You’re viewing a text-only version of this website that uses less data. View the main version of the website including all images and videos.
ਪਰਮਿੰਦਰ ਢੀਂਡਸਾ ਨੇ ਅਸਤੀਫ਼ੇ 'ਚ ਕੀ ਕਿਹਾ ਤੇ ਸੁਖਦੇਵ ਢੀਂਡਸਾ ਨੇ ਕੀ ਪ੍ਰਤੀਕਰਮ ਦਿੱਤਾ
ਅਕਾਲੀ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵਿਧਾਨ ਸਭਾ ਵਿੱਚ ਅਕਾਲੀ ਦਲ ਦੇ ਨੇਤਾ ਵਜੋਂ ਅਸਤੀਫ਼ਾ ਦੇ ਦਿੱਤਾ ਹੈ।
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਅਕਾਲੀ ਲੀਡਰਸ਼ਿਪ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫੇ ਨੂੰ ਸਵੀਕਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਦਿੱਤੀ।
ਪਰਮਿੰਦਰ ਸਿੰਘ ਢੀਂਡਸਾ ਫਿਲਹਾਲ ਲਹਿਰਾਗਾਗਾ ਤੋਂ ਅਕਾਲੀ ਦਲ ਦੇ ਵਿਧਾਇਕ ਹਨ ਅਤੇ ਅਕਾਲੀ ਦਲ ਦੀ ਸਰਕਾਰ ਵੇਲੇ ਖ਼ਜ਼ਾਨਾ ਅਤੇ ਯੋਜਨਾ ਮੰਤਰੀ ਤੇ ਲੋਕ ਨਿਰਮਾਣ ਮੰਤਰੀ ਵੀ ਰਹੇ ਹਨ।
ਇਹ ਵੀ ਪੜ੍ਹੋ-
ਪਰਮਿੰਦਰ ਸਿੰਘ ਢੀਂਡਸਾ ਨਾਲ ਫੋਨ ਉੱਤੇ ਗੱਲਬਾਤ ਕਰਨ ਲਈ ਕਈ ਵਾਰ ਫੋਨ ਕੀਤਾ ਗਿਆ ਪਰ ਉਨ੍ਹਾ ਦਾ ਫੋਨ ਬੰਦ ਆ ਰਿਹਾ ਸੀ। ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ।
ਇਸੇ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਮੰਤਰੀ ਸ਼ਰਨਜੀਤ ਢਿੱਲੋਂ ਨੂੰ ਵਿਧਾਨ ਸਭਾ ਵਿਚ ਪਾਰਟੀ ਦਾ ਆਗੂ ਨਿਯੁਕਤ ਕੀਤਾ ਹੈ।
ਸਿਰਫ਼ ਦੋ ਲਾਇਨਾਂ ਦਾ ਅਸਤੀਫ਼ਾ
