You’re viewing a text-only version of this website that uses less data. View the main version of the website including all images and videos.
ਸੁਖਬੀਰ ਬਾਦਲ ਖਿਲਾਫ਼ ਮੋਰਚਾ ਖੋਲ੍ਹਣ ਵਾਲੇ ਸੁਖਦੇਵ ਸਿੰਘ ਢੀਂਡਸਾ ਭਾਜਪਾ ਅਤੇ ਪੁੱਤਰ ਪਰਮਿੰਦਰ ਢੀਂਡਸਾ ਦੇ ਸਟੈਂਡ ਬਾਰੇ ਕੀ ਬੋਲੇ
- ਲੇਖਕ, ਜਸਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਜੱਦੀ ਜਾਇਦਾਦ ਸਮਝ ਲਿਆ ਹੈ ਤੇ ਉਹ ਚਾਹੁੰਦੇ ਹਨ ਕਿ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਅਨੁਸਾਰ ਚੱਲੇ।
ਸੁਖਦੇਵ ਸਿੰਘ ਢੀਂਡਸਾ ਨੇ ਇਹ ਬਿਆਨ ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਦਿੱਤਾ ਹੈ।
14 ਦਸੰਬਰ ਨੂੰ ਅਕਾਲੀ ਦਲ ਦੇ ਸਥਾਪਨਾ ਦਿਹਾੜੇ ਮੌਕੇ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਸਮਾਗਮ ਵਿੱਚ ਸ਼ਾਮਲ ਨਾ ਹੋ ਕੇ ਅਕਾਲੀ ਦਲ ਟਕਸਾਲੀ ਦੇ ਸਮਾਗਮ ਵਿੱਚ ਸ਼ਾਮਿਲ ਹੋਏ ਸਨ।
ਉੱਥੇ ਵੀ ਉਨ੍ਹਾਂ ਨੇ ਅਕਾਲੀ ਦਲ ਤੇ ਖ਼ਾਸਕਰ ਸੁਖਬੀਰ ਬਾਦਲ 'ਤੇ ਸਵਾਲ ਚੁੱਕੇ ਸਨ। ਉਨ੍ਹਾਂ ਦੇ ਮੌਜੂਦਾ ਬਗਾਵਤੀ ਸੁਰਾਂ ਬਾਰੇ ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਪੜ੍ਹੋ ਗੱਲਬਾਤ ਵਿੱਚ ਸੁਖਦੇਵ ਢੀਂਡਸਾ ਨੇ ਕੀ ਕਿਹਾ।
ਇਹ ਵੀ ਪੜ੍ਹੋ:
ਸਵਾਲ: ਤੁਸੀਂ ਪਾਰਟੀ ਵਿੱਚ ਸਰਗਰਮ ਸੀ ਤਾਂ ਤੁਸੀਂ ਪਾਰਟੀ ਵਿੱਚ ਬੇਅਦਬੀ ਦਾ ਮੁੱਦਾ ਵੀ ਚੁੱਕਿਆ , ਚੋਣਾਂ ਤੋਂ ਬਾਅਦ ਸੁਖਬੀਰ ਬਾਦਲ ਤੋਂ ਅਸਤੀਫ਼ਾ ਵੀ ਮੰਗਿਆ, ਹੁਣ ਤੁਸੀਂ ਪਾਰਟੀ ਦੀਆਂ ਗਤੀਵਿਧੀਆਂ ਤੋਂ ਕਿਨਾਰਾ ਕਰ ਲਿਆ ਹੈ, ਫਿਲਹਾਲ ਤੁਹਾਡਾ ਨਿਸ਼ਾਨਾ ਕੀ ਹੈ?
