You’re viewing a text-only version of this website that uses less data. View the main version of the website including all images and videos.
JNU ਹਿੰਸਾ ਖਿਲਾਫ਼ ਵਿਰੋਧ 'ਚ ਉੱਤਰ ਤੋਂ ਦੱਖਣ ਭਾਰਤ ਤੱਕ ਆਵਾਜ਼ਾਂ ਬੁਲੰਦ
ਐਤਵਾਰ ਸ਼ਾਮ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਈ ਹਿੰਸਾ ਮਗਰੋਂ ਪੂਰੇ ਦੇਸ ਵਿੱਚ ਰੋਸ ਮੁਜਾਹਰੇ ਜਾਰੀ ਹਨ। ਖੱਬੇਪੱਖੀ ਅਤੇ ਏਬੀਵੀਪੀ ਵਿਦਿਆਰਥੀ ਜਥੇਬੰਦੀਆਂ ਇੱਕ ਦੂਜੇ ਉੱਤੇ ਇਸ ਹਿੰਸਾ ਦਾ ਇਲਜ਼ਾਮ ਲਗਾ ਰਹੀਆਂ ਹਨ।
ਯੂਨੀਵਰਸਿਟੀ ਅੰਦਰ ਨਕਾਬਪੋਸ਼ ਹਥਿਆਰਬੰਦ ਲੋਕਾਂ ਨੇ ਹਮਲਾ ਕੀਤਾ ਸੀ ਜਿਸ ਵਿੱਚ ਕਈ ਵਿਦਿਆਰਥੀ ਤੇ ਟੀਚਰ ਜ਼ਖਮੀ ਹੋ ਗਏ ਸਨ।
ਦਿੱਲੀ ਪੁਲਿਸ ਨੇ ਜੇਐੱਨਯੂ ਹਿੰਸਾ ਮਾਮਲੇ ਵਿਚ ਅਣ-ਪਛਾਤੇ ਵਿਅਕਤੀਆਂ ਖਿਲਾਫ਼ ਭੰਨ-ਤੋੜ ਕਰਨ ਅਤੇ ਦੰਗੇ ਭੜਕਾਉਣ ਦੀ ਐਫ਼ਆਈਆਰ ਦਰਜ ਕੀਤੀ ਹੈ।
ਜੇਐੱਨਯੂ ਵਿਦਿਆਰਥੀ ਯੂਨੀਅਨ ਨੇ ਏਬੀਵੀਪੀ 'ਤੇ ਹਿੰਸਾ ਦਾ ਇਲਜ਼ਾਮ ਲਗਾਇਆ ਹੈ ਜਦਕਿ ਏਬੀਵੀਪੀ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐੱਲਜੀ ਤੋਂ ਰਿਪੋਰਟ ਤਲਬ ਕੀਤੀ ਹੈ।
ਸੋਮਵਾਰ ਨੂੰ ਦਿੱਲੀ ਪੁਲਿਸ ਦੇ ਬੁਲਾਰੇ ਐੱਸਐੱਸ ਰੰਧਾਵਾ ਨੇ ਦੱਸਿਆ, ''ਮਾਮਲੇ ਦਾ ਜਾਂਚ ਕ੍ਰਾਈਮ ਬਰਾਂਚ ਦੀਆਂ ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਨੂੰ ਅੱਜ ਦੀ ਜਾਂਚ ਵਿੱਚ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ।''
ਉਨ੍ਹਾਂ ਅੱਗੇ ਦੱਸਿਆ ਕਿ ਮਾਮਲੇ ਵਿੱਚ ਹੋਰ ਤੱਥ ਜੁਟਾਉਣ ਲਈ ਜੁਆਇੰਟ ਸੀਪੀ ਸ਼ਾਲਿਨੀ ਸਿੰਘ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਹੈ।