ਪਰਮਿੰਦਰ ਸਿੰਘ ਢੀਂਡਸਾ ਨੇ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਭੇਜਿਆ ਹੈ, ਆਪਣੇ ਅਧਿਕਾਰਤ ਲੈਟਰਹੈੱਡ ਉੱਤੇ ਢੀਂਡਸਾ ਨੇ ਲਿਖਿਆ, ਮੈਂ ਅਕਾਲੀ ਵਿਧਾਨਕਾਰ ਪਾਰਟੀ ਦੇ ਲੀਡਰ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਾ ਹਾਂ। ਆਸ ਕਰਦਾ ਹਾਂ ਕਿ ਤੁਸੀਂ ਮੇਰੇ ਅਸਤੀਫ਼ੇ ਨੂੰ ਮੰਨਜ਼ੂਰ ਕਰਨ ਦੀ ਕ੍ਰਿਪਾਲਤਾ ਕਰੋਗੇ।''
ਪਰਮਿੰਦਰ ਢੀਂਡਸਾ ਨੇ ਅਸਤੀਫ਼ਾ ਦੇਣ ਦਾ ਕੋਈ ਕਾਰਨ ਵੀ ਨਹੀਂ ਦੱਸਿਆ ਹੈ। ਅਕਾਲੀ ਦਲ ਦੇ ਸੂਤਰਾਂ ਮੁਤਾਬਕ ਇਹ ਅਸਤੀਫ਼ਾ ਬਾਅਦ ਦੁਪਹਿਰ ਤਿੰਨ ਵਜੇ ਦਿੱਤਾ ਗਿਆ, ਜਿਸ ਨੂੰ ਸੁਖਬੀਰ ਬਾਦਲ ਨੇ ਤੁਰੰਤ ਪ੍ਰਵਾਨ ਕਰ ਲਿਆ।
ਇੱਕ ਪਾਸੇ ਦਲਜੀਤ ਸਿੰਘ ਚੀਮਾ ਟਵੀਟ ਕਰਕੇ ਇਸ ਦੀ ਜਾਣਕਾਰੀ ਦੇ ਰਹੇ ਸਨ, ਉਸ ਤੋਂ ਕੁਝ ਹੀ ਪਲਾਂ ਬਾਅਦ ਸ਼ਰਨਜੀਤ ਸਿੰਘ ਢਿੱਲੋਂ ਦੀ ਨਿਯੁਕਤੀ ਦੀ ਖ਼ਬਰ ਆ ਗਈ।
ਸੁਖਦੇਵ ਢੀਂਡਸਾ ਦਾ ਪ੍ਰਤੀਕਰਮ
"ਮੈਨੂੰ ਅਜੇ ਤੱਕ ਨਹੀਂ ਮਿਲਿਆ, ਮੇਰੀ ਉਨ੍ਹਾਂ ਨਾਲ ਗੱਲਬਾਤ ਨਹੀਂ ਹੋਈ, ਪਰ ਮੈਂ ਪਰਮਿੰਦਰ ਸਿੰਘ ਢੀਂਡਸਾ ਦੇ ਕਦਮ ਦਾ ਸਵਾਗਤ ਕਰਦਾ ਹਾਂ।"
ਸੁਖਦੇਵ ਸਿੰਘ ਢੀਂਡਸਾ ਨੇ ਕਿਹਾ, "ਪਾਰਟੀ ਸਾਡੀ ਹੈ ਅਸੀਂ ਪਾਰਟੀ ਤੋਂ ਕਿਤੇ ਨਹੀਂ ਜਾ ਰਹੇ।"
ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਸਤੀਫ਼ਾ ਦਿੰਦਿਆਂ ਹੀ ਸਵੀਕਾਰ ਕਰਨਾ ਅਤੇ ਨਵੇਂ ਆਗੂ ਦੀ ਚੋਣ ਵਿਧਾਇਕ ਦਲ ਦੀ ਬੈਠਕ ਤੋਂ ਬਿਨਾਂ ਕਰਨਾ ਪਾਰਟੀ ਦੇ ਤਾਨਾਸ਼ਾਹੀ ਰਵੱਈਏ ਨੂੰ ਦਰਸਾਉਂਦਾ ਹੈ।
ਸੁਖਦੇਵ ਸਿੰਘ ਢੀਂਡਸਾ ਨੇ ਅਗਲੀ ਰਣਨੀਤੀ ਬਾਰੇ ਤੁਰੰਤ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਅਤੇ ਸਿਰਫ਼ ਇੰਨਾ ਕਿਹਾ ਕਿ ਅਕਾਲੀ ਦਲ ਦੇ ਵਿਚ ਹੀ ਰਹਿ ਕੇ ਅਸੀਂ ਸਿਧਾਂਤਕ ਲੜਾਈ ਲੜਦੇ ਰਹਾਂਗੇ।