ਜਵਾਬ: ਸਾਡਾ ਨਿਸ਼ਾਨਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਾਨਾਸ਼ਾਹੀ ਤੋਂ ਦੂਰ ਕਰਨਾ, ਉਨ੍ਹਾਂ ਲੀਹਾਂ 'ਤੇ ਲਿਆਉਣਾ ਜਿਸ ਲਈ ਸ਼੍ਰੋਮਣੀ ਅਕਾਲੀ ਦਲ ਬਣੀ ਸੀ। ਸ਼੍ਰੋਮਣੀ ਅਕਾਲੀ ਦਲ ਇੱਕ ਡੈਮੋਕਰੇਟਿਕ ਪਾਰਟੀ ਹੈ।
ਸਵਾਲ: ਤੁਸੀਂ ਇੰਨੇ ਵਕਤ ਤੋਂ ਅਕਾਲੀ ਦਲ ਵਿੱਚ ਹੋ, ਪਰ ਤੁਸੀਂ ਇਹ ਕਦਮ ਹੁਣ ਕਿਉਂ ਚੁੱਕਿਆ?
ਜਵਾਬ: ਜਦੋਂ ਸੁਖਬੀਰ ਬਾਦਲ ਪ੍ਰਧਾਨ ਬਣੇ ਤਾਂ ਹੀ ਦਿੱਕਤ ਆਈ, ਪ੍ਰਕਾਸ਼ ਸਿੰਘ ਬਾਦਲ ਵੇਲੇ ਅਜਿਹੀ ਗੱਲ ਨਹੀਂ ਸੀ। ਉਹ ਸਾਰੇ ਕੰਮ ਪੁੱਛ ਕੇ ਕਰਦੇ ਸੀ ਲੋਕਤੰਤਰਿਕ ਤਰੀਕੇ ਨਾਲ ਕਰਦੇ ਸੀ। ਪਰ ਸੁਖਬੀਰ ਨੇ ਪਾਰਟੀ ਨੂੰ ਖ਼ਾਸਕਰ ਮੌਜੂਦਾ ਵੇਲੇ ਜੱਦੀ ਜਾਇਦਾਦ ਬਣਾ ਲਿਆ ਹੈ।
ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰਨਾ, ਸ਼੍ਰੋਮਣੀ ਕਮੇਟੀ ਨੂੰ ਵੀ ਆਪ ਹੀ ਡਾਇਰੈਕਸ਼ਨਾਂ ਦੇਣੀਆਂ ਹਨ ਅਤੇ ਇਹ ਕੋਸ਼ਿਸ਼ ਕਰਨੀ ਹੈ ਕਿ ਅਕਾਲ ਤਖਤ ਦਾ ਜਥੇਦਾਰ ਵੀ ਉਨ੍ਹਾਂ ਦੇ ਮੁਤਾਬਕ ਹੀ ਕਹੇ। ਇਸ ਸਭ ਰੋਕਣ ਲਈ ਤੇ ਲੋਕਤੰਤਰਿਕ ਸਿਸਟਮ ਲਿਆਉਣ ਲਈ ਇਹ ਸਭ ਕੁਝ ਸ਼ੁਰੂ ਕੀਤਾ ਹੈ।
ਸਵਾਲ: ਅਜਿਹੇ ਕੁਝ ਮੌਕੇ ਪਹਿਲਾਂ ਵੀ ਆਏ ਜਦੋਂ ਤੁਹਾਨੂੰ ਲੱਗਿਆ ਕਿ ਕੋਈ ਵੱਡਾ ਫ਼ੈਸਲਾ ਲੈਣ ਦੀ ਲੋੜ ਹੈ?
