ ਸਥਾਨਕ ਪ੍ਰਸਾਸ਼ਨ ਦੇ ਨਾਲ-ਨਾਲ ਸਿੱਖਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗ ਪਈ ਸੀ।।

ਮੁਜ਼ਾਹਰਕਾਰੀ ਮੰਗ ਕਰ ਰਹੇ ਸਨ ਕਿ ਜਗਜੀਤ ਕੌਰ ਨੇ ਕਿਉਂਕਿ ਧਰਮ ਬਦਲ ਲਿਆ ਹੈ ਅਤੇ ਉਸਦਾ ਹਸਨ ਨਾਲ ਵਿਆਹ ਹੋ ਚੁੱਕਾ ਹੈ ਇਸ ਲਈ ਲੜਕੀ ਉਨ੍ਹਾਂ ਨੂੰ ਸੌਂਪੀ ਜਾਵੇ।

ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈਆਂ ਵੀਡੀਓਜ਼ ਵਿਚ ਭੜਕੇ ਹੋਏ ਲੋਕ ਸਿੱਖ ਭਾਈਚਾਰੇ ਨੂੰ ਧਮਕੀਆਂ ਦਿੰਦੇ ਦਿਖ ਰਹੇ ਸਨ ਅਤੇ ਕਹਿ ਰਹੇ ਹਨ ਕਿ ਉਹ ਸਰਕਾਰ ਨੂੰ ਨਨਕਾਣਾ ਸਾਹਿਬ ਦਾ ਨਾਂ ਬਦਲ ਕੇ ਗੁਲਾਮ-ਏ-ਮੁਸਤਫ਼ਾ ਰੱਖਣ ਲਈ ਮਜ਼ਬੂਰ ਕਰਨਗੇ।

ਦਰਜਨਾਂ ਸਿੱਖ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨਾਲ ਸਬੰਧਤ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਆਏ ਸਨ, ਉਹ ਗੁਰਦੁਆਰੇ ਦੇ ਅੰਦਰ ਨਹੀਂ ਜਾ ਸਕੇ ਸਨ ਅਤੇ ਜੋ ਅੰਦਰ ਸਨ ਉਹ ਉਦੋਂ ਬਾਹਰ ਨਹੀਂ ਆ ਸਕੇ ਸਨ ਜਦੋਂ ਤੱਕ ਪੁਲਿਸ ਨੇ ਪਹੁੰਚ ਕੇ ਦਖ਼ਲ ਨਹੀਂ ਦਿੱਤਾ।

ਦੇਰ ਸ਼ਾਮ ਪੁਲਿਸ ਨੇ ਦਖ਼ਲ ਦੇ ਕੇ ਘੇਰਾਬੰਦੀ ਖ਼ਤਮ ਕਰਵਾਈ ਅਤੇ ਮੁਜ਼ਾਹਰਾਕਾਰੀਆਂ ਨੂੰ ਖਦੇੜ ਦਿੱਤਾ ਸੀ।

ਚਿਸ਼ਤੀ ਨੇ ਭਾਸ਼ਣ 'ਚ ਕੀ ਕਿਹਾ ਸੀ

ਵੀਡੀਓ ਵਿੱਚ ਇੱਕ ਮੁਜ਼ਾਹਰਾਕਾਰੀ ਜੋ ਖੁਦ ਨੂੰ ਹਸਨ ਦਾ ਭਰਾ ਦੱਸਾ ਹੈ, ਇਹ ਕਹਿੰਦੇ ਸੁਣਾਈ ਦੇ ਰਿਹਾ ਹੈ, "ਅਸੀਂ ਤੁਹਾਡੀ ਇੱਟ ਨਾਲ ਇੱਟ ਵਜਾ ਦਿਆਂਗੇ, ਅਸੀਂ ਇੱਕ ਸਿੱਖ ਨਹੀਂ ਇੱਥੇ ਰਹਿਣ ਦੇਣਾ, ਇੰਸ਼ਾ ਅੱਲ੍ਹਾ ਤਾਲਾ, ਇਹ ਨਨਕਾਣੇ ਦਾ ਨਾਮ ਬਦਲ ਕੇ ਅਸੀਂ ਗ਼ੁਲਾਮ-ਏ-ਮੁਸਤਫਾ ਸ਼ਹਿਰ ਦਾ ਨਾਮ ਰੱਖਾਂਗੇ।"