ਸੋਮਵਾਰ ਨੂੰ ਯੂਨੀਵਰਸਿਟੀ ਦੇ ਬਾਹਰ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਰਹੇ ਅਤੇ ਹਾਲਤ ਦੇਖਦਿਆਂ ਯੂਨੀਵਰਸਿਟੀ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ।
ਜੇਐੱਨਯੂ ਹਿੰਸਾ ਖ਼ਿਲਾਫ਼ ਦੇਸ ਭਰ ਗੁੱਸਾ
ਪੰਜਾਬ ਤੋਂ ਲੈ ਕੇ ਉੱਤਰ ਭਾਰਤ ਦੇ ਕਈ ਸ਼ਹਿਰਾਂ ਵਿੱਚ ਇਸ ਘਟਨਾ ਦਾ ਤਿੱਖਾ ਵਿਰੋਧ ਦੇਖਣ ਨੂੰ ਮਿਲਿਆ। ਦੱਖਣੀ ਭਾਰਤ ਵਿੱਚ ਵੀ ਲੋਕਾਂ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਅਤੇ ਸੜਕਾਂ 'ਤੇ ਉਤਰੇ।
ਹਰਿਆਣਾ ਦੇ ਕਈ ਸ਼ਹਿਰਾਂ, ਚੰਡੀਗੜ੍ਹ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਨੇ ਆਵਾਜ਼ ਬੁਲੰਦ ਕੀਤੀ।
ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਵੀ ਸੋਮਵਾਰ ਨੂੰ ਨੌਜਵਾਨਾਂ ਨੇ ਜੇਐੱਨਯੂ ਹਿੰਸਾ ਦੇ ਖਿਲਾਫ਼ ਪ੍ਰਦਰਸ਼ਨ ਕੀਤਾ।
ਰਾਂਚੀ ਦੇ ਅਲਬਰਟਾ ਚੌਕ 'ਤੇ ਇਕੱਠੇ ਹੋਏ ਵਿਦਿਆਰਥੀਆਂ ਨੇ ਬੈਨਰ ਅਤੇ ਤਖਤੀਆਂ ਫੜੀਆਂ ਹੋਈਆਂ ਸਨ।
ਵਿਰੋਧ ਪ੍ਰਦਰਸ਼ਨ ਦੌਰਾਨ ਏਬੀਵੀਪੀ ਦੇ ਮੈਂਬਰਾਂ ਦੀ ਦੂਜੀ ਧਿਰ ਨਾਲ ਝੜਪ ਵੀ ਹੋਈ।
ਹਿੰਸਾ ਖਿਲਾਫ਼ ਚੇਨੱਈ ਵਿੱਚ ਲੋਕਾਂ ਨੇ ਕੈਂਡਲ ਮਾਰਚ ਕੱਢ ਕੇ ਆਪਣਾ ਰੋਸ ਵਿਅਕਤ ਕੀਤਾ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਈ ਘਟਨਾ ਤੋਂ ਬਾਅਦ ਮੁੰਬਈ ਵਿਖੇ ਵਿਦਿਆਰਥੀਆਂ ਨੇ ਗੇਟਵੇ ਆਫ਼ ਇੰਡੀਆ ਦੇ ਬਾਹਰ ਮੁਜ਼ਹਰਾ ਕੀਤਾ।
ਵਿਦਿਆਰਥੀਆਂ ਦਾ ਸਾਥ ਦੇਣ ਲਈ ਅਦਾਕਾਰ ਸੁਸ਼ਾਂਤ ਸਿੰਘ ਵੀ ਇਸ ਮੌਕੇ 'ਤੇ ਪਹੁੰਚੇ।
ਯੂਪੀ ਵਿੱਚ ਅਲੀਗੜ੍ਹ ਯੂਨੀਵਰਸਿਟੀ ਦੇ ਬਾਹਰ ਵੀ ਪੁਲਿਸ ਨੂੰ ਤੈਨਾਤ ਕੀਤਾ ਗਿਆ। ਰਾਜ ਭਰ ਵਿੱਚ ਵਾਧੂ ਪੁਲਿਸ ਕਰਮੀ ਤੈਨਾਤ ਕੀਤੇ ਗਏ ਹਨ ਤਾਂ ਕਿ ਅਮਨ ਤੇ ਸ਼ਾਂਤੀ ਬਣੀ ਰਹੇ।