ਜਵਾਬ: ਜਦੋਂ ਅਸੀਂ ਵਿਧਾਨ ਸਭਾ ਚੋਣਾਂ ਹਾਰ ਗਏ ਸੀ ਤਾਂ ਉਸ ਵੇਲੇ ਮੈਂ ਕੋਰ ਕਮੇਟੀ ਵਿੱਚ ਕਿਹਾ ਸੀ, ਉੱਥੇ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਸੀ, ਕਿ ਵਿਧਾਨ ਸਭਾ ਵਿੱਚ ਅਸੀਂ ਤਾਂ ਵਿਰੋਧੀ ਧਿਰ ਵੀ ਨਹੀਂ ਬਣ ਸਕੇ, ਤੀਜੇ ਨੰਬਰ 'ਤੇ ਆਏ ਹਾਂ, ਸੁਖਬੀਰ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਮੈਂ ਇਹ ਸੁਝਾਅ ਦਿੱਤਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਲਈਏ ਤੇ ਸੁਖਬੀਰ ਬਾਦਲ ਨੂੰ ਹਟਾ ਦੇਈਏ।
ਪਰ ਉਨ੍ਹਾਂ ਨੇ ਨਹੀਂ ਮੰਨਿਆ ਸਗੋਂ ਗੁੱਸੇ ਹੋ ਗਏ। ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਮੇਰੀ ਗੱਲ ਦੀ ਹਮਾਇਤ ਕੀਤੀ। ਫਿਰ ਵੀ ਅਸੀਂ ਕਈ ਵਾਰ ਕੋਸ਼ਿਸ਼ ਕੀਤੀ ਤਾਂ ਜੋ ਪਾਰਟੀ ਵਿੱਚ ਕੁਝ ਸਹੀ ਹੋਵੇ। ਪਰ ਜਦੋਂ ਕੋਈ ਗੱਲ ਸਿਰੇ ਨਹੀਂ ਚੜ੍ਹੀ ਤਾਂ ਸਾਨੂੰ ਇਹ ਕਦਮ ਚੁੱਕਣਾ ਪਿਆ।
ਸਵਾਲ: ਸਿਆਸੀ ਹਲਕਿਆਂ ਤੇ ਮੀਡੀਆ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਤੁਸੀਂ ਭਾਜਪਾ ਦੀ ਹਮਾਇਤ ਵਾਲੀ ਕਿਸੇ ਪਾਰਟੀ ਦੀ ਹਮਾਇਤ ਕਰ ਸਕਦੇ ਹੋ, ਭਾਜਪਾ ਬਾਰੇ ਤੁਹਾਡਾ ਕੀ ਰਵੱਈਆ ਹੈ, ਜ਼ਰਾ ਸਪਸ਼ਟ ਕਰੋ।
ਜਵਾਬ: ਅਜਿਹੀ ਗੱਲ ਨਹੀਂ ਹੈ, ਨਾ ਕੋਈ ਭਾਜਪਾ ਦਾ ਲੀਡਰ ਮੇਰੇ ਸੰਪਰਕ ਵਿੱਚ ਹੈ ਤੇ ਨਾ ਹੀ ਮੈਂ ਕਿਸੇ ਨਾਲ ਗੱਲ ਕੀਤੀ ਹੈ। ਮੈਂ ਇੱਕ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ ਕਰਨ ਲਈ ਜ਼ਰੂਰ ਮਿਲਿਆ ਹਾਂ ਕਿਉਂਕਿ ਉਨ੍ਹਾਂ ਨੇ ਮੈਨੂੰ ਬਿਨਾਂ ਅਪਲਾਈ ਕੀਤਿਆਂ ਪਦਮ ਭੂਸ਼ਣ ਦਿੱਤਾ ਸੀ। ਉਹ ਮੇਰੀ ਪੰਜ ਮਿੰਟ ਦੀ ਮੁਲਾਕਾਤ ਸੀ ਪਰ ਉਸ ਤੋਂ ਬਾਅਦ ਮੇਰੀ ਉਨ੍ਹਾਂ ਨਾਲ ਕੋਈ ਮੁਲਾਕਾਤ ਨਹੀਂ ਹੋਈ। ਅਮਿਤ ਸ਼ਾਹ ਨਾਲ ਵੀ ਮੈਂ ਕਿਸੇ ਕੰਮ ਲਈ ਕੁਝ ਮਿੰਟ ਲਈ ਹੀ ਮਿਲਿਆ ਸੀ। ਉੱਥੇ ਵੀ ਸਾਡੀ ਇਸ ਤਰੀਕੇ ਦੀ ਕੋਈ ਗੱਲ ਨਹੀਂ ਹੋਈ।
ਸਵਾਲ: ਤੁਹਾਨੂੰ ਕੀ ਲਗਦਾ ਹੈ ਕਿ ਅਕਾਲੀ-ਭਾਜਪਾ ਗਠਜੋੜ ਕਰਕੇ ਕੀ ਪੰਜਾਬ ਦੇ ਮੁੱਦੇ ਪੂਰੇ ਹੋ ਰਹੇ ਹਨ?