ਉਹ ਇੱਕ ਹੋਰ ਵੀਡੀਓ ਕਲਿੱਪ ਵਿੱਚ ਦੱਸ ਰਿਹਾ ਹੈ ਕਿ ਲੜਕੀ, ਜਗਜੀਤ ਕੌਰ ਜਿਨ੍ਹਾਂ ਨੇ ਇਸਲਾਮ ਕਬੂਲ ਕੀਤਾ, ਤੇ ਉਹ ਮੁਸਲਮਾਨ ਹੋਈ ਤੇ ਉਨ੍ਹਾਂ ਦੇ ਛੋਟੇ ਭਰਾ ਮੁਹੰਮਦ ਹਸਨ ਨਾਲ ਵਿਆਹ ਕੀਤਾ। ਹਸਨ ਨਾਲ ਵਿਆਹ ਤੋਂ ਬਾਅਦ ਅਦਾਲਤ 'ਚ ਕੇਸ ਚੱਲਦਾ ਪਿਆ ਸੀ, 9 ਤਰੀਕ ਨੂੰ ਲੜਕੀ ਨੂੰ ਆਇਸ਼ਾ (ਜਗਜੀਤ ਕੌਰ) ਨੂੰ ਜੱਜ ਨੇ ਪੇਸ਼ ਕਰ ਕੇ ਪੁੱਛਣਾ ਸੀ ਕਿ ਉਹ ਕਿਧਰ ਜਾਣਾ ਚਾਹੁੰਦੀ ਹੈ।

ਉਹ ਕਹਿੰਦੇ ਹਨ, "ਅੱਜ ਤਸੱਵਰ ਮੁਨੀਰ ਮੇਰੇ ਘਰ ਆਇਆ ਮੇਰੇ ਭਰਾ ਅਹਿਸਾਨ ਨੂੰ ਚੁੱਕ ਲੈ ਕੇ ਗਿਆ, ਮੇਰੇ ਰਿਸ਼ਤੇਦਾਰਾਂ ਦੇ ਮੇਰੇ ਚਾਚਿਆਂ ਨੂੰ ਲੈ ਗਿਆ। ਡੀਸੀ ਨਨਕਾਣਾ ਰਾਜਾ ਮਨਸੂਰ ਮੇਰੇ 'ਤੇ ਵਾਰ ਵਾਰ ਤਸ਼ੱਦਦ ਕਰਵਾਉਂਦਾ ਰਿਹਾ ਹੈ ਕਿ ਆਪਣੇ ਭਰਾ ਨੂੰ ਕਹਿ ਕੇ ਤਲਾਕ ਦੇਵੇ ਲੜਕੀ ਸਿੱਖਾਂ ਨੂੰ ਵਾਪਸ ਕਰੀਏ। ਚੌਧਰੀ ਸਰਵਰ, ਗਵਰਨਰ ਮੇਰੇ 'ਤੇ ਤਸ਼ੱਦਦ ਕਰਵਾਉਂਦਾ ਰਿਹਾ ਹੈ, ਮੈਨੂੰ ਕਹਿੰਦਾ ਰਿਹਾ ਹੈ ਕਿ ਆਪਣੇ ਭਰਾ ਨੂੰ ਤਲਾਕ ਦੇਵੇ ਲੜਕੀ ਸਿੱਖਾਂ ਨੂੰ ਵਾਪਸ ਕਰੀਏ।"

'ਸਾਡੀ ਮਾਂ ਦੇ ਢਿੱਡ 'ਚ ਲੱਤਾਂ ਮਾਰੀਆਂ ਤੇ ਭੈਣਾਂ ਨੂੰ ਥੱਪੜ'

"ਅਜਾਹ ਸ਼ਾਹ ਬ੍ਰਿਗੇਡੀਅਰ ਮੇਰੇ ਤਸ਼ੱਦਦ ਕਰਵਾਉਂਦਾ ਰਿਹਾ ਹੈ ਕਿ ਸਾਡੇ ਦਬਾਅ ਪਾਉਂਦੇ ਰਹੇ ਹਨ, ਜੇ ਅਸੀਂ ਲਿਫੇ ਨਹੀਂ, ਅਸੀਂ ਕੁੱਟ ਵੀ ਖਾਂਦੇ ਰਹੇ ਹਾਂ, ਮਾਰ ਵੀ ਖਾਂਦੇ ਰਹੇ ਹਾਂ। ਅੱਜ ਤਸੱਵਰ ਮੁਨੀਰ 20-25 ਪੁਲਿਸ ਨਾਲ ਮੇਰੇ ਭਰਾ ਅਹਿਸਾਨ, ਰਿਸ਼ਤੇਦਾਰਾਂ ਤੇ ਚਾਚਿਆਂ ਨੂੰ ਚੁੱਕ ਕੇ ਲੈ ਗਿਆ, ਮੇਰੇ ਮਾਂ ਦੇ ਗਲ ਪਿਆ, ਮੇਰੀਆਂ ਭੈਣਾਂ ਦੇ ਗਲ ਪਏ ਹਨ, ਮੇਰੀ ਮਾਂ ਦੇ ਢਿੱਡ 'ਚ ਲੱਤਾਂ ਮਾਰੀਆਂ ਹਨ, ਮੇਰੀਆਂ ਭੈਣਾਂ ਨੂੰ ਥੱਪੜ ਮਾਰੇ ਹਨ।"