ਪ੍ਰੋਗੈਸਿਵ ਡੈਮੋਕ੍ਰੇਟਿਕ ਸਟੂਡੈਂਟਸ ਯੂਨੀਅਨ ਦੇ ਕਾਰਕੁਨਾਂ ਨੇ ਵੀ ਹੈਦਰਾਬਾਦ ਦੇ ਓਸਮਾਨਿਆ ਯੂਨੀਵਰਸਿਟੀ ਦੇ ਬਾਹਰ ਕੱਲ ਦੀ ਜੇਐੱਨਯੂ ਘਟਨਾ ਦੇ ਵਿਰੋਧ ਵਿੱਚ ਮੁਜ਼ਾਹਰਾ ਕੀਤਾ।
ਕਰਨਾਟਕ ਦੇ ਬੈਂਗਲੂਰੂ ਵਿੱਚ ਵੀ ਟਾਊਨ ਹਾਲ ਦੇ ਬਾਹਰ ਲੋਕਾਂ ਨੇ ਮੁਜ਼ਾਹਰਾ ਕੀਤਾ। ਸ਼ਾਂਤਮਈ ਢੰਗ ਨਾਲ ਹੋਏ ਇਸ ਮੁਜ਼ਾਹਰੇ ਵਿੱਚ ਆਮ ਨਾਗਰਿਕ ਵੀ ਹਿੱਸਾ ਲੈਂਦੇ ਨਜ਼ਰ ਆਏ।
ਹਮਲੇ ਲਈ ਅਮਿਤ ਸ਼ਾਹ ਜ਼ਿੰਮੇਵਾਰ: ਕਾਂਗਰਸ
ਇਸ ਦੌਰਾਨ ਕਾਂਗਰਸ ਪਾਰਟੀ ਨੇ ਪ੍ਰੈਸ ਕਾਨਫਰੰਸ ਕਰਕੇ ਹਿੰਸਾ ਨੂੰ ਸਰਕਾਰ ਸਮਰਥਿਤ ਕਰਾਰ ਦਿੱਤਾ। ਪਾਰਟੀ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ, ''ਇਹ ਹਿੰਸਾ ਸਰਾਕਾਰ ਸਮਰਥਿਤ ਹੈ ਅਤੇ ਇਸ ਪਿੱਛੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਸਿੱਧਾ ਹੱਥ ਹੈ। ਸਰਕਾਰ ਦੀ ਜਾਂਚ ਉੱਤੇ ਵਿਦਿਆਰਥੀਆਂ ਨੂੰ ਭਰੋਸਾ ਨਹੀਂ ਹੈ, ਇਸ ਲਈ ਮਾਮਲੇ ਦੀ ਅਦਾਲਤੀ ਜਾਂਚ ਕਰਵਾਈ ਜਾਵੇ।
ਸੂਰਜੇਵਾਲਾ ਨੇ ਇਲਜ਼ਾਮ ਲਾਇਆ ਕਿ ਭਾਜਪਾ ਦੇਸ ਭਰ ਦੀਆਂ ਯੂਨੀਵਰਸਿਟੀਆਂ ਵਿਚ ਹਿੰਸਾ ਕਰਵਾ ਰਹੀ ਹੈ।
ਕਾਂਗਰਸ ਤੇ ਖੱਬੇਪੱਖੀਆਂ ਦੀ ਸਾਜ਼ਿਸ
ਉੱਧਰ ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਇਸ ਨੂੰ ਕਾਂਗਰਸ ਅਤੇ ਖੱਬੇਪੱਖੀਆਂ ਦਾ ਹੱਥ ਕਹਿ ਰਹੇ ਹਨ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਕਾਂਗਰਸ, ਖੱਬੇਪੱਖੀ ਅਤੇ ਆਮ ਆਦਮੀ ਪਾਰਟੀ ਮਿਲਕੇ ਦੇਸ ਵਿਚ ਹਿੰਸਾ ਦਾ ਮਾਹੌਲ ਬਣਾ ਰਹੀਆਂ ਹਨ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਵੀ ਇਸ ਨੂੰ ''ਖੱਬੇਪੱਖੀ ਵਿਦਿਆਰਥੀਆਂ ਦੀ ਗੁੰਡਾਗਰਦੀ'' ਕਿਹਾ।