ਜਵਾਬ: ਪੰਜਾਬ ਦੇ ਮੁੱਦੇ ਕੋਈ ਨਹੀਂ ਚੁੱਕ ਰਿਹਾ ਹੈ, ਪੰਜਾਬ ਦੇ ਮੁੱਦੇ ਅਜੇ ਪੂਰੇ ਨਹੀਂ ਹੋ ਰਹੇ ਹਨ। ਦੱਸੋ ਕੌਣ ਚੁੱਕ ਰਿਹਾ ਹੈ ਪੰਜਾਬ ਦੇ ਮੁੱਦੇ, ਕਿਸ ਨੇ ਚੁੱਕੇ ਹਨ।
ਸਵਾਲ:ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਤੁਸੀਂ ਇਨ੍ਹਾਂ ਤਿੰਨਾਂ ਆਗੂਆਂ ਸਣੇ ਪਾਰਟੀ ਵਿੱਚ ਫੈਸਲੇ ਲੈਣ ਦੀ ਭੂਮਿਕਾ ਵਿੱਚ ਸੀ, ਤੁਹਾਡੀ ਮਰਜ਼ੀ ਤੋਂ ਪਰੇ ਹੋ ਕੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।
ਜਵਾਬ: ਤੁਸੀਂ ਬਲਵਿੰਦਰ ਸਿੰਘ ਭੂੰਦੜ ਨੂੰ ਭਾਵੇਂ ਛੱਡੋ, ਮੈਨੂੰ ਵੀ ਛੱਡ ਦਿਓ ਪਰ ਬਾਕੀ ਇਨ੍ਹਾਂ ਦੋਵੇਂ ਆਗੂਆਂ ਨੂੰ ਪੁੱਛੋ ਕਿ ਕੀ ਉਨ੍ਹਾਂ ਤੋਂ ਪੁੱਛ ਕੇ ਫ਼ੈਸਲੇ ਲਏ ਗਏ ਹਨ। ਸਾਡੇ ਤੋਂ ਤਾਂ ਫ਼ੈਸਲੇ ਪੁੱਛ ਕੇ ਨਹੀਂ ਲਏ ਗਏ ਹਨ।
ਸਵਾਲ:ਤੁਸੀਂ ਕਿਹਾ ਕਿ ਤੁਸੀਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ ਪਰ ਤੁਸੀਂ ਰਾਜ ਸਭਾ ਕਿਉਂ ਨਹੀਂ ਛੱਡ ਰਹੇ ਹੋ?