"ਰਾਜਾ ਮੁਨਸੂਰ ਮੈਂ ਤੈਨੂੰ ਦੱਸਦਾ ਪਿਆ, ਸਿੱਖਾਂ ਦਾ ਬਦਲਾ, ਸਿੱਖ ਨਾ ਬਣ, ਮੁਸਲਮਾਨ ਬਣ, ਅਸੀਂ ਕਾਜ਼ੀ ਮੁਮਤਾਜ਼ ਕਾਦਰੀ ਦਫ਼ਨਾਇਆ, ਅਸੀਂ ਆਹਮਰ ਚੀਮਾ ਦਫ਼ਨਾਇਆ ਹੈ, ਕਾਜ਼ੀ ਈਲਮਦੀਨ ਦਫ਼ਨਾਇਆ, ਅਜੇ ਤੱਕ ਅਸੀਂ ਕਾਜ਼ੀ ਮੁਮਤਾਜ਼ ਕਾਦਰੀ ਦੀ ਰਾਇਫਲ ਨਹੀਂ ਦਫ਼ਨਾਈ, ਇਹ ਤੁਹਾਨੂੰ ਮੈਂ ਦੱਸ ਦਿਆਂ ਇਸਲਾਮ ਕੱਲ੍ਹ ਵੀ ਜ਼ਿੰਦਾ ਸੀ, ਇਸਲਾਮ ਅੱਜ ਵੀ ਜ਼ਿੰਦਾ ਹੈ।"

ਇਹ ਵੀ ਪੜ੍ਹੋ-

'ਸਿੱਖ ਘਰਾਂ ਤੋਂ ਬਾਹਰ ਨਹੀਂ ਆ ਰਹੇ'

ਜਿਸ ਸਮੇਂ ਪੱਥਰਬਾਜ਼ੀ ਸ਼ੁਰੂ ਹੋਈ ਹਰਮੀਤ ਸਿੰਘ ਗੁਰਦੁਆਰੇ ਦੇ ਅੰਦਰ ਸੀ। ਇਸ ਤੋਂ ਬਾਅਦ ਉਨ੍ਹਾਂ ਬੀਬੀਸੀ ਨੂੰ ਦੱਸਿਆ ਸੀ , ''ਅੱਜ ਦੀ ਘਟਨਾ ਨੇ ਗੁਰਪੁਰਬ ਸਮਾਗਮਾਂ ਵਿਚ ਵਿਘਨ ਪਾ ਦਿੱਤਾ। ਪਹਿਲਾਂ ਥੋੜੇ ਲੋਕੀਂ ਆਏ ਪਰ ਫਿਰ ਇਨ੍ਹਾਂ ਦੀ ਗਿਣਤੀ ਵਧ ਗਈ ਅਤੇ ਸਾਡੇ ਲੋਕ ਡਰੇ ਹੋਏ ਹਨ ਅਤੇ ਉਹ ਘਰਾਂ ਤੋਂ ਬਾਹਰ ਨਹੀਂ ਆ ਰਹੇ ਹਨ।''

ਹਰਮੀਤ ਸਿੰਘ ਨੇ ਕਿਹਾ ਸੀ ਕਿ ਜੋ ਕੁਝ ਅੱਜ ਹੋਇਆ ਇਸ ਨਾਲ ਭਾਈਚਾਰਾ ਬੁਰੀ ਤਰ੍ਹਾਂ ਡਰ ਗਿਆ ਹੈ।

ਇਸ ਤੋਂ ਦੂਜੇ ਦਿਨ ਪ੍ਰਸ਼ਾਸ਼ਨ ਦੇ ਉੱਚ ਅਫ਼ਸਰਾਂ ਨੇ ਨਨਕਾਣਾ ਸਾਹਿਬ ਪਹੁੰਚ ਕੇ ਸਿੱਖ ਭਾਈਚਾਰੇ ਨਾਲ ਵੀ ਬੈਠਕ ਕੀਤੀ ਸੀ।