ਇਹ ਵੀ ਪੜ੍ਹੋ-
ਚਸ਼ਮਦੀਦ ਕੀ ਕਹਿ ਰਹੇ
ਚਸ਼ਮਦੀਦਾਂ ਦਾ ਕਹਿਣਾ ਹੈ ਕਿ JNU ਕੈਂਪਸ 'ਚ 50 ਤੋਂ ਜ਼ਿਆਦਾ ਲੋਕ ਵੜ ਗਏ। ਇਨ੍ਹਾਂ ਦੇ ਹੱਥਾਂ 'ਚ ਡਾਂਗਾਂ ਸਨ। ਬਹੁਤਿਆਂ ਨੇ ਆਪਣੇ ਚਿਹਰਿਆਂ 'ਤੇ ਕੱਪੜਾ ਬੰਨ੍ਹਿਆ ਹੋਇਆ ਸੀ। ਕੈਂਪਸ 'ਚ ਦਾਖ਼ਲ ਹੁੰਦੇ ਹੀ ਇਨ੍ਹਾਂ ਨੇ ਵਿਦਿਆਰਥੀਆਂ 'ਤੇ ਹਮਲਾ ਸ਼ੁਰੂ ਕਰ ਦਿੱਤਾ।
ਨਕਾਬਪੋਸ਼ ਲੋਕਾਂ ਨੇ 2 ਘੰਟੇ ਤੱਕ ਅੰਦਰ ਲੋਕਾਂ ਨੂੰ ਡਾਂਗਾਂ-ਸੋਟਿਆਂ ਨਾਲ ਕੁੱਟਿਆ ਤੇ ਇਸ ਦੌਰਾਨ ਪੁਲਿਸ ਨੇ ਯੂਨੀਵਰਸਿਟੀ ਗੇਟ ਬੰਦ ਕਰ ਦਿੱਤੇ ਮੂਕ ਦਰਸ਼ਕ ਬਣ ਕੇ ਖੜ੍ਹੀ ਰਹੀ।
ਇਸ ਦੌਰਾਨ ਜੇਐੱਨਯੂ ਪ੍ਰਧਾਨ ਸਣੇ ਕੁਝ ਅਧਿਆਪਕਾਂ ਅਤੇ ਹੋਰ ਵਿਦਿਆਰਥੀਆਂ ਨੂੰ ਸਿਰ 'ਤੇ ਸੱਟਾਂ ਲੱਗਣ ਕਾਰਨ ਹਸਪਤਾਲ ਪਹੁੰਚਾਇਆ ਗਿਆ ਹੈ।
ਅੱਧੀ ਰਾਤ ਨੂੰ ਹੀ ਵਿਦਿਆਰਥੀਆਂ ਨੇ ਦਿੱਲੀ ਪੁਲਿਸ ਹੈੱਡਕੁਆਟਰ ਅੱਗੇ ਰੋਸ ਮੁਜ਼ਾਹਰਾ ਵੀ ਕੀਤਾ ਅਤੇ ਆਪਣੀਆਂ ਮੰਗਾਂ ਦਿੱਲੀ ਪੁਲਿਸ ਦੇ ਬੁਲਾਰੇ ਐੱਮਐੱਸ ਰੰਧਾਵਾ ਨੂੰ ਸੌਂਪੀਆਂ।
ਇਸ ਹਿੰਸਾ ਲਈ ਖੱਬੇਪੱਖੀ ਵਿਦਿਆਰਥੀ ਸੰਗਠਨ ਤੇ ਏਬੀਵੀਪੀ ਇੱਕ-ਦੂਜੇ ਨੂੰ ਜ਼ਿੰਮੇਵਾਰ ਦੱਸ ਰਹੇ ਹਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਸਾ ਬਾਰੇ ਦਿੱਲੀ ਪੁਲਿਸ ਕੋਲੋਂ ਰਿਪੋਰਟ ਤਲਬ ਕੀਤੀ ਹੈ।
ਇਹ ਵੀ ਦੇਖੋ-
ਯੂਨੀਵਰਸਿਟੀ ਪ੍ਰਸ਼ਾਸ਼ਨ ਦਾ ਬਿਆਨ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਵਿੱਚ ਹੋਈ ਹਿੰਸਾ ਦੀ ਜੇਐੱਨਯੂ ਪ੍ਰਸ਼ਾਸਨ ਨੇ ਨਿੰਦਾ ਕੀਤੀ ਹੈ।
ਹਿੰਸਾ ਕਿਵੇਂ ਵਾਪਰੀ ਇਸ 'ਤੇ ਜੇਐੱਨਯੂ ਰਜਿਸਟਰਾਰ ਨੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 1 ਜਨਵਰੀ 2020 ਤੋਂ ਯੂਨੀਵਰਸਿਟੀ ਦਾ ਸਰਦ ਰੁੱਤ ਸੈਸ਼ਨ ਹੋਇਆ ਸੀ, ਜਿਸ ਤੋਂ ਬਾਅਦ ਵਿਦਿਆਰਥੀਆਂ ਦਾ ਰਜਿਸਟ੍ਰੇਸ਼ਨ ਜਾਰੀ ਸੀ।
1 ਜਨਵਰੀ 2020 ਤੋਂ ਯੂਨੀਵਰਸਿਟੀ ਦਾ ਸਰਦ ਰੁੱਤ ਸੈਸ਼ਨ ਹੋਇਆ ਸੀ, ਜਿਸ ਤੋਂ ਬਾਅਦ ਵਿਦਿਆਰਥੀਆਂ ਦਾ ਰਜਿਸਟ੍ਰੇਸ਼ਨ ਜਾਰੀ ਸੀ।
3 ਜਨਵਰੀ ਨੂੰ ਰਜਿਸਟ੍ਰੇਸ਼ਨ ਦਾ ਵਿਰੋਧ ਕਰ ਰਿਹਾ ਇੱਕ ਸਮੂਹ ਕਮਿਊਨੀਕੇਸ਼ ਐਂਡ ਇਨਫਾਰਮੇਸ਼ਨ ਸਰਵਿਸੇਜ਼ ਵਿਭਾਗ ਵਿੱਚ ਆ ਗਿਆ ਅਤੇ ਇੰਟਰਨੈੱਟ ਸਰਵਰ ਨੂੰ ਬੇਕਾਰ ਕਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਦੀ ਪਛਾਣ ਕਰਨ ਤੋਂ ਬਾਅਦ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ।
ਇਸ ਤੋਂ ਬਾਅਦ 4 ਜਨਵਰੀ ਨੂੰ ਫਿਰ ਰਜਿਟ੍ਰੇਸ਼ਨ ਸ਼ੁਰੂ ਹੋਇਆ ਪਰ ਇਸ ਤੋਂ ਬਾਅਦ ਫਿਰ ਵਿਦਿਆਰਥੀਆਂ ਨੇ ਇੰਟਰਨੈੱਟ ਦੇ ਨਾਲ-ਨਾਲ ਬਿਜਲੀ ਦੀ ਸਪਲਾਈ ਰੋਕ ਦਿੱਤੀ। ਮੁਜ਼ਾਹਰਾ ਕਰਨ ਵਾਲੇ ਵਿਦਿਆਰਥੀਆਂ ਨੇ ਕੁਝ ਸਕੂਲਾਂ ਦੀ ਇਮਾਰਤ ਨੂੰ ਵੀ ਬੰਦ ਕਰ ਦਿੱਤਾ।
5 ਜਨਵਰੀ ਨੂੰ ਰਜਿਸਟ੍ਰੇਸ਼ਨ ਕਰਾ ਕੇ ਸਕੂਲ ਵਿੱਚ ਜਾ ਰਹੇ ਵਿਦਿਆਰਥੀਆਂ ਨੂੰ ਰੋਕਿਆ ਗਿਆ। ਇਸ ਤੋਂ ਬਾਅਦ 5 ਜਨਵਰੀ ਦੁਪਹਿਰ ਨੂੰ ਸਕੂਲਾਂ ਦੇ ਨਾਲ-ਨਾਲ ਹੋਸਟਲਾਂ 'ਚ ਵੀ ਰਜਿਸਟ੍ਰੇਸ਼ਨ ਦਾ ਵਿਰੋਧ ਕਰਨ ਵਾਲੇ ਅਤੇ ਰਜਿਟ੍ਰੇਸ਼ਨ ਕਰਵਾ ਚੁੱਕੇ ਵਿਦਿਆਰਥੀਆਂ ਵਿੱਚ ਹੱਥੋਪਾਈ ਹੋਈ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼ਾਮ 4.30 ਵਜੇ ਰਜਿਟ੍ਰੇਸ਼ਨ ਪ੍ਰਕਿਰਿਆ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਨੇ ਕਮਰਿਆਂ ਵਿੱਚ ਵੜ ਕੇ ਵਿਦਿਆਰਥੀਆਂ 'ਤੇ ਡੰਡਿਆਂ ਅਤੇ ਰਾਡਾਂ ਨਾਲ ਹਮਲਾ ਕੀਤਾ ਸੀ।