ਇਹ ਵੀ ਪੜ੍ਹੋ-
ਸਮਝਾਇਆ ਪਰ ਸਮਝੇ ਨਹੀਂ ਪਰਮਿੰਦਰ: ਢਿੱਲੋਂ
ਮੀਡੀਆ ਨਾਲ ਗੱਲਬਾਤ ਦੌਰਾਨ ਵਿਧਾਨ ਸਭਾ ਵਿਚ ਅਕਾਲੀ ਵਿਧਾਇਕ ਦਲ ਦੇ ਨਵੇਂ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ , ''ਪਰਮਿੰਦਰ ਸਿੰਘ ਢੀਂਡਸਾ ਨੂੰ ਮਨਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਨਾ ਟਾਲੀਆਂ ਜਾਣ ਵਾਲੀਆਂ ਮਜਬੂਰੀਆਂ ਕਾਰਨ ਨਾ ਮੰਨੇ।''
ਉਨ੍ਹਾਂ ਕਿਹਾ, ''ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਵਿਚ ਹੈ, ਆਗੂ ਪਾਰਟੀਆਂ ਵਿਚ ਆਉਂਦੇ ਅਤੇ ਜਾਂਦੇ ਰਹਿੰਦੇ ਹਨ, ਇਸ ਨਾਲ ਕੋਈ ਫ਼ਰਕ ਨਹੀਂ ਪਵੇਗਾ।''
ਸੀਨੀਅਰ ਢੀਂਡਸਾ ਵੀ ਛੱਡ ਚੁੱਕੇ ਨੇ ਸਾਰੇ ਅਹੁਦੇ
ਪਰਮਿੰਦਰ ਸਿੰਘ ਢੀਂਡਸਾ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਕਈ ਮਹੀਨੇ ਪਹਿਲਾਂ ਅਕਾਲੀ ਦਲ ਦੇ ਸਾਰੇ ਅਹੁਦੇ ਛੱਡ ਚੁੱਕੇ ਹਨ, ਭਾਵੇਂ ਕਿ ਉਹ ਰਾਜ ਸਭਾ ਦੇ ਮੈਂਬਰ ਵਜੋਂ ਕੰਮ ਕਰਦੇ ਹਨ।
ਸੁਖਦੇਵ ਸਿੰਘ ਢੀਂਡਸਾ ਮੀਡੀਆ ਨਾਲ ਗੱਲਬਾਤ ਦੌਰਾਨ ਅਕਾਲੀ ਦਲ ਦੇ ਅਹੁਦੇ ਛੱਡਣ ਦਾ ਕਾਰਨ ਨਿੱਜੀ ਸਿਹਤ ਦੱਸਦੇ ਹਨ, ਪਰ ਉਹ ਪਿਛਲੇ ਦਿਨੀ ਅਕਾਲੀ ਦਲ ਦੇ ਫਾਉਂਡੇਸ਼ਨ ਡੇਅ ਮੌਕੇ ਜਦੋਂ ਬਾਗੀ ਅਕਾਲੀਆਂ ਦੇ ਅਕਾਲੀ ਦਲ ਟਕਸਾਲੀ ਦੇ ਸਮਾਗਮ ਵਿਚ ਚਲੇ ਗਏ ਤਾਂ ਸਾਫ਼ ਹੋ ਗਿਆ ਸੀ ਕਿ ਉਹ ਪਾਰਟੀ ਤੋਂ ਬਗਾਵਤ ਕਰ ਦੇਣਗੇ।
ਉਦੋਂ ਪਰਮਿੰਦਰ ਸਿੰਘ ਢੀਂਡਸਾ ਕਿਸੇ ਵੀ ਧਿਰ ਦੇ ਸਮਾਗਮ ਵਿਚ ਨਹੀਂ ਗਏ ਸਨ, ਜਿਸ ਤੋਂ ਬਾਅਦ ਮੀਡੀਆ ਵਿਚ ਇਹ ਰਿਪੋਰਟਾਂ ਆਉਣ ਲੱਗੀਆਂ ਸਨ ਕਿ ਉਹ ਕਿਸੇ ਵੀ ਵੇਲੇ ਅਸਤੀਫ਼ਾ ਦੇ ਸਕਦੇ ਹਨ।