ਹਰਮੀਤ ਸਿੰਘ ਨੇ ਕਿਹਾ ਸੀ''ਇਹ ਬਾਬਾ ਨਾਨਕ ਦਾ ਜਨਮ ਅਸਥਾਨ ਹੈ, ਸਾਡੇ ਲਈ ਇਹ ਬਹੁਤ ਹੀ ਪਵਿੱਤਰ ਥਾਂ ਹੈ, ਇਸ ਉੱਤੇ ਕੀਤੀ ਗਈ ਪੱਥਰਬਾਜ਼ੀ ਤੋਂ ਅਸੀਂ ਚਿੰਤਤ ਹਾਂ, ਇਹ ਨਾਕਾਬਿਲ-ਏ-ਬਰਦਾਸ਼ਤ ਹੈ।''

ਪਾਕਿਸਤਾਨ ਸਿੱਖ ਕੌਂਸਲ ਦੇ ਚੀਫ਼ ਪੈਟਰਨ ਰਮੇਸ਼ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਇਸ ਨਾਲ ਦੁਨੀਆਂ ਭਰ ਵਿਚ ਵੱਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ।

ਇਹ ਵੀ ਪੜ੍ਹੋ-

"ਜਗਜੀਤ ਕੌਰ ਦਾ ਮਸਲਾ ਦੋ ਪਰਿਵਾਰਾਂ ਦੀ ਨਿੱਜੀ ਲੜਾਈ ਹੈ, ਇਸ ਦੀ ਆੜ ਵਿਚ ਧਾਰਮਿਕ ਸਥਾਨ ਉੱਤੇ ਹਮਲਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।"

ਇਸ ਨੇ ਕਰਤਾਰਪੁਰ ਕੌਰੀਡੋਰ ਖੋਲ੍ਹੇ ਜਾਣ ਨਾਲ ਪੈਦਾ ਹੋਏ ਅਮਨ ਤੇ ਭਾਈਚਾਰੇ ਦੇ ਮਾਹੌਲ ਨੂੰ ਵੀ ਢਾਅ ਲਾਈ ਹੈ।

ਰੇਸ਼ਮ ਸਿੰਘ ਨੇ ਕਿਹਾ, " ਇੱਕ ਮੁੰਡੇ ਤੇ ਕੁੜੀ ਦੀ ਪਿਆਰ ਕਹਾਣੀ ਧਾਰਮਿਕ ਸਥਾਨਾਂ ਉੱਤੇ ਹਮਲਿਆਂ ਲਈ ਨਹੀਂ ਵਰਤੀ ਜਾਣੀ ਚਾਹੀਦੀ।ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗੁਰਦੁਆਰਿਆਂ ਦੀ ਸੁਰੱਖਿਆ ਲਈ ਰੇਜ਼ਰ ਤੇ ਫੌਜ਼ ਤਾਇਨਾਤ ਕਰੇ।"

ਰੇਸ਼ਮ ਸਿੰਘ ਨੇ ਕਿਹਾ ਕਿ ਸਰਕਾਰ ਜਗਜੀਤ ਕੌਰ ਦੇ ਮਾਮਲੇ ਦਾ ਵੀ ਨਿਪਟਾਰਾ ਕਰਵਾਏ।

ਰੇਸ਼ਮ ਸਿੰਘ ਦਾ ਕਹਿਣ ਸੀ, "ਜੇਕਰ ਉਹ ਵਾਪਸ ਆਉਣਾ ਚਾਹੁੰਦੀ ਹੈ ਤਾਂ ਆਉਣ ਦਿੱਤਾ ਜਾਵੇ, ਜੇਕਰ ਨਹੀਂ ਆਉਣਾ ਚਾਹੁੰਦੀ ਤਾਂ ਉਸ ਨੂੰ ਮਰਜ਼ੀ ਕਰਨ ਦਿੱਤੀ ਜਾਵੇ, ਪਰ ਕਿਸੇ ਦੇ ਨਿੱਜੀ ਮਸਲੇ ਲਈ ਪੂਰੀ ਕੌਮ ਨੂੰ ਨਿਸ਼ਾਨਾਂ ਬਣਾਉਣਾ ਸਹਿਨ ਨਹੀਂ ਕੀਤਾ ਜਾਵੇਗਾ।"

ਇਹ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)