ਜਵਾਬ: ਰਾਜ ਸਭਾ ਤਾਂ ਕੋਈ ਛੱਡਣਾ ਜ਼ਰੂਰੀ ਨਹੀਂ ਹੈ। ਮੈਂ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਤਾਂ ਅਸਤੀਫਾ ਨਹੀਂ ਦਿੱਤਾ ਹੈ। ਜੇ ਮੈਂ ਅੱਜ ਰਾਜ ਸਭਾ ਦੀ ਮੈਂਬਰਸ਼ਿਪ ਛੱਡਾਂ ਵੀ ਤਾਂ ਅਕਾਲੀ ਦਲ ਨੇ ਤਾਂ ਨਹੀਂ ਆਉਣਾ। ਫਿਰ ਤਾਂ ਕਾਂਗਰਸ ਨੇ ਆਉਣਾ ਹੈ ਜੋ ਸਾਡੀ ਦੁਸ਼ਮਣ ਜਮਾਤ ਹੈ।
ਸਵਾਲ:ਸੁਖਬੀਰ ਬਾਦਲ ਕਹਿ ਰਹੇ ਹਨ ਕਿ ਪਰਮਿੰਦਰ ਢੀਂਡਸਾ ਉਨ੍ਹਾਂ ਦੇ ਨਾਲ ਹਨ। ਕੀ ਪਰਮਿੰਦਰ ਢੀਂਡਸਾ ਤੁਹਾਡੇ ਨਾਲ ਖੜ੍ਹੇ ਹੋਣਗੇ?
ਜਵਾਬ:ਪਰਮਿੰਦਰ ਢੀਂਡਸਾ ਸਾਡੇ ਨਾਲ ਖੜ੍ਹੇ ਹੋਣਗੇ। ਉਨ੍ਹਾਂ ਦੇ ਨਾਲ ਮੇਰੀ ਗੱਲਬਾਤ ਹੋਈ ਹੈ। ਅਜੇ ਉਹ ਬਾਹਰ ਹਨ ਤੇ ਜਿਵੇਂ ਹੀ ਵਾਪਸ ਆਉਂਦੇ ਹਨ ਤਾਂ ਉਹ ਸਾਡੇ ਨਾਲ ਇਨ੍ਹਾਂ ਮੁੱਦਿਆਂ ਨੂੰ ਚੁੱਕਣਗੇ।
ਸਵਾਲ:ਪਹਿਲਾਂ ਵੀ ਅਕਾਲੀ ਦਲ ਵਿੱਚ ਅਜਿਹਾ ਵਖਰੇਵਾਂ ਨਜ਼ਰ ਆਇਆ ਹੈ, ਅਕਾਲੀ ਦਲ ਅੰਮ੍ਰਿਤਸਰ ਵੀ ਬਣਿਆ, ਟੋਹੜਾ ਸਾਹਿਬ ਵੇਲੇ ਵੀ ਇਹ ਗੱਲ ਹੋਈ ਹੈ ਪਰ ਵੋਟ ਦੀ ਸਿਆਸਤ ਵਿੱਚ ਕਾਮਯਾਬੀ ਕਿਸੇ ਨੂੰ ਨਹੀਂ ਮਿਲੀ, ਕੀ ਤੁਹਾਡਾ ਵੀ ਨਵੀਂ ਪਾਰਟੀ ਬਣਾਉਣ ਦਾ ਟੀਚਾ ਹੈ?
ਜਵਾਬ: ਕੋਈ ਨਵੀਂ ਪਾਰਟੀ ਬਣਾਉਣ ਦਾ ਟੀਚਾ ਨਹੀਂ ਹੈ। ਪਰ ਜਿਸ ਤਰੀਕੇ ਦੀ ਬਦਨਾਮੀ ਹੁਣ ਦੇ ਅਕਾਲੀ ਦਲ ਦੀ ਹੋਈ ਹੈ, ਕੀ ਪਹਿਲਾਂ ਕਦੇ ਹੋਈ ਸੀ? ਕਦੇ ਸੋਚਿਆ ਸੀ ਕਿ ਅਕਾਲੀ ਦਲ 'ਤੇ ਇਸ ਤਰੀਕੇ ਦੇ ਇਲਜ਼ਾਮ ਲਗਣਗੇ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਖਾ ਰਹੇ ਹਨ। ਪਹਿਲਾਂ ਕਦੇ ਅਜਿਹੇ ਇਲਜ਼ਾਮ ਨਹੀਂ ਲੱਗੇ ਸਨ।
ਇਹ ਵੀਡੀਓਜ਼ ਵੀ ਦੇਖੋ: